ਪੰਜਾਬ ਵਿਚ ਪੱਤਰਕਾਰੀ ਦਾ ਅਰੰਭ ਦਰਅਸਲ ਉਦੋਂ ਤੋਂ ਹੋ ਗਿਆ ਸੀ, ਜਦੋਂ ਯੂਰੋਪ ਤੇ ਦੁਨੀਆਂ ਦੇ ਹੋਰ ਖਿੱਤਿਆਂ ਵਿਚ ਪ੍ਰਿੰਟਿੰਗ ਤਕਨੀਕ ਆ ਗਈ ਸੀ, ਹੋ ਸਕਦਾ ਹੈ ਕਿ ਪੰਜਾਬ ਵਿਚ ਥੋੜ੍ਹਾ ਪੱਛੜ ਕੇ ਪੱਤਰਕਾਰੀ ਕਿੱਤੇ ਦੀ ਸ਼ੁਰੂਆਤ ਹੋਈ ਹੋਵੇ ਪਰ ਅਤਿਕਥਨੀ ਨਹੀਂ ਕਿ ਪੰਜਾਬੀ ਭਾਸ਼ਾ ਵਿਚ ਪੱਤਰਕਾਰੀ ਦਾ ਦਾਇਰਾ ਸ਼ੁਰੂ ਤੋਂ ਹੀ ਵਸੀਹ ਰਿਹਾ ਹੈ। ਨਰਿੰਦਰ ਸਿੰਘ ਕਪੂਰ ਦੀ ਪੰਜਾਬੀ ਪੱਤਰਕਾਰੀ ਬਾਰੇ ਕਿਤਾਬ ਇਕ ਹਵਾਲੇ ਵਜੋਂ ਵੇਖੀ ਜਾ ਸਕਦੀ ਹੈ। ਇਹੀ ਨਹੀਂ ਗ਼ਦਰ ਲਹਿਰ, ਅਕਾਲੀ ਲਹਿਰ, ਪਰਜਾ ਮੰਡਲ ਲਹਿਰ, ਪੈਪਸੂ ਅੰਦੋਲਨ, ਬੱਬਰ ਅਕਾਲੀ ਲਹਿਰ, ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੀਆਂ ਇਸਲਾਮ ਨੂੰ ਮੰਨਣ ਵਾਲਿਆਂ ਦੀਆਂ ਤਹਿਰੀਕਾਂ (ਅੰਦੋਲਨ), ਪੰਜਾਬ ਦੇ ਈਸਾਈਆਂ ਦੇ ਅੰਦੋਲਨ ਵਗੈਰਾ ਸਾਰੇ ਵਿਸ਼ੇ ਪੰਜਾਬੀ ਪੱਤਰਕਾਰੀ ਤਹਿਤ ਆਉਂਦੇ ਹਨ।
ਕਿੰਝ ਹੋਈ ਸ਼ੁਰੂਆਤ
ਪੰਜਾਬੀ ਪੱਤਰਕਾਰੀ ਖੇਤਰ ਦੀ ਗੱਲ ਕਰਾਂ ਤਾਂ ਮੈਂ ਕੋਈ ਨਵਾਂ ਵਿਵਾਦ ਨਹੀਂ ਸ਼ੁਰੂ ਕਰਨ ਲੱਗਾ ਪਰ ਇੰਨਾ ਜ਼ਰੂਰ ਦੱਸਿਆ ਜਾਂਦਾ ਹੈ ਕਿ ਈਸਾਈ ਮਿਸ਼ਨਰੀਆਂ ਨੇ ਸਭ ਤੋਂ ਪਹਿਲਾਂ ਪੰਜਾਬੀ ਬੋਲੀ ਵਿਚ ਪ੍ਰਿੰਟਿੰਗ ਪ੍ਰੈੱਸ ਲਗਾਈ ਸੀ, ਉਨ੍ਹਾਂ ਨੇ ਬਾਈਬਲ ਦੇ ਪ੍ਰਚਾਰ ਤੇ ਈਸਾਈਅਤ ਦੇ ਵਿਸਥਾਰ ਲਈ ਪੰਜਾਬੀ ਦੇ ਠੇਠ ਲਹਿਜ਼ੇ ਤੇ ਸ਼ਬਦਾਵਲੀ ਨੂੰ ਵਰਤਦਿਆਂ ਆਪਣਾ ਮਿਸ਼ਨ ਅੱਗੇ ਵਧਾਇਆ। ਇਸੇ ਤਰ੍ਹਾਂ ਪੰ. ਸ਼ਰਧਾ ਰਾਮ ਫਿਲੌਰੀ ਨੇ ਉਨ੍ਹਾਂ ਸਮਿਆਂ ਦੀ ਪੰਜਾਬੀ ਬੋਲੀ ਵਿਚ 'ਪੰਜਾਬੀ ਬਾਤਚੀਤ' ਨਾਂ ਹੇਠ ਇਕ ਕਿਤਾਬ ਲਿਖ ਕੇ ਛਪਵਾਈ। ਉਸ ਦੌਰ ਵਿਚ ਪੰਜਾਬੀ ਨੂੰ ਹਿੰਦੀ ਵਾਂਗ ਲਿਖਿਆ ਜਾਂਦਾ ਸੀ ਤੇ ਪੇਂਡੂ ਠੇਠ ਭਾਸ਼ਾ ਨਾਲੋਂ ਹਿੰਦੀ ਦੀ ਪੁੱਠ ਵਾਲੀ 'ਹਿੰਦਜਾਬੀ' ਪੰਜਾਬੀ ਭਾਸ਼ਾ ਵਜੋਂ ਪ੍ਰਵਾਨ ਸੀ। ਉਦੋਂ, ਅਖ਼ਬਾਰਨਵੀਸ ਇੱਕੋ ਸਮੇਂ ਸਾਹਿਤਕ ਕਰਤਾ ਤੇ ਇੱਕੋ ਸਮੇਂ ਖ਼ਬਰਨਵੀਸ ਹੁੰਦਾ ਸੀ, ਬਹੁਤ ਸਾਰੇ 'ਸ਼ੁਰੂਆਤੀ ਦੌਰ ਦੇ ਪੱਤਰਕਾਰ' ਕਾਲਮਨਿਗ਼ਾਰੀ ਕਰਦੇ ਸਨ, ਕਈ ਤਾਂ ਨਾਵਲਕਾਰ ਵੀ ਸਨ, ਧਾਰਮਿਕ ਰੰਗਾਂ ਵਾਲੇ ਕਵੀ ਸਨ। (ਅਸੀਂ ਇਥੇ ਵਰਤਾਰੇ ਦੇ ਸਮੁੱਚ ਦੀ ਗੱਲ ਕਰ ਰਹੇ ਹਾਂ, ਕਿਸੇ ਦਾ ਨਾਂ ਪਾਉਣ ਜਾਂ ਛੱਡਣ ਦੀ ਗੱਲ ਵਿਚ ਨਹੀਂ ਪੈਣਾ ਚਾਹੁੰਦੇ।)
ਪੰਜਾਬੀ ਪੱਤਰਕਾਰੀ ਆਪਣੇ ਸ਼ੁਰੂਆਤੀ ਦੌਰ ਵਿਚ ਫ਼ਿਰਕਾਦਾਰਾਨਾ ਵਿਰੋਧਤਾ, ਭਾਵ ਕਿ ਇਕ ਫ਼ਿਰਕੇ ਦੀ ਦੂਜੇ ਫ਼ਿਰਕੇ ਨੂੰ ਹੇਠਾ ਵਿਖਾਉਣ 'ਤੇ ਕੇਂਦਰਤ ਪੱਤਰਕਾਰੀ ਸੀ। ਅੰਗਰੇਜ਼ਾਂ ਦੇ ਦੇਸ਼ ਵਿੱਚੋਂ ਜਾਣ ਤੋਂ ਪਹਿਲਾਂ ਤੇ ਕਾਫ਼ੀ ਬਾਅਦ ਤਕ ਆਰੀਆ ਸਮਾਜੀ ਤੇ ਸਿੰਘ ਸਭਾ ਨਾਲ ਜੁੜੇ ਵਿਦਵਾਨਾਂ ਵਿਚ ਸ਼ਾਬਦਿਕ ਤਕਰਾਰ ਆਮ ਗੱਲ ਸੀ, ਆਜ਼ਾਦੀ ਤੋਂ ਪਹਿਲਾਂ ਜਿੱਥੇ ਅੰਗਰੇਜ਼ਾਂ ਦੇ ਅਸਰ ਹੇਠ ਈਸਾਈਅਤ ਪੰਜਾਬ ਵਿਚ ਫੈਲਣ ਲੱਗੀ, ਉਥੇ ਕੁਝ ਚੋਟੀ ਦੇ ਰਾਜ ਘਰਾਨਿਆਂ ਨੇ ਜਦੋਂ ਈਸਾਈਅਤ ਕਬੂਲ ਕਰ ਲਈ ਤਾਂ ਆਮ ਜਨ ਵੀ ਇਸੇ ਤਰ੍ਹਾਂ ਕਰਨ ਲੱਗੇ, ਬਹੁਤ ਸਾਰੇ ਲੋਕ ਨਿੱਜੀ ਸ਼ਰਧਾ ਕਾਰਨ ਈਸਾਈ ਬਣਨ ਲੱਗੇ ਤਾਂ ਭਾਰਤ ਵਿਚ ਮੌਜੂਦ ਵਿਰਾਸਤੀ ਧਰਮਾਂ ਦੇ ਵਿਦਵਾਨ ਵੀ ਤੜਫ ਉੱਠੇ, ਇਹ ਸਭ ਭਾਵੇਂ ਧਾਰਮਿਕ ਪ੍ਰਚਾਰ-ਪਸਾਰ ਦਾ ਹਿੱਸਾ ਸੀ ਪਰ ਇਨ੍ਹਾਂ ਸਤਰਾਂ ਦੇ ਲਿਖਾਰੀ ਨੇ ਕਿਉਂਕਿ ਬਹੁਤ ਸਾਰੇ ਵਿਦਵਾਨਾਂ ਵੱਲੋਂ ਨਿੱਜੀ ਰਿਕਾਰਡ ਵਿਚ ਰੱਖੇ ਕੀਤੇ ਸੰਨ 1940 ਤੋਂ ਲੈ ਕੇ 1971 ਤਕ ਦੇ ਅਖ਼ਬਾਰ ਵੇਖੇ ਹਨ, ਇਸ ਕਰ ਕੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿਚ ਮੁਢਲੇ ਦੌਰ ਦੀ ਪੱਤਰਕਾਰੀ 'ਘੈਂਸ ਘੈਂਸ' ਤੇ ਧਰਮਾਂ ਦੀ ਆਪਸੀ ਖਹਿਬਾਜ਼ੀ ਦਾ ਸਾਰਤੱਤ ਸੀ। ਫੇਰ, ਜ਼ਿਕਰ ਕਰ ਦੇਵਾਂ ਕਿ ਨ. ਸ. ਕਪੂਰ ਹੁਰਾਂ ਦੀ ਪੰਜਾਬੀ ਪੱਤਰਕਾਰੀ ਬਾਰੇ ਕਿਤਾਬ ਨੂੰ ਇਸ ਹਵਾਲੇ ਦੀ ਪੁਖ਼ਤਗੀ ਵਜੋਂ ਵੇਖਿਆ ਜਾ ਸਕਦਾ ਹੈ।
ਸੁਧਾਰਕ ਬਿਰਤੀ 'ਤੇ ਹੁੰਦਾ ਸੀ ਜ਼ੋਰ
ਪੰਜਾਬ ਦੇ ਲੋਕਾਂ ਨੇ ਪੰਜਾਬੀ ਪੱਤਰਕਾਰੀ ਨੂੰ ਸਿਰ ਮਿੱਥੇ ਕਬੂਲ ਕੀਤਾ ਹੈ। ਅੱਜ ਨਾਮਧਾਰੀ ਸਮਾਜ ਦੇ ਆਪਣੇ ਅਖ਼ਬਾਰ 'ਸਤਜੁੱਗ' ਤੇ ਵਰਿਆਮ ਹਨ, ਇਹ ਅਖ਼ਬਾਰ ਖ਼ਬਰੀ-ਰਸਾਲੇ ਵਾਂਗ ਹਨ ਤੇ ਇਸ ਵਿਚ ਇਸ ਸਮਾਜ ਦੀਆਂ ਸਰਗਰਮੀਆਂ ਛਾਪੀਆਂ ਜਾਂਦੀਆਂ ਹਨ। ਨਾਮਧਾਰੀ ਸਮਾਜ ਦਾ ਆਗਾਜ਼ 'ਕੂਕਾ ਲਹਿਰ' ਦੀ ਜਨਤਕ ਪ੍ਰਵਾਨਗੀ ਨਾਲ ਹੁੰਦਾ ਹੈ, ਜਦੋਂ ਕੂਕਿਆਂ ਨੇ ਕੁਰਬਾਨੀਆਂ ਦੀ ਮਿਸਾਲ ਪੈਦਾ ਕਰ ਕੇ ਬ੍ਰਿਟਿਸ਼ ਸਰਕਾਰ ਨਾਲ ਆਢਾ ਲਾਇਆ ਤਾਂ ਇਹ ਸੰਪਰਦਾ ਆਪਣੇ ਸੰਕਲਪਾਂ ਤਹਿਤ ਇੱਕੋ ਵੇਲੇ ਅਧਿਆਤਮਕ ਤੇ ਜੁਝਾਰਵਾਦੀ ਲਹਿਰ ਵਾਂਗ ਵਿਗਸਦੀ ਰਹੀ, ਇਸ ਤਰ੍ਹਾਂ ਇਸ ਲਹਿਰ ਦੇ ਸਿੰਘ ਸਭਾ ਨਾਲ ਕੁਝ ਮਤਭੇਦ ਵੀ ਸਨ/ਹਨ। ਸਿੰਘ ਸਭਾ, ਦਰਅਸਲ, ਆਪਣੇ ਅਖ਼ਬਾਰਾਂ ਤੇ ਰਸਾਲਿਆਂ ਵਿਚ 'ਸੁਧਾਰਵਾਦੀ ਪਹੁੰਚ' ਅਪਨਾਉਂਦੀ ਸੀ, ਬਿਨਾਂ ਸ਼ੱਕ, ਸਿੰਘ ਸਭਾ ਲਹਿਰ ਦੇ ਸਿਧਾਂਤਕਾਰਾਂ ਉੱਤੇ ਕਈ ਵਾਰ ਕਿਸੇ ਇਕ ਧਿਰ ਤੇ ਖ਼ਾਸਕਰ ਬ੍ਰਿਟਿਸ਼ ਰਾਜਭਾਗ ਦੇ ਹਿਮਾਇਤੀ ਹੋਣ ਦੇ ਦੋਸ਼ ਵੀ ਲੱਗੇ ਪਰ ਇਸ ਲਹਿਰ ਦੇ ਸਿਧਾਂਤਕਾਰ ਆਪਣੀ ਪੁਜ਼ੀਸ਼ਨ ਸਮੇਂ-ਸਮੇਂ ਉੱਤੇ ਬਦਲਦੇ ਰਹੇ ਹਨ। ਸਿੰਘ ਸਭਾ ਲਹਿਰ ਨੇ ਆਪਣੀ ਵਿਚਾਰਧਾਰਾ ਦੇ ਪ੍ਰਚਾਰ ਤੇ ਪਸਾਰ ਲਈ 'ਟ੍ਰੈਕਟ' ਛਾਪ ਕੇ ਵੰਡੇ, ਇਸੇ ਤਰ੍ਹਾਂ ਇਸ ਨਾਲ ਮਿਲਦੀ-ਜੁਲਦੀ ਵਿਚਾਰਧਾਰਾ ਬੱਬਰ ਅਕਾਲੀਆਂ ਦੀ ਰਹੀ ਹੈ, ਜੋ ਕਿ ਆਪਣੀ ਵਿਚਾਰਧਾਰਾ ਤਹਿਤ ਕੰਮ ਕਰਦੇ ਰਹੇ ਹਨ, ਕਿਹਾ ਜਾਂਦਾ ਹੈ ਕਿ ਛਾਪਾਮਾਰ ਗੁਰੀਲਾ ਯੁੱਧ ਕਰਨ ਵੇਲੇ ਬੱਬਰ ਅਕਾਲੀਆਂ ਕੋਲ 'ਚੱਲਦੀ ਵਹੀਰ ਪ੍ਰਿੰਟਿੰਗ ਪ੍ਰੈੱਸ' ਵੀ ਸੀ, ਇਸ ਲਹਿਰ ਦੇ ਕਾਰਕੁੰਨ ਜਦੋਂ ਲੁਕ-ਛੁਪ ਕੇ ਆਪਣੀ ਕਾਰਵਾਈ ਪਾਉਂਦੇ ਸਨ ਤਾਂ ਆਪਣੇ ਚੁਵਰਕੇ, ਨਿੱਕੇ ਨਿੱਕੇ ਅਖ਼ਬਾਰ ਆਪਣੀ ਖ਼ੁਦ ਦੀ ਪ੍ਰਿੰਟਿੰਗ ਪ੍ਰੈੱਸ 'ਤੇ ਛਾਪਦੇ ਸਨ। ਲਿਖਣ, ਛਾਪਣ ਦੀ ਦੁਨੀਆਂ ਵਿਚ ਇਕ ਕਾਨੂੰਨ ਲਾਗੂ ਹੁੰਦਾ ਹੈ ਕਿ ਪ੍ਰਕਾਸ਼ਕ, ਛਾਪਕ ਤੇ ਜਾਰੀ ਕਰਨ ਵਾਲੇ ਦਾ ਨਾਂ ਤੇ ਸਥਾਨ ਲਿਖਣਾ ਹੁੰਦਾ ਹੈ, ਇਸ ਲਈ ਬੱਬਰਾਂ ਦੇ ਜਥੇ ਆਪਣੀਆਂ ਪ੍ਰਕਾਸ਼ਨਾਵਾਂ ਲਈ ਇਹ ਨਿਯਮ ਨਿਭਾਏ ਵੀ ਤੇ 'ਤੋੜੇ' ਵੀ। ਜਿੱਥੇ ਪ੍ਰਿੰਟਿੰਗ ਪ੍ਰੈੱਸ ਦਾ ਨਾਂ ਤੇ ਸਥਾਨ ਛਾਪਣਾ ਹੁੰਦਾ ਹੈ, ਉਥੇ ਲਿਖ ਦੇਣਾ 'ਉਡੰਤ ਪ੍ਰੈੱਸ-ਚੱਲਦਾ ਵਹੀਰ'। ਇਸੇ ਤਰ੍ਹਾਂ ਛਾਪਕ ਦੇ ਨਾਂ ਵਿਚ ਜਦੋਂ ਲੁਕਾਅ ਰੱਖਣਾ ਹੁੰਦਾ ਤਾਂ 'ਜਬਰਤੋੜ ਸਿੰਘ' ਜਾਂ 'ਸੁਧਾਰਕ ਸਿੰਘ' ਲਿਖ ਦਿੰਦੇ ਸਨ। ਇਸ ਤਰ੍ਹਾਂ ਦੇ ਰਲਦੇ ਮਿਲਦੇ ਨਾਂ ਘੜਣ ਵਿਚ ਬੱਬਰ ਅਕਾਲੀਆਂ ਦੇ ਸਿਧਾਂਤਕਾਰ ਬਹੁਤ ਪ੍ਰਬੀਨ (ਮਾਹਿਰ) ਸਨ ਤੇ ਉਨ੍ਹਾਂ ਨੇ ਆਪਣੇ ਕਿਸਮ ਦੀ ਪੰਜਾਬੀ ਪੱਤਰਕਾਰੀ ਵਿਚ ਕਾਫ਼ੀ ਯੋਗਦਾਨ ਪਾਇਆ ਹੈ। ਅਕਾਲੀਆਂ ਦਾ ਇਕ ਧੜਾ ਜੋ ਕਿ ਮਹੰਤਾਂ ਤੋਂ ਸਿੱਖ ਗੁਰਧਾਮਾਂ ਦੀ ਆਜ਼ਾਦੀ ਲਈ ਜੂਝਦਾ ਰਿਹਾ ਹੈ, ਨੇ ਆਜ਼ਾਦ ਹੈਸੀਅਤ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਰੱਖੀ, ਜਿਸ ਨੂੰ ਜਨਤਕ ਪ੍ਰਵਾਨਗੀ ਮਿਲਣ ਕਾਰਨ ਇਸ ਲਹਿਰ ਦਾ ਇਕ ਵੱਡਾ ਹਿੱਸਾ ਸੰਘਰਸ਼ ਕਰਦਾ ਰਿਹਾ ਹੈ। ਸ਼੍ਰੋਮਣੀ ਕਮੇਟੀ ਅੱਜ ਵੀ ਆਪਣੇ ਦੋ ਰਸਾਲੇ 'ਗੁਰਮਤਿ ਪ੍ਰਕਾਸ਼' ਤੇ 'ਗੁਰਦੁਆਰਾ ਗਜ਼ਟ' ਲਗਾਤਾਰ ਪ੍ਰਕਾਸ਼ਤ ਕਰ ਰਹੀ ਹੈ, ਇਸੇ ਤਰ੍ਹਾਂ ਪੰਜਾਬ ਤੋਂ ਬਾਹਰ ਦੇ ਤਖ਼ਤ ਵੀ ਸਮੇਂ ਸਮੇਂ 'ਤੇ ਆਪਣੀ ਪ੍ਰਕਾਸ਼ਨਾ ਜਨਤਾ ਵਿਚ ਭੇਜਦੇ ਰਹਿੰਦੇ ਹਨ।
ਇਸੇ ਤਰ੍ਹਾਂ ਆਜ਼ਾਦੀ ਤੋਂ ਪਹਿਲਾਂ ਕਾਦੀਆਂ ਕਸਬੇ ਤੋਂ ਸ਼ੁਰੂ ਹੋਈ 'ਅਹਿਮਦੀਆ ਲਹਿਰ' ਨੇ ਆਪਣੇ ਰਸਾਲੇ ਤੇ ਪ੍ਰਕਾਸ਼ਨ ਸ਼ੁਰੂ ਕੀਤੇ। ਇਸ ਲਹਿਰ ਨੇ ਆਪਣੇ ਛਾਪੇਖ਼ਾਨੇ ਸਥਾਪਤ ਕੀਤੇ, ਕਾਫ਼ੀ ਸਾਰੀਆਂ ਕਿਤਾਬਾਂ ਜਿੱਥੇ ਉਰਦੂ ਤੇ ਹਿੰਦੀ ਵਿਚ ਛਾਪੀਆਂ, ਉਥੇ ਕੁਝ ਕਿਤਾਬਾਂ ਅਨੁਵਾਦ ਕਰਾ ਕੇ ਪੰਜਾਬੀ ਵਿਚ ਵੀ ਛਾਪੀਆਂ। ਉਨ੍ਹਾਂ ਦੀਆਂ ਕਈ ਪ੍ਰਕਾਸ਼ਨਾਵਾਂ ਉਸ ਵੇਲੇ ਵਿਵਾਦਤ ਵੀ ਹੋ ਜਾਂਦੀਆਂ ਸਨ, ਇਸ ਲਹਿਰ ਨੇ ਆਰਜ਼ੀ ਤੌਰ 'ਤੇ ਕਈ ਅਖ਼ਬਾਰ ਚਲਾਏ ਤੇ ਹਾਂ, ਚਾਰ ਜਾਂ ਅੱਠ ਛੋਟੇ ਛੋਟੇ ਸਫ਼ਿਆਂ ਦੇ 'ਟ੍ਰੈਕਟ' ਛਾਪ ਕੇ ਵੰਡਣ ਵਿਚ ਇਹ ਵੀ ਮੋਹਰੀ ਸਨ। ਲਹਿਰ ਦੀ ਆਰੀਆ ਸਮਾਜ ਦੇ ਸਿਧਾਂਤਕਾਰਾਂ ਨਾਲ ਕਸ਼ੀਦਗ਼ੀ ਚੱਲਦੀ ਸੀ, ਉਥੇ ਮੁਸਲਮਾਨਾਂ ਦੇ ਰਵਾਇਤੀ ਸੁੰਨੀ ਵਿਦਵਾਨਾਂ ਨਾਲ ਕਈ ਤਰ੍ਹਾਂ ਦੇ ਮਤਭੇਦ ਸਨ, ਜਿਹੜੇ ਹਾਲੇ ਤਕ ਕਾਇਮ ਹਨ।
ਇਸੇ ਤਰ੍ਹਾਂ ਮਾਲੇਰਕੋਟਲਾ ਦੀ ਧਰਤੀ ਤੋਂ ਇਸਲਾਮਿਕ ਤਬਲੀਗ਼ੀ ਜਮਾਤਾਂ ਨੇ ਵੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਦੇ ਕਈ ਸਾਲਾਂ ਬਾਅਦ ਤਕ ਆਪਣੇ ਥੋੜ੍ਹ-ਵਕਤੀ ਅਖ਼ਬਾਰ ਚਲਾਏ ਤੇ ਚੌਵਰਕੇ, ਅੱਠ-ਵਰਕੀਆਂ ਛਾਪ ਕੇ ਆਪਣੀ ਵਿਚਾਰਧਾਰਾ ਦਾ ਪਸਾਰ ਕੀਤਾ ਪਰ ਅੱਜ ਦੀ ਤਰੀਕ ਵਿਚ ਪੰਜਾਬ ਵਿਚ ਇਸ ਧਿਰ ਦਾ ਕੋਈ ਅਜਿਹਾ ਕੋਈ ਅਖ਼ਬਾਰ ਲੋਕਾਈ ਤਕ ਨਹੀਂ ਪਹੁੰਚਦਾ, ਜਿਹਦਾ ਜ਼ਿਕਰ ਕੀਤਾ ਜਾ ਸਕੇ।
ਹਾਏ! ਕਿਉਂ ਮਰੇ ਹਫ਼ਤਾਵਾਰੀ ਅਖ਼ਬਾਰ
ਪੰਜਾਬੀ ਭਾਸ਼ਾ ਵਿਚ ਇਸ ਸਮੇਂ ਜੇ ਪੱਤਰਕਾਰੀ ਦੀ ਕਿਸੇ ਵਿਧਾ/ਸਿਨਫ਼ ਨੂੰ ਸੱਟ ਲੱਗੀ ਹੈ ਤਾਂ ਉਹ ਹਫ਼ਤਾਵਾਰੀ ਅਖ਼ਬਾਰਾਂ ਦਾ ਚਲਨ ਤਕਰੀਬਨ ਖ਼ਤਮ ਹੋ ਗਿਆ ਹੈ, ਹੁਣ ਜਾਂ ਤਾਂ ਕਿਸੇ ਧਾਰਮਿਕ ਡੇਰੇ/ਸੰਪਰਦਾ ਦੇ ਹਫ਼ਤਾਵਾਰੀ ਅਖ਼ਬਾਰ ਛੱਪਦੇ ਹਨ ਜਾਂ ਫੇਰ ਕਿਸੇ ਧਨਾਢ ਕਾਰੋਬਾਰੀ ਦੀ ਛਤਰ ਛਾਇਆ ਹੇਠ ਚੱਲਦੇ ਟਰੱਸਟ ਅਜਿਹੇ ਯਤਨ ਕਰ ਰਹੇ ਹਨ, ਜਦਕਿ ਲੋਕਾਈ ਨਾਲ ਸਬੰਧਤ ਅਖ਼ਬਾਰ, ਜਿਨ੍ਹਾਂ ਦਾ ਪੀਰੀਅਡ ਹਫ਼ਤਾਵਾਰ ਹੁੰਦਾ ਹੈ, ਹੁਣ ਕਿਤੇ ਨਹੀਂ ਨਜ਼ਰ ਆਉਂਦੇ। ਪੰਜਾਬ ਵਿਚ ਪੋਟਿਆਂ 'ਤੇ ਗਿਣੇ ਜਾ ਸਕਦੇ ਲੋਕ ਹਨ, ਜਿਹੜੇ ਅੱਜ ਦੇ ਕਾਰੋਬਾਰੀ ਦੌਰ ਵਿਚ ਵੀ ਆਪਣਾ ਮਿਸ਼ਨ ਨਿਭਾਅ ਰਹੇ ਹਨ, ਹਾਲਾਂਕਿ ਸਮੁੱਚੇ ਤੌਰ 'ਤੇ ਆਖਿਆ ਜਾ ਸਕਦਾ ਹੈ ਕਿ ਇਹ ਵਿਧਾ ਖ਼ਤਮ ਹੁੰਦੀ ਪਈ ਹੈ ਤੇ ਸਰਕਾਰੀ ਇਸ਼ਤਿਹਾਰ ਨਾ ਮਿਲਣਾ ਵੀ ਵੀਕਲੀ ਅਖ਼ਬਾਰਾਂ ਲਈ ਵੱਡੀ ਸੱਟ ਹੈ। ਹਾਲਾਂਕਿ ਵੀਕਲੀ ਅਖ਼ਬਾਰ ਕਿਸੇ ਮੈਗਜ਼ੀਨ ਵਾਂਗ ਹੁੰਦੇ ਹਨ ਤੇ ਜਨਤਕ ਜਜ਼ਬਾਤ ਦੇ ਤਰਜਮਾਨ ਹੁੰਦੇ ਹਨ ਪਰ ਪਤਾ ਨਹੀਂ ਕਿਉਂ ਜਿਹੜੇ ਲੋਕ ਪਹਿਲਾਂ ਖ਼ੁਸ਼ ਹੋ ਕੇ ਹਫ਼ਤਾਵਾਰੀ ਅਖ਼ਬਾਰਾਂ ਨੂੰ ਚੰਦਾ ਦੇ ਕੇ ਜਿਉਂਦੇ ਰੱਖਦੇ ਸਨ, ਉਹ ਵੀ ਮੁੱਖ ਮੋੜ ਗਏ ਹਨ, ਅੱਜ ਦੇ ਦੌਰ ਵਿਚ ਹਰ ਧਰਮ, ਹਰ ਫਿਰਕੇ ਦੇ ਕੱਟੜ ਤੋਂ ਕੱਟੜ ਪੈਰੋਕਾਰ ਹਨ, ਜਿਹੜੇ ਆਪਣੇ ਅਕੀਦੇ ਦੀ ਰਾਖੀ ਲਈ ਸੜਕਾਂ 'ਤੇ ਅੱਗਾਂ ਲਾ ਸਕਦੇ ਹਨ, ਜਨਤਕ ਤੇ ਸਰਕਾਰੀ ਜਾਇਦਾਦਾਂ ਨੂੰ ਅੱਗ ਹਵਾਲੇ ਕਰ ਸਕਦੇ ਹਨ, ਤਬਾਹੀ ਮਚਾ ਸਕਦੇ ਹਨ ਪਰ ਸਾਲ ਦਾ 150 ਜਾਂ 200 ਰੁਪਏ ਸਾਲਾਨਾ ਦੇ ਕੇ ਅਦਾ ਕਰ ਕੇ ਆਪਣੇ ਵਿਦਵਾਨਾਂ ਨੂੰ ਜ਼ਿੰਦਾ ਰੱਖਣ ਵਿਚ ਸਹਿਯੋਗ ਨਹੀਂ ਰੱਖ ਸਕਦੇ, ਮੇਰੇ ਮੁਤਾਬਕ ਵੀਕਲੀ ਅਖ਼ਬਾਰਾਂ ਦੀ ਮੌਤ, ਪੱਤਰਕਾਰੀ ਦੀ ਇਕ ਅਮੀਰ ਵਿਧਾ ਦੀ ਮੌਤ ਹੀ ਨਹੀਂ ਹੈ ਸਗੋਂ ਬਹੁਤ ਸਾਰੇ ਉਨ੍ਹਾਂ ਸੱਚੇ ਸੁੱਚੇ ਵਿਦਵਾਨਾਂ ਦੀ ਜ਼ਮੀਰ ਦੀ ਮੌਤ ਹੈ, ਜਿਹੜੇ ਵਪਾਰਕ ਤੌਰ 'ਤੇ ਨਹੀਂ ਸਗੋਂ ਮਿਸ਼ਨਰੀ ਤੌਰ 'ਤੇ ਪੱਤਰਕਾਰੀ ਕਰਨਾ ਚਾਹੁੰਦੇ ਹਨ ਪਰ ਆਪਣੇ ਰੁਜ਼ਗਾਰ ਤੇ ਰੋਜ਼ੀ ਰੋਟੀ ਦੀ ਮਜਬੂਰੀ ਕਾਰਨ ਉਹ ਵਪਾਰਕ ਅਦਾਰਿਆਂ ਕੋਲ ਮੁਲਾਜ਼ਮ ਹੋ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਦਿਲ 'ਤੇ ਪੱਥਰ ਰੱਖ ਕੇ ਉਹ ਕੰਮ ਕਰਨੇ ਪੈਂਦੇ ਹਨ, ਜਿਸ ਨੂੰ ਕਰਨ ਮਗਰੋਂ ਉਹ ਉਦਾਸੀ ਦੀ ਅਵਸਥਾ ਵਿਚ ਚਲੇ ਜਾਂਦੇ ਹਨ।
ਮੁਨਾਫ਼ਾ ਰੁਝਾਨ ਨੇ ਮਾਰੀ ਗੁੱਝੀ ਸੱਟ
ਦਰਅਸਲ ਜਦੋਂ 1975 ਵਿਚ ਇਹ ਗੱਲ ਸਾਫ਼ ਹੋ ਗਈ ਸੀ ਕਿ ਦੇਸ਼ ਵਿਚ ਆਈ 'ਆਜ਼ਾਦੀ' ਦਾ ਸਭ ਤੋਂ ਵੱਧ ਲਾਭ ਸਥਾਪਤ ਸਰਮਾਏਦਾਰਾਂ ਨੇ ਲੈ ਲਿਆ ਹੈ ਤੇ ਜਾਂ ਫੇਰ ਉੱਭਰਦੇ ਸਰਮਾਏਦਾਰ ਵੀ ਲਾਲਚੀ ਹੀ ਹਨ, ਸਰਕਾਰੀ ਨੀਤੀਆਂ ਵੀ ਅਮੀਰ ਨੂੰ ਹੋਰ ਅਮੀਰ ਕਰਨ ਲਈ ਬਣਾਈਆਂ ਜਾਂਦੀਆਂ ਹਨ, ਇਸ ਕਰ ਕੇ 1975 ਤੋਂ ਬਾਅਦ ਹੀ ਅਖ਼ਬਾਰਾਂ ਦਾ ਰੂਪ ਤੇ ਸਰੂਪ ਮਿਸ਼ਨਰੀ ਘੱਟ ਤੇ ਵਪਾਰਕ ਵੱਧ ਹੁੰਦਾ ਗਿਆ- ਪਰ ਇਸ ਸਾਰੇ ਵਰਤਾਰੇ ਵਿਚ ਇਕ ਹਾਸਿਲ ਇਹ ਹੈ ਕਿ ਅਖ਼ਬਾਰਾਂ ਦੀ ਭਾਸ਼ਾ ਹੁਣ ਚੁਸਤ-ਦਰੁਸਤ ਹੈ, ਖ਼ਬਰੀ ਭਾਸ਼ਾ ਬਹੁਤ ਸੰਖੇਪ ਹੈ ਤੇ ਫਜ਼ੂਲ ਅਲਫਾਜ਼ ਵਾਲੀਆਂ ਖ਼ਬਰਾਂ ਦੀ ਚੋਣ ਹੀ ਨਹੀਂ ਕੀਤੀ ਜਾਂਦੀ। ਬਿਨਾਂ ਸ਼ੱਕ ਅੱਜ 2018 ਦੀ ਗੱਲ ਕਰੀਏ ਤਾਂ ਲੋਕਾਂ ਵੱਲੋਂ ਪਸੰਦ ਕੀਤੀਆਂ ਜਾਂਦੀਆਂ ਰੋਜ਼ਾਨਾ ਅਖ਼ਬਾਰਾਂ ਦੀ ਵਿਚਾਰਧਾਰਾ ਭਾਵੇਂ ਕੋਈ ਹੋਵੇ, ਉਹ ਮਿਸ਼ਨਰੀ ਹੋਣ ਜਾਂ ਵਪਾਰਕ ਹੋਣ, ਪਰ ਉਨ੍ਹਾਂ ਦੀ ਭਾਸ਼ਾਗਤ ਪਹੁੰਚ ਨਵੀਨਤਾ ਨਾਲ ਲੈਸ ਹੈ। ਹਾਲਾਂਕਿ ਮੈਂ ਜਿਹੜੀਆਂ 'ਸੁਧਾਰਕ ਲਹਿਰਾਂ' ਦੇ ਅਖ਼ਬਾਰਾਂ ਤੇ ਰਸਾਲਿਆਂ ਦੀ ਗੱਲ ਕੀਤੀ ਹੈ, ਉਨ੍ਹਾਂ ਦੀ ਭਾਸ਼ਾ ਨਾ ਤਾਂ ਚੁਸਤ-ਦਰੁਸਤ ਹੁੰਦੀ ਸੀ ਤੇ ਨਾ ਹੀ ਉਨ੍ਹਾਂ ਕੋਲ ਸ਼ਾਬਦਿਕ ਨਵੀਨਤਾ ਸੀ, ਉਦੋਂ ਅਖ਼ਬਾਰਾਂ ਦੀ ਖ਼ੂਬਸੂਰਤ ਲੇਅ-ਆਊਟ ਜਾਂ ਫੱਬਤ ਬਾਰੇ ਧਿਆਨ ਨਹੀਂ ਦਿੱਤਾ ਜਾਂਦਾ ਸੀ ਸਗੋਂ ਉਸ ਦੇ ਕੰਟੈਂਟ (ਖਰੜੇ) ਤੋਂ ਹੀ ਪਛਾਣ ਹੋ ਜਾਂਦੀ ਸੀ ਕਿ ਅਖ਼ਬਾਰ ਜਾਂ ਰਸਾਲਾ ਕਿਹੜੀ ਧਿਰ ਨਾਲ ਖੜ੍ਹਾ ਹੈ। ਹੁਣ ਵੀ ਭਾਵੇਂ ਕਈ ਮਹੀਨਾਵਾਰ ਰਸਾਲੇ ਛੱਪਦੇ ਪਏ ਹਨ ਪਰ ਜੇ ਇਨ੍ਹਾਂ ਦਾ ਮੁਲੰਕਣ ਕੀਤਾ ਜਾਵੇ ਤਾਂ ਸਿਰਫ਼ ਇਕ ਦਰਜਨ ਪੰਜਾਬੀ ਰਸਾਲੇ ਹਨ, ਜਿਨ੍ਹਾਂ ਦਾ ਉਚੇਚਾ ਜ਼ਿਕਰ ਕੀਤਾ ਜਾ ਸਕਦਾ ਹੈ। ਭਾਵੇਂ ਦਰਜਨਾਂ ਪੰਜਾਬੀ ਰਸਾਲੇ ਛੱਪਦੇ ਪਏ ਹਨ ਪਰ ਜ਼ਿਕਰ ਕਰਨ ਯੋਗ ਸਾਫ਼ ਸੁਥਰੀ ਪੱਤਰਕਾਰੀ ਇਨ੍ਹਾਂ ਦੇ ਹਿੱਸੇ ਨਹੀਂ ਆਈ, ਉਸ ਦਾ ਵੱਡਾ ਕਾਰਨ 'ਬੋਧਿਕ ਸੋਕਾ' ਹੈ ਤੇ ਇਹ ਧਿਰਾਂ ਪੱਤਰਕਾਰੀ ਸਿੱਖਣ ਨਾਲੋਂ 'ਕਰੀ ਜਾਣ' ਨੂੰ ਪੱਲ੍ਹੇ ਬੰਨ ਕੇ ਬੈਠੀਆਂ ਹਨ, ਖ਼ੁਦ ਪੌੜੀ ਦੇ ਪਹਿਲੇ ਪੌਡੇ ਦੇ ਵਿਦਵਾਨ ਵੀ ਨਾ ਹੋਣ ਕਰ ਕੇ ਇਨ੍ਹਾਂ ਦੀ ਪਾਠਕ ਤੇ ਪਹੁੰਚ ਗਿਣਤੀ ਸੀਮਤ ਹੁੰਦੀ ਹੈ। ਪੰਜਾਬੀ ਵਿਚ ਤਕਨੀਕਾਂ 'ਤੇ ਕੇਂਦਰਤ ਰਸਾਲਾ ਤਾਂ ਕਈ ਹੈ ਹੀ ਨਹੀਂ, ਕੁਝ ਚਿਰ ਪਹਿਲਾਂ ਹਿੰਦੀ ਭਾਸ਼ਾ ਵਿਚ ਕੰਪਿਊਟਰ ਤੇ ਤਕਨੀਕੀ ਮਾਮਲਿਆਂ ਬਾਰੇ ਬੜੇ ਰਸਾਲੇ ਛੱਪਦੇ ਹੁੰਦੇ ਸਨ ਪਰ ਨਵੀਂ ਪੀੜ੍ਹੀ ਦੇ ਤੌਰ ਤਰੀਕਿਆਂ ਤੇ ਪੜ੍ਹਣ ਤੋਂ ਗੁਰੇਜ਼ ਕਰਨ ਦੀਆਂ ਕੁਰੁਚੀਆਂ ਕਾਰਨ ਹਿੰਦੀ ਭਾਸ਼ਾ ਵਿਚ ਤਕਨੀਕੀ ਮੈਗਜ਼ੀਨ ਛੱਪਣੇ ਬੰਦ ਹੋ ਗਏ ਹਨ ਜਦਕਿ ਪੰਜਾਬੀ ਵਿਚ ਹਾਲੇ ਅਜਿਹੀ ਸ਼ੁਰੂਆਤ ਨਹੀਂ ਹੋਈ, ਹਾਂ ਇੰਨਾ ਆਖ ਸਕਦੇ ਹਾਂ ਕਿ ਸੀ.ਡੀ. ਕੰਬੋਜ ਤੇ ਕੁਝ ਹੋਰ ਲੇਖਕ ਹਨ, ਜਿਹੜੇ ਤਕਨੀਕਾਂ ਸਿਖਾਉਣ ਸਬੰਧੀ ਕਿਤਾਬਾਂ ਛਾਪੀ ਜਾਂਦੇ ਹਨ ਤੇ ਇਨ੍ਹਾਂ ਦਾ ਪਾਠਕ ਵਰਗ ਵੀ ਹੈ।
ਮਜ਼ਾਹੀਆ ਰਸਾਲੇ ਹੋਏ ਨਦਾਰਦ
ਹਾਸ-ਰਸ ਬਾਰੇ ਅੱਜ ਸਿਰਫ਼ ਇਕ ਰਸਾਲਾ 'ਮੀਰਜ਼ਾਦਾ' ਮੁਹੱਈਆ ਹੈ, ਜਦਕਿ ਜਦੋਂ ਪੰਜਾਬੀ ਪੱਤਰਕਾਰੀ ਭਾਵੇਂ ਆਪਣੇ 'ਬਚਪਨੇ' ਵਿਚ ਸੀ ਪਰ ਉਦੋਂ ਪਾਠਕਾਂ ਵਿਚ ਵੀ ਪੜ੍ਹਣ ਦਾ ਬਹੁਤ ਚਾਅ ਹੁੰਦਾ ਸੀ, ਲੋਕ ਬੜੇ ਉਮਾਹ ਨਾਲ ਆਪਣੇ ਲਿਖਾਰੀਆਂ ਦੀਆਂ ਲਿਖਤਾਂ ਤੇ ਰਸਾਲਿਆਂ ਦੀ ਉਡੀਕ ਕਰਦੇ ਹੁੰਦੇ ਸਨ, ਇਹ ਗੱਲ ਮੈਂ ਭਾਵੇਂ ਵਾਪਰਦੀ ਨਹੀਂ ਵੇਖੀ ਪਰ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਪੜ੍ਹਦਿਆਂ ਤੇ ਪੁਰਾਣੇ ਬੰਦਿਆਂ ਨੂੰ ਮਿਲਣ-ਗਿਲਣ ਵੇਲੇ ਇਹ ਜ਼ਰੂਰ ਸੁਣਿਆ ਹੈ ਕਿ ਉਦੋਂ ਹਾਸ-ਰਸ ਕੇਂਦਰਤ ਰਸਾਲੇ ਵੀ ਛੱਪਦੇ ਸਨ। ਸਟੇਜੀ ਕਵੀ ਵੀ ਲਿਖ ਲੈਂਦੇ ਸਨ। ਬਹੁਤੇ ਸਟੇਜੀ ਕਵੀ ਤਾਂ ਧਾਰਮਿਕ ਅਸਰ ਵਾਲੇ ਸਨ ਪਰ ਮਜ਼ਾਹੀਆ ਕਵੀ ਵੀ ਕਾਫ਼ੀ ਹੁੰਦੇ ਸਨ। ਇਸ ਮਗਰੋਂ ਸਾਹਿਤਕ ਪਰਚੇ ਵੀ ਪੰਜਾਬੀ ਪੱਤਰਕਾਰੀ ਦੇ ਵਿਗਾਸ ਵਿਚ ਸਹਾਈ ਰਹੇ ਹਨ, ਅੱਜ ਵੀ ਕਾਫ਼ੀ ਸਾਰੇ ਸਾਹਿਤਕ ਰਸਾਲੇ ਹਨ ਪਰ ਜਿਵੇਂ ਅੰਗਰੇਜ਼ੀ ਵਿਚ ਕਈ ਰਸਾਲੇ ਸਿਰਫ਼ ਆਲੋਚਨਾ ਕੇਂਦਰਤ ਹਨ, ਉਸ ਤਰ੍ਹਾਂ ਦੀ 'ਕ੍ਰਿਟਿਕ ਕੈਟਾਗਰੀ' ਦੇ ਰਸਾਲੇ ਸਾਡੇ ਪੰਜਾਬ ਵਿਚ ਨਹੀਂ ਛੱਪਦੇ ਪਏ। ਇਸ ਦੀ ਘਾਟ ਬਹੁਤ ਰੜਕਦੀ ਹੈ।
(2)
ਆਖ਼ਰੀ ਤੇ ਨੁਕਤੇ ਵਾਲੀ ਗੱਲ
ਪੰਜਾਬੀ ਅਖ਼ਬਾਰਾਂ ਤੇ ਨਿਊਜ਼ ਡੈਸਕ
ਹੁਣ ਪੰਜਾਬੀ ਅਖ਼ਬਾਰਾਂ ਵਿਚ ਗੋਲਮੇਜ ਨਹੀਂ ਰਹੇ ਜਦਕਿ ਪਹਿਲਾਂ ਰਾਉਂਡ ਟੇਬਲ ਹੁੰਦੇ ਸਨ, ਜਿੱਥੇ ਟੇਬਲ ਦਾ ਮੁਖੀ (ਨਿਊਜ਼ ਐਡੀਟਰ) ਬੈਠਦਾ ਸੀ ਤੇ ਉਸ ਦੇ ਆਸੇ-ਪਾਸੇ ਸੀਨੀਅਰ ਸਬ-ਐਡੀਟਰ ਤੇ ਸਬ-ਐਡੀਟਰ ਬੈਠਦੇ ਹੁੰਦੇ ਸਨ। ਗੋਲਮੇਜ ਟੇਬਲ ਦੇ ਇਕ ਬੰਨ੍ਹੇ ਪੀ.ਟੀ.ਆਈ. ਜਾਂ ਯੂ.ਐੱਨ.ਆਈ. ਦੀ ਮਸ਼ੀਨ ਲੱਗੀ ਹੁੰਦੀ ਸੀ ਜਿਹੜੀ ਕਿ ਹਰ ਵੇਲੇ ਟਿਕ-ਟਿਕ ਕਰਦੀ ਸੀ, ਇਸ ਨਾਲ ਮਸ਼ੀਨ 'ਤੇ ਚੜ੍ਹਿਆ ਗੋਲਾ ਅੱਗੇ ਵੱਧਦਾ ਰਹਿੰਦਾ ਸੀ ਤੇ ਖ਼ਬਰਾਂ ਪ੍ਰਿੰਟ ਹੋ ਕੇ ਮਸ਼ੀਨ ਦਾ ਕਾਗ਼ਜ਼ ਜ਼ਮੀਨ 'ਤੇ ਡਿੱਗਦਾ ਰਹਿੰਦਾ ਸੀ, ਇਸ ਤਰ੍ਹਾਂ ਦੇ ਗੋਲੇ ਨੂੰ ਸਾਂਭਣਾ ਸਿਖਾਂਦਰੂ ਉਪ ਸੰਪਾਦਕ ਦੀ ਡਿਊਟੀ ਹੁੰਦੀ ਸੀ ਤੇ ਉਹੀ ਇਹ ਕਾਗਜ਼ੀ ਗੋਲਾ ਆਪਣੇ ਐਡੀਟਰ ਇੰਚਾਰਜ ਨੂੰ ਸੌਂਪਦਾ ਸੀ ਜੋ ਕਿ ਅੱਗੋਂ ਆਪਣੇ ਮਾਤਹਿਤਾਂ ਦੀ ਕਾਬਲੀਅਤ ਮੁਤਾਬਕ ਖ਼ਬਰਾਂ ਤਕਸੀਮ ਕਰਦਾ ਸੀ। ਹੁਣ ਕੰਪਿਊਟਰੀ ਜੁੱਗ ਹੋਣ ਕਾਰਨ ਹਰ ਸਿਖਾਂਦਰੂ ਤੇ ਸਿੱਖਿਅਤ ਐਡੀਟਰ ਕੋਲ ਆਪਣਾ ਕੰਪਿਊਟਰ ਹੁੰਦਾ ਹੈ, ਹੁਣ ਪੇਪਰਲੈੱਸ ਕੰਮ ਹੋਣ ਕਾਰਨ ਕਾਗਜ਼ ਦੀ ਵਰਤੋਂ ਬਹੁਤ ਘੱਟ ਗਈ ਹੈ, ਸਗੋਂ ਇਕ-ਦੂਜੇ ਨੂੰ ਈ-ਮੇਲ ਕਰ ਕੇ ਖ਼ਬਰ ਅਗਾਂਹ ਕੀਤੀ ਜਾਂਦੀ ਹੈ। ਗੋਲਮੇਜ ਟੇਬਲ ਵੀ ਹੁਣ ਬੀਤੇ ਦੀ ਗੱਲ ਬਣ ਕੇ ਰਹਿ ਗਏ ਹਨ।
ਅਖ਼ਬਾਰਾਂ ਵਿਚ ਜਨਰਲ ਨਿਊਜ਼ ਡੈਸਕ ਨੇ ਪਰਦੇਸਾਂ ਤੇ ਦੇਸ ਵਿਚ ਵਾਪਰੀਆਂ ਖ਼ਬਰਾਂ ਨੂੰ ਬਣਦੀ ਥਾਂ ਦੇਣੀ ਹੁੰਦੀ ਹੈ। ਖ਼ਾਕਸਾਰ ਉੱਪਰ ਜ਼ਿਕਰ ਕਰ ਚੁੱਕਾ ਹੈ ਕਿ ਯੂ.ਐੱਨ.ਆਈ. ਤੇ ਪੀ.ਟੀ.ਆਈ. ਦੀਆਂ ਅੰਗਰੇਜ਼ੀ ਖ਼ਬਰਾਂ ਦਾ ਤਰਜਮਾ ਕਰ ਕੇ ਪੰਜਾਬੀ ਵਿਚ ਉਲਥਾਇਆ ਜਾਂਦਾ ਹੈ ਜਦਕਿ ਪੰਜਾਬੀ ਵਿਚ ਦੇਸ ਤੇ ਪਰਦੇਸਾਂ ਵਿਚ ਵੱਡੀ ਗਿਣਤੀ ਵਿਚ ਅਖ਼ਬਾਰ ਛੱਪਦੇ ਹੋਣ ਦੇ ਬਾਵਜੂਦ, ਹਾਲੇ ਤਕ ਨਿਰੋਲ ਪੰਜਾਬੀ ਖ਼ਬਰ ਏਜੰਸੀ ਨਹੀਂ ਵਜੂਦ ਵਿਚ ਆ ਸਕੀ। 2009 ਵਿਚ ਦਾਸ ਨੇ ਇਕ ਮਾਣਮੱਤੇ ਧਨਾਢ ਪਰਵਾਸੀ ਪੰਜਾਬੀ ਨੂੰ 'ਨਿਰੋਲ ਪੰਜਾਬੀ ਖ਼ਬਰ ਏਜੰਸੀ' ਦੇ ਤਰਦੁੱਦ ਲਈ ਮਨਾ ਲਿਆ ਸੀ ਪਰ ਐਨ ਮੌਕੇ 'ਤੇ ਉਸ ਦੇ ਗ਼ੈਰ-ਪੱਤਰਕਾਰ ਮਸ਼ਵਰਾਕਾਰਾਂ ਨੇ ਸਾਰੀ ਖੇਡ ਵਿਗਾੜ ਦਿੱਤੀ, ਨਹੀਂ ਤਾਂ ਜਿਵੇਂ ਅਸੀਂ ਤਿਆਰੀ ਖਿੱਚ ਲਈ ਸੀ, ਪੰਜਾਬੀ ਖ਼ਬਰੀ ਨੈੱਟਵਰਕ ਨੇ ਆਪਣਾ ਬਣਦਾ-ਸਰਦਾ ਯੋਗਦਾਨ ਪਾ ਕੇ ਪੰਜਾਬੀ ਪੱਤਰਕਾਰੀ ਨੂੰ ਕਿਸੇ ਅਗਲੇ ਪੜਾਅ 'ਤੇ ਪਹੁੰਚਾਅ ਦੇਣ ਲਈ ਕੋਈ ਕਸਰ ਨਹੀਂ ਛੱਡਣੀ ਸੀ। ਖ਼ੈਰ, ਅੱਜ ਵੀ ਸਾਨੂੰ ਦੂਰ-ਦੂਰ ਤਕ ਨਜ਼ਰ ਮਾਰਿਆਂ ਵੀ ਕੋਈ ਪੰਜਾਬੀ ਦਾ ਹਮਦਰਦ ਨਜ਼ਰ ਨਹੀਂ ਆਉਂਦਾ ਜਿਹੜਾ ਕਿ 'ਘਰ ਫੂਕ, ਤਮਾਸ਼ਾ ਵੇਖਣ' ਦੀ ਦੀਦਾ-ਦਲੇਰੀ ਕਰ ਸਕਦਾ ਹੋਵੇ ਤੇ ਪੰਜਾਬੀ ਵਿਚ ਖ਼ਬਰ ਏਜੰਸੀ ਕਾਇਮ ਕਰਨ ਦਾ ਬੀੜਾ ਸਿਰ 'ਤੇ ਚੁੱਕ ਸਕਦਾ ਹੋਵੇ।
contact- Saroop Nagar, Raowali, Jalandhar
ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।
http://www.christianfort.com/fortnews/faces/yadwinder/deedawar/deedawar14.html
-
ਯਾਦਵਿੰਦਰ ਸਿੰਘ, ਲੇਖਕ
*********
9465329617
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.