ਜਥੇਦਾਰ ਸਾਹਿਬ,
ਵਾਹਿਗੁਰੂ ਜੀ ਕਾ ਖਾਲਸਾ।ਵਾਹਿਗੁਰੂ ਜੀ ਕੀ ਫਤਹਿ।
ਇਸ ਖੁਲ੍ਹੀ-ਚਿੱਠੀ ਦੁਆਰਾ ਕੀਤੀ ਜਾ ਰਹੀ ਕੋਸ਼ਿਸ਼ ਨ ਮੇਰੀ ਪਹਿਲੀ ਅਤੇ ਨ ਹੀ ਆਖਰੀ ਹੈ ਕਿਉਂਕਿ ਮੇਰੀ ਅਕਾਲ ਤਖਤ ਸਾਹਿਬ ਪ੍ਰਤੀ ਆਸਥਾ ਮੈਨੂੰ ਸੰਸਥਾ ਨਾਲ ਸੰਸਥਾ-ਮੁਖੀ ਦੁਆਰਾ ਜੁੜੇ ਰਹਿਣ ਲਈ ਉਤਸ਼ਾਹਤ ਕਰਦੀ ਰਹਿੰਦੀ ਹੈ।ਇਸ ਵੇਲੇ ਮੇਰੇ ਸਾਹਮਣੇ ਪੰਜਾਬ ਸਰਕਾਰ ਦੇ ਇਕ ਮਨਿਸਟਰ ਸ. ਸੁਖਜਿੰਦਰ ਸਿੰਘ ਰੰਧਾਵਾ ਨੂੰ ਬਾਣੀ ਠੀਕ ਨ ਬੋਲਣ ਬਾਰੇ ਸਪਸ਼ਟੀਕਰਣ ਨਾਲ ਜੁੜੀ ਹੋਈ ਮੀਡੀਆ ਦੀ ਖਬਰ ਹੈ।ਮੈਨੂੰ ਪਤਾ ਹੈ ਕਿ ਅਜਿਹਾ ਸਿਆਸੀ ਹਵਾਲੇ ਨਾਲ ਵਾਪਰਿਆ ਸੀ ਕਿਉਂਕਿ “ਹਉ ਪਾਪੀ ਤੂੰ ਬਖਸ਼ਣਹਾਰੁ…..” ਵਿਚ “ਤੂੰ” ਦੀ ਥਾਂ ਇਕ ਸਿਆਸਤਦਾਨ ਦਾ ਨਾਮ ਵਰਤਿਆ ਗਿਆ ਸੀ।ਮੀਡੀਆ ਮੁਤਾਬਿਕ ਮਨਿਸਟਰ ਨੇ “ਮੈਂ ਪਾਪੀ ਬਾਦਲ ਤੂੰ ਬਖਸ਼ਣਹਾਰ” ਭਾਈ ਗੁਰਮੁਖ ਸਿੰਘ (ਵਰਤਮਾਨ ਹੈਡ ਗ੍ਰੰਥੀ ਅਕਾਲ ਤਖਤ ਸਾਹਿਬ) ਦੇ ਹਵਾਲੇ ਨਾਲ ਬੋਲਿਆ ਸੀ ਅਤੇ ਇਸ ਦਾ ਸਬੰਧ ਉਨ੍ਹਾਂ ਤੁਕਾਂ ਨਾਲ ਉਸ ਤਰ੍ਹਾਂ ਨਹੀਂ ਜੁੜਦਾ ਜਿਵੇਂ ਜੋੜ ਦਿੱਤਾ ਗਿਆ ਹੈ ਕਿਉਂ ਤੁਕ ਇਸ ਪ੍ਰਕਾਰ ਹੈ:
ਆਸਾ ਮਹਲਾ 1॥ਆਪਿ ਕਰੇ ਸਚੁ ਅਲਖ ਅਪਾਰੁ॥ਹਉ ਪਾਪੀ ਤੂੰ ਬਖਸ਼ਣਹਾਰੁ॥1॥॥(356)
ਮੈਂ ਏਨਾਂ ਹੀ ਕਹਿਣਾ ਚਾਹੁੰਦਾ ਹਾਂ ਕਿ ਹਵਾਲੇ ਦੀ ਅਹਿਮੀਅਤ ਪ੍ਰਸੰਗ ਨਾਲ ਜੁੜੀ ਹੋਈ ਹੁੰਦੀ ਹੈ।ਬੋਲੇ ਹੋਏ ਦਾ ਪ੍ਰਸੰਗ ਜੇ ਸਿਆਸੀ ਹੋਵੇਗਾ ਤਾਂ ਉਸ ਨੂੰ ਧਾਰਮਿਕ ਬਨਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸ਼ੰਕਿਆਂ ਦੇ ਘੇਰੇ ਵਿਚੋਂ ਨਹੀਂ ਨਿਕਲ ਸਕਾਂਗੇ।ਇਹੋ ਜਿਹੀ ਸਥਿਤੀ ਨੂੰ ਇਕ ਮਜ਼ਾਹੀਆ ਕਵੀ ਨੇ ਧਾਰਮਿਕਤਾ ਨੂੰ ਠੇਸ ਪਹੁੰਚਣ ਦੇ ਹਵਾਲੇ ਨਾਲ ਇਸ ਤਰ੍ਹਾਂ ਕਹਿਣ ਦੀ ਕੋਸ਼ਿਸ਼ ਕੀਤੀ ਹੋਈ ਹੈ:
ਕਿਸੇ ਬੱਧੀ ਦਾਹੜੀ ਤਾਂ ਮਜ਼ਹਬ ਨੂੰ ਖਤਰਾ।ਕਿਸੇ ਬੱਧੀ ਸਾਹੜੀ ਤਾਂ ਮਜ਼ਹਬ ਨੂੰ ਖਤਰਾ।
ਮਜ਼ਹਬ ਨ ਹੋਇਆ ਹੋਈ ਮੋਮਬੱਤੀ।ਪਿਘਲ ਗਈ ਫੌਰਨ ਲੱਗੀ ਧੁੱਪ ਤੱਤੀ।
ਸੰਸਥਾਵਾਂ ਜੇ ਸਿਆਸੀ ਤਿਲਕਣਬਾਜ਼ੀਆਂ ਨਾਲ ਤਿਲਕਣ ਵਾਲੇ ਰਾਹ ਪੈ ਜਾਣਗੀਆਂ ਤਾਂ ਬੇਲੋੜੇ ਨੁਕਸਾਨ ਝੱਲਣ ਵਾਸਤੇ ਤਿਆਰ ਰਹਿਣਾ ਪਵੇਗਾ।ਮਜੀਠੀਆ ਸਾਹਿਬ ਨੂੰ ਸੱਦਕੇ ਜੋ ਹੋਇਆ ਸੀ, ਉਹੀ ਮਨਿਸਟਰ ਸਾਹਿਬ ਨੂੰ ਸੱਦਕੇ ਹੋ ਵੀ ਜਾਵੇ ਤਾਂ ਇਸ ਨਾਲ ਪੰਥਕਤਾ ਦਾ ਕੀ ਸੰਵਰਿਆ ਸੀ ਜਾਂ ਸੰਵਰੇਗਾ, ਕਦੇ ਤਾਂ ਸੋਚ ਹੀ ਲੈਣਾ ਚਾਹੀਦਾ ਹੈ।ਸਿੱਖ-ਸੰਸਥਾਵਾਂ, ਤੋੜਣ ਵਾਸਤੇ ਨਹੀਂ ਜੋੜਣ ਵਾਸਤੇ ਚਿਤਵੀਆਂ ਗਈਆਂ ਸਨ।ਲੋੜ ਇਹ ਸੋਚਣ ਦੀ ਹੈ ਕਿ ਟੁੱਟਣ ਵੱਲ ਭੱਜੇ ਜਾਂਦਿਆਂ ਨੂੰ ਕਿਵੇਂ ਜੋੜਕੇ ਰੱਖਣਾ ਹੈ?
ਜਿਹੋ ਜਿਹੀ ਗ਼ਲਤੀ ਵਾਸਤੇ ਮਨਿਸਟਰ ਨੂੰ ਸੱਦਿਆ ਜਾ ਰਿਹਾ ਹੈ, ਇਹੋ ਜਿਹੀਆਂ ਗਲਤੀਆਂ ਸਿਆਸਤਦਾਨ ਸਿਆਸੀ ਲੋਰ ਵਿਚ ਆਮ ਹੀ ਕਰਦੇ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਜਾਗਿਆਂ ਨੂੰ ਜਗਾਉਣ ਵਾਂਗ ਹੋਵੇਗੀ।ਇਹ ਮਾਮਲਾ ਬਾਣੀ ਦੀ ਭਾਸ਼ਾ ਨੂੰ ਗਲਤ ਪ੍ਰਸੰਗ ਵਿਚ ਵਰਤੇ ਜਾਣ ਦਾ ਹੈ ਅਤੇ ਅਜਿਹਾ ਉਨ੍ਹਾਂ ਵੱਲੋਂ ਵੀ ਆਮ ਹੋ ਰਿਹਾ ਹੈ, ਜਿਨ੍ਹਾਂ ਨੂੰ ਸਿੱਖਾਂ ਦੇ ਸਿਆਣਿਆਂ ਵਿਚੋਂ ਗਿਣਿਆ ਜਾਂਦਾ ਹੈ।ਮਿਸਾਲ ਦੇ ਤੌਰ ਤੇ “ਜੇ ਜੀਵੈ ਪਤਿ ਲਥੀ ਜਾਇ..” ਨੂੰ ਲੈਕੇ ਪ੍ਰਸੰਗ ਵਿਗਾੜ ਲਗਾਤਾਰ ਹੋ ਰਿਹਾ ਹੈ। ਇਸ ਸ਼ਬਦ ਦਾ ਬਾਣੀ ਪ੍ਰਸੰਗ ਅਧਿਆਤਮਿਕ ਹੈ, ਪਰ ਇਸ ਦਾ ਪ੍ਰਾਪਤ ਪ੍ਰਸੰਗ ਕਦੇ ਕਦੇ ਸਮਾਜਿਕ ਅਤੇ ਬਹੁਤੀ ਵਾਰ ਰਾਜਨੀਤਕ ਹੁੰਦਾ ਹੈ।ਇਸ ਤਰ੍ਹਾਂ ਦੀਆਂ ਉਦਾਹਰਣਾਂ ਆਮ ਮਿਲ ਜਾਂਦੀਆਂ ਹਨ।ਬਾਣੀ ਦੀ ਮਰਯਾਦਾ ਜਿਸ ਤਰ੍ਹਾਂ ਸ੍ਰੀ ਗੁਰੂੁ ਗ੍ਰੰਥ ਸਾਹਿਬ ਨੂੰ ਲੈਕੇ ਸਥਾਪਤ ਹੈ, ਉਸ ਤਰ੍ਹਾਂ ਦੀ ਮਰਯਾਦਾ ਬਾਣੀ ਨੂੰ ਆਮ ਬੋਲ ਚਾਲ ਵਿਚ ਵਰਤੇ ਜਾਣ ਬਾਰੇ ਸਥਾਪਤ ਨਹੀਂ ਹੈ।ਮਰਯਾਦਾ ਬਾਰੇ ਜਾਣਕਾਰੀ ਵੈਸੇ ਹੀ ਆਮ ਸਿੱਖਾਂ ਵਿਚ ਬਹੁਤ ਘੱਟ ਹੈ।ਖਾਸ ਸਿੱਖਾਂ ਨੂੰ ਵੀ ਓਦੋਂ ਹੀ ਮਰਯਾਦਾ ਦਾ ਪਤਾ ਲੱਗਦਾ ਹੈ, ਜਦੋਂ ਉਨ੍ਹਾਂ ਨੂੰ ਤਲਬ ਕਰ ਲਿਆ ਜਾਂਦਾ ਹੈ।ਇਸ ਹਾਲਤ ਵਿਚ ਸੱਦਣ ਤੇ ਛੇਕਣ ਨਾਲ ਬਹੁਤੇ ਸਿਹਤਮੰਦ ਨਤੀਜੇ ਸਾਹਮਣੇ ਨਹੀਂ ਆ ਸਕੇ।ਤਾਂ ਤੇ ਫੈਸਲਿਆਂ ਵਿਚ ਪਦਵੀ ਦਾ ਅਧਿਕਾਰ ਵਰਤਣ ਦੀ ਥਾਂ, ਜੇ ਪਦਵੀ ਦੀ ਨੈਤਿਕਤਾ ਵਰਤੀ ਜਾਵੇ ਤਾਂ ਨਤੀਜੇ ਸਿਹਤਮੰਦ ਨਿਕਲ ਸਕਦੇ ਹਨ।ਜਿਹੋ ਜਿਹੇ ਹਾਲਾਤ ਵਿਚੋਂ ਸਿੱਖ ਭਾਈਚਾਰਾ ਲੰਘ ਰਿਹਾ ਹੈ, ਉਸ ਵਿਚ ਸਿਆਸਤਦਾਨਾਂ ਦੀਆਂ ਕੀਤੀਆਂ ਦੇ ਨਤੀਜੇ ਆਮ ਬੰਦੇ ਨੂੰ ਭੁਗਤਣੇ ਪੈ ਰਹੇ ਹਨ।ਅਮਰੀਕਾ ਵਿੱਚ ਜੋ ਦਿੱਲੀ ਕਮੇਟੀ ਦੇ ਪ੍ਰਧਾਨ ਨਾਲ ਵਾਪਰਿਆ, ਪੰਜਾਬ ਵਿਧਾਨ ਸਭਾ ਵਿਚ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਰੇ ਪਾਸ ਹੋਇਆ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਜੋ ਭਾਈ ਗੁਰਮੁਖ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ, ਉਹ ਅਕਾਲੀ ਦਲ ਦੀ ਸਿਆਸਤ ਨਾਲ ਪੈਦਾ ਹੋਏ ਹਾਲਾਤ ਕਰਕੇ ਹੋਇਆ ਹੈ।ਸੰਸਥਾ-ਮੁਖੀਆਂ ਨਾਲ ਸੰਸਥਾਵਾਂ ਦਾ ਜੋ ਨੁਕਸਾਨ ਹੋਇਆ ਹੈ, ਉਸ ਬਾਰੇ ਨਿੱਠਕੇ ਸੋਚੇ ਜਾਣ ਦੀ ਲੋੜ ਹੈ।ਅਜਿਹਾ, ਕਿਸੇ ਵੀ ਤਰ੍ਹਾਂ ਦੀ ਸਿਆਸਤ ਤੋਂ ਬਚਕੇ ਹੀ ਕੀਤਾ ਜਾਣਾ ਚਾਹੀਦਾ ਹੈ।ਸੰਸਥਾਵਾਂ, ਕੌਮ ਦੀਆਂ ਹਨ ਅਤੇ ਇਨ੍ਹਾਂ ਨੂੰ ਧੜਿਆਂ ਦੀ ਸਿਆਸਤ ਵਾਸਤੇ ਵਰਤੇ ਜਾਣ ਤੋਂ ਬਚਾਕੇ ਰੱਖੇ ਜਾਣ ਦੀ ਜੁੰਮੇਵਾਰੀ ਸੰਸਥਾ-ਮੁਖੀਆਂ ਨੂੰ ਹੀ ਨਿਭਾਉਣੀ ਪੈਣੀ ਹੈ।ਕਾਫੀ ਸਮੇਂ ਤੋਂ ਸਿੱਖ-ਸੰਸਥਾਵਾਂ ਧਿਰ ਹੋ ਜਾਣ ਦੀਆਂ ਸਿਆਸੀ ਮਜਬੂਰੀਆਂ ਦਾ ਸ਼ਿਕਾਰ ਹੋ ਰਹੀਆਂ ਹਨ।ਇਸ ਵਿਚੋਂ ਨਿਕਲਣ ਲਈ ਨਹੀਂ ਸੋਚਾਂਗੇ ਤਾਂ ਸਿਧਾਂਤ ਅਤੇ ਪਰੰਪਰਾ ਵਿਚਕਾਰ, ਬਾਣੀ ਅਤੇ ਰਹਿਤ ਮਰਯਾਦਾ ਵਿਚਕਾਰ ਅਤੇ ਬਾਣੀ ਅਤੇ ਇਤਿਹਾਸ ਵਿਚਕਾਰ ਤਨਾਉ ਪੈਦਾ ਕਰਣ ਵਿਚ ਭਾਈਵਾਲ ਹੁੰਦੇ ਜਾਵਾਂਗੇ।
ਕੋਸ਼ਿਸ਼ ਇਹ ਕਹਿਣ ਦੀ ਕੀਤੀ ਜਾ ਰਹੀ ਹੈ ਕਿ ਜਦੋਂ ਸੰਸਥਾਵਾਂ ਵੱਲੋਂ ਫੈਸਲਾ ਲੈਣ ਲੱਗਿਆਂ ਮੁਸ਼ਕਲ ਪੇਸ਼ ਆਉਂਦੀ ਰਹੀ ਹੈ ਤਾਂ ਰਾਗਮਾਲਾ ਵਾਸਤੇ ਲਏ ਹੋਏ ਫੈਸਲੇ ਵਾਂਗ ਫੈਸਲੇ ਖੁਲ੍ਹੇ ਵੀ ਛੱਡੇ ਜਾਂਦੇ ਰਹੇੇ ਹਨ।ਬਾਣੀ ਦੇ ਉਚਾਰਨ ਨੂੰ ਲੈਕੇ ਬਹੁਤ ਸਾਰੇ ਕਾਰਣਾ ਕਰਕੇ ਇਕਸਾਰਤਾ ਦੀ ਮੁਸ਼ਕਲ ਨਾਲ ਲਗਾਤਾਰ ਨਿਭਿਆ ਜਾ ਰਿਹਾ ਹੈ।ਅਹੁਦਿਆਂ ਨੂੰ ਸਿੱਖ ਸੁਰ ਵਿਚ ਸਰਬ ਕਲਾ ਸੰਪੰਨ ਪਰਵਾਨ ਨਹੀਂ ਕੀਤਾ ਗਿਆ ਅਤੇ ਕਰਣਾ ਵੀ ਨਹੀਂ ਚਾਹੀਦਾ।ਏਸੇ ਕਰਕੇ ਜਥੇਦਾਰੀ ਦੇ ਅਹੁਦੇ ਨੂੰ ਨੈਤਿਕ ਘੇਰੇ ਵਿਚ ਚਿਤਵਿਆ ਗਿਆ ਹੈ।ਸਿਆਸਤਦਾਨਾਂ ਨੂੰ ਅਕਾਲ ਤਖਤ ਤੇ ਸੱਦਣ ਦੇ ਭੈਅ ਦੀ ਥਾਂ ਤੇ ਬਿਨਾ ਸੱਦਿਆਂ ਤਾੜਨਾ ਕਰਣ ਦਾ ਨਿਰਮਲ ਭਉ ਵਧੇਰੇ ਲਾਹੇਵੰਦਾ ਹੋ ਸਕਦਾ ਹੈ।ਇਸ ਬਾਰੇ ਵਿਉਂਬੰਦੀ ਸਿੱਖ-ਸੁਜੱਗਤਾ ਨੂੰ ਨਾਲ ਲੈਕੇ ਕੀਤੀ ਜਾ ਸਕਦੀ ਹੈ।ਇਹ ਇਸ ਆਧਾਰ ਤੇ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ 1925 ਦੇ ਐਕਟ, ਭਾਰਤ ਦੇ ਵਿਧਾਨ ਅਤੇ ਸਿੱਖ ਚਿੰਤਨ ਨੂੰ ਇਕੱਠਿਆਂ ਤੋਰ ਸਕਣ ਦੀ ਕੰਮ ਚਲਾਊ ਵਿਧੀਆਂ ਲੱਭੀਆਂ ਜਾ ਸਕਦੀਆਂ ਹਨ।ਜੋ ਕੁਝ ਪੰਥਕ ਸੁਰ ਵਿਚ ਸੰਭਵ ਨ ਲੱਗਦਾ ਹੋਵੇ, ਉਸ ਨੂੰ ਸਿੱਖ ਸੁਰ ਵਿਚ ਕਰ ਸਕਣ ਦੀਆਂ ਸੰਭਾਵਨਾਵਾਂ ਤਲਾਸ਼ ਲੈਣੀਆਂ ਚਾਹੀਦੀਆਂ ਹਨ।ਸਿੱਖਾਂ ਦੀਆਂ ਸੁੱਚੀਆਂ ਰੀਝਾਂ ਸਿਆਸੀਆਂ ਵੱਲੋ ਪੈਦਾ ਕੀਤੀਆਂ ਘੁੰਮਣਘੇਰੀਆਂ ਵਿਚ ਫਸੀਆਂ ਹੋਈਆਂ ਹਨ।ਇਸ ਵਿਚੋਂ ਨਿਕਲਣ ਲਈ ਸਿੱਖ-ਸੰਸਥਾਵਾਂ ਨੂੰ ਸਿਆਸਤ ਤੋਂ ਬਚਕੇ ਚੱਲਣ ਦਾ ਰਾਹ ਕੱਢ ਲੈਣਾ ਚਾਹੀਦਾ ਹੈ।ਅਜਿਹਾ ਅਕਾਦਮਿਕ ਸੁਰ ਵਿਚ ਹੀ ਸੰਭਵ ਹੋ ਸਕਦਾ ਹੈ।ਇਹ ਕੰਮ ਭਾਈ ਗੁਰਦਾਸ ਜੀ ਤੋਂ ਲੈਕੇ ਭਾਈ ਵੀਰ ਸਿੰਘ ਤੱਕ ਹੁੰਦਾ ਰਿਹਾ ਹੈ।ਹਾਲਾਤ ਸਾਰਿਆਂ ਵਾਸਤੇ ਹੀ ਬਦਲ ਗਏ ਹਨ ਅਤੇ ਬਦਲੇ ਹੋਏ ਨਾਲ ਕਦਮ ਮਿਲਾਕੇ ਚੱਲਣ ਲਈ ਹਾਲਾਤ ਮੁਤਾਬਿਕ ਵਿਧੀਆਂ ਬਨਾਉਣੀਆਂ ਪੈਣੀਆਂ ਹਨ।ਨਹੀਂ ਸਮਝਾਂਗੇ ਤਾਂ ਸਿੱਖ-ਸੰਸਥਾਵਾਂ ਸਿਆਸੀ ਅਖਾੜੇ ਬਣ ਜਾਣ ਵਾਲੇ ਰਾਹ ਪੈ ਸਕਦੀਆਂ ਹਨ।ਇਸ ਬਾਰੇ ਏਜੰਡਾ ਬਨਾਏ ਜਾਣ ਦੀ ਕੋਸ਼ਿਸ਼ ਅਕਾਲ ਤਖਤ ਸਾਹਿਬ ਰਾਹੀਂ ਹੋਣੀ ਚਾਹੀਦੀ ਹੈ।ਇਸ ਪਾਸੇ ਤੁਰਨ ਵਾਸਤੇ ਸੰਸਥਾ-ਮੁਖੀਆਂ ਨੂੰ ਸਿੱਖ ਸਿਆਸਤ ਦੇ ਮੋਹਰੇ ਲੱਗ ਸਕਣ ਦੇ ਪ੍ਰਭਾਵ ਤੋਂ ਤਾਂ ਬਚਣਾ ਹੀ ਪਵੇਗਾ।ਇਸ ਆਧਾਰ ਤੇ ਮੇਰੀ ਸੋਚੀ ਸਮਝੀ ਰਾਏ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਆ ਰਹੀ ਮੀਟਿੰਗ ਵਿਚ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਸਿਆਸਤ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਹੋਏ ਮਸਲਿਆਂ ਨੂੰ ਅਕਾਲ ਤਖਤ ਸਾਹਿਬ ਤੋਂ ਨਹੀਂ ਵੀਚਾਰਿਆ ਜਾਏਗਾ।ਪੰਜਾਬ ਤੋਂ ਬਾਹਰਲੇ ਤਖਤ ਸਾਹਿਬ ਬਿਨਾ ਫੈਸਲਾ ਲਿਆਂ, ਇਹੋ ਕਰ ਰਹੇ ਹਨ। ਇਹੀ ਪੰਜਾਬ ਵਿਚ ਕਿਉਂ ਨਹੀਂ ਹੋ ਸਕਦਾ? ਕਿਸੇ ਵੀ ਟੀਚੇ ਤੱਕ ਪਹੁੰਚਣ ਲਈ ਪਹਿਲਾ ਪੈਰ ਤਾਂ ਪੁੱਟਣਾ ਹੀ ਪਵੇਗਾ।ਕਹੀ ਹੋਈ ਕਿਸੇ ਗੱਲ ਦਾ ਵਿਸਥਾਰ ਜਾਂ ਪ੍ਰਸੰਗ ਲੋੜੀਂਦਾ ਹੋਵੇ ਤਾਂ ਹਾਜ਼ਰ ਹੋਕੇ ਬਿਆਨ ਕਰਣ ਦੀ ਪੇਸ਼ਕਸ਼ ਕਰਦਾ ਹਾਂ।ਅੱਗੋਂ ਜੋ ਗੁਰੂ ਜੀ ਨੂੰ ਭਾਵੇ।
-
ਬਲਕਾਰ ਸਿੰਘ, ਪ੍ਰੋਫੈਸਰ
*********
93163-01328
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.