ਆਧਾਰ ਨੰਬਰ ਦੀ ਦੁਰਵਰਤੋਂ ਨਾਲ ਜਿੱਥੇ ਨਿੱਜੀ ਜਾਣਕਾਰੀ ਚੁਰਾਈ ਜਾ ਸਕਦੀ ਹੈ ਉੱਥੇ ਕਈ ਹੋਰ ਨੁਕਸਾਨ ਵੀ ਹੋ ਸਕਦੇ ਹਨ। ਕਈ ਆਈਟੀ ਮਹਿਰਾਂ ਦਾ ਮੰਨਣਾ ਹੈ ਕਿ ਆਧਾਰ ਦਾ ਡਾਟਾ ਸੁਰੱਖਿਅਤ ਨਹੀਂ ਹੈ ਤੇ ਇਸ ਨੂੰ ਗ਼ਲਤ ਵਰਤੋਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਸ ਸਮੱਸਿਆ ਦੇ ਹੱਲ ਲਈ ਭਾਰਤ ਸਰਕਾਰ ਨੇ ਹੁਣ ਇੱਕ ਆਰਜ਼ੀ ਅਧਾਰ ਨੰਬਰ ਯਾਨੀਕਿ ਵਰਚੂਅਲ ਆਈਡੀ ਬਣਾਉਣ ਦੀ ਸੁਵਿਧਾ ਦਿੱਤੀ ਹੈ। ਵਰਚੂਅਲ ਆਈਡੀ ਆਧਾਰ ਨੰਬਰ ਵਾਂਗ ਹੀ ਕੰਮ ਕਰੇਗਾ।
ਜਿੱਥੇ ਤੁਹਾਨੂੰ ਆਧਾਰ ਨੰਬਰ ਦੇਣ ਦੀ ਲੋੜ ਪਵੇਗੀ, ਹੁਣ ਉੱਥੇ ਤੁਸੀਂ ਨਵਾਂ 16 ਅੰਕਾਂ ਦਾ ਆਰਜ਼ੀ (ਵਰਚੂਅਲ) ਨੰਬਰ ਦੇ ਕੇ ਮੂਲ ਆਧਾਰ ਨੰਬਰ ਦੇ ਸਕਦੇ ਹੋ। ਇਹ ਵਰਚੂਅਲ ਆਧਾਰ ਨੰਬਰ ਪੂਰੇ ਦਿਨ ਲਈ ਵਰਤੋਂਯੋਗ ਹੋਏਗਾ। ਇੱਕ ਵਾਰ ਵਰਤਣ ਉਪਰੰਤ ਇਹ ਰੱਦ ਹੋ ਜਾਵੇਗਾ। ਦੁਬਾਰਾ ਨਵਾਂ ਆਰਜ਼ੀ ਨੰਬਰ ਵਰਤਣ ਲਈ ਤੁਸੀਂ ਇੰਟਰਨੈੱਟ ਤੋਂ ਦੁਬਾਰਾ ਨੰਬਰ ਲੈ ਸਕਦੇ ਹੋ। ਇੱਕ ਦਿਨ ਵਿਚ ਤੁਸੀਂ ਕਈ ਵਾਰ ਆਰਜ਼ੀ ਅਧਾਰ ਨੰਬਰ ਬਣਾ ਸਕਦੇ ਹੋ।
ਇਹ 16 ਅੰਕਾਂ ਦਾ ਆਰਜ਼ੀ ਅਧਾਰ ਨੰਬਰ ਹਰੇਕ ਵਾਰ ਵੱਖਰਾ ਯਾਨੀਕਿ ਵਿਲੱਖਣ ਹੋਵੇਗਾ। ਆਓ ਵਰਚੂਅਲ ਆਧਾਰ ਨੰਬਰ ਬਣਾਉਣ ਦਾ ਤਰੀਕਾ ਸਿੱਖੀਏ।
ਇੰਟਰਨੈੱਟ ਦਾ ਬ੍ਰਾਊਜ਼ਰ ਖੋਲ੍ਹੋ। ਇਸ ਦੀ ਐਡਰੈੱਸ ਬਾਰ ਵਿਚ https://uidai.gov.in ਵੈੱਬਸਾਈਟ ਭਰੋ। ਇਸ ਵੈੱਬਸਾਈਟ ਨੂੰ ਮੋਬਾਈਲ ਜਾਂ ਕੰਪਿਊਟਰ ਉੱਤੇ ਕਿਧਰੇ ਵੀ ਖੋਲ੍ਹਿਆ ਜਾ ਸਕਦਾ ਹੈ। ਨਜ਼ਰ ਆਉਣ ਵਾਲੇ ਪੇਜ ਵਿੱਚੋਂ 'ਆਧਾਰ ਸਰਵਿਸਿਜ਼' ਨਾਂ ਦੀ ਸ਼੍ਰੇਣੀ ਦੇ ਬਿਲਕੁਲ ਹੇਠਾਂ 'ਵਰਚੂਅਲ ਆਈਡੀ ਜਨਰੇਟਰ' ਨਜ਼ਰ ਆਏਗਾ। ਇਸ ਉੱਤੇ ਕਲਿੱਕ ਕਰ ਦਿਓ।
ਹੁਣ ਇੱਕ ਨਵਾਂ ਪੇਜ ਖੁੱਲ੍ਹੇਗਾ। ਇਸ ਵਿਚ ਬਾਰਾਂ ਅੰਕਾਂ ਦਾ ਆਧਾਰ ਨੰਬਰ ਭਰਨ ਲਈ ਕਿਹਾ ਜਾਵੇਗਾ। ਆਧਾਰ ਨੰਬਰ ਭਰੋ ਤੇ ਦੱਸੀ ਹੋਈ ਥਾ ‘ਤੇ ਸਕਿਉਰਿਟੀ ਕੋਡ ਦਾਖਲ ਕਰੋ। ਹੁਣ 'ਸੈਂਡ ਓਟੀਪੀ' (ਵਨ ਟਾਈਮ ਪਾਸਵਰਡ) ਨਾਂ ਦੇ ਬਟਨ ਉੱਤੇ ਕਲਿੱਕ ਕਰੋ। ਤੁਹਾਡੇ ਫੋਨ ਉੱਤੇ ਓਟੀਪੀ ਚਲਾ ਜਾਵੇਗਾ। ਹੁਣ ਇਸ ਓਟੀਪੀ ਨੂੰ ਸਕਰੀਨ ਉੱਤੇ ਸੱਜੇ ਹੱਥ ਨਜ਼ਰ ਆਉਣ ਵਾਲੇ ਖ਼ਾਨੇ ਵਿਚ ਭਰੋ ਅਤੇ ਜਨਰੇਟ ਬਟਨ ਤੇ ਕਲਿੱਕ ਕਰ ਦਿਓ।
ਤੁਸੀਂ ਦੇਖੋਗੇ ਕਿ ਤੁਹਾਡੇ ਮੋਬਾਈਲ ਫ਼ੋਨ ਉੱਤੇ ਮੈਸੇਜ ਰਾਹੀਂ 16 ਅੰਕਾਂ ਦਾ ਵੀ ਆਈਡੀ ਪਹੁੰਚ ਜਾਵੇਗਾ। ਇੱਥੇ ਚੇਤੇ ਰੱਖਣਯੋਗ ਹੈ ਕਿ ਜੇ ਤੁਹਾਡੇ ਆਧਾਰ ਨਾਲ ਪਹਿਲਾਂ ਤੋਂ ਮੋਬਾਈਲ ਨੰਬਰ ਰਜਿਸਟਰਡ ਨਹੀਂ ਹੈ ਤਾਂ ਤੁਸੀਂ ਇਹ ਸੁਵਿਧਾ ਦਾ ਲਾਭ ਨਹੀਂ ਲੈ ਸਕਦੇ। ਇਸ ਸੁਵਿਧਾ ਨੂੰ ਮਾਨਣ ਲਈ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕਿਸੇ ਆਧਾਰ ਕੇਂਦਰ ਵਿਖੇ ਜਾ ਕੇ ਤੁਹਾਨੂੰ ਆਪਣੇ ਆਧਾਰ ਨਾਲ ਮੋਬਾਈਲ ਨੰਬਰ ਲਿੰਕ ਕਰਵਾਉਣਾ ਪਵੇਗਾ।
ਇਸ ਆਰਜ਼ੀ ਆਧਾਰ ਨੰਬਰ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਕੋਈ ਕੰਪਨੀ ਤੁਹਾਡਾ ਸਿਰਫ਼ ਆਰਜ਼ੀ ਅਧਾਰ ਨੰਬਰ ਹੀ ਵਰਤ ਸਕਦੀ ਹੈ। ਇੱਥੋਂ ਉਸ ਨੂੰ ਸਿਰਫ਼ ਉਹੀ ਜਾਣਕਾਰੀ ਮਿਲੇਗੀ ਜੋ ਉਸ ਨੂੰ ਲੋੜੀਂਦੀ ਹੈ ਤੇ ਉਹ ਸਾਡੀ ਨਿੱਜੀ ਜਾਣਕਾਰੀ ਤੱਕ ਨਹੀਂ ਪਹੁੰਚ ਸਕਦੀ।
ਭਵਿੱਖ ਵਿਚ ਇਸੇ ਵੈੱਬਸਾਈਟ ਉੱਤੇ ਆਧਾਰ ਨੂੰ ਡੀ-ਐਕਟਿਵ ਜਾਂ ਬੰਦ ਕਰਨ ਦਾ ਵਿਕਲਪ ਵੀ ਪਾਉਣ ਦੀ ਗੱਲ ਚੱਲ ਰਹ ਹੈ। ਜੇ ਅਜਿਹਾ ਹੋ ਜਾਂਦਾ ਹੈ ਤਾਂ ਆਧਾਰ ਕਾਰਡ ਦੀ ਦੁਰਵਰਤੋਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕੇਗਾ।
ਕੀ ਆਧਾਰ ਦੀ ਹਾਰਡ ਕਾਪੀ ਦਾ ਬਦਲ ਹੋਵੇਗਾ ਵਰਚੂਅਲ ਆਈਡੀ?
ਆਧਾਰ ਵਰਚੂਅਲ ਆਈਡੀ ਭਾਵ ਆਰਜ਼ੀ ਪਛਾਣ ਉਨ੍ਹਾਂ ਲੋਕਾਂ ਲਈ ਹੈ ਜੋ ਆਪਣਾ ਅਸਲ ਆਧਾਰ ਨੰਬਰ ਨਹੀਂ ਦੇਣਾ ਚਾਹੁੰਦੇ। ਇਹ (ਵੀਆਈਡੀ) ਸਾਰੇ ਵਪਾਰਕ ਬੈਂਕਾਂ, ਖੇਤਰੀ ਬੈਂਕਾਂ, ਪੇਂਡੂ ਬੈਂਕਾਂ, ਸਹਿਕਾਰੀ ਬੈਂਕਾਂ, ਛੋਟੇ ਵਿੱਤੀ ਬੈਂਕਾਂ, ਜੀਵਨ ਬੀਮਾ ਕੰਪਨੀਆਂ, ਭਾਰਤੀ ਕੌਮੀ ਭੁਗਤਾਨ ਨਿਗਮ, ਗੈਰ-ਬੈਂਕ ਵਿੱਤੀ ਸੰਸਥਾਵਾਂ, ਟੈਲੀਫ਼ੋਨ ਸੰਸਥਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਵਿਚ ਕੰਮ ਆਵੇਗਾ।
ਭਾਰਤੀ ਆਧਾਰ ਅਥਾਰਿਟੀ ਨੇ ਵੱਖ-ਵੱਖ ਅਦਾਰਿਆਂ ਨੂੰ ਵੀਆਈਡੀ ਸਵੀਕਾਰ ਕਰਨ ਅਤੇ ਇਸ ਸਬੰਧੀ ਆਪਣੇ-ਆਪਣੇ ਸਾਫ਼ਟਵੇਅਰਾਂ ਵਿਚ ਇੰਦਰਾਜ ਦੇਣ ਦਾ ਆਦੇਸ਼ ਦਿੱਤਾ ਹੈ।
ਮੁੱਢਲੇ ਪੜਾਅ ਤੇ ਇਸ ਸਿਸਟਮ ਵਿਚ ਕੁੱਝ ਖ਼ਾਮੀਆਂ ਨਜ਼ਰ ਆ ਰਹੀਆਂ ਹਨ। ਬਹੁਤ ਸਾਰੇ ਬੈਂਕਾਂ ਅਤੇ ਵਿੱਤ ਸੰਸਥਾਵਾਂ ਨੇ ਆਪਣੀਆਂ ਐਪਜ਼ ਜਾਂ ਵੈੱਬ ਪੰਨਿਆਂ ਉੱਤੇ 16 ਵਾਲਾ ਵੀਆਈਡੀ ਪਾਉਣ ਦਾ ਪ੍ਰਬੰਧ ਨਹੀਂ ਕੀਤਾ। ਬੈਂਕਾਂ, ਸੁਵਿਧਾ ਕੇਂਦਰਾਂ, ਕਚਹਿਰੀਆਂ ਆਦਿ ਵਿਚ ਹਾਲਾਂ ਵੀ ਆਧਾਰ ਕਾਰਡ ਦੀ ਫ਼ੋਟੋ ਕਾਪੀ ਮੰਗੀ ਜਾ ਰਹੀ ਹੈ। ਹਾਲਾਂਕਿ ਭਾਰਤ ਦੀ ਬਹੁਤ ਸਾਰੀ ਵਸੋਂ ਅਨਪੜ੍ਹ ਹੈ ਤੇ ਉਹ ਕੰਪਿਊਟਰ ਜਾਂ ਸਮਾਰਟ ਫ਼ੋਨ ਦੀ ਵਰਤੋਂ ਤੋਂ ਕੋਰੀ ਅਣਜਾਣ ਹੈ। ਇਸ ਲਈ ਵੀਆਈਡੀ ਦੀ ਸੁਵਿਧਾ ਵਿਕਲਪਿਤ ਹੀ ਰੱਖਣੀ ਰੱਖੀ ਜਾਵੇ ਤਾਂ ਜੋ ਆਮ ਵਿਅਕਤੀ ਆਪਣਾ ਕੰਮ ਰਵਾਇਤੀ ਆਧਾਰ ਨੰਬਰ ਰਾਹੀਂ ਚਲਾ ਸਕਣ।
ਸਰਕਾਰ ਦੀ ਇਹ ਯੋਜਨਾ ਸੁਰੱਖਿਆ ਦੀ ਨਜ਼ਰਾਂ ਤੋਂ ਬਹੁਤ ਚੰਗੀ ਹੈ। ਇਸ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਆਧਾਰ ਨੂੰ ਹਾਰਡ ਕਾਪੀ ਤੋਂ ਮੁਕਤ ਕਰਨਾ ਪਵੇਗਾ।
ਮੋਬਾਈਲ ਫੋਨਾਂ ਵਿਚ ਆਪਣੇ-ਆਪ ਸੇਵ ਹੋਏ ਆਧਾਰ ਨੰਬਰ ਦਾ ਸੱਚ
ਪਿਛਲੇ ਕੁੱਝ ਦਿਨਾਂ ਤੋਂ ਆਧਾਰ ਅਥਾਰਿਟੀ ਦਾ ਹੈਲਪ-ਲਾਈਨ ਨੰਬਰ ਐਂਡਰਾਇਡ ਪਲੇਟਫ਼ਾਰਮ ਵਾਲੇ ਸਮਾਰਟ ਫੋਨਾਂ ਵਿਚ ਆਪਣੇ-ਆਪ ਸ਼ਾਮਲ ਹੋਣ ਕਾਰਨ ਉਪਭੋਗਤਾਵਾਂ ਵਿਚ ਹੜਕੰਪ ਮਿਚਿਆ ਹੋਇਆ ਹੈ। ਇਸ ਤੋਂ ਬਾਅਦ ਅਫ਼ਵਾਹ ਉੱਡਣੀ ਸ਼ੁਰੂ ਹੋ ਗਈ ਕਿ ਇਸ ਨੰਬਰ ਨਾਲ ਡਾਟਾ ਚੋਰੀ ਹੋ ਸਕਦਾ ਹੈ।
ਆਧਾਰ ਅਥਾਰਿਟੀ ਨੇ ਮੋਬਾਈਲ ਵਰਤੋਂਕਾਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ (18003001947) ਨੰਬਰ ਦੇ ਮੋਬਾਈਲ ਵਿਚ ਸ਼ਾਮਿਲ ਹੋਣ ਨਾਲ ਉਨ੍ਹਾਂ ਦਾ ਆਧਾਰ ਜਾਂ ਕੋਈ ਹੋਰ ਡਾਟਾ ਚੋਰੀ ਨਹੀਂ ਹੋਵੇਗਾ। ਅਥਾਰਿਟੀ ਦਾ ਮੰਨਣਾ ਹੈ ਕਿ ਜਿਹੜਾ ਟੋਲ ਫ਼ਰੀ ਨੰਬਰ ਮੋਬਾਈਲਾਂ ਵਿਚ ਆਪਣੇ ਆਪ ਸ਼ਾਮਿਲ ਹੋਇਆ ਹੈ ਇਹ ਨੰਬਰ ਗ਼ਲਤ ਅਤੇ ਪੁਰਾਣਾ ਹੈ।
ਅਥਾਰਿਟੀ ਦਾ ਕਹਿਣਾ ਹੈ ਕਿ ਵਰਤੋਂਕਾਰਾਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਵਰਤੋਂਕਾਰ ਚਾਹੁਣ ਤਾਂ ਇਹ ਨੰਬਰ ਡਿਲੀਟ ਕਰ ਸਕਦੇ ਹਨ ਜਾਂ ਇਸ ਨੂੰ ਨਵੇਂ 1947 ਨੰਬਰ ਨਾਲ ਬਦਲ ਸਕਦੇ ਹਨ। ਉਨ੍ਹਾਂ ਵਰਤੋਂਕਾਰਾਂ ਨੂੰ ਝੂਠੀਆਂ ਅਫ਼ਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ। ਉੱਧਰ ਗੂਗਲ ਪਹਿਲਾਂ ਹੀ ਇਸ ਗੱਲ ਦੀ ਮੁਆਫ਼ੀ ਮੰਗ ਚੁੱਕਾ ਹੈ ਕਿ ਮੋਬਾਈਲ ਓਪਰੇਟਿੰਗ ਸਿਸਟਮ ਐਂਡਰਾਇਡ ਦੇ ਜ਼ਰੀਏ ਜਿਹੜਾ ਨੰਬਰ ਉਪਭੋਗਤਾਵਾਂ ਦੇ ਮੋਬਾਈਲਾਂ ਵਿਚ ਸ਼ਾਮਲ ਹੋਇਆ ਹੈ ਉਹ ਤਕਨੀਕੀ ਗ਼ਲਤੀ ਕਾਰਨ ਹੋਇਆ ਹੈ ਤੇ ਇਸ ਦਾ ਵਰਤੋਂਕਾਰਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
www.cpkamboj.com ; www.meracomputer.com
-
ਡਾ. ਸੀ ਪੀ ਕੰਬੋਜ, ਅਸਿਸਟੈਂਟ ਪ੍ਰੋਫ਼ੈਸਰ; ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ; ਪੰਜਾਬੀ ਯੂਨੀਵਰਸਿਟੀ, ਪਟਿਆਲਾ
cpk@pbi.ac.in
+91-94174-55614
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.