ਇਸਤੋਂ ਪਹਿਲਾਂ ਕਿਸ਼ਤ ਦੂਜੀ 'ਚ ਤੁਸੀਂ ਪੜ੍ਹਿਆ---
--- 3. ਅੰਗਰੇਜ਼ ਮੁਲਕ ਦੀ ਵੰਡ ਨਹੀਂ ਸਨ ਚਾਹੁੰਦੇ: 1940 ਤੋਂ 45 ਤਕ ਚੱਲੀ ਸੰਸਾਰ ਜੰਗ ਮੌਕੇ ਭਾਰਤ ਦੇ ਵਾਇਸਰਾਏ ....... (ਕਿਸ਼ਤ ਦੂਜੀ ਦੀ ਲੜੀ ਜੋੜਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ)
..ਤੇ ਹੁਣ ਪੜ੍ਹੋ ਕਿਸ਼ਤ ਨੰਬਰ ਤੀਜੀ
4. ਇਹ ਸੀ ਕੈਬਨਿਟ ਮਿਸ਼ਨ ਪਲੈਨ: 1. ਭਾਰਤੀ ਸੂਬਿਆਂ ਦੇ ਤਿੰਨ ਗੁੱਟ ਬਣਾਏ ਜਾਣ। ਇਕ ਵਿਚ ਪੰਜਾਬ, ਬਲੋਚਿਸਤਾਨ, ਸਿੰਧ ਅਤੇ ਉਤਰ-ਪੱਛਮੀ ਸਰਹੱਦੀ ਸੂਬਾ ਹੋਣ। ਦੂਜੇ ਵਿਚ ਬੰਗਾਲ ਅਤੇ ਆਸਾਮ। ਇਨ੍ਹਾਂ ਦੋਵਾਂ ਗੁੱਟਾਂ ਵਿਚ ਮੁਸਲਮਾਨ ਆਬਾਦੀ ਭਾਰੂ ਸੀ। ਤੀਜਾ ਗੁੱਟ ਸੀ ਬਾਕੀ ਬਚਿਆ ਸਾਰਾ ਭਾਰਤ, ਜਿਸ ਵਿਚ ਹਿੰਦੂ ਬਹੁਗਿਣਤੀ ਸੀ। 2. ਕੇਂਦਰੀ ਸਰਕਾਰ ਕੋਲ ਸਿਰਫ ਤਿੰਨ ਮਹਿਕਮੇ ਰੱਖਿਆ (ਫੌਜਾਂ), ਵਿਦੇਸ਼ੀ ਸਬੰਧ ਅਤੇ ਡਾਕ-ਤਾਰ ਟੈਲੀਫੋਨ ਹੋਣ। ਬਾਕੀ ਸਾਰੇ ਮਹਿਕਮੇ ਸੂਬਿਆਂ ਦੇ ਗੁੱਟਾਂ ਕੋਲ ਹੋਣ। ਇਕ ਕੇਂਦਰੀ ਸੰਵਿਧਾਨ ਘੜਣੀ ਅਸੈਂਬਲੀ ਬਣਾਈ ਜਾਵੇ, ਜੋ ਕਿ ਕੇਂਦਰੀ ਸਰਕਾਰ ਨੂੰ ਚਲਾਉਣ ਬਾਰੇ ਸੰਵਿਧਾਨ ਬਣਾਵੇ। ਕੇਂਦਰੀ ਅਸੈਂਬਲੀ ਵਿਚ ਉਪਰੋਕਤ ਤਿੰਨੇ ਸੂਬਾਈ ਗੁੱਟਾਂ ਦੇ ਨੁਮਾਇੰਦੇ ਵੱਖਰੇ ਵੱਖਰੇ ਬੈਠਕੇ ਆਪੋ-ਆਪਣੇ ਸੂਬਾਈ ਗੁੱਟਾਂ ਦਾ ਸੰਵਿਧਾਨ ਬਣਾਉਣਗੇ। ਭਾਵ ਕੇਂਦਰੀ ਅਸੈਂਬਲੀ ਸਿਰਫ ਕੇਂਦਰ ਦੇ ਤਿੰਨ ਮਹਿਕਮਿਆਂ ਬਾਰੇ ਹੀ ਸੰਵਿਧਾਨ ਬਣਾਵੇਗੀ। ਹਰੇਕ ਸੂਬਾਈ ਗੁੱਟ ਨੂੰ 10 ਸਾਲ ਪਿਛੋਂ ਦਾ ਹੱਕ ਹੋਣਾ ਸੀ। ਇਸ ਮੁਤਾਬਕ ਪਲੈਨ ਵਿਚ ਦਰਜ ਸੀ ਕਿ ਇਕ ਆਰਜੀ ਸਰਕਾਰ ਕਾਇਮ ਕੀਤੀ ਜਾਵੇਗੀ ਜਿਸ ਵਿਚ ਸਾਰੀਆਂ ਧਿਰਾਂ ਦੇ ਨੁਮਾਇੰਦੇ ਸ਼ਾਮਿਲ ਹੋਣਗੇ। ਇਨ੍ਹਾਂ ਤਜਵੀਜ਼ਾਂ ਨਾਲ ਮੁਸਲਿਮ ਲੀਗ ਦੀ ਪਾਕਿਸਤਾਨ ਵਾਲੀ ਮੰਗ ਕੁਝ ਹੱਦ ਤਕ ਪੂਰੀ ਹੁੰਦੀ ਸੀ ਅਤੇ ਕਾਂਗਰਸ ਦੀ ਮਨਸ਼ਾ ਮੁਤਾਬਕ ਹਿੰਦੁਸਤਾਨ ਵੀ ਇਕ ਰਹਿੰਦਾ ਸੀ। ਕਾਂਗਰਸ ਨੇ ਆਰਜ਼ੀ ਸਰਕਾਰ ਵਾਲੀ ਤਜਵੀਜ਼ ਨਾ ਮੰਨੀ ਬਲਕਿ ਸਿਰਫ ਕਾਨੂੰਨ ਘੜਣੀ ਅਸੈਂਬਲੀ ਵਾਲੀ ਤਜਵੀਜ਼ ਹੀ ਮੰਨੀ। ਉਹਦਾ ਕਹਿਣਾ ਸੀ ਕਿ ਇਹ ਅਸੈਂਬਲੀ ਦੇ ਕੰਮ ਕਰਨ ਤੋਂ ਪਹਿਲਾਂ ਅੰਗਰੇਜ਼ੀ ਫੌਜ ਦੇਸ਼ ਨੂੰ ਛੱਡ ਜਾਵੇ। ਮੁਸਲਿਮ ਲੀਗ ਚਾਹੁੰਦੀ ਸੀ ਕਿ ਘੱਟ ਗਿਣਤੀਆਂ ਦੀ ਰੱਖਿਆ ਖਾਤਰ ਅੰਗਰੇਜ਼ ਮੁਲਕ ਛੱਡਣ ਤੋਂ ਪਹਿਲਾਂ ਸਾਰੇ ਸਮਝੌਤੇ ਕਰਵਾ ਕੇ ਜਾਣ। ਕਾਂਗਰਸ ਦੀ ਮੰਗ ਦਾ ਮਤਲਬ ਜਿਨਾਹ ਨੇ ਉਹ ਸਮਝਿਆ ਕਿ ਅੰਗਰੇਜ਼ਾਂ ਦੇ ਮੁਲਕ ਨੂੰ ਛੱਡ ਜਾਣ ਤੋਂ ਬਾਅਦ ਸੰਵਿਧਾਨ ਸਭਾ ਮੁਕੰਮਲ ਤੌਰ `ਤੇ ਬਹੁ ਗਿਣਤੀ ਦੇ ਹੱਥ ਹੋਵੇਗੀ ਅਤੇ ਬਹੁਗਿਣਤੀ ਸਾਹਮਣੇ ਮੁਸਲਿਮ ਲੀਗ ਦੀ ਕੋਈ ਪੇਸ਼ ਨਹੀਂ ਚੱਲਣੀ। ਅੱਗੇ ਜਾ ਕੇ ਵੇਖਾਂਗੇ ਕਿ ਜਿਨਾਹ ਦੇ ਇਸ ਸ਼ੱਕ ਨੂੰ ਨਹਿਰੂ ਨੇ ਬਿਲਕੁਲ ਪੱਕਾ ਕਰ ਦਿੱਤਾ। ਜਿਸ ਨਾਲ ਅੰਗਰੇਜ਼ਾਂ ਵੇਲੇ ਹਿੰਦੁਸਤਾਨ ਨੂੰ ਇਕ ਰੱਖਣ ਦੀ ਕੋਸ਼ਿਸ਼ ਬੇਕਾਰ ਕਰ ਦਿੱਤੀ। ਨਹਿਰੂ ਦੇ ਇਸ ਬਿਆਨ ਨਾਲ ਮੁਸਲਮਾਨਾਂ ਨੂੰ ਇਹ ਸਪੱਸ਼ਟ ਹੋ ਗਿਆ ਕਿ ਅਖੰਡ ਭਾਰਤ ਵਿਚ ਉਨ੍ਹਾਂ ਦਾ ਰਹਿਣਾ ਔਖਾ ਹੈ। ਜਿਸ ਕਰਕੇ ਮੁਸਲਮਾਨ ਪਾਕਿਸਤਾਨ ਕਾਇਮ ਕਰਨ ਲਈ ਮਰਨ-ਮਾਰਨ `ਤੇ ਉਤਾਰੂ ਹੋ ਗਏ। ਜਿਸ ਤੋਂ ਬੇਵੱਸ ਹੋ ਕੇ ਨਹਿਰੂ, ਪਟੇਲ ਸਣੇ ਗਾਂਧੀ ਤਕ ਨੂੰ ਵੰਡ ਦੀ ਮੰਗ ਖੁਦ ਕਰਨੀ ਪਈ।
5. ਸੰਵਿਧਾਨ ਘੜਣੀ ਅਸੈਂਬਲੀ ਦੀ ਚੋਣ: 1946 ਦੀ ਜੁਲਾਈ ਦੇ ਪਹਿਲੇ ਹਫਤੇ ਸੂਬਾਈ ਵਿਧਾਨ ਸਭਾਵਾਂ ਨੇ ਅਜੋਕੀ ਰਾਜ ਸਭਾ ਦੀਆਂ ਚੋਣਾਂ ਵਾਗੂੰ ਸੰਵਿਧਾਨ ਘੜਣੀ ਅਸੈਂਬਲੀ ਲਈ ਆਪਣੇ ਨੁਮਾਇੰਦੇ ਚੁਣੇ। ਭਾਵ ਐਮ.ਐਲਿਆਂ ਨੇ ਵੋਟਾਂ ਨਾਲ ਸੰਵਿਧਾਨ ਸਭਾ ਚੁਣੀ। 10 ਲੱਖ ਦੀ ਆਬਾਦੀ ਪਿੱਛੇ ਇਕ ਨੂੰਾਇੰਦਾ ਚੁਣਿਆ ਗਿਆ। ਹਿੰਦੂਆਂ ਲਈ ਰਿਜ਼ਰਵ 296 ਸੀਟਾਂ ਵਿੱਚੋਂ ਕਾਂਗਰਸ ਨੇ 287 ਅਤੇ ਮੁਸਲਮਾਨਾਂ ਲਈ ਰਿਜ਼ਰਵ ਸੀਟਾਂ ਵਿੱਚੋਂ ਮੁਸਲਿਮ ਲੀਗ ਨੇ 73 ਸੀਟਾਂ ਜਿੱਤੀਆਂ।ਇਸ ਤੋਂ ਇਲਾਵਾ ਰਿਆਸਤਾਂ ਵਿਚ 93 ਨੁਮਾਇੰਦੇ ਇਸ ਵਿਚ ਨਾਮਜ਼ਦ ਹੋਏ।
ਕੈਬਨਿਟ ਮਿਸ਼ਨ ਦੀਆਂ ਤਜਵੀਜ਼ਾਂ ਮੁਤਾਬਕ ਮੁਸਲਿਮ ਲੀਗ ਨੇ ਦੋਵੇਂ ਗੱਲਾਂ ਮੰਨ ਲਈਆਂ ਜਿਸ ਵਿਚ ਆਰਜੀ ਸਰਕਾਰ ਵਿਚ ਹਿੱਸਾ ਲੈਣਾ ਸ਼ਾਮਿਲ ਸੀ। ਪਰ ਕਾਂਗਰਸ ਨੇ ਆਰਜੀ ਸਰਕਾਰ ਵਾਲੀ ਗੱਲ ਨਾ ਮੰਨੀ। 25 ਜੂਨ 1946 ਨੂੰ ਹੋਈ ਮੀਟਿੰਗ ਦੌਰਾਨ ਜਿਨਾਹ ਨੇ ਵਾਇਸਰਾਏ ਨੂੰ ਕਿਹਾ ਕਿ ਕਿਉਂਕਿ ਕਾਂਗਰਸ ਆਰਜੀ ਸਰਕਾਰ ਵਾਲੀ ਮੱਦ ਨਹੀਂ ਮੰਨਦੀ, ਇਸ ਕਰਕੇ ਤਜਵੀਜ਼ ਦਾ ਪਹਿਰਾ ਨੰਬਰ 8 ਲਾਗੂ ਕੀਤਾ ਜਾਵੇ। ਜਿਸ ਦਾ ਮਤਲਬ ਜਿਨਾਹ ਇਉਂ ਕੱਢਦਾ ਸੀ ਕਿ ਜੇ ਕੋਈ ਇਕ ਧਿਰ ਸਰਕਾਰ ਵਿਚ ਸ਼ਾਮਿਲ ਨਹੀਂ ਹੁੰਦੀ ਤਾਂ ਦੂਜੀ ਧਿਰ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਵੇਗਾ। (ਜਿਨਾਹ ਦੇ ਕਥਨ ਮੁਤਾਬਕ ਵਾਇਸਰਾਏ ਨੇ ਇਸ ਗੱਲ ਬਾਰੇ ਉਸਨੂੰ ਚਿੱਠੀ ਵੀ ਲਿਖੀ ਸੀ) ਵਾਇਸਰਾਏ ਨੇ ਇਸਦਾ ਅਰਥ ਇਹ ਕੱਢਿਆ ਕਿ ਪਹਿਰਾ ਨੰਬਰ 8 ਦਾ ਭਾਵ ਹੈ ਕਿ ਅਜਿਹੀ ਸੂਰਤ ਵਿਚ ਸਾਂਝੀ ਸਰਕਾਰ ਦੀ ਬਜਾਏ ਇਕ ਐਗਜੈਕਟਿਵ ਕਾਊਂਸਲ ਬਣੇਗੀ, ਜੋ ਕਿ ਵਧ ਤੋਂ ਵਧ ਪ੍ਰਤੀਨਿਧਤਾ ਰੱਖੇ। ਇਸ ਗੱਲ ਤੇ ਜਿਨਾਹ ਬਹੁਤ ਗੁੱਸੇ ਹੋਇਆ ਤਾਂ ਉਹਨੇ ਕਿਹਾ ਕਿ ਜੇ ਤੁਹਾਨੂੰ ਇਹ ਗੱਲ ਮਨਜ਼ੂਰ ਨਹੀਂ ਹੈ ਤਾਂ ਵਿਧਾਨ ਘੜਣੀ ਅਸੈਂਬਲੀ ਦੀਆਂ ਚੋਣਾਂ ਮੁਲਤਵੀ ਕੀਤੀਆਂ ਜਾਣ। ਪਰ ਅੰਗਰੇਜ਼ ਇਸ ਸਿਆਸੀ ਰੌਲੇ ਨੂੰ ਛੇਤੀ ਨਬੇੜ ਕੇ ਭਾਰਤ ਨੂੰ ਆਜ਼ਾਦ ਕਰਨਾ ਚਾਹੁੰਦੇ ਸਨ। ਇਸੇ ਨੀਤੀ ਤਹਿਤ ਵਾਇਸਰਾਏ ਨੇ ਜਿਨਾਹ ਦੀ ਇਹ ਮੰਗ ਨਾਮਨਜੂਰ ਕਰਦਿਆਂ ਆਖਿਆ ਕਿ ਇਹ ਨਵੀਂ ਰਾਜ ਬਣਤਰ ਵਿਚ ਰੋੜਾ ਅਟਕਾਉਣ ਵਾਲੀ ਗੱਲ ਹੈ। ਇਸ `ਤੇ ਮਿਸਟਰ ਜਿਨਾਹ ਬਹੁਤ ਤਲਖ ਹੋਏ ਤੇ ਕੈਬਨਿਟ ਮਿਸ਼ਨ `ਤੇ ਧੋਖੇਬਾਜ਼ੀ ਦਾ ਦੂਸ਼ਣ ਲਾਇਆ। ਉਸਨੇ ਵਾਇਸਰਾਏ ਨੂੰ ਵੀ ਬੇਇਕਰਾਰਾ ਕਿਹਾ। ਇਸ ਸਮੇਂ ਮਿਸਟਰ ਜਿਨਾਹ ਦੀ ਹਾਲਤ ਇਕ ਵਿਚਾਰੇ ਵਾਲੀ ਬਣ ਗਈ ਸੀ। ਉਸਦੀ ਬੇਚਾਰਗੀ ਦੀ ਕਾਂਗਰਸੀ ਅਖਬਾਰਾਂ ਨੇ ਬਹੁਤ ਖਿੱਲੀ ਉਡਾਈ ਅਤੇ ਕਿਹਾ ਕਿ ਜਿਨਾਹ ਆਪਣੇ ਬੁਣੇ ਹੋਏ ਜਾਲ ਵਿਚ ਖੁਦ ਹੀ ਫਸ ਗਿਆ ਹੈ। ਪਰ ਜਿਨਾਹ ਨੇ ਹਾਲਾਤ ਮੂਹਰੇ ਹਥਿਆਰ ਨਹੀਂ ਸੁੱਟੇ ਸਗੋਂ ਆਪਣੀ ਮੁਸਲਮਾਨ ਅਵਾਮ ਨੂੰ ਇਸ ਲਾਚਾਰੀ ਵਾਲੀ ਮਨੋਅਵਸਥਾ ਵਿਚੋਂ ਕੱਢਣ ਲਈ ਸਿਖਰਲੀ ਵਾਹ ਲਾ ਦਿੱਤੀ। ਜੋ ਕਿ ਡਾਇਰੈਕਟ ਐਕਸ਼ਨ ਪਲਾਨ ਦੇ ਰੂਪ ਵਿਚ ਸਾਹਮਣੇ ਆਈ।
6. ਨਹਿਰੂ ਦੇ ਬਿਆਨ ਨੇ ਮੁਸਲਮਾਨ ਹੋਰ ਡਰਾਏ: ਜਿਨਾਹ ਹਾਲੇ 25 ਜੂਨ ਵਾਲੀ ਮੀਟਿੰਗ ਦੇ ਸਦਮੇ ਵਿਚੋਂ ਨਿਕਲਿਆ ਨਹੀਂ ਸੀ ਉਤੋਂ ਦੀ ਪੰਡਤ ਨਹਿਰੂ ਦੇ ਬਿਆਨ ਨੇ ਉਸਨੂੰ ਹੋਰ ਡਰਾ ਦਿੱਤਾ। 7 ਜੁਲਾਈ ਨੂੰ ਮੁੰਬਈ ਵਿਚ ਆਲ ਇੰਡੀਆ ਕਾਂਗਰਸ ਦਾ ਇਜਲਾਸ ਹੋਇਆ, ਜਿਸਦਾ ਤੱਤਸਾਰ ਜਵਾਹਰ ਲਾਲ ਨਹਿਰੂ ਨੇ 10 ਜੁਲਾਈ 1946 ਨੂੰ ਬੰਬਈ ਵਿਚ ਹੀ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਆਖਿਆ ਕਿ ਸੰਵਿਧਾਨ ਘੜਣੀ ਅਸੈਂਬਲੀ ਆਪਣੇ ਬਹੁਮਤ ਦੇ ਜ਼ੋਰ ਨਾਲ ਜਿਹੋ-ਜਿਹਾ ਮਰਜ਼ੀ ਸੰਵਿਧਾਨ ਬਣਾ ਸਕਦੀ ਹੈ ਅਤੇ ਉਹ ਇਸ ਗੱਲ ਦੀ ਵੀ ਵਿਆਖਿਆ ਕਰਨ ਦੇ ਸਮਰੱਥ ਹੈ ਕਿ ਕੇਂਦਰੀ ਮਹਿਕਮੇ ਕਿਹੜੇ ਹਨ ਅਤੇ ਕੇਂਦਰੀ ਮਹਿਕਮੇ ਤੋਂ ਕੀ ਭਾਵ ਹੈ ਤੇ ਸੂਬਾਈ ਮਹਿਕਮੇ ਤੋਂ ਕੀ? ਇਸਦਾ ਸਿੱਧਾ ਮਤਲਬ ਇਹ ਦੱਸਣਾ ਸੀ ਕਿ ਕਾਂਗਰਸ ਕੋਲ ਬਹੁਮਤ ਹੋਣ ਕਰਕੇ ਉਹ ਆਪਣੀ ਮਰਜ਼ੀ ਦਾ ਸੰਵਿਧਾਨ ਬਣਾਵੇਗੀ। ਕਾਂਗਰਸ ਵਲੋਂ ਪਹਿਲਾਂ ਕੀਤੀ ਗਈ ਮੰਗ ਕਿ “ਸੰਵਿਧਾਨ ਘੜਣੀ ਅਸੈਂਬਲੀ ਦੇ ਕੰਮ ਕਰਨ ਤੋਂ ਪਹਿਲਾਂ ਅੰਗਰੇਜ਼ ਫੌਜ ਇਥੋਂ ਨਿਕਲ ਜਾਵੇ।” ਜੇ ਬਹੁਮਤ ਵਾਲੀ ਗੱਲ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਮੁਸਲਮਾਨਾਂ ਲਈ ਇਹ ਗੱਲ ਬਹੁਤ ਖਤਰਨਾਕ ਸੀ। ਜਿਨਾਹ ਨੇ ਇਸਦਾ ਅਰਥ ਇਹ ਕੱਢਿਆ ਕਿ ਕਾਂਗਰਸ ਅੰਗਰੇਜ਼ਾਂ ਨੂੰ ਇਥੋਂ ਪਹਿਲਾਂ ਰੁਖਸਤ ਕਰਕੇ ਹੁੱਲੜਬਾਜ਼ੀ ਦੇ ਜ਼ੋਰ ਨਾਲ ਮੁਲਕ ਦਾ ਸੰਵਿਧਾਨ ਆਪਣੀ ਕੁੱਲ ਮਰਜੀ ਮੁਤਾਬਕ ਬਣਾਵੇਗੀ।
7. ਮੁਸਲਮਾਨ ਲਾਚਾਰੀ ਦੇ ਆਲਮ ਵਿਚ: ਵਾਇਸਰਾਏ ਨੇ ਸੰਵਿਧਾਨ ਘੜਣੀ ਅਸੈਂਬਲੀ ਦੀਆਂ ਚੋਣਾਂ 1946 ਜੁਲਾਈ ਦੇ ਪਹਿਲੇ ਹਫਤੇ ਵਿਚ ਮੁਸਲਿਮ ਲੀਗ ਦੇ ਇਤ ਰਾਜ਼ ਦੇ ਬਾਵਜੂਦ ਕਰਵਾ ਦਿੱਤੀਆਂ। ਇਕ ਪਾਸੇ ਵਾਇਸਰਾਏ ਸੰਵਿਧਾਨ ਬਣਾਉਣ ਦਾ ਅਮਲ ਇਸ ਆੜ ਵਿਚ ਅੱਗੇ ਵਧਾ ਰਿਹਾ ਸੀ ਕਿ ਮੁਸਲਿਮ ਲੀਗ ਨੇ ਸੰਵਿਧਾਨ ਸਭਾ ਵਾਲੀ ਤਜਵੀਜ਼ ਨੂੰ ਮਾਨਤਾ ਦਿੱਤੀ ਹੋਈ ਹੈ। ਦੂਜੇ ਬੰਨੇ ਕਾਂਗਰਸ ਖੁੱਲ੍ਹਮ-ਖੁੱਲ੍ਹਾ ਆਖ ਰਹੀ ਸੀ ਕਿ ਉਹ ਬਹੁਮਤ ਦੇ ਜ਼ੋਰ ਨਾਲ ਸੰਵਿਧਾਨ ਬਣਾਵੇਗੀ ਜੋ ਕਿ ਕੈਬਨਿਟ ਮਿਸ਼ਨ ਦੀਆਂ ਤਜਵੀਜ਼ਾਂ ਦੇ ਦਾਇਰੇ ਤੋਂ ਬਾਹਰ ਹੋਵੇਗਾ। ਮੁਸਲਿਮ ਲੀਗ ਨੂੰ ਜਾਪਣ ਲੱਗਿਆ ਕਿ ਅਜਿਹੀਆਂ ਹਾਲਤਾਂ ਵਿਚ ਹੀ ਦੇਸ਼ ਦਾ ਸੰਵਿਧਾਨ ਤਿਆਰ ਹੋ ਗਿਆ ਤਾਂ ਮੁਸਲਮਾਨਾਂ ਦੀ ਇਸ ਵਿਚ ਸਲਾਮਤੀ ਨਹੀਂ ਰਹਿਣੀ।
ਜਿਨਾਹ ਨੇ ਅੰਦਾਜ਼ਾ ਲਾਇਆ ਕਿ ਕਾਂਗਰਸ ਦੇ ਵੱਡੇ ਸੱਤਿਆ ਗ੍ਰਹਿ ਦੇ ਡਰਾਵੇ ਕਰਕੇ ਹੀ ਅੰਗਰੇਜ਼ ਮੁਸਲਮਾਨਾਂ ਦੀਆਂ ਹੱਕੀ ਮੰਗਾਂ ਤੋਂ ਇਨਕਾਰੀ ਹੈ ਅਤੇ ਉਹ ਕਿਸੇ ਸੂਰਤ ਵਿਚ ਵੀ ਪਾਕਿਸਤਾਨ ਦੀ ਕਾਇਮੀ ਜਾਂ ਮੁਸਲਮਾਨਾਂ ਦੀ ਆਜ਼ਾਦੀ ਨੂੰ ਰੋਕਣ ਦਾ ਮਤਾ ਪੁਗਾਈ ਬੈਠੇ ਹਨ। ਉਹਨੇ ਉਸ ਵੇਲੇ ਦੇ ਵਾਇਸਰਾਏ ਮਿਸਟਰ ਵੇਵਲ `ਤੇ ਸ਼ਰੇਆਮ ਦੋਸ਼ ਲਾਇਆ ਕਿ ਉਹ ਅਖੰਡ ਭਾਰਤ ਦਾ ਪਰਚਾਰਕ ਹੋਣ ਕਰਕੇ ਪਾਕਿਸਤਾਨ ਵਿਰੁੱਧ ਕਾਂਗਰਸ ਨਾਲ ਗਠਜੋੜ ਕਰੀ ਬੈਠਾ ਹੈ। ਇਸ ਨਾਲ ਮੁਸਲਮਾਨਾਂ ਵਿਚ ਲਾਚਾਰੀ ਵਾਲੀ ਹਾਲਤ ਪੈਦਾ ਹੋਈ।
8. ਮੁਸਲਿਮ ਲੀਗ ਕਾਊਂਸਲ ਦਾ ਇਜਲਾਸ: ਮੁਸਲਮਾਨਾਂ ਵਿਚ ਲਾਚਾਰੀ ਅਤੇ ਨਿਰਾਸ਼ਤਾ ਵਾਲੇ ਮਾਹੌਲ ਨੂੰ ਤੋੜਨ ਖਾਤਰ ਜਿਨਾਹ ਨੇ ਮੁਸਲਿਮ ਲੀਗ ਕਾਊਂਸਲ (ਜਿਸ ਨੂੰ ਮੁਸਲਮਾਨ ਕੌਮ ਦੀ ਪਾਰਲੀਮੈਂਟ ਕਿਹਾ ਜਾਂਦਾ ਸੀ) ਦਾ ਜਨਰਲ ਇਜਲਾਸ 27 ਜੁਲਾਈ 1946 ਨੂੰ ਬੰਬਈ ਵਿਚਲੇ ਆਪਣੇ ਮਾਲਾਬਾਰ-ਹਿੱਲ ਬੰਗਲੇ ਵਿਚ ਸੱਦਿਆ। ਇਜਲਾਸ ਵਿਚ ਜਿਨਾਹ ਨੇ ਢਾਈ ਘੰਟੇ ਤਕਰੀਰ ਕੀਤੀ ਅਤੇ ਕਿਹਾ ਕਿ “ਕਾਂਗਰਸ ਹੁੱਲੜਬਾਜ਼ੀ ਨਾਲ ਸੰਵਿਧਾਨ ਘੜਨੀ ਅਸੈਂਬਲੀ `ਤੇ ਛਾ ਜਾਵੇਗੀ ਤੇ ਕੈਬਨਿਟ ਮਿਸ਼ਨ ਦੀ ਸਕੀਮ ਦੇ ਬੁਨਿਆਦੀ ਅਸੂਲਾਂ ਦਾ ਮਲੀਆਮੇਟ ਕਰ ਦੇਵੇਗੀ। ਉਸ ਨੇ ਅੰਗਰੇਜ਼ਾਂ `ਤੇ ਦੂਸ਼ਣ ਲਾਏ ਕਿ ਉਹ ਕਾਂਗਰਸ ਦੀ ਇਨਕਲਾਬੀ ਤੇ ਖੂਨੀ ਬਗਾਵਤ ਤੋਂ ਡਰਦੇ ਹੋਏ ਮੁਸਲਮਾਨਾਂ ਨਾਲ ਕੀਤੇ ਵਾਅਦੇ ਭੁੱਲ ਗਏ ਹਨ। ਉਸਨੇ ਮੁਸਲਮਾਨਾਂ ਨੂੰ ਵੰਗਾਰਿਆ ਤੇ ਕਿਹਾ ਕਿ ਸਾਨੂੰ ਆਪਣੇ ਪੈਰਾਂ `ਤੇ ਆਪ ਖੜ੍ਹਾ ਹੋਣਾ ਚਾਹੀਦਾ ਹੈ ਉਸਨੇ ਜ਼ੋਰਦਾਰ ਸ਼ਬਦਾਂ ਵਿਚ ਕਿਹਾ, ਹੁਣ ਕਿਸੇ ਵੱਲ ਉਮੀਦ ਜਾਂ ਸਹਾਇਤਾ ਦੀ ਆਸ ਰੱਖਣ ਦੀ ਕੋਈ ਲੋੜ ਨਹੀਂ। ਹੁਣ ਕੋਈ ਅਦਾਲਤ ਨਹੀਂ ਰਹੀ, ਜਿਸ ਵਿਚ ਅਸੀਂ ਇਨਸਾਫ ਲਈ ਜਾ ਸਕੀਏ। ਹੁਣ ਸਾਡੀ ਅਦਾਲਤ ਕੇਵਲ ਮੁਸਲਿਮ ਕੌਮ ਹੈ।” ਮੁਸਲਿਮ ਲੀਗ ਨੇ 16 ਮਈ ਵਾਲੀਆਂ ਤਜਵੀਜ਼ਾਂ ਦੀ ਪ੍ਰਵਾਨਗੀ ਵਾਪਸ ਲੈ ਲਈ ਤੇ ਅਪੀਲ ਕੀਤੀ ਕਿ ਉਹ `ਅੰਗਰੇਜ਼ ਦੇ ਵਤੀਰੇ ਦੀ ਸਖਤ ਨਿਖੇਧੀ ਕਰਦੇ ਹੋਏ ਬਦੇਸ਼ੀ ਸਰਕਾਰ ਦੇ ਦਿੱਤੇ ਖਿਤਾਬ ਵਾਪਸ ਕਰ ਦੇਣ।` ਕਈ ਮੈਂਬਰਾਂ ਨੇ ਉਸੇ ਵੇਲੇ ਆਪਣੇ ਖਿਤਾਬ ਛੱਡਣ ਦਾ ਐਲਾਨ ਕਰ ਦਿੱਤਾ। ਇਜਲਾਸ ਵਿਚ ਮਾਹੌਲ ਬਹੁਤ ਜੋਸ਼ੀਲਾ ਤੇ ਭੜਕਾਊ ਹੋ ਗਿਆ ਸੀ।
9. ਮੁਸਲਿਮ ਲੀਗ ਵਲੋਂ ਡਾਇਰੈਕਟ ਐਕਸ਼ਨ ਦਾ ਐਲਾਨ: ਇਸ ਗਰਮ ਮਾਹੌਲ ਵਿਚ ਕਾਊਂਸਲ ਨੇ ਇਹ ਮਤਾ ਪਾਸ ਕੀਤਾ, “ਜਦੋਂ ਕਿ ਲੀਗ, ਕਾਂਗਰਸ ਦੀ ਇੰਤਹਾਪਸੰਦੀ ਤੇ ਬਰਤਾਨਵੀ ਸਰਕਾਰ ਦੀ ਮੁਸਲਮਾਨਾਂ ਨਾਲ ਗੱਦਾਰੀ ਕਰਨ ਤੇ ਅੱਜ ਕੈਬਨਿਟ ਮਿਸ਼ਨ ਦੀਆਂ 16 ਮਈ ਦੀਆਂ ਤਜਵੀਜ਼ਾਂ ਨੂੰ ਰੱਦ ਕਰਦੀ ਹੈ ਅਤੇ ਜਦੋਂ ਕਿ ਹਿੰਦੁਸਤਾਨ ਦੇ ਮੁਸਲਮਾਨਾਂ ਨੇ ਹਰੇਕ ਤਰੀਕੇ ਤੇ ਸ਼ਾਂਤਮਈ ਸਮਝੌਤੇ ਨਾਲ ਹਿੰਦ ਦੇ ਮਸਲੇ ਨੂੰ ਹੱਲ ਕਰਨ ਦੇ ਸਭ ਯਤਨ ਕਰ ਵੇਖੇ ਹਨ; ਜਦੋਂ ਕਿ ਕਾਂਗਰਸ ਅੰਗਰੇਜ਼ੀ ਸਰਕਾਰ ਦੀ ਸ਼ਹਿ `ਤੇ ਹਿੰਦ ਵਿਚ ਹਿੰਦੂ ਰਾਜ ਸਥਾਪਤ ਕਰਨ ਲਈ ਤੁਲੀ ਹੋਈ ਹੈ; ਜਦੋਂ ਕਿ ਸੱਜਰੀਆਂ ਘਟਨਾਵਾਂ ਦੱਸਦੀਆਂ ਹਨ ਕਿ ਹਿੰਦ ਦੇ ਰਾਜਸੀ ਮਸਲਿਆਂ ਵਿਚ ਹੁੱਲੜਬਾਜ਼ੀ ਦਾ ਜ਼ੋਰ ਹੈ ਨਾ ਕਿ ਇਨਸਾਫ ਤੇ ਈਮਾਨਦਾਰੀ ਦਾ, ਜਦੋਂ ਕਿ ਹਿੰਦੁਸਤਾਨ ਦੇ ਮੁਸਲਮਾਨ ਕਦੀ ਵੀ ਆਜ਼ਾਦ ਪਾਕਿਸਤਾਨ ਤੋਂ ਘੱਟ ਕਿਸੇ ਗੱਲ ਨਾਲ ਕਦੀ ਵੀ ਸੰਤੁਸ਼ਟ ਨਹੀਂ ਹੋਣਗੇ ਅਤੇ ਪੂਰੀ ਤਾਕਤ ਨਾਲ ਕਿਸੇ ਵਿਧਾਨ ਦੇ ਲਾਗੂ ਕਰਨ ਦੇ ਯਤਨਾਂ ਦਾ ਟਾਕਰਾ ਕਰਨਗੇ ਭਾਵੇਂ ਉਹ ਵਿਧਾਨ ਥੋੜ੍ਹੇ ਚਿਰ ਲਈ ਹੋਵੇ ਭਾਵੇਂ ਬਹੁਤੇ ਚਿਰ ਲਈ। ਜੇਕਰ ਉਹ ਰਾਜ-ਬਣਤਰ ਮੁਸਲਿਮ ਲੀਗ ਦੇ ਆਸ਼ੇ ਦੇ ਉਲਟ ਬਣਾਈ ਗਈ, ਮੁਸਲਿਮ ਲੀਗ ਦੀ ਕੌਂਸਲ ਦਾ ਨਿਸਚਾ ਹੈ ਕਿ ਮੁਸਲਮਾਨ ਕੌਮ ਲਈ ਆਪਣੇ ਅਣਖ ਤੇ ਇੱਜ਼ਤ ਦਾ ਸਬੂਤ ਦੇਣ ਲਈ ਅਤੇ ਅੰਗਰੇਜ਼ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਡਾਇਰੈਕਟ ਐਕਸ਼ਨ ਕਰਨ ਦਾ ਸਮਾਂ ਆ ਗਿਆ ਹੈ।” ਮੁਸਲਿਮ ਲੀਗ ਵਲੋਂ ਅੰਗਰੇਜ਼ਾਂ ਦੇ ਖਿਲਾਫ ਅਜਿਹੀ ਬਿਆਨਬਾਜ਼ੀ ਦੇ ਮੱਦੇਨਜ਼ਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਵਲੋਂ ਪਾਕਿਸਤਾਨ ਦੀ ਮੰਗ ਅੰਗਰੇਜ਼ਾਂ ਦੇ ਇਸ਼ਾਰੇ `ਤੇ ਸੀ।
ਬਾਕੀ ਕਿਸ਼ਤ ਨੰਬਰ ਚੌਥੀ 'ਚ....
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
88726-64000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.