ਗੁਰਮੀਤ ਪਲਾਹੀ
ਸੋਚਣ, ਸਮਝਣ ਅਤੇ ਕਰਨ ਜਿਹੇ ਕਾਰਕਾਂ ਦਾ ਸੁਮੇਲ ਗਾਇਕ ਬਰਜਿੰਦਰ ਸਿੰਘ ਹਮਦਰਦ, ਭੰਵਰ ਅੰਦਰ ਵੀ ਤਾਰੀਆਂ ਲਾਉਣ ਵਾਲੀ ਸਖਸ਼ੀਅਤ ਹੈ। ਉਹ ਸਮੁੰਦਰੀ ਡੁਬਕੀਆਂ ਲਾਉਂਦਾ ਹੈ, ਧਰਤੀ 'ਤੇ ਵਿਚਰਦਾ ਹੈ, ਗਗਨ 'ਚ ਉਚੀਆਂ ਉਡਾਰੀਆਂ ਮਾਰਦਾ ਹੈ। ਸਮੁੰਦਰੋਂ ਮੋਤੀ ਲੱਭਦਾ ਹੈ, ਗਗਨੋਂ ਰੰਗ-ਬਿਰੰਗੇ ਰੰਗ ਅਤੇ ਧਰਤੀ ਤੋਂ ਬੰਨ-ਸੁਵੰਨੇ ਫੁੱਲ! ਇਸ ਵੇਰ ਉਸ ਅਸਮਾਨੋਂ ਵੀ ਕੁਝ ਲੱਭਿਆ, ਪਤਾਲੋਂ ਵੀ ਅਤੇ ਧਰਤੀ ਤੋਂ ਵੀ। ਉਸ ਸੰਗੀਤ ਦੀ ਦੁਨੀਆਂ 'ਚ ਨਵੀਂ ਪੁਲਾਂਘ ਪੁੱਟੀ ਹੈ, ਆਪਣੀ ਦਸਵੀਂ ਸੰਗੀਤ ਐਲਬਮ, "ਸਰਘੀ" ਪੰਜਾਬੀ ਦੇ ਸਿਰਮੌਰ ਗ਼ਜ਼ਲਗੋ "ਜਗਤਾਰ" ਦੀਆਂ ਗ਼ਜ਼ਲਾਂ ਦਾ ਗੁਲਦਸਤਾ ਪੇਸ਼ ਕਰਕੇ।ਹਮਦਰਦ ਦੀ ਇਹ ਐਲਬਮ ਪੰਜਾਬੀ ਕਵੀ ਜਗਤਾਰ ਜਿਹੜਾ ਪੰਜਾਬ ਦੀ ਸਮਕਾਲੀ ਸਮਾਜਿਕ, ਆਰਥਿਕ, ਰਾਜਨੀਤਕ, ਸਭਿਆਚਾਰਕ ਸਥਿਤੀ ਨੂੰ ਸ਼ਿਦਤ ਨਾਲ ਅਨੁਭਵ ਕਰਕੇ ਕਵਿਤਾ, ਗ਼ਜ਼ਲ ਲਿਖਣ ਵਾਲਾ ਹਰਮਨ ਪਿਆਰਾ ਸ਼ਾਇਰ ਸੀ, ਲਈ ਸ਼ਰਧਾ ਦੇ ਫੁੱਲ ਹਨ।
ਕੌਣ ਸੀ ਜੋ "ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇਂ, ਮੁਸਕਰਾਵਾਂਗਾ" ਅਤੇ "ਖ਼ੂਨ ਲੋਕਾਂ ਦਾ ਹੈ, ਇਹ ਪਾਣੀ ਨਹੀਂ, ਇਸਦੀ ਸੁਰਖ਼ੀ ਕਦੇ ਜਾਣੀ ਨਹੀਂ" ਵਰਗੀਆਂ ਗ਼ਜ਼ਲਾਂ ਸਹਿਜ ਨਾਲ ਲਿਖ ਸਕਦਾ ਸੀ? ਇਹ ਜਗਤਾਰ ਸੀ। ਅਤੇ ਕੌਣ ਹੈ ਜੋ ਇਹੋ ਜਿਹੀਆਂ ਸੂਖਮ ਗ਼ਜ਼ਲਾਂ ਨੂੰ ਧੁਰ ਅੰਦਰੋਂ ਹੰਢਾ ਸਕਦਾ ਹੈ, ਗਾ ਸਕਦਾ ਹੈ। ਇਹ ਗਾਇਕ ਬਰਜਿੰਦਰ ਸਿੰਘ ਹਮਦਰਦ ਹੈ। ਉਹ ਹਮਦਰਦ ਜਿਹੜਾ ਅੱਜ ਦੇ ਸਮੇਂ ਦੇ ਗਤੀ ਹੀਣ, ਭਾਵ ਹੀਣ, ਗਿਆਨ ਹੀਣ, ਬਲ ਹੀਣ, ਇਥੋਂ ਤੱਕ "ਸਾਨੂੰ ਕੀ" ਜੋ ਮਰਜ਼ੀ ਹੋ ਜਾਏ ਦੀ ਸਥਿਤੀ ਵਿੱਚ ਗੁਜ਼ਰ ਰਹੇ ਲੋਕਾਂ ਨੂੰ, ਖੁਸ਼ੀਆਂ, ਬਰਸਾਤਾਂ, ਧੁੱਪ-ਛਾਂ ਅਤੇ ਕਲਪਨਾ ਦੇ ਸਮੁੰਦਰਾਂ 'ਚ ਚੁੱਭੀਆਂ ਲੁਆਕੇ ਆਪਣੀ ਆਵਾਜ਼ ਨਾਲ ਇਹ ਅਹਿਸਾਸ ਕਰਾਉਣ ਦਾ ਯਤਨ ਕਰਦਾ ਹੈ ਕਿ ਸੰਗੀਤ ਮਰਿਆਂ ਨੂੰ ਜ਼ਿੰਦਗੀ ਦੇ ਸਕਦਾ ਹੈ, ਉਦਾਸੀ ਨੂੰ ਖੁਸ਼ੀ 'ਚ ਬਦਲ ਸਕਦਾ ਹੈ।
ਹਮਦਰਦ ਦੀ "ਸਰਘੀ" ਸੁਰਖ਼ ਸਵੇਰਾ ਹੈ। ਪਹੁ-ਫੁਟੇਲੇ ਸਮੇਂ ਦੀ ਰੌਸ਼ਨੀ ਜਿਹਾ। ਸਰਘੀ ਦੇ ਰੰਗ ਵੀ ਨਿਵੇਕਲੇ ਹਨ। ਕਵੀ ਜਗਤਾਰ ਦੇ ਸਰਘੀ ਦੇ ਰੰਗਾਂ ਨੂੰ ਗਾਇਕ, ਸਾਹਿਤਕਾਰ ਹਮਦਰਦ ਨੇ ਬਾਖੂਬੀ ਪਹਿਚਾਣਿਆ ਹੈ ਅਤੇ ਬਿਲਕੁਲ ਉਸ ਤਰ੍ਹਾਂ ਜੀਵਿਆ ਹੈ, ਜਿਵੇਂ ਸ਼ਾਇਦ ਸ਼ਾਇਰ ਜਗਤਾਰ ਨੇ ਜੀਵਿਆ, ਹੰਢਾਇਆ ਹੋਏਗਾ। ਜਿਵੇਂ ਕਹਿੰਦੇ ਨੇ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ, ਅਤੇ ਕੋਈ ਸੋਹਣਾ, ਸੁਨੱਖਾ ਦਿਲ ਹੀ ਸੋਹਣੇ ਸੁਨੱਖੇ ਦਿਲ ਦੀ ਥਾਹ ਪਾ ਸਕਦਾ ਹੈ, ਬਾਤ ਪਾ ਸਕਦਾ ਹੈ।ਗਾਇਕ ਹਮਦਰਦ ਨੇ ਜਗਤਾਰ ਕਵੀ ਦੀਆਂ ਗ਼ਜ਼ਲਾਂ ਦੀ ਥਾਹ ਵੀ ਪਾਈ ਹੈ, ਬਾਤ ਵੀ ਪਾਈ ਹੈ ਅਤੇ ਲੋਕਾਂ ਨਾਲ ਕਵੀ ਦੇ ਦਿਲ ਦੀ ਸਾਂਝ ਵੀ ਪੁਆਈ ਹੈ ਇਹ ਗ਼ਜ਼ਲਾਂ ਲੋਕਾਂ ਸਾਹਵੇਂ ਪੇਸ਼ ਕਰਕੇ।
ਮਨੁੱਖ ਦਾ ਵਿਸ਼ੇਸ਼ ਗੁਣ ਹੈ ਗਾਉਣਾ ਤੇ ਗੁਣਗੁਨਾਉਣਾ, ਉਗਣਾ ਤੇ ਟਿਮਟਿਮਾਉਣਾ, ਵਿਗਸਣਾ ਤੇ ਸਿਰਜਣਾ। ਇਹ ਸਾਰੇ ਗੁਣ ਹਰ ਕਿਸੇ ਦੇ ਹਿੱਸੇ ਕਿਥੋਂ ਆਉਂਦੇ ਹਨ? ਜੁੰਗਨੂੰ ਜਾਂ ਤਾਰਾ ਭਲਾ ਹਰ ਕੋਈ ਬਣ ਸਕਦਾ ਹੈ? ਆਪਣੀ ਝੋਲੀ ਜੇ ਭਰੀ ਵੀ ਹੋਵੇ ਤਾਂ ਹਰ ਕੋਈ ਭਲਾ ਦੁਨੀਆਂ ਨੂੰ ਸੱਭੋ ਕੁਝ ਲੁਟਾ ਸਕਦਾ ਹੈ? ਇਹ ਗੁਣ ਗਾਇਕ ਹਮਦਰਦ ਦੇ ਹਿੱਸੇ ਆਇਆ ਹੈ, ਇਹ ਗੁਣ ਪੱਤਰਕਾਰ-ਲੇਖਕ ਬਰਜਿੰਦਰ ਸਿੰਘ ਹਮਦਰਦ ਦੇ ਹਿੱਸੇ ਆਇਆ ਹੈ, ਇਹ ਗੁਣ ਪ੍ਰਬੰਧਕ, ਨੀਤੀਵੇਤਾ, ਦੂਰਦਰਸ਼ੀ ਸਖਸ਼ੀਅਤ ਡਾ: ਬਰਜਿੰਦਰ ਸਿੰਘ ਦੇ ਹਿੱਸੇ ਆਇਆ ਹੈ, ਜਿਸਨੇ ਇਕੋ ਵੇਲੇ ਪਿਛਲੇ 15 ਵਰ੍ਹਿਆਂ 'ਚ 10 ਸਫ਼ਲ ਸੰਗੀਤ ਐਲਬਮਾਂ, "ਸ਼ਰਧਾਂਜਲੀ, ਜਜ਼ਬਾਤ, ਸਿਜਦਾ, ਆਹਟ, ਖੁਸ਼ਬੂ, ਮੇਰੀ ਪਸੰਦ, ਕਸੁੰਭੜਾ, ਆਸਥਾ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਈਆਂ, ਸਫਲਤਾ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਨ ਵਾਲੀ ਅਖ਼ਬਾਰ ਚਲਾਈ, ਪੰਜਾਬ ਦੇ ਲੋਕਾਂ ਦੇ ਦਰਦ ਪੱਲੇ ਬੰਨ੍ਹ, ਪੰਜਾਬ ਹਿਤੈਸ਼ੀ ਹੋਣ ਦਾ ਮਾਣ ਖੱਟਿਆ ਅਤੇ ਇਸ ਤੋਂ ਵੀ ਵੱਡੀ ਗੱਲ ਉਹਨਾ ਦੇ ਆਪਣੇ ਸ਼ਬਦਾਂ 'ਚ "ਰੁਝੇਵੇਂ ਵਿੱਚ ਵੀ ਪੜ੍ਹਨ ਦਾ ਸ਼ੌਕ, ਗਿਆਨ ਦੀ ਇੱਛਾ, ਮੇਰੀ ਜ਼ਿੰਦਗੀ ਦੀ ਧੜਕਣ ਹੈ"ਨੂੰ ਸਾਕਾਰ ਕਰਦਿਆਂ ਪੜ੍ਹਨਾ, ਲਿਖਣਾ, ਗੁੜ੍ਹਨਾ ਨਹੀਂ ਛੱਡਿਆ। ਇਹੀ ਸਫਲ ਮਨੁੱਖ ਦੀ ਵੱਡੀ ਪ੍ਰਾਪਤੀ ਹੈ।
ਗਾਇਕ ਹਮਦਰਦ ਨੇ ਸੰਗੀਤਕਾਰ ਜੁਆਲਾ ਪ੍ਰਸ਼ਾਦ ਦੀ ਸੰਗੀਤਕ ਨਿਰਦੇਸ਼ਨਾ 'ਚ ਜਗਤਾਰ ਦੀਆਂ ਗ਼ਜ਼ਲਾਂ "ਜਦੋਂ ਮੂੰਹ ਜ਼ੋਰ ਤੇ ਅੰਨੀ ਹਵਾ ਸੀ, ਮੈਂ ਚੌਰਾਹੇ ਖੜਾ ਸੀ", "ਇਹ ਦਿਲ ਜਗਦਾ, ਕਦੀ ਬੁੱਝਦਾ ਹੈ ਮੇਰਾ", "ਅਜੇ ਨਾ ਜਾਹ ਠਹਿਰ ਜਾਹ ਹੋਰ ਕੁਝ ਚਿਰ, ਚਿੜੀ ਚੂਕੀ ਨਾ ਹੋਇਆ ਹੈ ਸਵੇਰਾ", "ਤਨਹਾਈ ਨੇ ਆਖ਼ਿਰ ਮੇਰਾ ਹੱਥ ਫੜਿਆ, " ਰਾਹਾਂ ਨੂੰ ਖਾ ਲਿਆ ਹੈ ਉਹਨਾ ਮੁਸਾਫਿਰਾਂ, ਮੰਜ਼ਿਲਾਂ ਤੇ ਜੋ ਨਾ ਪਹੁੰਚੇ", "ਤੇਰਿਆਂ ਨੈਣਾ 'ਚ ਸਰਘੀ, ਮੇਰੀਆਂ ਅੱਖਾਂ 'ਚ ਸ਼ਾਮ" "ਹੁਣ ਤਾਂ ਆਪਣਾ ਸ਼ਹਿਰ ਵੀ ਲੱਗਦਾ ਹੈ ਕਿੰਨਾ ਉਦਾਸ" "ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇਂ, ਮੁਸਕਰਾਵਾਂਗਾ" "ਖੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ, ਇਸਦੀ ਖੁਸ਼ਬੂ ਕਦੇ ਜਾਣੀ ਨਹੀਂ" "ਕੋਈ ਮਜ਼ਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ" ਵਰਗੀਆਂ ਗ਼ਜ਼ਲਾਂ ਦੀ ਆਪਣੀ ਸੰਗੀਤ ਐਲਬਮ ""ਸਰਘੀ" ਲਈ ਚੋਣ ਕਰਕੇ ਅਤੇ ਸੁਰੀਲੀ, ਲੈ-ਮਈ, ਦਿਲ ਟੁੰਬਵੀਂ ਆਵਾਜ਼ 'ਚ ਗਾਕੇ ਗ਼ਜ਼ਲ ਗਾਉਣ ਵਾਲੇ ਜਗਤ ਪ੍ਰਸਿੱਧ ਗਾਇਕਾਂ 'ਚ ਆਪਣੀ ਨਿਵੇਕਲੀ ਥਾਂ ਬਣਾਈ ਹੈ। ਸੁਰਾਂ ਤੇ ਤਾਲ 'ਚ ਇੱਕ ਮਿੱਕ ਹੋਣ ਦਾ ਉਹਨਾ ਦਾ ਇਹ ਉੱਦਮ ਕਵੀ ਜਗਤਾਰ ਦੀ ਗ਼ਜ਼ਲ ਦੇ ਉਹਨਾ ਬੋਲਾਂ ਦੇ ਹਾਣ ਦਾ ਯਤਨ ਹੈ, ਜਿਸ 'ਚ ਉਹ ਕਹਿੰਦਾ ਹੈ, "ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇਂ, ਮੁਸਕਰਾਵਾਂਗਾ"।
ਸ਼ਾਲਾ! ਹਮਦਰਦ ਦੀ ਗਾਇਕੀ ਦੇ ਨਵੇਂ-ਨਵੇਂ ਰੰਗ ਸੰਗੀਤ ਪ੍ਰੇਮੀਆਂ ਦੀਆਂ ਝੋਲੀਆਂ ਭਰਦੇ ਰਹਿਣ! ਗਾਇਕ ਡਾ: ਬਰਜਿੰਦਰ ਸਿੰਘ ਹਮਦਰਦ ਦੀ ਆਵਾਜ਼ ਹੋਰ ਬੁਲੰਦੀਆਂ ਛੋਹੇ!!
ਗੁਰਮੀਤ ਪਲਾਹੀ
ਮੋਬ. ਨੰ:-9815802070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.