ਸਿੱਧੂ ਦੀ ਜੱਫੀ ਦੀ ਸਿਆਸਤ ਕੋਈ ਨਹੀਂ ਹੋਣੀ ਚਾਹੀਦੀ ਸੀ, ਪਰ ਜਿਨ੍ਹਾਂ ਨੇ ਸਿਆਸਤ ਬਣਾ ਦਿੱਤੀ ਹੈ, ਉਨ੍ਹਾਂ ਦੇ ਸਾਹਮਣੇ ਇਸ ਨਾਲ ਜੁੜ ਜਾਣ ਵਾਲੀਆਂ ਅਜਿਹੀਆਂ ਸਿਆਸੀ ਪਰਤਾਂ ਵੀ ਧਿਆਨ ਵਿਚ ਰੱਖ ਲੈਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੂੰ ਲੈਕੇ ਸਿੱਖਾਂ ਵਰਗੀਆਂ ਭਾਰਤੀ ਘੱਟ ਗਿਣਤੀਆਂ ਭਾਰਤ ਵਿਚ ਲਗਾਤਾਰ ਸਿਆਸਤ ਦਾ ਸਿ਼ਕਾਰ ਹੁੰਦੀਆਂ ਰਹੀਆਂ ਹਨ। ਜੱਫੀ ਦੀ ਸਿਆਸਤ ਨੂੰ ਪੰਜਾਬੀ ਅਤੇ ਸਿੱਖ ਦੀ ਦ੍ਰਿਸ਼ਟੀ ਤੋਂ ਵੇਖ ਸਕਣ ਦੀ ਅਸਮਰੱਥਾ ਵਾਲਿਆਂ ਨੂੰ ਪਤਾ ਲੱਗ ਗਿਆ ਹੈ ਕਿ ਇਸ ਨਾਲ ਸਿੱਧੂ ਦਾ ਕੋਈ ਨੁਕਸਾਨ ਹੋਣ ਵਾਲਾ ਨਹੀਂ ਹੈ। ਇਸ ਕਰਕੇ ਇਸ ਮਸਲੇ ਨੂੰ ਪਹਿਲਾਂ ਕਾਂਗਰਸ ਦੇ ਗੱਲ ਪਾਉਣ ਦੀ ਕੋਸਿਸ਼ ਕੀਤੀ ਜਾ ਰਹੀ ਸੀ ਅਤੇ ਹੁਣ ਜਾਂਦੇ ਚੋਰ ਦੀ ਲੰਗੋਟੀ ਵਾਂਗ ਰਾਹੁਲ ਗਾਂਧੀ ਦੇ ਗਲ ਪਾਉਣ ਦੀ ਕੋਸਿ਼ਸ ਕੀਤੀ ਜਾ ਰਹੀ ਹੈ। ਕਿਸ ਨੂੰ ਕੌਣ ਦੱਸੇ ਕਿ ਜੋ ਕੁੱਝ ਉਥੇ ਹੋਇਆ, ਉਹ ਸਿਆਸਤ ਕਰਕੇ ਨਹੀਂ, ਸੁਤੰਤਰ ਦੇਸ਼ ਦੇ ਪ੍ਰੋਟੋਕੋਲ ਕਰਕੇ ਹੋਇਆ ਹੈ। ਜਨਰਲ ਬਾਜਵਾ ਨੂੰ ਕਿਸਨੇ ਮਿਲਣਾ ਹੈ, ਕਿਸਨੂੰ ਨਹੀਂ ਮਿਲਣਾ, ਇਸ ਦਾ ਫੈਸਲਾ ਸਿੱਧੂ ਨੇ ਨਹੀਂ ਉਥੋਂ ਦੀ ਸਰਕਾਰ ਨੇ ਕਰਨਾ ਸੀ। ਸਿੱਧੂ ਉਥੇ ਬੈਠ ਗਏ ਸਨ, ਜਿਥੇ ਉਸ ਨੇ ਬੈਠਣਾ ਠੀਕ ਸਮਝਿਆ ਸੀ ਪਰ ਮਹਿਮਾਨ ਦੇਸ ਦੇ ਪ੍ਰਬੰਧਕਾਂ ਨੇ ਜਿਥੇ ਉਸ ਨੂੰ ਬਠਾਇਆ, ਉਥੇ ਉਸ ਨੂੰ ਬੈਠਣਾ ਪੈਣਾ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸਰੀਫ਼ ਨੂੰ ਉਥੇ ਹੀ ਬੈਠਣਾ ਪਿਆ ਸੀ, ਜਿਥੇ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਪ੍ਰਬੰਧਕਾਂ ਨੇ ਬਠਾਇਆ ਸੀ। ਇਹੋ ਜਿਹੇ ਹਵਾਲਿਆਂ ਨੂੰ ਲੈਕੇ ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਸਿੱਧੂ ਪ੍ਰਧਾਨ ਮੰਤਰੀ ਨਹੀਂ ਹੈ, ਉਨ੍ਹਾਂ ਨੂੰ ਕੌਣ ਦੱਸੇ ਕਿ ਏਸੇ ਸੁਚ ਵਿਚ ਉਹ ਕਾਂਗਰਸ ਵੀ ਨਹੀਂ ਹੈ। ਉਹ ਉਥੇ ਮਨਿਸਟਰ ਵਜੋਂ ਭਾਵ ਸਰਕਾਰੀ ਤੌਰ ਤੇ ਨਹੀਂ ਗਿਆ ਸੀ ਕਿੳਂੁਕਿ ਇਸ ਵਾਸਤੇ ਉਸਨੇ ਭਾਰਤ ਸਰਕਾਰ ਤੋਂ ਅਤੇ ਨਾ ਹੀ ਪੰਜਾਬ ਸਰਕਾਰ ਤੋਂ ਆਗਿਆ ਲਈ ਸੀ, ਕਿਉਂਕਿ ਆਗਿਆ ਲੈਣ ਦੀ ਲੋੜ ਨਹੀਂ ਪਈ ਸੀ। ਸਿੱਧੂ ਬਾਕੀ ਕਰਿਕਟਰਾਂ ਵਾਂਗ ਜਵਾਬ ਵੀ ਨਹੀਂ ਦੇ ਸਕਦਾ ਸੀ ਕਿਉਂਕਿ ਪੰਜਾਬੀਆਂ ਨੂੰ ਏਧਰਲੇ ਪੰਜਾਬ ਵਾਂਗ ਉਧਰਲਾ ਪੰਜਾਬ ਵੀ ਆਪਣਾ ਹੀ ਲੱਗਦਾ ਹੈ, ਬਿਲਕੁੱਲ ਉਵੇਂ ਹੀ ਜਿਵੇਂ ਦੋ ਭਰਾਵਾਂ ਵਿਚਕਾਰ ਕੰਧ ਕੱਢਕੇ ਬਣਾਏ ਇਕ ਦੇ ਦੋ ਘਰ ਆਪਣੇ ਹੀ ਲੱਗਦੇ ਰਹਿੰਦੇ ਹਨ। ਪਾਕਿਸਤਾਨ ਨੇ ਵੀ ਇਸ ਵਿਚ ਕਦੇ ਰੁਕਾਵਟ ਨਹੀਂ ਪਾਈ ਅਤੇ ਸਿੱਖਾਂ ਨੂੰ ਉਨ੍ਹਾਂ ਗੁਰਦੁਆਰਿਆਂ ਤੱਕ ਪਹੁੰਚਣ ਦੇ ਮੌਕੇ ਦੇਈ ਰਖੇ ਹਨ, ਜਿਨਾਂ ਨੂੰ 1947 ਦੀ ਵੰਡ ਨੇ ਸਿੱਖਾਂ ਤੋਂ ਵਿਛੋੜਿਆ ਹੋਇਆ ਹੈ। ਸਿੱਧੂ ਦੇ ਢਿੱਡੋਂ ਨਿਕਲੀ ਕਰਤਾਰਪੁਰ ਦੇ ਲਾਂਘੇ ਵਾਲੀ ਗੱਲ ਨੂੰ ਜਿਸ ਤਰਾਂ੍ਹ ਜਰਨੈਲ ਬਾਜਵਾ ਨੇ ਹੁੰਗਾਰਾ ਭਰਿਆ ਹੈ, ਉਸ ਨਾਲ ਹਰ ਸਿੱਖ ਉਸ ਨੂੰ ਜੱਫੀ ਪਾਉਣ ਵਿਚ ਫਖ਼ਰ ਮਹਿਸੂਸ ਕਰੇਗਾ । 1947 ਦੀ ਵੰਡ ਦਾ ਜੋ ਸੇਕ ਪੰਜਾਬੀਆਂ ਨੂੰ ਲੱਗਿਆ ਹੈ, ਉਸ ਦੀ ਚੀਸ ਏਧਰਲੇ ਪੰਜਾਬ ਤੇ ਉਧਰਲੇ ਪੰਜਾਬ ਨੂੰ ਸਿਆਸੀ ਮੌਸਮਾਂ ਦੀ ਬਦਲੀ ਵੇਲੇ ਚਸਕਦੀ ਰਹਿੰਦੀ ਹੈ। ਇਸ ਦੇ ਅਹਿਸਾਸ ਨਾਲ ਜੁੜਣ ਲਈ ਉਸਤਾਦ ਚਰਾਗ਼ ਦੀਨ ਦਾਮਨ ਨੂੰ ਧਿਆਨ ਨਾਲ ਸੁਣੋ:-
ਇਸ ਮੁਲਕ ਦੀ ਵੰਡ ਕੋਲੋਂ ਯਾਰੋ,
ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ।
ਭਾਵੇਂ ਮੂੰਹੋਂ ਨ ਕਹੀਏ, ਪਰ ਵਿਚੋ ਵਿੱਚੀ,
ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ।
ਇੰਨਾਂ ਆਜ਼ਾਦੀਆਂ ਹੱਥੋ ਬਰਬਾਦ ਹੋਣਾ,
ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ,
ਕੁੱਝ ਉਮੀਦ ਹੈ, ਜ਼ਿੰਦਗੀ ਮਿਲ ਜਾਏਗੀ,
ਮੋਏ ਤੁਸੀਂ ਵੀ ਹੋ, ਮੋਏ ਅਸੀਂ ਵੀ ਹਾਂ।
ਜਿਊਂਦੀ ਜਾਨ ਦੀ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਹੋ ਢੋਏ ਅਸੀਂ ਵੀ ਹਾਂ।
ਜਾਗਣ ਵਾਲਿਆਂ ਰੱਜਕੇ ਲੁਟਿਆ ਏ,
ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਹਾਂ।
ਲਾਲੀ ਅੱਖੀਆਂ ਦੀ ਪਈ ਦੱਸਦੀ ਹੈ,
ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ
ਸਿੱਧੂ ਨੂੰ ਲੈਕੇ ਜਿਹੜੇ ਲੋਕ ਕਪੜਿਆਂ ਤੋਂ ਬਾਹਰ ਹੋਏ ਫਿਰਦੇ ਹਨ ਉਹ ਇਸ ਦਰਦ ਨੂੰ ਕਿਵੇਂ ਮਹਿਸੂਸ ਕਰ ਸਕਦੇ ਹਨ, ਕਿਉਂਕਿ ਇਹ ਜ਼ਬਾਨ ਦੇਣ ਨਾਲੋਂ ਬਹੁਤਾ ਰੂਹ ਨਾਲ ਮਹਿਸੂਸ ਕਰਨ ਵਾਲਾ ਮਸਲਾ ਹੈ। 2015 ਵਿਚ ਜੈਪੂਰ ਲਿਟਰੇਰੀ ਫੈਸਟ ਵਿਚ ਆਈ ਇਕ ਪਾਕਿਸਤਾਨੀ ਅਦੀਬਾ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਨੂੰ ਸੁਆਲ ਕੀਤਾ ਸੀ ਕਿ ਅਸੀਂ ਸੁੱਖ ਦਾ ਸਾਹ ਲੈਣ ਲਈ ਭਾਰਤ ਆਉਂਦੇ ਹਾਂ। ਤੁਸੀਂ ਭਾਰਤ ਨੂੰ ਪਾਕਿਸਤਾਨ ਬਨਾਉਣ ਦੀ ਕੋਸਿ਼ਸ਼ ਕਿਉਂ ਕਰ ਰਹੇ ਹੋ? ਨਹੀਂ ਰੁਕੋਗੇ ਤਾਂ ਇਹ ਭਾਵਨਾ ਕਿਸ ਨਾਲ ਸਾਂਝੀ ਕਰਾਂਗੇ? ਇਹੀ ਭਾਵਨਾ ਜਦੋਂ ਸਰੂਰ ਨੇ ਪ੍ਰਗਟ ਕੀਤੀ ਤਾਂ ਭਾਜਪਾਈਆਂ ਨੇ ਉਸ ਨੂੰ ਬਿਲਕੁੱਲ ਸਿੱਧੂ ਵਾਂਗ ਹੀ ਸਿਆਸੀ ਘੇਰਾ ਪਾਉਣ ਦੀ ਕੋਸਿ਼ਸ਼ ਕੀਤੀ ਸੀ। ਪਹਿਲਾਂ ਆਈਅਰ ਨਾਲ ਇਹੋ ਵਾਪਰਿਆ ਸੀ। ਹੁਣ ਕਿਸੇ ਨੂੰ ਭੁਲੇਖਾ ਨਹੀਂ ਰਹਿ ਗਿਆ ਹੈ ਕਿ ਭਾਰਤ ਮੋਦੀ ਦੀ ਅਗਵਾਈ ਵਿਚ ਕਿਹੜੇ ਰਾਹ ਪੈ ਗਿਆ ਹੈ? ਜਿਵੇਂ ਆਈਅਰ ਅਤੇ ਸਰੂਰ ਦੀ ਟਿੱਪਣੀ ਵਾਲੀ ਸਿਆਸਤ ਸਮੇਂ ਨਾਲ ਠੰਢੀ ਪੈ ਗਈ ਸੀ, ਉਵੇਂ ਸਿੱਧੂ ਦੀ ਜੱਫੀ ਵਾਲੀ ਸਿਆਸਤ ਵੇਲੇ ਸਿਰ ਜੇ ਨਾ ਸੰਭਾਲੀ ਤਾਂ ਮਹਿੰਗੀ ਪੈ ਸਕਦੀ ਹੈ। ਪੰਜਾਬ ਵਿਚ ਇਕ ਭਾਜਪਾ ਲੀਡਰ ਨੇ ਜਦੋ ਕਿਹਾ ਕਿ ਸਿੱਧੂ ਨੂੰ ਪਾਕਿਸਤਾਨ ਚਲਾ ਜਾਣਾ ਚਾਹੀਦਾ ਹੈ, ਤਾਂ ਭਾਜਪਾ ਦੀ ਸਿਆਸੀ ਬਿੱਲੀ ਥੈਲਿਓ ਬਾਹਰ ਆ ਗਈ ਸੀ। ਹੁਣ ਤਾਂ ਸਾਰਾ ਪੰਜਾਬ ਸਿੱਧੂ ਦੀ ਪਿੱਠ ਤੇ ਆ ਗਿਆ ਹੈ, ਅਤੇ ਭਾਜਪਾ ਨਾਲ ਜੁੜੇ ਰਹਿਣ ਦੇ ਲਾਲਚ ਵਿਚ ਹੋ ਰਿਹਾ ਵਿਰੋਧ ਵੀ ਮੀਡੀਆ ਚੈਨਲਾਂ ਤੱਕ ਮਹਿਦੂਦ ਹੁੰਦਾ ਜਾ ਰਿਹਾ ਹੈ। ਸਿੱਧੂ ਦੀ ਜੱਫੀ ਵਾਲੀ ਸਿਆਸਤ ਵਿਚ ਜਦੋਂ ਉਹ ਲੋਕ ਕੁੱਦ ਪਏ, ਜਿਨ੍ਹਾਂ ਨੂੰ ਭਾਰਤ ਦੇ ਸਿੱਖ, ਹਿੰਦੂ, ਬਹੁ-ਗਿਣਤੀ ਵਾਲੀ ਸਿਆਸਤ ਦਾ ਸਿ਼ਕਾਰ ਲੱਗਦੇ ਹਨ ਤਾਂ ਜਿਵੇਂ ਇਸ ਮਸਲੇ ਦੀ ਸਿਆਸਤ ਭਾਜਪਾਈ ਕਰ ਰਹੇ ਹਨ, ਉਵੇਂ ਹੀ ਪਾਕਿਸਤਾਨੀ ਵੀ ਕਰਨ ਲੱਗ ਪੈਣਗੇ। ਇਸ ਪਾਸੇ ਸਥਿਤੀ ਨੂੰ ਧੱਕਣ ਵਾਲਿਆਂ ਨੂੰ ਕੌਣ ਸਮਝਾਵੇ ਕਿ ਸਿੱਖਾਂ ਵਲੋਂ ਭਾਰਤ ਨੂੰ ਬਚਾਈ ਰੱਖਣ ਵਾਸਤੇ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ । ਜਰਾ ਸੋਚੋ ਕਿ ਜੇਕਰ ਕਸ਼ਮੀਰੀ ਪੰਡਤਾਂ ਵਾਂਗ ਸਿੱਖ ਵੀ ਜੰਮੂ ਕਸ਼ਮੀਰ ਵਿਚੋਂ ਨਿਕਲ ਜਾਣ ਦਾ ਫੈਸਲਾ ਕਰ ਲੈਣ ਤਾਂ ਭਾਰਤੀ ਕਸ਼ਮੀਰ ਅਤੇ ਪਾਕਿਸਤਾਨੀ ਕਸ਼ਮੀਰ ਵਿਚ ਕੀ ਫਰਕ ਰਹਿ ਜਾਵੇਗਾ? ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਸਿੱਖ ਪਾਕਿਸਤਾਨ ਵੱਲ ਪਿੱਠ ਕਰਕੇ ਨਹੀਂ ਖਲੋ ਸਕਦੇ ਕਿਉਂਕਿ ਇਸ ਨਾਲ ਪਾਕਿਸਤਾਨ ਵਿਚ ਰਹਿ ਗਏ ਗੁਰਦੁਆਰੇ ਗੁਰਧਾਮਾਂ ਵੱਲ ਪਿੱਠ ਹੋ ਜਾਂਦੀ ਹੈ। ਇਸ ਦੇ ਬਾਵਜੂਦ ਪਾਕਿਸਤਾਨ ਨੂੰ ਲੈਕੇ ਜਦੋਂ ਦੇਸ਼ ਦੀ ਰਾਖੀ ਦਾ ਸਵਾਲ ਪੈਦਾ ਹੁੰਦਾ ਰਿਹਾ ਹੈ, ਸਿੱਖ, ਜੀ-ਜਾਨ ਨਾਲ ਦੇਸ਼ ਦੀ ਰਾਖੀ ਕਰਦੇ ਰਹੇ ਹਨ। ਭਾਜਪਾਈਆਂ ਨੂੰ ਯਾਦ ਰੱਖਣਾ ਚਾਹੀਦਾ ਹੈ, ਕਿ ਜਿਹੜੇ ਸਿੱਖਾਂ ਨੂੰ ਭਾਰਤ ਆਪਣਾ ਨਹੀਂ ਸਮਝਦਾ ਰਿਹਾ, ਉਨ੍ਹਾਂ ਨੂੰ ਪਾਕਿਸਤਾਨ, ਭਾਰਤ ਵਿਰੁੱਧ ਕੀਤੀ ਜਾਣ ਵਾਲੀ ਸਿਆਸਤ ਵਾਸਤੇ ਵਰਤਦਾ ਰਿਹਾ ਹੈ। ਪੈਦਾ ਹੁੰਦੀਆਂ ਰਹੀਆਂ ਸਾਰੀਆਂ ਸਥਿਤੀਆਂ ਵਿਚ ਭਾਰਤ ਨੂੰ ਸਿੱਖਾਂ ਨੇ ਕਦੇ ਪਿੱਠ ਨਹੀਂ ਵਿਖਾਈ। ਇਹੋ ਜਿਹੀ ਹਾਲਤ ਵਿਚ ਜੇ ਸਿੱਧੂ ਦੀ ਮੁਹੱਬਤੀ ਫੇਰੀ ਨੂੰ ਭਾਰਤ ਵਿਚੱਲੀ ਸੌੜੀ ਸਿਆਸਤ ਵਾਸਤੇ ਵਰਤਣ ਦੀ ਕੋਸਿਸ਼ ਕੀਤੀ ਜਾਵੇਗੀ, ਤਾਂ ਇਸ ਦਾ ਲਾਭ ਭਾਰਤ ਵਿਰੋਧੀਆਂ ਨੂੰ ਹੀ ਮਿਲੇਗਾ। ਇਸ ਵਾਸਤੇ ਜਿਵੇਂ ਨੈਸ਼ਨਲ ਮੀਡੀਆ ਸਿੱਧੂ ਦੀ ਜੱਫੀ ਨੂੰ ਉਛਾਲ ਰਿਹਾ ਹੈ, ਉਸ ਨਾਲ ਵੋਟ ਬੈਂਕ ਪ੍ਰਭਾਵਿਤ ਹੋ ਵੀ ਜਾਵੇ ਤਾਂ ਵੀ ਦੇਸ ਨੂੰ ਕੋਈ ਲਾਭ ਨਹੀਂ ਹੋਣ ਵਾਲਾ। ਸਿੱਧੂ ਨੇ ਇਸ ਨੂੰ ਸੌੜੇ ਦਿਲਾਂ ਵਾਲੀ ਪਹੁੰਚ ਕਿਹਾ ਹੈ।
ਨਵੇਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਜੇ ਤੱਕ ਭਾਰਤ ਬਾਰੇ ਉਹੋ ਜਿਹੀ ਕੋਈ ਟਿੱਪਣੀ ਨਹੀਂ ਕੀਤੀ ਜਿਹੋ ਜਿਹੀਆਂ ਟਿਪੱਣੀਆਂ ਸਾਰਾ ਨੈਸ਼ਨਲ ਮੀਡੀਆ ਲਗਾਤਾਰ ਕਰੀ ਜਾ ਰਿਹਾ ਹੈ। ਇਹੋ ਜਿਹੀ ਹਾਲਤ ਵਿਚ ਸਿੱਧੂ ਨੂੰ ਭਾਰਤੀ ਸ਼ਹਿਰੀ ਦੀ ਥਾਂ ਪੰਜਾਬ ਦੇਸ਼ ਦੇ ਵਾਸੀ ਵਾਂਗ ਲੈਣ ਦੀ ਵਧੀਕੀ ਜਿਵੇਂ ਕੀਤੀ ਜਾ ਰਹੀ ਹੈ ਉਵੇਂ ਨਹੀਂ ਕਰਨੀ ਚਾਹੀਦੀ। ਭਾਜਪਾ ਜਿਵੇਂ ਅਕਾਲੀਆਂ ਨੂੰ ਆਪਣੇ ਨਾਲ ਤੋਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਨਾਲ ਭਾਜਪਾ ਨੂੰ ਕਿੰਨਾ ਕੁ ਲਾਭ ਹੋਵਗਾ, ਪਤਾ ਨਹੀਂ। ਪਰ ਇਸ ਨਾਲ ਅਕਾਲੀਆਂ ਦੀ ਸਿੱਖਾਂ ਵਿਚਕਾਰ ਸ਼ਾਖ ਨੂੰ ਸੱਟ ਜਰੂਰ ਵਜੇਗੀ। ਹੁਣ ਜਦੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਸਿੱਧੂ ਨੂੰ ਸ਼ਾਂਤੀ ਦੂਤ ਕਹਿ ਦਿੱਤਾ ਹੈ ਤਾਂ ਭਾਜਪਾਈਆਂ ਅਰਥਾਤ ਭਾਰਤ ਮਾਤਾ ਦੇ ਸਿਆਸੀ ਲਾਡਲਿਆਂ ਦੇ ਧਿਆਨ ਵਿਚ ਇਹ ਰਹਿਣਾ ਚਾਹੀਦਾ ਹੈ ਕਿ ਜਿਹੜੇ ਬੱਚਿਆਂ ਨੂੰ ਮਾਪਿਆਂ ਦੀ ਮਹੁੱਬਤ ਨਹੀਂ ਮਿਲਦੀ, ਉਨ੍ਹਾਂ ਨੂੰ ਸ਼ਰੀਕਾਂ ਦੀ ਸ਼ਰਣ ਲੈਣ ਦੀ ਮਜਬੂਰੀ ਦਾ ਸਿ਼ਕਾਰ ਹੋਣਾ ਪੈਂਦਾ ਹੈ। ਮਸਲਾ ਸਿੱਧੂ ਦੀ ਜੱਫੀ ਦਾ ਨਹੀਂ 2019 ਵਿਚ ਹੋ ਰਹੀਆਂ ਚੋਣਾ ਦਾ ਹੈ। ਇਸ ਵਾਸਤੇ ਸਿਆਸੀ ਸੁਰ ਵਿਚ ਕੀ ਕੀ ਕੀਤਾ ਜਾ ਸਕਦਾ ਹੈ, ਉਸੇ ਦੀ ਮਿਸਾਲ ਸਿੱਧੂ ਦੀ ਜੱਫੀ ਵਾਲੀ ਸਿਆਸਤ ਹੈ। ਇਸ ਨੂੰ ਜਿੰਨੀ ਛੇਤੀ ਸਮਝ ਲਈਏ, ਉਨ੍ਹਾਂ ਹੀ ਚੰਗਾ ਹੈ।
-
ਡਾ. ਬਲਕਾਰ ਸਿੰਘ , ਪ੍ਰੋਫੈਸਰ ਆਫ਼ ਐਮੀਨੈਂਸ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ, ਪਟਿਆਲਾ
*********
93163 01328
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.