ਸਿਆਲਕੋਟੀ ਮਿੱਟੀ ਦੇ ਜਾਏ
ਨਿਰੰਤਰ ਸਿਦਕ ਨੂੰ ਪਰਣਾਏ
ਹਿੰਦ ਪਾਕਿ ਦੋਸਤੀ ਦੇ
ਚੌਮੁਖੀਆ ਚਿਰਾਗ।
ਗਦਰ ਲਹਿਰ ਬਾਰੇ ਸੈਮੀਨਾਰ ਸੈਕਰਾਮੈਂਟੋ(ਅਮਰੀਕਾ) ਲਈ ਕੁਲਦੀਪ ਸਿੰਘ ਧਾਲੀਵਾਲ,ਚਰਨ ਸਿੰਘ ਜੱਜ, ਗੁਲਿੰਦਰ ਗਿੱਲ ਤੇ ਸਾਥੀਆਂ ਦੇ ਬੁਲਾਵੇ ਤੇ 2010 ਚ ਉਹ ਜੀਵਨ ਸਾਥਣ ਸਮੇਤ ਅਮਰੀਕਾ ਪੁੱਜੇ।
ਕੁਲਦੀਪ ਨੱਈਅਰ ਸਾਹਿਬ ਦੀ ਜੀਵਨ ਸਾਥਣ ਨੂੰ ਮਿਲ ਕੇ ਇੱਕ ਪਲ ਵੀ ਅਹਿਸਾਸ ਨਹੀਂ ਹੋਇਆ ਕਿ ਉਹ ਵੰਡ ਮਗਰਲੇ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭੀਮ ਸੈਨ ਸੱਚਰ ਦੀ ਧੀ ਹੈ।
ਪੰਜ ਦਿਨ ਅਸੀਂ ਸਵੇਰ ਸ਼ਾਮ ਇਕੱਠੇ ਰਹੇ। ਮੇਰਾ ਸੁਭਾਗ ਕਿ ਇਸ ਸੈਮੀਨਾਰ ਚ ਮੈਂ ਵੀ ਬੁਲਾਰਾ ਸਾਂ। ਕੁਲਦੀਪ ਨੱਈਅਰ ਜੀ, ਡਾ: ਗੁਰਦੇਵ ਸਿੰਘ ਖ਼ੁਸ਼,ਡਾ: ਸੁੱਚਾ ਸਿੰਘ ਗਿੱਲ, ਡਾ: ਮਨਜੀਤ ਸਿੰਘ ਕੰਗ ਸਾਬਕਾ ਵੀ ਸੀ ਪੀਏ ਯੂ, ਡਾ: ਤੇਜਵੰਤ ਸਿੰਘ ਗਿੱਲ ਤੇ ਪ੍ਰਬੰਧਕਾਂ ਸਮੇਤ ਅਸੀਂ ਯੁਗਾਂਤਰ ਆਸ਼ਰਮ ਫਰਾਂਸਿਸਕੋ ਤੋ ਗਦਰ ਪਾਰਟੀ ਦੇ ਪਹਿਲੇ ਗੁਪਤ ਟਿਕਾਣੇ ਹੋਲਟ ਫਾਰਮ ਨੂੰ ਵੀ ਵੇਖਣ ਗਏ।
ਹੋਲਟ ਦੇ ਡਾਕਖਾਨੇ ਚੋਂ 1907 ਤੋਂ ਵਰਤਮਾਨ ਤੀਕ ਦਾ ਰੀਕਾਰਡ ਵੇਖਿਆ। ਗਦਰੀ ਸੂਰਮੇ ਕਿਵੇਂ ਥੋੜੇ ਥੋੜੇ ਪੈਸੇ ਲਹਿਰ ਲਈ ਕੈਨੇਡਾ ਤੇ ਵਤਨ ਵੱਲ ਭੇਜਦੇ ਸਨ।
ਕੁਲਦੀਪ ਨੱਈਅਰ ਜੀ ਨਾਲ ਹੀ ਸ: ਦੀਦਾਰ ਸਿੰਘ ਬੈਂਸ ਤੇ ਯੂਬਾ ਸਿਟੀ ਦੇ ਵਸਨੀਕਾਂ ਨਾਲ ਮੁਲਾਕਾਤ ਹੋਈ।
ਪੰਜ ਦਿਨ ਤੀਆਂ ਵਾਂਗ ਲੰਘੇ।
ਹਰਭਜਨ ਸਿੰਘ ਲੌਂਗਮੈਨ(ਫੋਟੋਗਰਾਫ਼ਰ) ਦੇ ਘਰ ਵੀ ਚੱਕਰ ਮਾਰਿਆ।
ਨੱਈਅਰ ਸਾਹਿਬ ਪੰਜਾਬ ਬਾਰੇ ਬੜੇ ਚਿੰਤਾਤੁਰ ਸਨ। ਉਹਨੀਂ ਦਿਨੀਂ ਉਹ ਹਰ ਪਲ ਕੋਈ ਨਾ ਕੋਈ ਮਸਲਾ ਸਾਡੇ ਨਾਲ ਵਿਚਾਰਦੇ।
ਅਨੰਤ ਸਫ਼ਰ ਤੇ ਚਲੇ ਗਏ ਨੇ ਨੱਈਅਰ ਸਾਹਿਬ।
ਸਰਹੱਦ ਤੇ ਮੋਮਬੱਤੀਆਂ ਜਗਾਵਣਹਾਰੇ ਜੁਅਰਤਮੰਦ ਕਲਮਕਾਰ।
ਕੱਦਾਵਰ
ਸਿਆਲਕੋਟੀ
ਪੁਰਖੇ ਨੂੰ ਸਲਾਮ।
ਪ੍ਰੋ: ਮੋਹਨ ਸਿੰਘ ਜੀ ਦੇ ਬੋਲ ਇਸ ਪਲ ਚੇਤੇ ਆ ਰਹੇ ਨੇ।
ਫੁੱਲ ਹਿੱਕ ਵਿੱਚ ਜੰਮੀ ਪਲੀ ਖ਼ੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.