ਪਾਕਿਸਤਾਨ ਦੇ ਸੈਨੇਟਰ ਤਾਜ ਹੈਦਰ ਨੂੰ ਸਾਦ ਮੁਰਾਦਾ ਜ਼ਹੀਨ ਸਿਆਸਤਦਾਨ ਮੰਨਿਆ ਜਾਂਦਾ ਹੈ। ਭੁੱਟੋ ਸਮੇਂ ਤੋਂ ਹੀ ਲਿਆਕਤ ਵਾਨ ਮੰਨਿਆ ਜਾਂਦਾ ਹੈ।
ਇੱਕ ਦਿਨ ਯੂ ਟਿਊਬ ਤੇ ਉਸ ਦਾ ਇੰਟਰਵਿਊ ਵੇਖ ਰਿਹਾ ਸਾਂ।
ਉਹ ਦੱਸ ਰਿਹਾ ਕਿ ਇੱਕ ਵਾਰ ਬੇਨਜ਼ੀਰ ਭੁੱਟੋ ਕਹਿਣ ਲੱਗੀ,
ਤੁਸੀਂ ਬਹੁਤ ਮਿਹਨਤ ਕਰਦੇ ਹੋ।
ਮੈਂ ਕਿਹਾ , ਮੁਹਤਰਮਾ!
ਮੈਂ ਮਿਹਨਤੀ ਨਹੀਂ ਹਾਂ, ਬਾਕੀ ਸਾਥੀ ਹੀ ਪੁੱਜ ਕੇ ਨਿਕੰਮੇ ਹਨ।
ਮੇਰਾ ਕੰਮ ਮੁਕਾਬਲਤਨ ਦਿਸ ਜਾਂਦੈ।
ਜੇ ਸਾਰੇ ਕਰਨ ਤਾਂ ਮੁਲਕ ਦਾ ਇਹ ਹਾਲ ਨਾ ਹੁੰਦਾ।
ਅੱਜ ਉੱਠਣ ਸਾਰ ਡਾ: ਦਰਸ਼ਨ ਸਿੰਘ ਪੀਏ ਯੂ ਵਾਲਿਆਂ ਫੇਸਬੁੱਕ ਤੋਂ ਇੱਕ ਉਧਾਰੀ ਟਿਪਣੀ ਮੈਨੂੰ ਘੱਲੀ ਹੈ।
ਇਹ ਬੇਹੱਦ ਮੁੱਲਵਾਨ ਟਿਪਣੀ ਹੈ।
ਹੂ ਬ ਹੂ ਪੇਸਟ ਕਰ ਰਿਹਾਂ।
"ਸਟੇਟ ਫੂਡ ਕਮਿਸ਼ਨਰ" ਸ੍: ਕਾਹਨ ਸਿੰਘ ਪਨੂੰ।
ਜਾਂ ਤਾਂ ਇਹ ਬੰਦਾ ਜ਼ਿਆਦਾ ਦਮ-ਖਮ ਰੱਖਦਾ ਹੈ ਜਾਂ ਸਰਕਾਰ ਮੁੱਠ ਘੁੱਟ ਕੇ ਸਮਾਂ ਲੰਘਾਉਣਾ ਚਾਹੁੰਦੀ ਹੈ।
ਇਹ ਫੋਟੋ ਤਾਂ ਨਮੂਨਾ ਹੈ, ਜਿੱਦਣ ਦਾ ਇਹ ਅਫ਼ਸਰ ਰਾਜ ਦਾ ਫੂਡ ਕਮਿਸ਼ਨਰ ਲੱਗਾ ਹੈ ਉੱਦਣ ਦੇ ਹੀ ਸਾਰੇ ਰਾਜ ਵਿੱਚੋਂ ਨਕਲੀ ਦੁੱਧ, ਨਕਲੀ ਪਨੀਰ ਅਤੇ ਨਕਲੀ ਖਾਧ ਪਦਾਰਥ ਵੱਡੀ ਮਾਤਰਾ ਵਿੱਚ ਫੜੇ ਵੀ ਜਾ ਰਹੇ ਹਨ ਅਤੇ ਉਨਾਂ ਨੂੰ ਤਿਆਰ ਕਰਨ ਵਾਲੀਆਂ ਫੈਕਟਰੀਆਂ ਸੀਲ ਹੋ ਰਹੀਆਂ ਹਨ।
ਰੋਜ਼ ਹੀ ਨਕਲੀ ਦੁੱਧ ਘਿਉ ਫੜਿਆ ਜਾ ਰਿਹਾ ਹੈ।
ਰੋਜ਼ਾਨਾ ਅਖਬਾਰਾਂ ਤੁਹਾਡੇ ਸਾਹਮਣੇ ਸਾਰਾ ਕੁਝ ਦੱਸਦੀਆਂ ਰਹੀਆਂ ਹਨ। ਕਿਉਂ ??
ਪਹਿਲੇ ਫੂਡ ਕਮਿਸ਼ਨਰ ਕੀ ਕਰਦੇ ਸਨ ?
ਸਟੇਟ ਨੂੰ ਤਾਂ ਸ੍: ਕਾਹਨ ਸਿੰਘ ਪਨੂੰ ਵਰਗੇ ਦਲੇਰ ਅਫਸਰ ਚਾਹੀਦੇ ਹਨ ਜਾਂ ਫਿਰ ........
(Rana Satpal Singh)
ਤੁਸੀਂ ਮੈਨੂੰ ਪੁੱਛ ਸਕਦੇ ਹੋ ਕਿ ਪਰ ਅੱਗੇ ਏਨੇ ਸਵਾਲੀਆ ਨਿਸ਼ਾਨ ਕਿਉਂ ਨੇ?
ਮੁਨੀਰ ਨਿਆਜ਼ੀ ਸ਼ਾਇਰ ਤਾਂ ਉਰਦੂ ਜ਼ਬਾਨ ਦਾ ਸੀ ਪਰ ਪੰਜਾਬੀ ਚ ਇਹ ਦੋ ਸਤਰੀ ਕਵਿਤਾ ਤੁਹਾਨੂੰ ਬਹੁਤ ਕੁਝ ਸਮਝਾ ਦੇਵੇਗੀ।
ਤੇਜ਼ ਦੌੜਨ ਦੀ ਸਜ਼ਾ?
ਬੰਦਾ ਕੱਲ੍ਹਾ ਰਹਿ ਜਾਂਦਾ ਏ।
ਮੇਰੀ ਤੀਹ ਸਾਲ ਕਰਮਭੂਮੀ ਰਹੀ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਨੂੰ ਕਾਹਨ ਸਿੰਘ ਵਰਗੇ ਮਿਸਾਲੀ ਪੁੱਤਰਾਂ ਤੇ ਮਾਣ ਹੈ।
ਮੈਨੂੰ ਆਪਣੇ ਨਿੱਕੇ ਵੀਰ ਤੇ ਮਾਣ ਹੈ ਕਿ ਉਹ ਕਰਮਭੂਮੀ ਚ ਸੂਰਮਿਆਂ ਵਾਂਗ ਲਾਜ਼ਮੀ ਖੰਡਾ ਖੜਕਾਏਗਾ।
ਇਹੀ ਧਰਮ ਹੈ ਦੋਸਤੋ।
ਗੁਰਭਜਨ ਗਿੱਲ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.