ਮਨੁੰਖੀ ਜਿੰਦਗੀ ਜਿਉਣਾ ਹੌਲ਼ੇ ਮਨ ਵਾਲੇ ਇਨਸਾਨ ਦੇ ਵੱਸ ਦੀ ਗੱਲ ਨਹੀ। ਪੈਰ ਪੈਰ `ਤੇ ਡਰ ਕੇ ਅੱਗੇ ਵੱਧਣਾਂ ਇਸ ਢਾਈ ਦਿਨ ਦੀ ਜਿੰਦਗਾਨੀ ਨੂੰ ਪਹਾੜ ਬਣਾ ਦਿੰਦਾ ਹੈ। ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੇਵੇਗਾ ਜੋ ਕਹੇ ਕਿ ਉਸਨੂੰ ਜਿੰਦਗੀ ਵਿੱਚ ਕਦੇ ਮੁਸ਼ਕਿਲ ਪੇਸ਼ ਨਹੀਂ ਆਈ। ਜਿੰਦਗੀ ਦੇ ਪੈਂਡੇ `ਤੇ ਤੁਰਿਆ ਇਨਸਾਨ ੳਤਰਾਅ ਚੜਾਅ ਲੰਘ ਕੇ ਹੀ ਕੁੱਝ ਹਾਸਿਲ ਕਰਦਾ ਹੈ ਪਰ ਡਰ ਕੇ ਬੈਠ ਜਾਣਾਂ ਜਾਂ ਅੱਗੇ ਹੀ ਨਾ ਵੱਧਣਾ ਕਿਸੇ ਮੁਸ਼ਕਿਲ ਦਾ ਹੱਲ ਨਹੀਂ। ਜਿਵੇਂ ਸੁਨਿਆਰ ਸੋਨੇ ਨੂੰ ਅੱਗ `ਤੇ ਪਰਖਦਾ ਹੈ ਬਿਲਕੁਲ ਇਸੇ ਤਰਾਂ ਜਿੰਦਗੀ `ਚ ਆਈਆਂ ਮੁਸ਼ਕਿਲਾਂ ਬਹਾਦਰ ਇਨਸਾਨਾਂ ਦੀ ਬਹਾਦਰੀ ਨੂੰ ਪਰਖਦੀਆਂ ਹਨ। ਜੁਝਾਰੂ ਇਨਸਾਨ ਜਿੰਦਗੀ ਵਿੱਚ ਆਉਂਦੀਆਂ ਮੁਸ਼ਕਿਲਾਂ ਦਾ ਡੱਟ ਕੇ ਸਾਹਮਣਾ ਕਰਨ ਦੀ ਜੁਰਅਤ ਰੱਖਦੇ ਹਨ। ਮੁਸ਼ਕਿਲ ਤੋਂ ਡਰ ਕੇ ਭੱਜਿਆ ਇਨਸਾਨ ਕੋਈ ਪ੍ਰਾਪਤੀ ਨਹੀਂ ਕਰ ਸਕਦਾ ਪਰ ਮੁਸ਼ਕਿਲ ਨਾਲ ਮੱਥਾ ਲਾਉਣ ਵਾਲਾ ਆਪਣੇ ਦ੍ਰਿੜ ਇਰਾਦੇ `ਚੋਂ ਕੁੱਝ ਨਾ ਕੁੱਝ ਜਰੂਰ ਪ੍ਰਾਪਤ ਕਰਦਾ ਹੈ। ਬਹਾਦਰੀ ਨਾਲੀ ਖੇਡ ਕੇ ਹਾਰੀ ਹੋਈ ਬਾਜ਼ੀ ਜੇ ਕੁੱਝ ਵੀ ਨਾ ਦੇਵੇ ਤਾਂ ਜਿੰਦਗੀ ਜਿਉਣ ਦਾ ਤਜੁਰਬਾ ਜਰੂਰ ਦੇ ਦਿੰਦੀ ਹੈ।
ਅੰਗਰੇਜ਼ੀ ਹਕੁਮਤ ਨਾਲ ਮੱਥਾਂ ਲਾ ਕੇ ਆਜ਼ਾਦੀ ਲਈ ਜੂਝਣ ਵਾਲੇ ਬਹਾਦੁਰ ਯੋਧਿਆਂ ਨੂੰ ਅੱਜ ਦੁਨੀਆਂ ਕੋਟਨ ਕੋਟ ਪ੍ਰਣਾਮ ਕਰਦੀ ਹੈ। ਘਰ ਦਾ ਸੁੱਖ ਚੈਨ ਛੱਡ ਆਜਾਦੀ ਦੀ ਲੜਾਈ ਲੜਣ ਵਾਲਿਆਂ ਨੇ ਅੰਗਰੇਜਾਂ ਦੀ ਤਾਕਤਵਰ ਫੌਜ ਨੂੰ ਆਪਣੇ ਲਈ ਚਣੌਤੀ ਜਾਂ ਮੁਸ਼ਕਿਲ ਨਹੀਂ ਬਨਣ ਦਿੱਤਾ। ਬੇਸ਼ਕ ਅੰਗਰੇਜ਼ੀ ਹਕੂਮਤ ਦੀ ਤਾਕਤ ਜ਼ਿਆਦਾ ਸੀ ਪਰ ਜੂਝਾਰੂਆਂ ਦੀ ਬਹਾਦਰੀ ਅੱਗੇ ਇਹ ਵੱਡੀ ਫਜ ਵੀ ਗੋਡੇ ਟੇਕ ਗਈ। ਫਿਰੰਗੀ ਤਾਕਤ ਤੋਂ ਡਰ ਕੇ ਜੇਕਰ ਇਹਨਾਂ ਯੋਧਿਆਂ ਨੇ ਪਿੜ ਛੱਡਿਆ ਹੁੰਦਾ ਅੱਜ ਹਿੰਦੋਸਤਾਨ ਆਜ਼ਾਦ ਨਾ ਹੁੰਦਾ। ਫਾਂਸੀ ਰੂਪੀ ਪ੍ਰੇਤ ਨੂੰ ਹੱਸ ਕੇ ਗੱਲ਼ ਨਾਲ ਲਾਉਣ ਵਾਲੇ ਸੂਰਮੇ ਦੇਸ਼ ਲਈ ਕੁਰਬਾਨੀ ਕਰ ਕੇ ਆਪਣਾਂ ਨਾਂ ਰਹਿੰਦੀ ਦੁਨੀਆਂ ਤੱਕ ਅਮਰ ਕਰ ਗਏ । ਬਹਾਦੁਰੀ ਦੀ ਮਿਸਾਲ ਕਾਇਮ ਕਰਨ ਲਈ ਹਰ ਮੁਸ਼ਕਿਲ, ਇੱਥੋਂ ਤੱਕ ਕਿ ਮੌਤ ਨੂੰ ਵੀ ਹੱਸ ਕੇ ਸਵੀਕਾਰਨਾ ਪੈਂਦਾ ਹੈ।
ਘਰ ਵਿੱਚ ਪੈਸੇ ਦੀ ਕਮੀਂ ਕਾਰਨ ਪੈਦਾ ਹੋਏ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਬਹਾਦਰ ਇਨਸਾਨ ਇਸ ਜਗਤ ਵਿੱਚ ਉੱਚੇ ਮੁਕਾਮ ਹਾਸਿਲ ਕਰਦੇ ਦੇਖੇ ਹਨ। ਦੀਵੇ ਦੀ ਲੋਅ ਵਿੱਚ ਪੜਨ ਵਾਲੇ ਉੱਚੇ ਸਨਮਾਨਜਨਕ ਅਹੁਦਿਆਂ `ਤੇ ਬਿਰਾਜ਼ਮਾਨ ਹੋ ਗਏ ਅਤੇ ਆਪਣੀ ਜਿੰਦਗੀ ਨੂੰ ਸਦਾ ਲਈ ਰੌਸ਼ਨ ਕਰ ਗਏ। ਇਹਨਾਂ ਸਫਲ ਇਨਸਾਨਾਂ ਦੀ ਜਿੰਦਗੀ ਵਿੱਚ ਗਰੀਬੀ ਇੱਕ ਵੱਡੀ ਮੁਸ਼ਕਿਲ ਬਣ ਕੇ ਆਈ ਪਰ ਧੀਰਜ, ਸਬਰ ਅਤੇ ਸਿਦਕ ਦੀ ਤਾਕਤ ਨੇ ਇਸ ਮੁਸ਼ਕਿਲ ਨੂੰ ਚਾਰੋ ਖਾਨੇ ਚਿੱਤ ਕਰ ਦਿੱਤਾ। ਜੇਕਰ ਇਹ ਕਾਮਯਾਬ ਵਿਅਕਤੀ ਇਸ ਗਰੀਬੀ ਰੂਪੀ ਮੁਸ਼ਕਿਲ ਨਾਲ ਨਾ ਮੱਥਾਂ ਲਾਉਂਦੇ ਅੱਜ ਇਹਨਾਂ ਦੇ ਪੱਲੇ ਕਾਮਯਾਬੀਆਂ ਨਾ ਹੁੰਦੀਆਂ।
ਅੱਜ ਇਨਸਾਨ ਛੋਟੀਆਂ ਛੋਟੀਆਂ ਮੁਸੀਕਲਾਂ ਦੇ ਡਰੋਂ ਇਸ ਅਨਮੋਲ ਜਿੰਦਗੀ ਨੂੰ ਆਪਣੇ ਹੱਥੀਂ ਖਤਮ ਕਰ ਰਿਹਾ ਹੈ। ਜਿਂਉਦਾ ਸ਼ਰੀਰ ਹਰ ਚਣੌਤੀ ਨੂੰ ਮਾਤ ਦੇਣ ਦੇ ਕਾਬਿਲ ਹੁਂਦਾ ਹੈ ਪਰ ਮੌਤ ਹੋਣ ਉਪਰੰਤ ਸਭ ਕੁੱਝ ਖਤਮ ਹੋ ਜਾਂਦਾ ਹੈ। ਤਨਾਅ ਦਾ ਸ਼ਿਕਾਰ ਬੇਰੁਜ਼ਗਾਰ ਨੌਜਵਾਨ ਖੁਦਕਸ਼ੀਆਂ ਕਰ ਕੇ ਆਪਣਾਂ ਅਨਮੋਲ ਭਵਿੱਖ ਆਪਣੇ ਹੱਥੀਂ ਖਤਮ ਕਰ ਰਿਹਾ ਹੈ। ਕਰਜ਼ੇ ਦੀ ਭਾਰੀ ਪੰਡ ਪਤਾ ਨਹੀਂ ਕਿੰਨੀਆਂ ਕ ਜਾਨਾਂ ਲੈ ਚੁੱਕੀ ਹੈ ਅਤੇ ਨਸ਼ਿਆਂ ਦੀ ਬਨਾਉਟੀ ਰੰਗੀਨ ਦੁਨੀਆਂ ਨੇ ਹਜ਼ਾਰਾਂ ਮਨੁੰਖੀ ਸ਼ਰੀਰਾਂ ਨੂੰ ਸੁਆਹ ਕਰਕੇ ਸਿਵਿਆਂ ਦੇ ਰਾਹ ਪਾ ਦਿੱਤਾ ਹੈ। ਮੁਸ਼ਕਿਲ ਦੌਰ ਬਹਾਦੁਰੀ ਨਾਲ ਟਾਲਿਆ ਜਾ ਸਕਦਾ ਹੈ। ਜੇਕਰ ਇਹ ਦੌਰ ਲੰਬਾਂ ਹੋ ਜਾਵੇ ਤਾਂ ਸਬਰ ਇਸ ਨੂੰ ਬਹੁਤਾ ਚਿਰ ਟਿੱਕਣ ਨਹੀਂ ਦਿੰਦਾ। ਗੱਲ ਸਿਰਫ ਮਨ ਨੂੰ ਦਲੇਰ ਕਰਕੇ ਜਿਉਣ ਦੀ ਹੈ। ਮੁਸ਼ਕਿਲਾਂ ਸਹਿ ਕੇ ਮਿਲੀ ਕਾਮਯਾਬੀ ਬਹੁਤ ਆਨੰਦ ਦਿੰਦੀ ਹੈ ਪਰ ਇਸ ਲਈ ਸਾਨੂੰ ਦਲੇਰੀ ਅਤੇ ਬਹਾਦਰੀ ਨਾਲ ਆਈਆਂ ਮੁਸ਼ਕਿਲਾਂ ਦਾ ਟਾਕਰਾ ਕਰਨਾ ਹੋਵੇਗਾ, ਫਿਰ ਸਾਡੀ ਕਾਮਯਾਬੀ ਅਤੇ ਬਹਾਦਰੀ ਹੋਰਾਂ ਲਈ ਵੀ ਪ੍ਰਰਣਾਸਰੋਤ ਬਣ ਜਾਵੇਗੀ।
-
ਡਾ. ਧਰਮਜੀਤ ਸਿੰਘ ਮਾਨ, ਪ੍ਰੋਫੈਸਰ
mannjalbhera@gmail.com
9478460084
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.