ਖ਼ਬਰ ਹੈ ਕਿ ਸਾਬਕਾ ਪਾਕਿ ਕ੍ਰਿਕਟਰ ਇਮਰਾਨ ਖਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਨਣ ਦੇ ਮੌਕੇ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਪਹੁੰਚ ਗਏ ਹਨ। ਪਾਕਿਸਤਾਨ ਪਹੁੰਚਣ ਤੋਂ ਬਾਅਦ ਪਾਕਿਸਤਾਨੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਸਿਆਸੀ ਵਿਅਕਤੀ ਦੇ ਰੂਪ ਵਿੱਚ ਇਥੇ ਨਹੀਂ ਆਇਆ, ਮੈਂ ਪਿਆਰ, ਅਮਨ ਅਤੇ ਖੁਸ਼ਹਾਲੀ ਦਾ ਸਦਭਾਵਨਾ ਦੂਤ ਬਣਕੇ ਆਪਣੇ ਦੋਸਤ ਕੋਲ ਆਇਆ ਹਾਂ, ਮੈਂ ਖਾਨ ਸਾਹਿਬ ਨੂੰ ਖੇਡ ਦੌਰਾਨ ਬਹੁਤ ਵੇਖਿਆ ਹੈ ਕਿ ਕਿਵੇਂ ਉਹ ਆਪਣੀ ਕਮਜ਼ੋਰੀ ਨੂੰ ਤਾਕਤ ਵਿੱਚ ਬਦਲ ਲੈਂਦੇ ਸਨ, ਪਾਕਿਸਤਾਨ ਨੂੰ ਅੱਜ ਇਸਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਸਾਬਕਾ ਕ੍ਰਿਕਟਰ ਸੁਨੀਲ ਗਵਾਸਕਰ ਅਤੇ ਕਪਿਲ ਦੇਵ ਨੂੰ ਵੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਦਾ ਰਸਮੀ ਨਿਉਤਾ ਮਿਲਿਆ ਸੀ, ਪਰ ਉਹ ਨਹੀਂ ਗਏ।
ਲਉ ਜੀ ਗੁਰੂ, ਹੋ ਗਿਆ ਸ਼ੁਰੂ। ਪੰਜਾਬ 'ਚ ਆਇਆ, ਤਰਥੱਲ ਮਚਾਇਆ। ਕਿਸੇ ਦੇ ਲੀੜੇ ਖਿੱਚੇ, ਕਿਸੇ ਦੀ ਧੋਤੀ।ਕਿਸੇ ਦੇ ਕੱਪੜੇ ਪਾੜੇ, ਕਿਸੇ ਨੂੰ ਕੀਤਾ ਨੰਗਾ ਧੜੰਗਾ।ਪਰ ਪੱਲੇ ਕੀ ਆਇਆ? ਜੋ ਪਾਇਆ, ਬਸ ਉਪਰਲਿਆ ਦੇ ਪੱਲੇ, ਜਿਹਨਾ ਸ਼ਾਬਾਸ਼ੀ ਦੇਕੇ ਇਸਨੂੰ ਆਹ ਆਪਣੇ ਫੌਜੀ ਕੈਪਟਨ ਨੂੰ ਕੜੰਗੀਆਂ ਪਾਉਣ ਭੇਜਿਆ ਸੀ।
ਲਉ ਜੀ ਗੁਰੂ, ਹੋ ਗਿਆ ਸ਼ੁਰੂ!ਆਹ ਆਪਣੇ ਪੂਰਬੀ ਪਾਸੇ ਕੁਝ ਨਹੀਂ ਸਰਿਆ, ਪੱਛਮੀ ਪਾਸੇ ਹੋ ਤੁਰਿਆ। ਜੀਹਦੇ ਵਿਰੁੱਧ ਛੱਕੇ ਲਾਉਂਦਾ ਰਿਹਾ ਜੀਹਨੂੰ ਗਾਟੀਆਂ ਪਾਉਂਦਾ ਰਿਹਾ, ਹੁਣ ਜੱਫੀਆ ਪਾਉਣ ਹੋ ਤੁਰਿਆ। ਸੁਭਾਅ ਹੀ ਇਕੋ ਜਿਹਾ ਆ, ਵੇਖੋ ਨਾ ਪਹਿਲਾ ਭਗਵਿਆਂ ਦੀਆਂ ਬੋਲੀਆਂ ਪਾਉਂਦਾ ਰਿਹਾ, ਹੁਣ ਭਗਵੇਂ ਛੱਡ, ਆਹ ਆਪਣੇ ਕਾਂਗਰਸੀਆਂ ਦੇ ਸੋਹਲੇ ਗਾਉਣ ਲੱਗ ਪਿਆ। ਜਾਣਦਾ ਆ ਭਾਈ ਆਪਣਾ ਗੁਰੂ ਕਿ ਕਦਰ ਕੁਰਸੀ ਦੀ ਹੈ ਜਹਾਨ ਅੰਦਰ, ਕੌਣ ਮੇਜ਼ ਸਟੂਲ ਨੂੰ ਪੁੱਛਦਾ ਹੈ। ਇਸੇ ਕਰਕੇ ਹੱਦਾਂ ਬੰਨੇ ਟੱਪ ਅਮਨ ਦਾ ਪੈਗਾਮ ਦੇਣ ਪਾਕਿਸਤਾਨ ਹੋ ਤੁਰਿਆ।
ਕੁਰਸੀ ਖਿਸਕਦੀ ਜਦੋਂ ਹੈ ਨਜ਼ਰ ਆਉਂਦੀ, ਨੇਤਾ ਤੜਫਦਾ, ਕਲਪਦਾ, ਲੁੱਛਦਾ ਹੈ
ਖ਼ਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਵਫਦ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਨਵੀਂ ਦਿੱਲੀ 'ਚ ਮੁਲਾਕਾਤ ਕੀਤੀ ਅਤੇ ਸਿੱਖ ਮਸਲੇ ਉਠਾਏ।ਵਫਦ ਨੇ ਸਜ਼ਾਵਾਂ ਪੂਰੀਆਂ ਕਰਨ ਵਾਲੇ ਸਿੱਖਾਂ ਦੀ ਰਿਹਾਈ, ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਖੁੱਲ੍ਹ ਲਾਂਘਾ ਦੇਣ, ਜੰਮੂ ਕਸ਼ਮੀਰ ਵਿੱਚ ਸਿੱਖਾਂ ਨੂੰ ਘੱਟ-ਗਿਣਤੀ ਦਾ ਦਰਜ਼ਾ ਦੇਣ ਸਮੇਤ ਹੋਰ ਸਿੱਖ ਮਸਲਿਆਂ ਦਾ ਹੱਲ ਕਰਨ ਦੀ ਅਪੀਲ ਕੀਤੀ। ਹੋਰਨਾਂ ਤੋਂ ਬਿਨ੍ਹਾਂ ਵਫਦ ਵਿੱਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੇਵਾਲ, ਨਰੇਸ਼ ਗੁਜਰਾਲ ਐਮ.ਪੀ. ਵੀ ਹਾਜ਼ਰ ਸਨ। ਉਹਨਾ ਦੱਸਿਆ ਕਿ ਗ੍ਰਹਿ ਮੰਤਰੀ ਨੇ ਸਾਰੇ ਸਿੱਖ ਮਸਲਿਆਂ ਨੂੰ ਹੱਲ ਕਰਨ ਲਈ ਗੰਭੀਰਤਾ ਨਾਲ ਸੁਣਿਆ।
ਲਉ ਜੀ ਯਾਦ ਆ ਗਏ "ਪੰਜਾਬ ਹਿਤੈਸ਼ੀਆਂ" ਨੂੰ ਸਿੱਖਾਂ ਦੇ ਮਸਲੇ । ਲਉ ਜੀ, ਹੁਣ ਯਾਦ ਆ ਗਏ ਪੰਜਾਬ ਦੇ ਚੌਧਰੀਆਂ ਨੂੰ ਜੇਲ੍ਹਾਂ ਵਿੱਚ ਬੈਠੇ ਕੌਮ ਦੇ ਸ਼ਹੀਦ! ਪਤਾ ਨਹੀਂ ਕਿਉਂ ਨਹੀਂ ਯਾਦ ਆਏ ਉਦੋਂ, ਜਦੋਂ ਇਹ ਹਾਕਮ ਆਪ ਰਾਜਗੱਦੀ 'ਤੇ ਬਿਰਾਜਮਾਨ ਸਨ। ਪਤਾ ਨਹੀਂ ਕਿਉਂ ਯਾਦ ਨਹੀਂ ਆਏ ਉਦੋਂ ਇਹ ਮਸਲੇ ਜਦੋਂ ਇਹਨਾਂ ਦੇ ਇਸ਼ਾਰਿਆਂ 'ਤੇ ਉਪਰਲੇ ਵੀ ਅਤੇ ਹੇਠਲੇ ਵੀ ਕੰਮ ਹੁੰਦੇ ਸਨ।ਪਰ ਭਾਈਬੰਦਾਂ ਨੂੰ ਹਾਲੇ ਵੀ ਕਿਉਂ ਯਾਦ ਨਹੀਂ ਆਉਂਦਾ, ਚੰਡੀਗੜ੍ਹ ਦਾ ਪੰਜਾਬੋਂ ਖੁਸ ਜਾਣਾ। ਪੰਜਾਬੀ ਬੋਲਦੇ ਇਲਾਕਿਆਂ ਦਾ ਪੰਜਾਬੋਂ ਬਾਹਰ ਰਹਿਣਾ। ਪੰਜਾਬ ਦੇ ਪਾਣੀਆਂ ਦੀ ਗੁਆਂਢੀਆਂ ਵਲੋਂ ਲੁੱਟ ਦਾ ਮਾਮਲਾ। ਹਾਂ ਜੀ, ਹੁਣ ਇਹ ਮਸਲੇ ਤਦ ਯਾਦ ਆਉਂਦੇ ਨੇ ਜਦੋਂ ਕੁਰਸੀ ਖਿਸਕ ਗਈ ਆ। ਤੇ ਕੁਰਸੀ ਜਦੋਂ ਖਿਸਕ ਜਾਂਦੀ ਹੈ, ਉਦੋਂ ਕਵੀ ਦੀ ਲਿਖੀ ਗੱਲ ਯਾਦ ਆਉਂਦੀ ਆ,"ਕੁਰਸੀ ਖਿਸਕਦੀ ਜਦੋਂ ਹੈ ਨਜ਼ਰ ਆਉਂਦੀ, ਨੇਤਾ ਤੜਫਦਾ, ਕਲਪਦਾ, ਲੁੱਛਦਾ ਹੈ"।
ਧੂੜ ਗਰਦਾ, ਨਾ ਨਿਕਲੇ ਕੱਪੜੇ 'ਚੋਂ, ਜੇਕਰ ਉਸਨੂੰ ਢਾੜੀਏ ਛੰਡੀਏ ਨਾ
ਖ਼ਬਰ ਹੈ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ, ਪੰਜਾਬ ਵਿੱਚ ਸਰਕਾਰੀ, ਗੈ-ਸਰਕਾਰੀ ਅਤੇ ਨਿੱਜੀ ਬੈਂਕਾਂ ਵਿੱਚ 30 ਜੂਨ 2018 ਤੱਕ 6,6,2,84,453 ਖਾਤੇ ਖੋਲ੍ਹੇ ਗਏ। ਇਹਨਾ ਵਿਚੋਂ ਜ਼ਿਆਦਾਤਰ ਖਾਤੇ ਉਪਰੇਟ ਨਹੀਂ ਹੋਏ। ਇਹਨਾ ਵਿਚੋਂ 875752 ਖਾਤਿਆਂ ਵਿੱਚ ਜ਼ੀਰੋ ਬੈਲੈਂਸ ਹੈ। ਇਹਨਾ ਖਾਤਾ ਧਾਰਕਾਂ ਵਿਚੋਂ 10 ਲੱਖ ਲੋਕਾਂ ਨੂੰ ਡੇਵਿਟ ਕਾਰਡ ਨਹੀਂ ਮਿਲੇ ਅਤੇ ਜਿਹਨਾ ਨੂੰ ਡੇਵਿਟ ਕਾਰਡ ਮਿਲੇ ਉਹਨਾ ਵਿਚੋਂ ਦੋ ਲੱਖ ਤੋਂ ਜਿਆਦਾ ਨੇ ਇਹ ਕਾਰਡ ਐਕਟੀਵੇਟ ਨਹੀਂ ਕੀਤੇ। ਹੁਣ ਬੈਂਕਾਂ ਵਲੋਂ ਇਹਨਾ ਖਾਤਾ ਧਾਰਕਾ ਨੂੰ ਨੋਟਿਸ ਭੇਜਿਆ ਜਾ ਰਿਹਾ ਹੈ ਕਿ ਜਿਹੜੇ ਖਾਤਾ ਧਾਰਕ ਇਸ ਖਾਤੇ ਨੂੰ ਉਪਰੇਟ ਨਹੀਂ ਕਰਨਗੇ, ਉਹਨਾ ਦੇ ਖਾਤੇ ਬੰਦ ਕਰ ਦਿੱਤੇ ਜਾਣਗੇ।
ਬੱਲੇ ਉਏ ਚਲਾਕ ਸੱਜਣਾ! ਸਭ ਕਾ ਸਾਥ ਸਭ ਕਾ ਵਿਕਾਸ ਤੋਂ ਮੁਕਰਿਆ। ਨੌਕਰੀ ਰੁਜ਼ਗਾਰ ਤੋਂ ਮੁਕਰਿਆ। ਕਾਲਾ ਧੰਨ ਸਾਫ ਕਰਨ ਤੋਂ ਮੁਕਰਿਆ। ਅਤੇ ਆ ਹੁਣ ਭਾਈ ਖਾਤਿਆਂ 'ਚ 15 ਲੱਖ ਜਮ੍ਹਾਂ ਨਾ ਕਰਾਉਣ ਤੋਂ ਬਾਅਦ ਖੁਲ੍ਹੇ ਖਾਤੇ 'ਚ ਦੁਆਨੀ ਚੁਆਨੀ ਦੇਣ ਤੋਂ ਵੀ ਮੁਕਰਿਆ। ਬੱਲੇ ਉਏ ਚਲਾਕ ਸੱਜਣਾ, ਸਭ ਜਾਣਦੈਂ ਤੂੰ ਕਿ ਪਈਆਂ ਪਈਆਂ ਚੀਜ਼ਾਂ ਨੂੰ ਜੰਗਾਲ ਲੱਗ ਜਾਂਦਾ। ਬੰਦ ਪਏ ਘਰ ਨੂੰ ਸਿਊਂਕ ਖਾ ਜਾਂਦੀ ਆ। ਜਿਵੇਂ ਭਾਈ ਸਿਆਣੇ ਆਂਹਦੇ ਆ, ਘਰ ਤਾਂ ਦਰਾਂ ਖੁਲ੍ਹਿਆਂ ਦਾ ਨਾਮ ਆ। ਤੇ ਸਰਕਾਰ ਆ ਭਾਈ ਸਿਆਣੀ, ਜਾਣਦੀ ਆ, "ਧੂੜ ਗਰਦਾ ਨਾ ਨਿਕਲੇ ਕੱਪੜੇ 'ਚੋਂ, ਜੇਕਰ ਉਹਨੂੰ ਝਾੜੀਏ ਛੰਡੀਏ ਨਾ"। ਤਦੇ ਜਿਥੋਂ ਸਰਕਾਰ ਨੂੰ ਕੁਝ ਵੀ ਨਹੀਂਓ ਲੱਭਣਾ, ਨਾ ਵੋਟ , ਨਾ ਪੈਸਾ, ਤਾਂ ਫਿਰ ਸਰਕਾਰ ਖਾਲੀ ਬਟੂਏ ਨੂੰ ਢੇਰ ਉਤੇ ਕਿਉਂ ਨਾ ਸੁੱਟੇ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
· ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਨਿੱਤ ਦਿਨ ਡਿੱਗ ਰਹੀ ਹੈ।ਇਸ ਵੇਲੇ ਇਕ ਅਮਰੀਕਨ ਡਾਲਰ ਦੀ ਕਿਮਤ 70 ਰੁਪਏ 40 ਪੈਸੇ ਹੋ ਗਈ ਹੈ।ਦੇਸ਼ ਦਾ ਵਪਾਰ ਘਾਟਾ 18 ਅਰਬ ਡਾਲਰ ਹੋ ਗਿਆ ਹੈ, ਜਿਸ ਕਾਰਨ ਰੁਪਏ ਦੀ ਕੀਮਤ ਘੱਟ ਹੋ ਰਹੀ ਹੈ। ਇੱਕ ਅਰਥਸ਼ਾਸ਼ਤਰੀ ਸਿਨਹਾ ਅਨੁਸਾਰ ਰੁਪਏ ਦੀ ਕੀਮਤ ਡਿੱਗਣ ਨਾਲ ਪੈਟਰੋਲ-ਡੀਜ਼ਲ ਮਹਿੰਗਾ ਹੋ ਜਾਏਗਾ।
ਇੱਕ ਵਿਚਾਰ
ਨੇਤਾ ਉਹ ਹੀ ਹੈ, ਜੋ ਰਸਤੇ ਜਾਣਦਾ ਹੋਵੇ, ਉਹਨਾ ਉਤੇ ਚੱਲਣਾ ਜਾਣਦਾ ਹੋਵੇ ਅਤੇ ਦੂਸਰਿਆਂ ਨੂੰ ਰਸਤਾ ਦਿਖਾਉਂਦਾ ਹੋਵੇ।..............ਜਾਨ ਸੀ ਮੈਕਸਵੈਲ
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.