ਉਹ ਦਰਿਆ ਸੀ
ਜਿੱਧਰ ਜਾਂਦਾ , ਧਰਤੀ ਕਹਿੰਦੀ
ਲੰਘ ਜਾ ਲੰਘ ਜਾ।
ਤੂੰ ਤਾਂ ਨਿਰਮਲ ਨੀਰ ਪਹਾੜੋਂ
ਚੱਲ ਕੇ ਮੈਨੂੰ ਸਿੰਜਣ ਆਇਆ
ਬਰਫ਼ਾਂ ਜਾਇਆ।
ਤੂੰ ਆਇਐਂ ਤਾਂ ਪਿਆਸ ਮਿਟੀ ਹੈ।
ਵਣ ਹਰਿਆਲ਼ੇ ਸਹਿਕ ਰਹੇ ਸੀ।
ਚਿੜੀਆਂ ਜੰਤ ਜਨੌਰ ਵਿਚਾਰੇ
ਜੀਭਾਂ ਕੱਢ ਕੇ ਹੌਂਕ ਰਹੇ ਸੀ।
ਇਸ ਧਰਤੀ ਦੇ ਪਿੱਤਰਾਂ ਵਰਗਾ
ਪੁੱਤਰਾਂ ਨੂੰ ਵੀ ਜੀਣ ਸਿਖਾ ਜਾ।
ਭਟਕ ਰਹੇ ਨੇ , ਰਾਹੇ ਪਾ ਜਾ।
ਆਪਣੇ ਵਰਗਾ ਤੁਰਨ ਸਿਖਾ ਜਾ।
ਕਾਹਲ ਨਾ ਕਰ ਤੂੰ
ਕੁਝ ਪਲ ਮੇਰੇ ਅੰਗ ਸੰਗ ਰਹਿ ਜਾ।
ਮੈਥੋਂ ਮੇਰੀ ਮਿੱਟੀ ਲੈ ਜਾ
ਤੂੰ ਦਰਿਆ ਹੈਂ
ਜਾਵੇਂਗਾ ਤੂੰ ਜਿੱਧਰ ਕਿਧਰੇ
ਕਿਣਕਾ ਕਿਣਦਾ ਵੰਡਦਾ ਜਾਈਂਂ ਂ।
ਪਰ ਨਾ ਮੇਰਾ ਸਾਕ ਭੁਲਾਈਂ ਂ।
ਤੂੰ ਤਾਂ ਮੇਰੇ ਗੀਤਾਂ ਵਰਗਾ।
ਸੋਹਣੇ ਮਨ ਦੇ ਮੀਤਾਂ ਵਰਗਾ।
ਤੂੰ ਆਇਐਂ ਤਾਂ
ਬਾਗਾਂ ਵਿੱਚ ਵੀ
ਕੋਇਲ ਬੋਲੀ,
ਕਿਤੇ ਪਪੀਹੇ ਨੇ ਅੱਖ ਖੋਲ੍ਹੀ।
ਦਾਤੇ ਨੂੰ ਦਿਲ ਕੂਕ ਸੁਣਾਇਆ।
ਤੇ ਸਮਝਾਇਆ,
ਇਹ ਜੋ ਤੂੰ ਘੱਲਿਆ ਹੈ ਤੋਹਫ਼ਾ,
ਸੱਤ ਰੰਗਾਂ ਦੀ ਪੀਂਘ ਜਿਹਾ ਹੈ।
ਨੱਚਦਾ, ਗਾਉਂਦਾ, ਦਿਲ ਪਰਚਾਉਂਦਾ।
ਕੁੱਲ ਆਲਮ ਨੂੰ ਇਹ ਸਮਝਾਉਂਦਾ
ਇਹ ਪਲ ਜ਼ਿੰਦਗੀ, ਬੰਦਗੀ ਬੰਦੇ
ਕੁਝ ਪਲ ਛੱਡ ਕੇ ਕੰਮ ਤੇ ਧੰਦੇ
ਆਪਣੇ ਅੰਦਰ ਝਾਤੀ ਮਾਰੋ
ਵਕਤ ਵਿਚਾਰੋ, ਬਰਖੁਰਦਾਰੋ।
ਜੇ ਹਿੱਕੜੀ ਵਿੱਚ ਰੀਝਾਂ ਨੇ ਤਾਂ
ਰੰਗ ਭਰ ਦੇਵੋ।
ਜੇਕਰ ਸਾਜ਼ ਨਵਾਜ਼ ਬਣੋਗੇ
ਸਾਰੀ ਕਾਇਨਾਤ ਤੁਹਾਡੀ।
ਨਾ ਧਰਤੀ ਨਾ ਅੰਬਰ ਸੀਮਾ।
ਸੱਤ ਸਮੁੰਦਰ ਟੱਪ ਸਕਦੇ ਹੋ
ਕਲਾ ਘੋੜਿਓ, ਕਰੋ ਸਾਧਨਾ।
ਜੇਕਰ ਕੰਠ ਚ ਹੇਕਾਂ ਮਚਲਣ
ਘੁੱਟ ਘੁੱਟ ਕੇ ਅੰਦਰ ਨਾ ਮਾਰੋ
ਧੀਓ , ਭੈਣੋਂ ਤੇ ਮਾਤਾਉ
ਅਣ ਜੰਮੀਆਂ ਸੱਧਰਾਂ ਨਾ ਮਾਰੋ।
ਜੇ ਤਲੀਆਂ ਵਿੱਚ ਗਿੱਧਾ ਹੈ ਤਾਂ
ਪਿੜ ਵਿੱਚ ਆਉ।
ਅੱਡੀਆਂ ਐਵੇਂ ਨਾ ਤਰਸਾਉ।
ਸ਼ਗਨਾਂ ਵੇਲੇ ਸ਼ਗਨ ਮਨਾਉ।
ਝੁਰ ਝੁਰ ਕੇ ਨਾ ਉਮਰ ਲੰਘਾਉ।
ਰਾਜਪਾਲ ਧਰਤੀ ਦਾ ਪੁੱਤਰ
ਸੁਪਨੇ ਬੁਣਦਾ ,
ਤੋੜ ਹਕੀਕਤ ਤੱਕ ਪਹੁੰਚਾਉਂਦਾ,
ਤੇ ਸਮਝਾਉਂਦਾ,
ਇਹ ਜ਼ਿੰਦਗੀ ਨਾ ਮਿਲੂ ਦੁਬਾਰਾ।
ਚੱਲ ਕੁਲਦੀਪ ਉਤਾਰੀਏ ਰਲ ਕੇ,
ਵੱਡਾ ਕਰਜ਼ਾ ਸਿਰ ਤੇ ਭਾਰਾ।
ਸਰਬ ਸਮੇਂ ਨੇ ਦਿੱਤੀ ਸਾਨੂੰ
ਭਰ ਕੇ ਐਡੀ ਸ਼ਹਿਦ ਕਟੋਰੀ
ਆਪਣੀ ਰੂਹ ਤੋਂ ਕਾਹਦੀ ਚੋਰੀ।
ਰੰਗ ਭਰੀਏ
ਨਾ ਰੱਖੀਏ ਰੂਹ ਦੀ ਚਾਦਰ ਕੋਰੀ।
ਚੰਨ ਚਾਨਣੀ ਵਰਗਾ ਸੁੱਚਾ।
ਆਪਣੇ ਨਿੱਜ ਤੋਂ ਵਾਹਵਾ ਉੱਚਾ।
ਕਲਾਵੰਤ, ਮਿੱਠਬੋਲ, ਰਸੀਲਾ।
ਮਹਿਕਵੰਤ ਰੰਗਾਂ ਦੀ ਲੀਲ੍ਹਾ।
ਬਾਗੜੀਆਂ ਪਿੰਡ ਜੰਮਿਆ ਜਾਇਆ।
ਦਸਮ ਪਿਤਾ ਦਾ
ਜਿਸ ਦੇ ਖ਼ਾਨਦਾਨ ਸਿਰ ਸਾਇਆ।
ਜੋਤ ਨਿਰੰਤਰ ਦਾ ਹਮਸਾਇਆ।
ਪਰ ਉਸ ਨੇ ਖ਼ੁਦ ਵਿਧਮਾਤਾ ਤੋਂ
ਫੁਲਕਾਰੀ ਜਿਹਾ ਲੇਖ ਲਿਖਾਇਆ
ਗਿਆਨ ਦੇ ਪਾਂਧੀ ਨਾਲ ਤੁਰਦਿਆਂ
ਕਦਮ ਕਦਮ ਤੇ
ਹਰ ਪਲ ਚਾਨਣ ਰੁੱਖੜਾ ਲਾਇਆ।
ਜਾਗੋ ਦੇ ਦੀਵੇ ਵਿੱਚ
ਜੀਵਨ ਤੇਲ ਸੀ ਪਾਇਆ।
ਰਾਜਪਾਲ ਤਾਂ
ਨਾਮ ਸੀ ਜਿਸਦਾ,
ਉਹ ਤਾਂ ਭਰ ਵਗਦਾ ਦਰਿਆ ਸੀ।
ਜਿੰਨਾ ਵਗਿਆ, ਰੱਜ ਕੇ ਵਗਿਆ।
ਸਾਡੇ ਤਨ ਤੇ ਮਨ ਦੀ ਖੇਤੀ
ਸਿੰਜਦਾ ਸਿੰਜਦਾ,
ਕਿਹੜੇ ਟਿੱਬਿਆਂ ਡੀਕ ਲਿਆ ਹੈ
ਭੇਤ ਨਾ ਲੱਗਿਆ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.