ਪ੍ਰੋ ਗੁਰਭਜਨ ਗਿੱਲ ਪੰਜਾਬੀ ਸਾਹਿਤ ਦੀ ਉਹ ਬਹੁਪਰਤੀ ਸ਼ਖ਼ਸੀਅਤ ਹੈ, ਜਿਸ ਵਿੱਚ ਅਨੇਕਾਂ ਰੰਗ, ਮੌਸਮ ਅਤੇ ਕਲਾਵਾਂ ਮੌਲਦੀਆਂ ਹਨ ।
ਮੋਹ-ਮੁਹੱਬਤ ਦੇ ਫੁੱਲ ਮਹਿਕਦੇ ਹਨ ਅਤੇ ਸਿਰਜਣਾ-ਪੱਥ ਦੇ ਨਵੇਂ ਪਾਂਧੀ ਰਹਿਨੁਮਾਈ ਗ੍ਰਹਿਣ ਕਰਦੇ ਹਨ । ਸ਼ੀਸ਼ਾ ਝੂਠ ਬੋਲਦਾ ਹੈ ਤੋਂ ਲੈ ਕੇ ਸੰਧੂਰਦਾਨੀ ਤੱਕ ਪ੍ਰੋ ਗਿੱਲ ਨੇ ਜਿਥੇ ਮੜਕ ਨਾਲ ਤੁਰਦੇ ਰਹਿਣ ਦੀ ਮਝੈਲ ਅਦਾ ਕਾਇਮ ਰੱਖੀ ਹੈ, ਉਥੇ ਗਿਲੇ-ਸ਼ਿਕਵਿਆਂ ਤੋਂ ਉੱਪਰ ਉਠ ਕੇ ਕੋਲੋਂ ਗੁਜ਼ਰਨ ਵਾਲੇ ਤਲਖ ਬੁੱਲਿਆਂ ਨੂੰ ਵੀ ਆਪਣੀ ਛਾਂ ਮਾਨਣ ਲਈ ਜੀ ਆਇਆਂ ਕਿਹਾ ਹੈ ।
ਸੰਧੂਰਦਾਨੀ ਰੁਬਾਈਆਂ ਦੇ ਰੂਪ ਵਿੱਚ ਉਸਦੇ ਮਹਾਂ ਅਨੁਭਵਾਂ ਅਤੇ ਵੱਗਦੇ ਦਰਿਆ ਵਰਗੇ ਨਜ਼ਰੀਏ ਦਾ ਹੀ ਸਾਹਿਤਕ ਪ੍ਰਗਟਾਅ ਹੈ ।
ਉਸਦੇ ਸਾਹਿਤਕ ਸਫ਼ਰ ਦੀ ਇਹ ਵਿਸ਼ੇਸ਼ਤਾ ਹੈ ਕਿ ਬਿਨਾ ਕਿਸੇ ਖੜੌਤ ਅਤੇ ਦੁਬਿਧਾ ਦੇ ਨਿਰੰਤਰ ਲਿਖਣ ਵਾਲਾ ਸਿਰਜਕ ਹੈ ।
ਇਹ ਚਾਰ-ਸਤਰੀ ਕਾਵਿ-ਟੋਟੇ ਚੰਨ-ਸਿਤਾਰਿਆਂ ਦੀ ਚੁੰਨੀ ਵਾਂਗ ਧਰਤੀ ਨੂੰ ਕੱਜਣ ਲਈ ਤੱਤਪਰ ਹਨ ।
ਪੰਜਾਬੀਅਤ ਦਾ ਸੰਕਲਪ ਇਸ ਕਿਤਾਬ ਵਿੱਚ ਫੁੱਲ ਵਿੱਚ ਮਹਿਕ ਦੀ ਨਿਆਂਈ ਨਿਹਿਤ ਹੈ ।
ਪ੍ਰਕਿਰਤੀ ਦੀ ਨਿਰਛਲਤਾ ਅਤੇ ਮੌਲਿਕਤਾ ਸ਼ਬਦਾਂ ਵਿੱਚ ਉਮੜ੍ਹ-ਉਮੜ੍ਹ ਪੈਂਦੀ ਹੈ ।
ਸ਼ਬਦ ਦੀ ਕਰਤਾਰੀ ਸ਼ਕਤੀ ਵਿੱਚ ਉਸਦੀ ਅਟੱਲ ਨਿਹਚਾ ਹੀ ਉਸ ਦੀ ਕਲਮ ਨੂੰ ਜ਼ਿੰਦਗੀ ਦੇ ਅਜਿਹੇ ਸ਼ਬਦਨਾਮੇ ਲਿਖਣ ਲਈ ਪ੍ਰੇਰਦੀ ਰਹਿੰਦੀ ਹੈ ।
ਇਨ੍ਹਾਂ ਸੰਖੇਪ ਸ਼ਬਦਾਂ ਨਾਲ ਹੀ ਮੈਂ ਇਸ ਰੁਬਾਈ-ਸੰਗ੍ਰਹਿ ਦੇ ਪ੍ਰਕਾਸ਼ਨ ਤੇ ਵੱਡੇ ਭਾਜੀ ਪ੍ਰੋ ਗੁਰਭਜਨ ਗਿੱਲ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੰਦਾ ਹਾਂ।
-
ਸਰਬਜੀਤ ਸੋਹੀ, ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.