ਲੰਮਾ ਸਮਾਂ ਪਹਿਲਾਂ ਲਿਖਿਆ ਸੀ।
ਜਦ ਪੰਜਾਬ ਚ ਕਤਲੋਗਾਰਤ ਦਾ ਰਾਜ ਭਾਗ ਸੀ। ਬਲਧੀਰ ਮਾਹਲਾ ਨੇ ਗਾਇਆ ਸੀ ਇਸਨੂੰ।
ਹਟ ਹਾਕਮਾ! ਤੇ ਤੂੰ ਵੀ ਟਲ਼ ਸ਼ੇਰ ਬੱਲਿਆ।
ਓਇ! ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ।
ਅੱਗੇ ਵਿਰਲਾਪ ਵਰਗਾ ਗੀਤ ਸੀ।
ਮਾਵਾਂ ਤੇ ਭੈਣਾਂ ਧੀਆਂ ਰੋ ਰੋ ਕੇ ਹਾਰੀਆਂ।
ਰੁੱਖਾਂ ਦੇ ਮੁੱਢ ਨੂੰ ਜ਼ਾਲਮ ਫੇਰਨ ਪਏ ਆਰੀਆਂ।
ਬਾਲਣ ਦੇ ਵਾਂਗੂੰ ਦੇਂਦੇ ਚੀਰ।
ਰਾਜਿਉ! ਕਿੱਧਰ ਗਏ?
ਭੈਣਾਂ ਦੇ ਸੋਹਣੇ ਸੋਹਣੇ ਵੀਰ।
ਉਦੋਂ ਪੁੱਤਰ ਬੰਦੂਕ ਦੀ ਗੋਲੀ ਨਾਲ ਮਰਦੇ ਮਾਰਦੇ ਸੀ ਤੇ ਹੁਣ ਸਰਿੰਜਾਂ ਗੋਲੀਆਂ ਤੇ ਜ਼ਹਿਰੀਲਾ ਚਿੱਟਾ ਪਾਊਡਰ।
ਕੋਈ ਸਮਾਂ ਸੀ ਜਦ ਸ਼ਰਾਬ ਪੀਣ ਵਾਲਾ ਆਦਮੀ ਆਪਣੇ ਘਰ ਮੂੰਹ ਘੁੱਟ ਕੇ ਵੜਦਾ ਸੀ ਕਿ ਕਿਤੇ ਮੇਰੀ ਪਤਨੀ, ਜਵਾਨ ਪੁੱਤਰ ਜਾਂ ਮੁਟਿਆਰ ਧੀ ਨੂੰ ਇਸ ਦੀ ਬਦਬੂ ਨਾ ਆ ਜਾਵੇ। ਪਰ ਹੁਣ ਘਰ ਆਏ ਮਹਿਮਾਨ ਦੀ ਉਡੀਕ ਕਈ ਵਾਰ ਸਿਰਫ ਏਸ ਵਾਸਤੇ ਕੀਤੀ ਜਾਂਦੀ ਹੈ ਕਿ ਕੋਈ ਮਹਿਮਾਨ ਆ ਜਾਵੇ ਘੜੀ ਬੈਠਾਂਗੇ, ਪੀਵਾਂਗੇ। ਬਹੁਤ ਸਾਰੇ ਨਵੇਂ ਅਮੀਰ ਹੋਏ ਸ਼ਹਿਰੀ ਘਰਾਂ ਵਿੱਚ ਜਿਥੇ ਪੂਜਾ ਸਥਾਨਾਂ ਦੀਆਂ ਉਸਾਰੀਆਂ ਵੀ ਜ਼ੋਰਾਂ ਤੇ ਹਨ ਉਨ੍ਹਾਂ ਹੀ ਘਰਾਂ ਵਿੱਚ ਬਹੁਤ ਥਾਈਂ ਸ਼ਰਾਬ ਦੇ ਲੁਕਵੇਂ ਪ੍ਰਬੰਧ ਕੀਤੇ ਹੋਏ ਮੈਂ ਖੁਦ ਵੇਖੇ ਹਨ। ਕਿਸੇ ਨੇ ਨਹਾਉਣ ਵਾਲੇ ਗੁਸਲਖਾਨੇ ਦੀ ਟੈਂਕੀ ਵਿੱਚ ਬੋਤਲ ਲੁਕਾਈ ਹੋਈ ਹੈ ਕਿਸੇ ਨੇ ਕਿਤਾਬਾਂ ਵਾਲੀ ਅਲਮਾਰੀ ਦੇ ਪਿਛਵਾੜੇ ਲੁਕਵੇਂ ਖਾਨੇ ਬਣਾਏ ਹੋਏ ਨੇ।
ਕੀ ਅਸੀਂ ਇਸ ਦੋਗਲੀ ਜ਼ਿੰਦਗੀ ਤੋਂ ਮੁਕਤ ਨਹੀਂ ਹੋ ਸਕਦੇ? ਅਸਲ ਵਿੱਚ ਉਸ ਭਟਕਣ ਤੋਂ ਮੁਕਤੀ ਦੀ ਲੋੜ ਹੈ ਜੋ ਸਾਨੂੰ ਆਪਣੇ ਆਪ ਦੇ ਰੂ–ਬ–ਰੂ ਨਹੀਂ ਹੋਣ ਦਿੰਦੀ। ਹਮੇਸ਼ਾਂ ਅਸੀਂ ਕਿਸੇ ਹੋਰ ਥਾਂ ਜਾਂ ਨਸ਼ੇ ਤੋਂ ਹੀ ਦੁੱਖਾਂ ਦੀ ਦਵਾਈ ਮੰਗਦੇ ਹਾਂ। ਇਹ ਗੱਲ ਭਾਵੇਂ ਤੁਹਾਨੂੰ ਕੌੜੀ ਲੱਗੇ ਪਰ ਇਹ ਹਜ਼ਮ ਕਰਨੀ ਹੀ ਪਵੇਗੀ ਕਿ ਜਿੰਨਾ ਚਿਰ ਨਸ਼ਾ ਕਰਨ ਵਾਲੇ ਪੁੱਤਰ, ਬਾਪ ਜਾਂ ਪਤੀ ਨੂੰ ਔਰਤ ਨੱਥ ਨਹੀਂ ਪਾਉਂਦੀ ਓਨਾ ਚਿਰ ਇਸ ਕੋਹੜ ਤੋਂ ਮੁਕਤੀ ਹਾਸਲ ਨਹੀਂ ਹੋ ਸਕਦੀ। ਜੇਕਰ ਪੰਜਾਬ ਦੀਆਂ ਔਰਤਾਂ ਹੀ ਇਕੱਠੀਆਂ ਹੋਣ ਦੀ ਥਾਂ ਆਪੋ ਆਪਣੇ ਘਰੀਂ ਸ਼ਰਾਬਬੰਦੀ ਦਾ ਬਿਗਲ ਵਜਾ ਦੇਣ ਤਾਂ 50 ਫੀ ਸਦੀ ਨਸ਼ਾਬੰਦੀ ਇਕ ਰਾਤ ਵਿੱਚ ਹੀ ਸੰਭਵ ਹੈ।
ਬਦੇਸ਼ਾਂ ਵਿੱਚ ਪੰਜਾਬੀ ਭਰਾ ਆਪਣੀਆਂ ਪਤਨੀਆਂ ਨੂੰ ਪਾਰਟੀਆਂ 'ਚ ਜ਼ਰੂਰ ਲੈ ਕੇ ਜਾਂਦੇ ਨੇ। ਕਾਰਨ ਇਹ ਨਹੀਂਕਿ ਸਤਿਕਾਰ ਹੈ, ਸਗੋਂ ਇਹ ਹੈ ਕਿ ਪਾਰਟੀ ਮਗਰੋਂ ਸ਼ਰਾਬੀ ਪਤੀ ਨੂੰ ਕਾਰ ਤੇ ਲੱਦ ਕੇ ਵੀ ਵਾਪਸ ਘਰ ਲਿਆਉਣਾ ਹੈ। ਸ਼ਰਾਬ ਪੀ ਕੇ ਕਾਰ ਚਲਾਉਣ ਦੀ ਮਨਾਹੀ ਹੋਣ ਕਾਰਨ ਪੰਜਾਬੀ ਵੀਰਾਂ ਨੇ ਇਹ ਰਾਹ ਕੱਢ ਲਿਐ। ਨਸ਼ੇ ਵਿੱਚ ਗਲਤਾਨ ਆਦਮੀ ਆਪਣੇ ਘਰਾਂ ਨੂੰ ਨਰਕ ਬਣਾ ਕੇ ਇਸ ਜੀਵਨ ਜਾਚ ਦੇ ਚੱਕਰਵਿਊ ਵਿਚੋਂ ਨਿਕਲਣ ਦੇ ਸਮਰੱਥ ਨਹੀਂ ਰਹਿੰਦੇ।
ਇਸ ਚੱਕਰਵਿਊ ਨੂੰ ਤੋੜਨਾ ਧਾਰਮਿਕ ਜਥੇਬੰਦੀਆਂ, ਸਹਿਤ ਚੇਤਨਾ ਕੇਂਦਰਾਂ ਅਤੇ ਸਮਾਜਿਕ ਵਿਕਾਸ ਜਥੇਬੰਦੀਆਂ ਦਾ ਫਰਜ਼ ਹੈ।
ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਅਤੇ ਟਰਾਂਸਪੋਰਟ ਦੇ ਕਾਰੋਬਾਰ ਵਿੱਚ ਲੱਗੇ ਪੰਜਾਬੀਆਂ ਰਾਹੀਂ ਜ਼ਰਦਾ, ਅਫੀਮ, ਭੰਗ ਅਤੇ ਪੋਸਤ ਦੇ ਨਸ਼ੇ ਆਏ ਹਨ। ਪਹਿਲਾਂ ਸਿਰਫ ਟਰਾਂਸਪੋਰਟ ਦੇ ਕਾਰੋਬਾਰ ਵਿੱਚ ਕੰਮ ਕਰਦੇ ਡਰਾਈਵਰ ਖਲਾਸੀ ਅਤੇ ਹੋਰ ਸਹਾਇਕ ਮਜ਼ਦੂਰ ਵਰਗ ਦੇ ਲੋਕ ਹੀ ਇਸ ਤੋਂ ਪੀੜਤ ਸਨ। ਪਰ ਹੁਣ ਪਿੰਡ–ਪਿੰਡ, ਸ਼ਹਿਰ–ਸ਼ਹਿਰ ਆਏ ਪ੍ਰਵਾਸੀ ਮਜ਼ਦੂਰ ਇੰਨੀ ਗਿਣਤੀ ਵਿੱਚ ਪੰਜਾਬ ਅੰਦਰ ਵੱਸ ਗਏ ਹਨ ਕਿ ਉਨ•ਾਂ ਦੀ ਨਸ਼ਾ ਪੂਰਤੀ ਲਈ ਨਸ਼ਿਆਂ ਦੀਆਂ ਨਵੀਆਂ ਮੰਡੀਆਂ ਵੀ ਵਿਕਸਤ ਹੋ ਗਈਆਂ ਹਨ। ਤਲੀ ਤੇ ਮਲ ਕੇ ਬੁੱਲਾਂ ਹੇਠ ਰੱਖਣ ਵਾਲਾ ਜ਼ਰਦਾ ਪਿੰਡ–ਪਿੰਡ ਵਿਕ ਰਿਹਾ ਹੈ। ਬੜੇ ਦਿਲਕਸ਼ ਨਾਵਾਂ ਤੇ ਪੁੜੀਆਂ ਵਿੱਚ ਵਿਕਦੇ ਇਸ ਜ਼ਹਿਰ ਦੇ ਦਰਸ਼ਨ ਤੁਸੀਂ ਅਕਤਸਰ ਕਰਦੇ ਹੋਵੇਗੇ। ਪਰ ਕਿਸੇ ਕੈਂਸਰ ਹਸਪਤਾਲ ਵਿੱਚ ਪਏ ਦੰਦਾਂ ਅਤੇ ਜਬਾੜੇ ਦੇ ਕੈਂਸਰ ਵਾਲੇ ਰੋਗੀ ਨੂੰ ਪੁੱਛਿਓ ਉਸ ਨੂੰ ਇਹ ਸੁਗਾਤ ਕਿਥੋਂ ਮਿਲੀ ਹੈ ਉਹ ਆਪੇ ਹੀ ਇਨ•ਾਂ ਪੁੜੀਆਂ ਦਾ ਸਿਰਨਾਵਾਂ ਦੱਸ ਦੇਵੇਗਾ।
ਸਾਡੇ ਸੁੱਤਿਆਂ ਸੁੱਤਿਆਂ ਨਸ਼ਿਆਂ ਦੇ ਹੜ• ਦਾ ਪਾਣੀ ਸਾਡੇ ਘਰਾਂ ਦੀਆਂ ਕੰਧਾਂ ਤੋੜ ਕੇ ਅੰਦਰ ਆ ਵੜਿਆ ਹੈ ਪਰ ਅਸੀਂ ਅਜੇ ਵੀ ਘੂਕ ਸੁੱਤੇ ਪਏ ਹਾਂ। ਸਾਨੂੰ 365 ਦਿਨਾਂ ਵਿਚੋਂ ਸਿਰਫ ਇਕੋ ਦਿਨ ਮਾਰੀ ਆਵਾਜ਼ ਕਦੇ ਨਹੀਂ ਜਗਾ ਸਕਦੀ। ਸਾਨੂੰ ਹਰ ਪਲ, ਹਰ ਦਿਨ ਇਸ ਨਸ਼ੀਲੇ ਨਿਜ਼ਾਮ ਦੇ ਖਿਲਾਫ ਬੋਲਣਾ ਪਵੇਗਾ, ਜਾਗਣਾ ਪਵੇਗਾ ਅਤੇ ਇਹ ਨਸ਼ੀਲਾ ਹੜ• ਰੋਕਣਾ ਪਵੇਗਾ।
ਅੱਜ ਸਮਾਂ ਕਿਸੇ ਇਕ ਧਿਰ ਤੇ ਇਲਜ਼ਾਮ ਲਗਾਉਣ ਦਾ ਨਹੀਂ, ਸੋਚਣ ਦਾ ਵੇਲਾ ਹੈ ਕਿ ਪੰਜਾਬ ਦਾ ਮਿਹਨਤੀ ਹੱਥ, ਸੋਚਵਾਨ ਦਿਮਾਗ ਰੋਸ਼ਨ ਭਵਿੱਖ ਕਿਵੇਂ ਬਚਾਉਣਾ ਹੈ। ਇਸ ਕੰਮ ਲਈ ਨਸ਼ੇ ਦੇ ਜਾਇਜ਼, ਨਜ਼ਾਇਜ ਕਾਰੋਬਾਰ ਵਿੱਚ ਲੱਗੇ ਵਿਅਕਤੀਆਂ, ਸਮੂਹਾਂ ਅਤੇ ਵਿਭਾਗਾਂ ਨੂੰ ਇਸ ਨਿਜ਼ਾਮ ਦੀ ਭਿਆਨਕਤਾ ਬਾਰੇ ਚੇਤਨਾ ਤਾਂ ਹੈ ਪਰ ਇਸ ਦੇ ਦੂਰ ਰਸ ਸਿੱਟਿਆਂ ਦੀ ਸੋਝੀ ਨਹੀਂ, ਸ਼ਾਇਦ ਇਸੇ ਕਰਕੇ ਸੱਤਾਵਾਨ ਲੋਕ ਬਹੁ–ਗਿਣਤੀ ਵਿੱਚ ਨਸ਼ਿਆਂ ਦੇ ਕਾਰੋਬਾਰ ਵਿੱਚ ਆਪਣੇ ਸਾਧਨ ਲਗਾ ਰਹੇ ਹਨ। ਉਤਪਾਦਕ ਸ਼ਕਤੀਆਂ ਦਿਨੋ ਦਿਨ ਕਮਜ਼ੋਰ ਹੋ ਰਹੀਆਂ ਹਨ। ਜੇਕਰ ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗਿਆ ਸਰਮਾਇਆ ਨਵੇਂ ਉਦਯੋਗਾਂ ਅਤੇ ਕਾਰੋਬਾਰਾਂ ਵਿੱਚ ਲੱਗੇ ਤਾਂ ਕਿੰਨੇ ਵਿਹਲੇ ਹੱਥਾਂ ਨੂੰ ਰੋਜ਼ਗਾਰ ਮੁਹੱਈਆ ਹੋ ਸਕਦਾ ਹੈ। ਪਰ ਹੁਣ ਬੇਰੁਜ਼ਗਾਰੀ ਅਤੇ ਅਸੁਰੱਖਿਅਤ ਭਵਿੱਖ ਦਾ ਭੈ ਸਾਡੀ ਜਵਾਨੀ ਨੂੰ ਨਸ਼ਿਆਂ ਵਾਲੇ ਪਾਸੇ ਤੋਰ ਕੇ ਹੋਰ ਵੀ ਤਬਾਹੀ ਵਾਲੇ ਪਾਸੇ ਲਿਜਾ ਰਿਹਾ ਹੈ। ਇਸ ਕੰਮ ਵਿੱਚ ਸੰਚਾਰ ਮਾਧਿਅਮ ਵੀ ਬੜਾ ਮਾੜਾ ਰੋਲ ਅਦਾ ਕਰ ਰਹੇ ਹਨ। ਫਿਲਮਾਂ, ਟੈਲੀ ਸੀਰੀਅਲ ਅਤੇ ਸਭਿਆਚਾਰਕ ਪ੍ਰੋਗਰਾਮਾਂ ਦੇ ਨਾਮ ਹੇਠ ਹੋ ਰਿਹਾ ਵਣਜ–ਵਪਾਰ ਸ਼ਰਾਬ ਦੇ ਦਖਲ ਨੂੰ ਘੱਟ ਕਰਨ ਦੀ ਥਾਂ ਵਧਾ ਰਿਹਾ ਹੈ।
ਸ਼ਰਾਬ ਦੀ ਮਹਿਮਾ ਵਾਲੇ ਗੀਤਾਂ ਤੇ ਪਾਬੰਦੀ ਸਮੇਂ ਦੀ ਲੋੜ ਹੈ।
ਆਪਣਾ ਪੰਜਾਬ ਹੋਵੇ,
ਘਰ ਦੀ ਸ਼ਰਾਬ ਹੋਵੇ,
ਮੰਜੇ ਉੱਤੇ ਬੈਠਾ ਜੱਟ
ਬਣਿਆ ਨਵਾਬ ਹੋਵੇ,
ਮਾਡਲ ਨੂੰ ਆਪਣੇ ਘਰ ਵਿੱਚ ਉਸਾਰ ਕੇ ਵੇਖੋ ! ਮੰਜੇ ਤੇ ਚੌੜਾ ਹੋ ਕੇ ਪਏ ਸ਼ਰਾਬੀ ਪੁੱਤਰ ਜਾਂ ਪਤੀ ਨੰ ਕਿੰਨਾ ਕੁ ਚਿਰ ਸਹਿਣ ਕਰੋਗੇ? ਇਹੋ ਜੇ ਗੈਰ ਜ਼ਿੰਮੇਂਵਾਰ ਗੀਤ ਸਾਡੀ ਮਾਨਸਿਕਤਾ ਨੂੰ ਪਲੀਤ ਕਰਦੇ ਹਨ। ਨਸ਼ੇ ਨੂੰ ਲਾਹਣਤ ਵਾਲੇ ਗੀਤ ਹੀ ਅੱਜ ਸਾਡੀ ਲੋੜ ਹਨ। ਸ਼ਰਾਬ ਦੀਆਂ ਬਹੁ–ਕੌਮੀ ਕੰਪਨੀਆਂ ਨੰਗੇਜ਼ ਦੇ ਸਹਾਰੇ ਸਾਡੇ ਘਰਾਂ ਵਿੱਚ ਅਜਿਹਾ ਕੁਝ ਬੀਜ ਰਹੀਆਂ ਹਨ ਜਿਸ ਦਾ ਫਲ ਤਬਾਹੀ ਦੇ ਰੂਪ ਵਿੱਚ ਸਾਨੂੰ ਹੀ ਵੱਢਣਾ ਪਵੇਗਾ। ਇਸ ਘੜੀ ਮੈਂ ਸਿਰਫ ਇਹੀ ਕਹਾਂਗਾ ਕਿ ਨਸ਼ਿਆਂ ਦੇ ਖਿਲਾਫ ਸਿਹਤਮੰਦ ਸਮਾਜ ਸਿਰਜਣ ਲਈ ਆਓ ਜਾਗੀਏ, ਉਠੀਏ ਅਤੇ ਕਾਫਲਾ ਬਣੀਏ।
ਜਦੋਂ ਮਾਵਾਂ, ਧੀਆਂ, ਪਤਨੀਆਂ ਆਪਣੇ ਘਰਾਂ ਵਿੱਚ ਨਸ਼ੀਲੀਆਂ ਬੋਤਲਾਂ ਦਾ ਦਾਖਲਾ ਬੰਦ ਕਰਨਗੀਆਂ ਜਾਂ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਬਦਬੂ ਨੂੰ ਨਫਰਤ ਕਰਨਗੀਆਂ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਦਾ ਗੱਭਰੂ ਨਸ਼ਾ ਤਿਆਗ ਕੇ ਸਹੀ ਰਸਤੇ ਉਪਰ ਤੁਰੇਗਾ। ਅਸੀਂ ਰਲ ਕੇ ਉਹ ਨਿਜ਼ਾਮ ਸਿਰਜਣਾ ਹੈ ਜਿਸ ਵਿੱਚ ਨਸ਼ਿਆਂ ਦੀ ਵਰਤੋਂ ਕੁਰਹਿਤ ਹੋਵੇ। ਧਰਮ ਸਥਾਨਾਂ, ਖੇਡਾਂ ਅਖਾੜਿਆਂ, ਸਭਿਆਚਾਰਕ ਸੱਥਾਂ, ਮਿੱਤਰ ਮਿਲਣੀਆਂ, ਸਾਹਿਤ ਸਭਾਵਾਂ ਅਤੇ ਟਰੇਡ ਯੂਨੀਅਨ ਮੀਟਿੰਗਾਂ ਵਿੱਚ ਇਹ ਗੱਲ ਸਾਨੂੰ ਸਾਰਿਆਂ ਨੂੰ ਮੁੱਖ ਮੁੱਦੇ ਦੇ ਤੌਰ ਤੇ ਵਿਚਾਰਨੀ ਪਵੇਗੀ ਕਿ ਜੇਕਰ ਨਸ਼ਿਆਂ ਦੇ ਪਿਆਲੇ ਵਿੱਚ ਪੰਜਾਬ ਹੋਰ ਕੁਝ ਚਿਰ ਡੁੱਬਿਆ ਰਿਹਾ ਤਾਂ ਅਸੀਂ ਖੁਦ ਕਿਵੇਂ ਜੀਵਾਂਗੇ। ਇਹ ਗੱਲ ਸਾਨੂੰ ਸਿਰਫ ਆਪਣੇ ਪਰਿਵਾਰ ਤਕ ਹੀ ਨਹੀਂ ਸਗੋਂ ਕੁੱਲ ਸੰਸਾਰ ਤੱਕ ਲੈ ਕੇ ਜਾਣੀ ਪਵੇਗੀ ਕਿ ਨਸ਼ਿਆਂ ਦੀ ਖੁਮਾਰੀ ਸਾਡੇ ਭਵਿੱਖ ਦੀ ਖੁਆਰੀ ਬਣ ਸਕਦੀ ਹੈ। ਜ਼ਿੰਦਗੀ ਦੇ ਸੁਹਜਵੰਤੇ ਰੂਪ ਦੀ ਉਸਾਰੀ ਲਈ ਘਰ ਘਰ ਮਹਿਕਦੀ ਫੁੱਲਾਂ ਦੀ ਕਿਆਰੀ ਲਈ, ਪੰਜਾਬ ਦੀ ਚੰਗੀ ਉਸਾਰੀ ਲਈ, ਆਓ ਨਸ਼ਿਆਂ ਨੂੰ ਇਸ ਧਰਤੀ ਤੋਂ ਦੂਰ ਭਜਾਈਏ, ਖੁਦ ਵੀ ਸਮਝੀਏ, ਹੋਰਨਾਂ ਨੂੰ ਵੀ ਸਮਝਾਈਏ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.