ਹਿੰਦ ਪਾਕਿ ਦੋਸਤੀ ਲਈ ਦਿੱਲੀਓਂ ਲਾਹੌਰ ਬੱਸ ਚਾਲੂ ਕਰਨ ਵਾਲੇ ਸ਼ਾਇਰ ਤੇ ਸਾਬਕਾ ਪ੍ਰਧਾਨ ਮੰਤਰੀ ਦਾ 93 ਸਾਲ ਦੀ ਉਮਰ ਭੋਗ ਕੇ ਜਾਣਾ ਇਸ ਕਰਕੇ ਦੁਖਦਾਈ ਨਹੀਂ ਕਿ ਉਹ ਕੂੜ ਕੁਸੱਤ ਦੀ ਰਾਜਨੀਤੀ ਵੇਖਣ ਤੋਂ ਬਹੁਤ ਚਿਰ ਦਾ ਅਲੱਗ ਸੀ।
ਜਨਸੰਘ ਦੇ ਬਾਨੀਆਂ ਚੋਂ ਹੋਣ ਦੇ ਬਾਵਜੂਦ ਉਹ ਰਸਵੰਤਾ ਪੁਰਸ਼ ਸੀ। ਪਾਰਲੀਮੈਂਟ ਚ ਸਾਹ ਰੋਕ ਕੇ ਜਿਸ ਨੂੰ ਵਿਰੋਧੀ ਵੀ ਸੁਣਦੇ।
ਨਸਲ ਮੁੱਕ ਗਈ ਮਧੁਰਭਾਸ਼ੀ ਪਾਰਲੀਮੈਂਟੇਰੀਅਨਜ਼ ਦੀ। ਹੁਣ ਤਾਂ ਕੌੜਤੁੰਮਿਆਂ ਦੀ ਫ਼ਸਲ ਭਰਪੂਰ ਹੈ।
ਗੁਲਕੰਦ ਲੱਭਦੀ ਨਹੀਂ, ਵਿਸ਼ ਬੂਟੀ ਫ਼ੈਲ ਰਹੀ ਹੈ।
ਅਟਲ ਬਿਹਾਰੀ ਵਾਜਪਾਈ ਨੂੰ ਸੁਣਨ ਲਈ ਅਸੀਂ ਲੋਕ ਕਾਲਿਜ ਦੇ ਪੀਰੀਅਡ ਛੱਡ ਕੇ ਦਰੇਸੀ ਗਰਾਉਂਡ ਲੁਧਿਆਣਾ ਨੂੰ ਤੁਰ ਪੈਂਦੇ ਸਾਂ।
ਤਿੰਨ ਵਾਰ ਪ੍ਰਧਾਨ ਮੰਤਰੀ ਬਣੇ ਵਾਜਪਾਈ ਜੀ ਦੀਆਂ ਹਿੰਦੀ ਕਵਿਤਾਵਾਂ ਨੂੰ ਪੰਜਾਬੀ ਵਿੱਚ ਡਾ: ਸਤੀਸ਼ ਕੁਮਾਰ ਵਰਮਾ ਵੱਲੋਂ ਅਨੁਵਾਦ ਕਰਵਾ ਕੇ ਛਾਪਿਆ ਗਿਆ ਸੀ।
ਉਨ੍ਹਾਂ ਦੀ ਲਚਕਦਾਰ ਸ਼ਖਸੀਅਤ ਹਰਮਨ ਪਿਆਰਤਾ ਦਾ ਵਸੀਲਾ ਬਣਦੀ ਸੀ।
ਮਹਿਕਦੇ ਇਨਸਾਨਾਂ ਦੀ ਕਮੀ ਹੋ ਰਹੀ ਹੈ। ਪਰ ਕੁਦਰਤ ਅੱਗੇ ਕਿਸ ਦਾ ਜ਼ੋਰ ਹੈ।
ਅਟਲ ਬਿਹਾਰੀ ਵਾਜਪਾਈ ਦੀ ਇੱਕ ਲੰਮੀ ਹਿੰਦੀ ਕਵਿਤਾ ਦਾ ਕੁਝ ਹਿੱਸਾ ਸਰਲ ਪੰਜਾਬੀ ਚ ਪੜ੍ਹੋ
ਆਉਣ ਔਕੜਾਂ ਆਈ ਜਾਵਣ।
ਪਰਲੋ ਦੀਆਂ ਘਨਘੋਰ ਘਟਾਵਾਂ
ਪੈਰਾਂ ਹੇਠ ਭਖਣ ਅੰਗਿਆਰੇ।
ਸਿਰ ਤੇ ਬਰਸਣ ਅਗਨੀ ਕਣੀਆਂ।
ਆਪਣੇ ਹੱਥੀਂ ਹੱਸਦੇ ਹੱਸਦੇ
ਅਗਨ ਬਾਲ ਕੇ ਤੁਰਨਾ ਪੈਣਾ।
ਕਦਮ ਮਿਲਾ ਕੇ ਤੁਰਨਾ ਪੈਣਾ।
ਹੱਸਦੇ ਰੋਂਦੇ ਤੂਫ਼ਾਨਾਂ ਵਿੱਚ
ਅਮਰ ਅਸੰਖਾਂ ਬਲੀਦਾਨਾਂ ਵਿੱਚ
ਬਾਗ ਬਗੀਚਿਆਂ, ਵੀਰਾਨਾਂ ਵਿੱਚ
ਅਪਮਾਨਾਂ ਵਿੱਚ ਸਨਮਾਨਾਂ ਵਿੱਚ
ਚੇਤੰਨ ਮੱਥਾ ਛਾਤੀ ਤਾਣ ਕੇ,
ਪੀੜਾਂ ਦੇ ਵਿੱਚ ਪਲਣਾ ਪੈਣਾ
ਕਦਮ ਮਿਲਾ ਕੇ ਚੱਲਣਾ ਪੈਣਾ।
ਪੰਜਾਬੀ ਰੂਪ: ਗੁਰਭਜਨ ਗਿੱਲ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.