ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਮਾਹਿਲਪੁਰ ਦੇ ਨੇੜੇ ਇੱਕ ਪਿੰਡ ਵਸਦਾ ਹੈ ਜਿਸਦਾ ਨਾਂਅ ਹੈ 'ਪਿੰਡ ਪਾਲਦੀ' । ਉਥੋਂ ਦੇ 1888 'ਚ ਸਿੱਖ ਪਰਿਵਾਰ 'ਚ ਜਨਮੇ ਮੀਆਂ ਸਿੰਘ ਸਪੁੱਤਰ ਬੂਲਾ ਸਿੰਘ ਆਪਣੇ ਦੋ ਸਾਥੀਆਂ ਕਪੂਰ ਸਿੰਘ ਅਤੇ ਦੁੱਮਣ ਸਿੰਘ ਨਾਲ ਰੋਜ਼ੀ ਰੋਟੀ ਕਮਾਉਣ ਲਈ 1906 'ਚ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਗਏ। ਜ਼ਿੰਦਗੀ ਦੇ ਨਿਰਵਾਹ ਦੇ ਚਲਦੇ ਸੰਘਰਸ਼ ਅਖੀਰ 1915-16 'ਚ ਕੈਨੇਡਾ ਦੇ ਵਿਕਟੋਰਿਆ ਦੇ ਆਈਲੈਂਡ ਵਿਚ 'ਡੰਕਨ ਵੈਲੀ' ਕੋਲ ਰੇਲਵੇ ਲਾਈਨਾਂ 'ਤੇ ਨੌਕਰੀ ਕਰਨ ਲੱਗੇ।
1914 'ਚ ਸ਼ੁਰੂ ਹੋਏ ਪਹਿਲੇ ਵਿਸ਼ਵ ਯੁੱਧ ਦੌਰਾਨ ਕੈਨੇਡਿਅਨ ਨੌਜਵਾਨਾਂ 'ਚ ਫੌਜ 'ਚ ਭਰਤੀ ਹੋਣ ਦਾ ਵੱਡਾ ਰੁਝਾਨ ਸੀ। ਉਸ ਵੇਲੇ ਕੈਨੇਡੀਅਨ ਗੋਰੇ ਵੱਡੀ ਗਿਣਤੀ 'ਚ ਲੱਕੜ ਦੀ ਇਕ 'ਸ਼ਾਹ ਮਿੱਲ' 'ਚ ਕੰਮ ਕਰਦੇ ਸਨ ਅਤੇ ਕੈਨੇਡੀਅਨ ਨੌਜਵਾਨਾਂ ਦਾ ਰੁਝਾਨ ਫੌਜ ਵੱਲ ਨੂੰ ਹੋ ਗਿਆ। ਤਾਂ ਉਸੇ ਮਿੱਲ੍ਹ 'ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਾਲਦੀ ਦੇ ਮੀਆਂ ਸਿੰਘ ਅਤੇ ਉਸਦੇ ਸਾਥੀ ਕਪੂਰ ਸਿੰਘ ਤੇ ਦੁੱਮਣ ਸਿੰਘ ਅਤੇ ਹੋਰ 34 ਦੇ ਕਰੀਬ ਨੌਜਵਾਨਾਂ ਨੇ ਇਹ ਮਿੱਲ੍ਹ ਲੀਜ਼ 'ਤੇ ਲੈ ਲਈ। ਪਾਲਦੀ ਪਿੰਡ ਵਾਲਾ ਮੀਆਂ ਸਿੰਘ ਤੋਂ ਮਾਇੳ ਸਿੰਘ ਬਣ ਗਿਆ। ਇਸ ਮਿੱਲ੍ਹ ਦਾ ਨਾਂਅ ਵੀ 'ਮਾਇੳ ਬ੍ਰਦਰਜ਼ ਟਿੰਬਰ ਕੰਪਨੀ' ਰੱਖਿਆ ਗਿਆ। ਕੁਦਰਤ ਦੀ ਅਜਿਹੀ ਨਿਗ੍ਹਾ ਸਵੱਲੀ ਹੋਈ ਕਿ ਮਾਇੳ ਬ੍ਰਦਰਜ਼ ਲੱਕੜ ਮਿੱਲ੍ਹ ਦੀ ਪੂਰੀ ਕੈਨੇਡਾ ਵਿਚ ਬੱਲੇ-ਬੱਲੇ ਹੋ ਗਈ। ਇਸ ਮਿੱਲ੍ਹ ਦਾ ਵਪਾਰ ਅਮਰੀਕਾ ਅਤੇ ਹੋਰ ਯੂਰਪੀਅਨ ਦੇਸ਼ਾਂ ਵਿਚ ਫੈਲ ਗਿਆ। ਮਾਇੳ ਦੀ ਪਹਿਚਾਣ ਅਮਰੀਕਾ ਦੇ ਧਨਾਢ ਬੰਦਿਆਂ ਵਿਚ ਹੋ ਗਈ। ਅਖੀਰ ਇਹ ਮਿੱਲ੍ਹ ਇਕੱਲੇ ਮਾਇੳ ਸਿੰਘ ਦੀ ਬਣ ਗਈ। ਇਸ ਦਾ ਨਾਂਅ 'ਮਾਇੳ ਬ੍ਰਦਰਜ਼' ਤੋਂ ਬਦਲ ਕੇ 'ਮਾਇੳ ਲੰਬਰ' ਕੰਪਨੀ ਰੱਖ ਲਿਆ ਗਿਆ। ਇਹ ਮਿੱਲ੍ਹ 14 ਹਜ਼ਾਰ ਏਕੜ ਵਿਚ ਫੈਲ ਗਈ । ਹਰ ਰੋਜ਼ 1 ਹਜ਼ਾਰ ਦੇ ਕਰੀਬ ਮੁਲਾਜ਼ਮ ਇਸ ਮਿੱਲ੍ਹ 'ਚ ਕੰਮ ਕਰਦੇ ਸਨ। ਜਿੰਨ੍ਹਾਂ ਵਿਚ ਵਧੇਰੇ ਸਿੱਖ ਪਰਿਵਾਰਾਂ ਤੋਂ ਇਲਾਵਾ ਗੋਰੇ, ਜਪਾਨੀ ਅਤੇ ਚੀਨੀ ਲੋਕ ਮਾਇੳ ਸਿੰਘ ਦੀ ਮਿੱਲ੍ਹ 'ਚ ਕੰਮ ਕਰਦੇ ਸਨ।
ਉਸਤੋਂ ਬਾਅਦ ਇਸ ਮਿੱਲ੍ਹ 'ਚ ਇੱਕ ਪਿੰਡ ਦੀ ਸਥਾਪਨਾ ਹੋਈ, ਜਿਸ ਦਾ ਨਾਂਅ ਮਾਇੳ ਸਿੰਘ ਨੇ ਆਪਣੇ ਜੱਦੀ ਦੇ ਪਿੰਡ ਦੇ ਨਾਂਅ 'ਤੇ 'ਪਿੰਡ ਪਾਲਦੀ' ਰੱਖਿਆ। ਜਿਸ 'ਚ ਸਿੱਖ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਜਪਾਨੀ ਲੋਕ ਵਸਣੇ ਸ਼ੁਰੂ ਹੋ ਗਏ। 1919 'ਚ ਉਥੇ ਵਸਦੇ ਸਿੱਖਾਂ ਨੇ ਕੈਨੇਡਾ ਦੇ ਇਸ ਪਿੰਡ ਪਾਲਦੀ ਵਿਚ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ। ਜਿਸਦਾ ਨਾਂਅ ਰੱਖਿਆ ਗਿਆ 'ਪਾਲਦੀ ਸਿੱਖ ਟੈਂਮਪਲ'। ਇਸਤੋਂ ਇਲਾਵਾ ਸਮੇਂ ਦੇ ਬੀਤਣ ਨਾਲ ਪਿੰਡ ਵਿਚ ਸਕੂਲ, ਪੋਸਟ ਆਫਿਸ, ਜਪਾਨੀ ਟੈਂਪਲ, ਸਟੋਰ ਆਦਿ ਸਥਾਪਿਤ ਹੋਏ। 1925 'ਚ ਮਾਇੳ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਪਣਾ ਇਕ ਆਲੀਸ਼ਾਨ ਮਕਾਨ ਬਣਾਇਆ। ਉਸ ਵਕਤ ਜਦੋਂ ਆਮ ਬੰਦੇ ਲਈ ਇਕ ਸਾਈਕਲ ਖਰੀਦਣਾ ਵੀ ਇਕ ਵੱਡੀ ਚੁਣੌਤੀ ਸੀ ਤਾਂ ਮਾਇੳ ਸਿੰਘ ਨੇ ਹਵਾਈ ਜਹਾਜ਼ ਰੱਖਿਆ ਸੀ ਅਤੇ ਉਸਨੇ ਆਪਣੇ ਘਰ ਹੈਲੀਪੈਡ ਬਣਾਇਆ ਸੀ। ਦੁਨੀਆ ਦੀ ਮਸ਼ਹੂਰ ਕੰਪਨੀ ਰੋਲਸ ਰਾਇਸ ਦੀਆਂ ਦੋ ਮਹਿੰਗੀਆਂ ਵੱਡੀਆਂ ਕਾਰਾਂ ਉਸ ਕੋਲ ਮੌਜੂਦ ਸਨ। ਮਾਇੳ ਸਿੰਘ ਦਸਾਂ ਨੌਹਾਂ ਦੀ ਕਿਰਤ 'ਚੋਂ ਯੂਨੀਵਰਸਿਟੀ ਆਫ ਵਿਕਟੋਰੀਆ ਨੂੰ ਦਾਨ ਦਿੰਦਾ ਸੀ। 1937 'ਚ ਇਥੇ 100 ਤੋਂ ਵੱਧ ਸਿੱਖਾਂ ਦੇ ਘਰ ਅਤੇ ਪਰਿਵਾਰ ਸਨ। ਜਿੰਨ੍ਹਾਂ ਦੀ ਵਸੋਂ 1500 ਤੋਂ 2000 ਦੇ ਕਰੀਬ ਸੀ। ਪਿੰਡ ਪਾਲਦੀ ਨੂੰ ਕੈਨੇਡਾ ਦੇ ਸਿੱਖਾਂ ਦਾ ਪਿੰਡ ਕਿਹਾ ਜਾਂਦਾ ਹੈ। ਪਿੰਡ ਦੀਆਂ ਗਲੀਆਂ ਦੇ ਨਾਮ ਜੋ ਅੱਜ ਵੀ ਉਥੋਂ ਦੀਆਂ ਗਲੀਆਂ 'ਚ ਅੱਜ ਵੀ ਲੱਗੀਆਂ ਨੇਮ ਪਲੇਟਾਂ ਇਸ ਗੱਲ ਦਾ ਗਵਾਹ ਹਨ ਜਿਸ ਵਿਚ ਇਕ ਗਲੀ ਕਪੂਰ ਸਿੰਘ ਦੇ ਨਾਂਅ 'ਤੇ, ਇੱਕ ਦਾ ਨਾਮ ਦੁੱਮਣ ਸਿੰਘ ਤੇ ਇੱਕ ਗਲੀ ਦਾ ਨਾਂਅ ਉਸਦੀ ਧਰਮਪਤਨੀ ਬਿਸ਼ਨ ਕੌਰ ਦੇ ਨਾਮ, ਜਦਕਿ ਇਕ ਹੋਰ ਗਲੀ ਦਾ ਨਾਮ ਉਸਦੀ ਬੇਟੀ ਜਿੰਦੋ (ਜੋਗਿੰਦਰ ਕੌਰ) ਦੇ ਨਾਮ 'ਤੇ ਹੈ। ਇਹ ਪਾਲਦੀ ਪਿੰਡ, ਵਿਕਟੋਰੀਆ ਤੋਂ 74 ਕਿਲੋਮੀਟਰ ਦੂਰ ਅਤੇ ਡੰਕਨ ਵੈਲੀ ਤੋਂ 13 ਕਿਲੋਮੀਟਰ ਦੂਰ ਉੱਤਰ ਵਾਲੇ ਪਾਸੇ ਹੈ । 1948 'ਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਉਚੇਚੇ ਤੌਰ 'ਤੇ ਮਾਇੳ ਸਿੰਘ ਦੇ ਘਰ ਅਤੇ ਉਸਦੀ ਮਿੱਲ੍ਹ ਦੇਖਣ ਗਏ। ਮਾਇੳ ਸਿੰਘ ਦੇ 7 ਬੱਚੇ ਸਨ। ਜਦੋਂ ਵੀ ਉਸਦੇ ਘਰ ਕੋਈ ਬੱਚਾ ਪੈਦਾ ਹੁੰਦਾ ਤਾਂ ਉਹ ਆਪਣੀ ਇਕ ਦਿਨ ਦੀ ਤਨਖਾਹ ਵਿਕਟੋਰੀਆ ਯੂਨੀਵਰਸਿਟੀ ਨੂੰ ਦਾਨ ਕਰਦੇ ਸਨ।
ਅਖੀਰ ਕੁਦਰਤ ਨੇ ਪਾਸਾ ਪਲਟਿਆ। 50ਵੇਂ ਦਹਾਕੇ 'ਚ ਮਾਇੳ ਸਿੰਘ ਦੀ 'ਮਾਇੳ ਲੰਬਰ ਕੰਪਨੀ' ਮਿੱਲ੍ਹ ਫੇਲ ਹੋਣ ਕਿਨਾਰੇ ਹੋ ਗਈ। ਉਸਦੇ ਸਾਥੀ ਕਪੂਰ ਸਿੰਘ ਵੈਨਕੂਵਰ ਚਲੇ ਗਏ। ਅਖੀਰ ਮਿੱਲ੍ਹ ਬੈਂਕ ਕੋਲ ਗਿਰਵੀ ਹੋ ਗਈ। ਸਿੱਖ ਪਰਿਵਾਰਾਂ ਨੇ ਪਿੰਡ ਪਾਲਦੀ ਛੱਡਣਾ ਸ਼ੂਰੂ ਕਰ ਦਿੱਤਾ। 1955 'ਚ ਮਾਇੳ ਸਿੰਘ , 1952 'ਚ ਉਸਦੀ ਪਤਨੀ ਦੀ ਮੌਤ ਹੋ ਗਈ। ਸਿੱਖਾਂ ਦਾ ਪਿੰਡ ਪਾਲਦੀ ਵਿਚੋਂ ਉਜਾੜਾ ਸ਼ੁਰੂ ਹੋ ਗਿਆ। ਮਾਇੳ ਸਿੰਘ ਦਾ ਆਲੀਸ਼ਾਨ ਮਕਾਨ ਖੰਡਰ ਬਣਾ ਕੇ ਤਬਾਹ ਹੋ ਗਿਆ। ਪਰਿਵਾਰ ਬਿਖਰ ਗਿਆ। ਉਸਦੇ ਪੋਤੇ ਪੋਤੀਆਂ 'ਤੇ ਪੱਛਮੀ ਸੱਭਿਆਚਾਰ ਭਾਰੂ ਹੋਗਿਆ ਤੇ ਉਹ ਗੋਰੇ ਗੋਰਿਆਂ ਵਾਲਾ ਜੀਵਨ ਬਿਤਾਉਣ ਲੱਗ ਪਏ। ਮਾਇੳ ਸਿੰਘ ਦੇ ਪਰਿਵਾਰ ਵਿਚੋਂ ਉਸਦੇ ਬੱਚੇ, ਪੋਤੇ ਪੋਤੀਆਂ, ਜਿੰਨ੍ਹਾਂ ਵਿਚ ਪੋਤ ਨੂੰਹ, ਜੌਨੀ ਟੇਲਰ, ਰੌਬਿਨ, ਦਵਿੰਦਰ, ਜੈਲੀ, ਡਾਰਸੀ, ਸ਼ੈਰੀ, ਵਗੈਰਾ ਸਿੱਖੀ ਸ੍ਵਰੂਪ ਤੋਂ ਦੂਰ ਆਪਣੀ ਹੋਰ ਜ਼ਿੰਦਗੀ ਵਿਚ ਹੀ ਮਘਨ ਹੋ ਗਏ।
ਮੇਰੀ ਕੈਨੇਡਾ ਯਾਤਰਾ ਦੌਰਾਨ ਮੈਨੂੰ ਇਹ ਜਗ੍ਹਾ ਸਿੱਖਾਂ ਦੇ ਉਜੜੇ ਬਾਗ ਨੂੰ ਨੇੜਿਉਂ ਦੇਖਣ ਦਾ ਮੌਕਾ ਮਿਲਿਆ। ਭਾਵੇਂ ਅੱਜ ਵੀ ਯੁਨੀਵਰਸਿਟੀ ਆਫ ਵਿਕਟੋਰੀਆ 'ਚ ਮਾਇੳ ਸਿੰਘ ਦੇ ਨਾਂਅ 'ਤੇ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇੰਡੀਆ ਵਿਚ ਵੀ ਉਸਦੇ ਨਾਂਅ 'ਤੇ ਇਕ ਹਸਪਤਾਲ ਤੇ ਆਡੀਟੋਰੀਅਮ ਬਣੇ ਹੋਏ ਹਨ। ਅੱਜ ਵੀ ਉੱਜੜੇ ਪਾਲਦੀ ਪਿੰਡ 'ਚ ਮਾਇੳ ਲੰਬਰ ਮਿੱਲ੍ਹ ਕੋਲ 94 ਏਕੜ ਜ਼ਮੀਨ ਬੈਂਕ ਕੋਲ ਗਿਰਵੀ ਹੈ। ਉਸ 'ਤੇ 15 ਲੱਖ ਡਾਲਰ ਦਾ ਕਰਜ਼ਾ ਖੜ੍ਹਾ ਹੈ। ਪਿੰਡ ਪਾਲਦੀ ਵਿਚੋਂ ਸਿੱਖ ਕੂਚ ਕਰਕੇ ਡੰਕਨ ਵੈਲੀ ਅਤੇ ਹੋਰ ਥਾਵਾਂ 'ਤੇ ਚਲੇ ਗਏ ਹਨ ਜੋ ਸਿੱਖਾਂ ਨੇ ਉਥੇ ਸਕੂਲ ਬਣਾਇਆ ਸੀ ਉਹ 1997 ਵਿਚ ਬੰਦ ਹੋ ਗਿਆ। ਮਾਇੳ ਸਿੰਘ ਦਾ ਘਰ ਪੂਰੀ ਤਰ੍ਹਾਂ ਖੰਡਰ ਹੋਇਆ ਪਿਆ ਹੈ। ਸਿਰਫ ਦੋ ਕਮਰੇ ਖਸਤਾ ਹਾਲਤ 'ਚ ਖੜ੍ਹੇ ਹਨ।
ਪਰ ਪਿੰਡ ਪਾਲਦੀ ਦਾ 99 ਸਾਲ ਪਹਿਲਾਂ ਬਣਿਆ ਗੁਰਦੁਆਰਾ ਸਹੀ ਸਲਾਮਤ ਹੈ। ਉਥੇ ਜਲੰਧਰ ਜ਼ਿਲ੍ਹਾ ਦਾ ਗ੍ਰੰਥੀ ਸੰਤੋਖ ਸਿੰਘ ਸੇਵਾ ਕਰਦਾ ਹੈ। ਗੁਰਦੁਆਰਾ ਸਾਹਿਬ 'ਚ ਮਹਾਰਾਜ ਦਾ ਸਰੂਪ ਹਰ ਰੋਜ਼ ਪ੍ਰਕਾਸ਼ ਹੁੰਦਾ ਹੈ। ਦੀਵਾਨ ਹਾਲ, ਲੰਗਰ ਹਾਲ ਵਧੀਆ ਰੂਪ 'ਚ ਹਨ। ਇਸ ਵਿਚ ਇਕ ਮਿਊਜ਼ੀਅਮ ਵੀ ਬਣਿਆ ਹੈ। ਜਿਥੇ ਮਾਇੳ ਸਿੰਘ ਅਤੇ ਹੋਰ ਸਿੱਖਾਂ ਵੱਲੋਂ ਕੀਤੇ ਸੰਘਰਸ਼ ਅਤੇ ਉਨ੍ਹਾਂ ਦੀਆਂ ਜ਼ਿੰਦਗੀ ਦੀਆਂ ਪ੍ਰਾਪਤੀਆਂ ਦੀਆਂ ਤਸਵੀਰਾਂ ਲੱਗੀਆਂ ਹੋਈਆ ਹਨ। ਮਾਇੳ ਸਿੰਘ ਦਾ ਪੋਤਾ ਮਿਸਟਰ ਰੌਬਿਨ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਹੈ। ਕੋਈ ਟਾਵਾਂ ਟਾਵਾਂ ਸਿੱਖ ਇੱਥੇ ਆਉਂਦਾ ਹੈ। ਗ੍ਰੰਥੀ ਸੰਤੋਖ ਸਿੰਘ ਦੇ ਦੱਸਣ ਮੁਤਾਬਕ ਨੇੜੇ ਪੈਂਦੀ ਡੰਕਨ ਵੈਲੀ ਵਿਚ ਰਹਿੰਦੇ ਸਿੱਖ ਪਰਿਵਾਰਾਂ ਦੀ ਕਦੇ ਕਦੇ ਇਥੇ ਇਕੱਤਰਤਾ ਹੁੰਦੀ ਹੈ। ਪਰ ਪਾਲਦੀ ਪਿੰਡ ਵਿਚ ਕੋਈ ਸਿੱਖ ਵੀ ਨਹੀਂ ਰਹਿੰਦਾ।
ਅਗਲੇ ਵਰ੍ਹੇ 2019 'ਚ ਪਿੰਡ ਪਾਲਦੀ ਦੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਦਾ 100ਵਾਂ ਵਰ੍ਹਾ ਹੈ। ਸਿੱਖੀ ਪ੍ਰਤੀ ਸਤਿਕਾਰ ਰੱਖਣ ਵਾਲੇ ਸਿੱਖਾਂ ਦੀ ਇਹ ਭਾਵਨਾ ਹੈ ਕਿ ਪਿੰਡ ਪਾਲਦੀ ਦੇ ਗੁਰੂਘਰ ਦਾ ਸਥਾਪਨਾ ਦਿਵਸ ਅਗਲੇ ਵਰ੍ਹੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇ । ਇਸ ਪਿੰਡ ਦੀ ਹੋਂਦ ਨੂੰ ਬਚਾਉਣ ਲਈ ਜੋ 15 ਲੱਖ ਦਾ ਬੈਂਕ ਦਾ ਕਰਜ਼ਾ ਖੜ੍ਹਾ ਹੈ, ਉਸਨੂੰ ਉਤਾਰ ਕੇ ਕਿਵੇਂ ਨਾ ਕਿਵੇਂ ਸਿੱਖਾਂ ਦੇ ਕੈਨੇਡਾ ਵਿਚ ਪਹਿਲੇ ਵਸਾਏ ਇਤਿਹਾਸਕ ਪਿੰਡ ਦੀ ਹੋਂਦ ਨੂੰ ਬਚਾਇਆ ਜਾਵੇ ਤੇ ਗੁਰੂ ਘਰ ਨੂੰ ਸੁਰੱਖਿਅਤ ਰੱਖਿਆ ਜਾਵੇ। ਜੇ ਸਿੱਖ ਸੰਸਥਾ ਇਹ ਉਪਰਾਲਾ ਕਰਦੀ ਹੈ ਤਾਂ ਇੱਕ ਵਧੀਆ ਕਦਮ ਹੋਵੇਗਾ, ਪਰ ਜੇ ਸਿੱਖਾਂ ਨੇ ਖਾਮੋਸ਼ੀ ਧਾਰ ਲਈ ਤਾਂ ਪਿੰਡ ਪਾਲਦੀ ਤੇ ਗੁਰੂ ਘਰ ਦੀ ਜ਼ਮੀਨ ਜੋ ਪਹਿਲਾਂ ਹੀ ਸਰਕਾਰ ਕੋਲ ਗਿਰਵੀ ਹੈ, ਦੀ ਹੋਂਦ ਕੈਨੇਡਾ ਦੇ ਕਾਨੂੰਨ ਮੁਤਾਬਕ ਨਸ਼ਟ ਹੋ ਜਾਵੇਗੀ। ਇਹ ਸਮਾਂ ਹੀ ਦੱਸੇਗਾ ਕਿ ਇਸ ਪਿੰਡ ਨੂੰ ਬਚਾਉਣ ਲਈ ਸਿੱਖ ਕੌਮ ਕਿਹੋ ਜਿਹੀ ਭੂਮਿਕਾ ਨਿਭਾਉਂਦੀ ਹੈ। ਜੇਕਰ ਨਹੀਂ ਤਾਂ ਕੈਨੇਡਾ ਸਰਕਾਰ ਦੀ ਭੂਮਿਕਾ ਨਾਲ ਇਸ ਪਿੰਡ ਦਾ ਉਜਾੜਾ ਯਕੀਨੀ ਹੈ।
-
ਜਗਰੂਪ ਸਿੰਘ ਜਰਖੜ , ਖੇਡ ਲੇਖਕ ਤੇ ਪ੍ਰਮੋਟਰ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.