ਬਚਪਨ ਤੋਂ ਹੀ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਸ਼ਹਾਦਤ ਦਾ ਜ਼ਿਕਰ ਸੁਣਦੇ ਰਹੇ ਹਾਂ।
ਕੌਣ ਸੀ ਕਰਨੈਲ ਸਿੰਘ ਈਸੜੂ?
ਖੰਨਾ ਨੇੜੇ ਪਿੰਡ ਈਸੜੂ ਚ ਸ: ਸੁੰਦਰ ਸਿੰਘ ਬੈਨੀਪਾਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁਖੋੰ 9 ਸਤੰਬਰ 1930 ਚ ਜਨਮਿਆ ਸੂਰਮਾ।
ਕਰਨੈਲ ਸੱਤ ਸਾਲ ਦਾ ਸੀ ਜਦ ਬਾਬਲ ਸਦੀਵੀ ਅਲਵਿਦਾ ਕਹਿ ਗਿਆ। ਉਸ ਦੇ ਤਿੰਨ ਭਰਾ ਤੇ ਚਾਰ ਭੈਣਾਂ ਸਨ।
ਪੰਜਾਬੀ ਜ਼ਬਾਨ ਦੇ ਪਰਪੱਕ ਗ਼ਜ਼ਲਗੋ ਪ੍ਰਿੰ: ਤਖ਼ਤ ਸਿੰਘ ਉਸ ਦੇ ਸਭ ਤੋਂ ਵੱਡੇ ਵੀਰ ਸਨ।
ਉਨ੍ਹਾਂ ਕੋਲ ਰਹਿ ਕੇ ਹੀ ਉਸਨੇ ਜਗਰਾਉਂ ਦੇ ਬੇਸਿਕ ਟਰੇਨਿੰਗ ਇੰਸਟੀਚਿਊਟ ਚ ਜੇ ਬੀ ਟੀ ਪਾਸ ਕੀਤੀ।
ਬਚਪਨ ਤੋਂ ਹੀ ਉਹ ਅਗਾਂਹਵਧੂ ਰੁਚੀਆਂ ਦਾ ਧਾਰਨੀ ਸੀ।
ਅਕਸਰ ਗਾਉਂਦਾ
ਅਮਰੀਕਾ ਨੂੰ ਮਾਣ ਹੈ ਐਟਮ ਤੇ,
ਯੂਨਾਨ ਨੂੰ ਮਾਣ ਤਬੀਬਾਂ ਤੇ।
ਕਸ਼ਮੀਰ ਨੂੰ ਮਾਣ ਸੁੰਦਰਤਾ ਤੇ,
ਪੰਜਾਬ ਨੂੰ ਮਾਣ ਸ਼ਹੀਦਾਂ ਤੇ।
1955 ਚ ਜਦ ਗੋਆ ਸੂਬੇ ਨੂੰ ਪੁਰਤਗਾਲੀਆਂ ਪਾਸੋਂ ਆਜ਼ਾਦ ਕਰਵਾਉਣ ਦੀ ਗੱਲ ਤੁਰੀ ਤਾਂ ਪੂਰੇ ਦੇਸ਼ ਚ ਆਵਾਜ਼ ਦਿੱਤੀ ਗਈ।
ਪੂਨਾ ਚ ਬਣੀ ਗੋਆ ਵਿਮੋਚਨ ਸੰਮਿਤੀ ਨੇ ਜਦ ਸੱਤਯਗ੍ਰਹੀ ਰਜਿਸਟਰ ਕਰਨੇ ਸ਼ੁਰੂ ਕੀਤੇ ਤਾਂ ਕਰਨੈਲ ਸਿੰਘ ਈਸੜੂ ਨੇ ਵੀ ਫਾਰਮ ਭਰ ਦਿੱਤਾ।
ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਸਾਥੀ ਤੇ ਕਮਿਉਨਿਸਟ ਆਗੂ ਪੰਡਿਤ ਕਿਸ਼ੋਰੀ ਲਾਲ ਜੀ ਦੀ ਅਗਵਾਈ ਹੇਠ ਗੋਆ ਆਜ਼ਾਦ ਕਰਵਾਉਣ ਵਾਲੇ ਕਾਫ਼ਲੇ ਚ ਉਹ ਸ਼ਾਮਿਲ ਹੋ ਗਿਆ।
ਉਸ ਦੀ ਸ਼ਾਦੀ ਆਪਣੀ ਵੱਡੀ ੍ਹਾਬੀ ਦੀ ਨਿੱਕੀ ਭੈਣ ਚਰਨਜੀਤ ਕੌਰ ਨਾਲ ਅਜੇ ਮਈ ਮਹੀਨੇ ਚ ਹੀ ਹੋਈ ਸੀ। ਸੱਜ ਵਿਆਹੀ ਨਾਰ ਘਰ ਛੱਡ ਕੇ ਉਹ ਸਿਰ ਤੇ ਸ਼ਹੀਦੀ ਚੀਰਾ ਬੰਨ੍ਹ ਗੋਆ ਨੂੰ ਪੰਡਿਤ ਕਿਸ਼ੋਰੀ ਲਾਲ ਲਾਲ ਜੀ ਦੇ ਜਥੇ ਵਿੱਚ ਸ਼ਾਮਿਲ ਹੋ ਤੁਰ ਪਿਆ।
ਵੱਡੇ ਵੀਰ ਤਖ਼ਤ ਸਿੰਘ ਨੇ ਵਰਜਿਆ ਵੀ ਪਰ ਉਹ ਨਾ ਹਟਿਆ। ਉਸ ਦੇ ਸਹਿਪਾਠੀ ਕਾਮਰੇਡ ਓਮ ਪ੍ਰਕਾਸ਼ ਅਤਰੇ ਦੱਸਦੇ ਸਨ ਇਹ ਗੱਲ।
ਸੱਤਯਗ੍ਰਹੀ ਜਦ ਗੋਆ ਸਰਹੱਦ ਤੇ ਅੱਪੜੇ ਤਾਂ ਮਧ ਪ੍ਰਦੇਸ਼ ਦੀ ਸਹੋਦਰਾ ਦੇਵੀ ਰਾਏ ਸਾਗਰ ਹੱਥ ਚ ਤਿਰੰਗਾ ਲੈ ਕੇ ਕਾਫ਼ਲੇ ਦੀ ਅਗਵਾਈ ਕਰ ਕਰੀ ਸੀ ਪੁਰਤਗਾਲੀ ਹਕੂਮਤ ਨੇ ਕਾਫ਼ਲਾ ਰੋਕਣ ਲਈ ਗੋਲੀ ਚਲਾ ਦਿੱਤੀ ਜੋ ਸਹੋਦਰਾ ਦੇਵੀ ਦੇ ਲੱਗੀ। ਉਹ ਡਿੱਗ ਰਹੀ ਸੀ ਜਦ ਪਿੱਛਿਓਂ ਭੱਜ ਕੇ ਕਰਨੈਲ ਸਿੰਘ ਈਸੜੂ ਅੱਗੇ ਵਧਿਆ ਤੇ ਡਿੱਗਦਾ ਝੰਡਾ ਸਿੱਧਾ ਫੜ ਕੇ ਪੁਰਤਗਾਲੀ ਪੁਲੀਸ ਨੂੰ ਵੰਗਾਰ ਕੇ ਕਿਹਾ,
ਹਿੰਮਤ ਹੈ ਤਾਂ ਮੇਰੇ ਗੋਲੀ ਮਾਰੋ!
ਪੁਲੀਸ ਨੇ ਕਰਨੈਲ ਸਿੰਘ ਮੌਕੇ ਤੇ ਹੀ ਢੇਰ ਕਰ ਦਿੱਤਾ। ਸਭ ਗੋਲੀਆਂ ਹਿੱਕ ਚ ਖਾ ਕੇ ਸੂਰਮਾ ਗੋਆ ਦੀ ਆਜ਼ਾਦੀ ਦਾ ਪਹਿਲਾ ਤੇ ਆਖਰੀ ਵਰਕਾ ਲਿਖ ਗਿਆ।
ਗੋਆ ਚ ਲੋਕ ਨਾਇਕ ਵਜੋਂ ਉਸ ਨੂੰ ਪੂਜਿਆ ਜਾਂਦਾ ਹੈ।
ਸੂਰਮੇ ਸ਼ਹੀਦ ਨੂੰ ਮੇਰਾ ਸਲਾਮ!
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.