ਬਲਰਾਮ ਜੀ ਦਾਸ ਟੰਡਨ ਉਸ ਪਾਰਟੀ ਦਾ ਬਾਨੀ ਆਗੂ ਸੀ ਜਿਸ ਨੂੰ ਕਿਸੇ ਵੇਲੇ ਜਨਸੰਘ ਕਹਿੰਦੇ ਸਨ।
ਹਿੰਦੂ ਏਜੰਡੇ ਦੀ ਪ੍ਰਚਾਰਕ, ਹਿੰਦੂਤਵ ਸ਼ਬਦ ਉਦੋਂ ਹਾਲੇ ਨਹੀਂ ਸੀ ਜੰਮਿਆ।
ਸਾਡਾ ਪਿੰਡ ਬਸੰਤਕੋਟ ਉਦੋਂ ਅਜੇ ਅੰਮ੍ਰਿਤਸਰ ਪਾਰਲੀਮਾਨੀ ਹਲਕੇ ਚ ਹੁੰਦਾ ਸੀ। ਪਹਿਲਾਂ ਪੰਡਿਤ ਯੱਗਯ ਦੱਤ ਲਈ ਤੇ ਮਗਰੋਂ ਡਾ: ਬਲਦੇਵ ਪ੍ਰਕਾਸ਼ ਲਈ ਉਹ ਅਕਸਰ ਵੋਟਾਂ ਮੰਗਣ ਆਉਂਦੇ।
ਧਿਆਨਪੁਰ ਵਾਲੇ ਡਾ: ਨਿਰੰਜਨ ਦਾਸ ਜੀ ਕੋਲ ਇਹ ਲੋਕ ਆਉਂਦੇ ਵੋਟਾਂ ਲਈ।
ਉਹ ਧਿਆਨਪੁਰ ਚ ਸ਼ਾਖਾ ਲਾਉਂਦੇ ਪਰ ਜ਼ਹਿਰੀਲੇ ਨਹੀਂ ਸਨ, ਸਾਡੇ ਦੁਖ ਸੁਖ ਦੇ ਭਾਈਵਾਲ ਸਨ।
ਬਚਪਨ ਚ ਮੇਰੀ ਉਨ੍ਹਾਂ ਕਈ ਵਾਰ ਆਯੁਰਵੈਦਿਕ ਦਵਾਈਆਂ ਨਾਲ ਜਾਨ ਬਚਾਈ।
ਬਦਲੇ ਚ ਵੋਟ ਦੇਣੀ ਕਿੱਡੀ ਕੁ ਗੱਲ ਸੀ। ਉਹ ਮੰਗਦੇ ਨਾ ਪਰ ਲੋਕ ਪੁੱਛ ਕੇ ਪਾਉਂਦੇ।
ਦੇਸ਼ ਦੀ ਪਹਿਲੀ ਗੈਰ ਕਾਂਗਰਸੀ ਸਰਕਾਰ 1967 ਜਸਟਿਸ ਗੁਰਨਾਮ ਸਿੰਘ ਜੀ ਦੀ ਅਗਵਾਈ ਹੇਠ ਬਣੀ ਤਾਂ ਇਸ ਚ ਬਲਰਾਮ ਜੀ ਦਾਸ ਟੰਡਨ ਉਦਯੋਗ ਮੰਤਰੀ ਬਣੇ।
ਫਿਰ ਕਈ ਵਾਰ ਅੰਬਰਸਰੋਂ ਜਿੱਤੇ। ਇੱਕ ਵਾਰ ਰਾਜਪੁਰਿਉਂ।
ਇੱਕ ਵਾਰ ਤਾਂ ਉਪ ਮੁੱਖ ਮੰਤਰੀ ਵੀ ਬਣੇ।
ਪੁਰਾਣਾ ਮਾਖਿਉਂ ਸਨ ਉਹ।
ਛੱਤੀਸਗੜ੍ਹ ਦੇ ਗਵਰਨਰ ਲਾਏ ਗਏ।
ਦਿੱਲੀ ਨੇ ਸਾਰੇ ਗਵਰਨਰਾਂ ਦੀਆਂ ਤਨਖਾਹਾਂ ਵਧਾਈਆਂ। ਸਿੱਧੀਆਂ ਸਵਾ ਲੱਖ ਤੋਂ ਸਾਢੇ ਤਿੰਨ ਲੱਖ ਮਹੀਨੇ ਦੀ।
ਸਭ ਨੇ ਖਿੜੇ ਮੱਥੇ ਲੈ ਲਈਆਂ ਪਰ ਬਲਰਾਮ ਜੀ ਦਾਸ ਟੰਡਨ ਨੇ ਲਿਖ ਮੋੜਿਆ ਕਿ ਮੈਂ ਪੁਰਾਣੀ ਤਨਖਾਹ ਤੇ ਹੀ ਕੰਮ ਕਰਾਂਗਾ।
ਕਿਹਾ ਕਿ ਘਰ ਸਰਕਾਰ ਦਾ,ਰਸੋਈ ਸਰਕਾਰ ਦੀ, ਸਵਾਰੀਆਂ ਤੇ ਤੇਲ ਪਾਣੀ ਸਰਕਾਰ ਦਾ, ਫੇਰਾ ਤੋਰਾ ਸਰਕਾਰ ਦਾ।
ਮੈਨੂੰ ਜੇਬ ਖਰਚ ਲਈ ਸਵਾ ਲੱਖ ਵੀ ਬਹੁਤੈ।
ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਟ੍ਰਿਬਿਊਨ ਨੇ ਇਹ ਖ਼ਬਰ ਛਾਪੀ ਤਾਂ ਮੇਰੇ ਵੱਡੇ ਵੀਰ ਪ੍ਰੋ: ਸੁਖਵੰਤ ਸਿੰਘ ਨੇ ਬਟਾਲਿਉਂ ਟੰਡਨ ਜੀ ਨੂੰ ਚਿੱਠੀ ਲਿਖੀ।
ਕਿਹਾ ਮੁਬਾਰਕ ਕਦਮ ਹੈ।
ਅੱਜ ਜਦੋਂ ਵਿਧਾਇਕ ਤੇ ਮੈਂਬਰ ਪਾਰਲੀਮੈਂਟ ਪੰਜ ਪੰਜ ਛੇ ਛੇ ਪੈਨਸ਼ਨਾਂ
ਲਈ ਜਾਂਦੇ ਨੇ ਤਾਂ ਇਸ ਚਿਰਾਗ ਨੂੰ ਸਲਾਹੁਣਾ ਜ਼ਰੂਰੀ ਹੈ।
ਬਲਰਾਮ ਜੀ ਦਾਸ ਟੰਡਨ ਦੇ ਚਲਾਣੇ ਦੀ ਖ਼ਬਰ ਪੜ੍ਹ ਕੇ ਮਹਿਸੂਸ ਹੋਇਆ
ਹੁਣ ਕਿਸ ਦੀ ਮਿਸਾਲ ਦਿਆ ਕਰਾਂਗੇ?
ਸਭੇ ਭੇਡਾਂ ਕਾਲੀਆਂ ਦੇ ਯੁਗ ਚ ਸਾਨੂੰ ਇਹ ਨਿੱਕੇ ਨਿੱਕੇ ਜੁਗਨੂੰ ਹੀ ਜਗਦੇ ਮਘਦੇ ਦਗਦੇ ਚੰਗੇ ਲੱਗਦੇ ਨੇ, ਆਸਾਂ ਦੇ ਚਿਰਾਗ ਜਹੇ।
ਜੇ ਮੈਂ ਪਰਿਵਾਰ ਚੋਂ ਕਿਸੇ ਨੂੰ ਵੀ ਜਾਣਦਾ ਹੁੰਦਾ ਤਾਂ ਵਡਪੁਰਖੇ ਦੀ ਜ਼ਿੰਦਗੀ ਬਾਰੇ ਹੋਰ ਜਾਣਦਾ।
ਪਰ ਹੁਣ ਇਹੀ ਵਰਕਾ ਪ੍ਰਵਾਨ ਕਰੋ।
ਅੱਜ ਦੇਹੀ ਅਗਨ ਸਪੁਰਦ ਹੋ ਜਾਵੇਗੀ।
ਬੰਦਾ ਤੁਰ ਜਾਂਦੈ
ਗੱਲਾਂ ਰਹਿ ਜਾਂਦੀਆਂ ਨੇ।
ਇਸ ਘੜੀ ਪ੍ਰਿੰ: ਤਖ਼ਤ ਸਿੰਘ ਜੀ ਦੀ ਗ਼ਜ਼ਲ ਦਾ ਸ਼ਿਅਰ ਯਾਦ ਆ ਰਿਹੈ।
ਜਾਚਣੈਂ ਮੇਰੀ ਬੁਲੰਦੀ ਨੂੰ ਤਾਂ ਤੱਕੋ,
ਮੇਰਾ ਪਰਛਾਵਾਂ ਪਵੇ ਕਿੱਥੇ ਕੁ ਜਾ ਕੇ।
ਮੈਂ ਜੀਵਨ ਭਰ ਤੁਹਾਨੂੰ ਕਦੇ ਨਹੀਂ ਮਿਲਿਆ, ਫਿਰ ਵੀ
ਅਲਵਿਦਾ ਟੰਡਨ ਜੀ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.