ਭਾਰਤ ਨੂੰ ਕੇਵਲ ਅੰਗਰੇਜ਼ਾਂ ਨੇ ਹੀ ਗੁਲਾਮ ਨਹੀਂ ਬਣਾਇਆ, ਭਾਰਤ ਹਜ਼ਾਰਾਂ ਸਾਲਾਂ ਤੋਂ ਗੁਲਾਮ ਚੱਲਿਆ ਆ ਰਿਹਾ ਸੀ | ਅੰਗਰੇਜ਼ਾਂ ਤੋਂ ਪਹਿਲਾਂ ਜਿਹੜੇ ਆਏ, ਉਨ੍ਹਾਂ ਨੇ ਹਕੂਮਤ ਕੀਤੀ, ਅੰਗਰੇਜ਼ਾਂ ਨੇ ਰਾਜ ਕੀਤਾ। ਪਹਿਲੇ ਹਾਕਮ ਬਗਾਵਤਾਂ ਦਬਾਉਂਦੇ ਅਤੇ ਇਲਾਕੇ ਮੱਲਦੇ ਰਹੇ। ਅੰਗਰੇਜ਼ਾਂ ਨੇ ਭਾਰਤ ਨੂੰ ਰਾਜਨੀਤਕ, ਆਰਥਿਕ, ਸਭਿਆਚਾਰਕ ਪੱਖੋਂ ਨਵੀਂ ਤਰਤੀਬ ਦਿੱਤੀ ।
ਅੰਗਰੇਜ਼ਾਂ ਨੇ ਪਹਿਲੀ ਤਰੀਕ ਨੂੰ ਤਨਖਾਹ ਦੇਣ ਦਾ ਰਿਵਾਜ ਪਾਇਆ । ਜਿਸ ਨਾਲ ਭਾਂਤ- ਭਾਂਤ ਦੇਸੀ ਮਹੀਨਿਆਂ ਦੀ ਥਾਂ ਅੰਗਰੇਜ਼ੀ ਮਹੀਨੇ ਦਾ ਮਹੱਤਵ ਵਧਿਆ ਅਤੇ ਜਨਵਰੀ- ਫਰਵਰੀ ਵਾਲਾ ਕੈਲੰਡਰ ਹਰਮਨ ਪਿਆਰਾ ਹੋਇਆ ।
ਰਿਆਸਤੀ ਰਾਜੇ ਸਿਰਫ ਤਨਖਾਹਾਂ ਦੇ ਵਾਅਦੇ ਹੀ ਕਰਦੇ ਸਨ, ਅੰਗਰੇਜ਼ ਤਨਖਾਹ ਦਿੰਦੇ ਸਨ।ਅੰਗਰੇਜਾਂ ਨੇ ਫੌਜੀ ਅਹੁਦੇ ਸਥਾਪਤ ਕੀਤੇ, ਭੀੜ ਦੀ ਥਾਂ ਤਰਤੀਬ ਨਾਲ ਪਰੇਡ ਕਰਦਿਆਂ ਚਲਣ ਦਾ ਰਿਵਾਜ ਪਾਇਆ, ਜਿਸ ਕਾਰਨ ਫੌਜ ਦੀ ਨੌਕਰੀ ਨੇ ਹਰ ਕਿਸੇ ਨੂੰ ਆਕਰਸ਼ਿਤ ਕੀਤਾ।ਅੰਗਰੇਜ਼ਾਂ ਨੇ ਫੌਜ ਵਿਚ ਵੀ ਦਫਤਰਾਂ ਵਾਂਗ, ਐਤਵਾਰ ਦੀ ਛੁੱਟੀ ਦਾ ਰਿਵਾਜ ਪਾਇਆ।ਉਨ੍ਹਾਂ ਨੇ ਸਭ ਲਈ ਸਕੂਲ -ਕਾਲਜ ਖੋਲ੍ਹੇ , ਡਾਕਖਾਨੇ, ਡਿਸਪੈਂਸਰੀਆਂ , ਹਸਪਤਾਲ, ਯਤੀਮ -ਖਾਨੇ ਖੋਲ੍ਹੇ, ਨਹਿਰਾਂ ਖੁਦਵਾਈਆਂ , ਸੜਕਾਂ ਬਣਵਾਈਆਂ, ਪੁਲ ਉਸਾਰੇ , ਮੰਡੀਆਂ ਸਥਾਪਤ ਕੀਤੀਆਂ, ਰੇਲ ਚਲਾਈ, ਥਾਣੇ, ਅਦਾਲਤਾਂ ਸਥਾਪਤ ਕੀਤੀਆਂ, ਕਾਨੂੰਨ ਸਾਹਮਣੇ ਬ੍ਰਾਹਮਣ -ਸ਼ੂਦਰ ਨੂੰ ਬਰਾਬਰ ਖੜ੍ਹਾ ਕੀਤਾ, ਲੜਕੀਆਂ ਲਈ ਪੜ੍ਹਾਈ ਦਾ ਪ੍ਰਬੰਧ ਕੀਤਾ ਅਤੇ ਠੱਗੀਆਂ -ਡਾਕੇ ਖਤਮ ਕੀਤੇ।
ਉਹ ਵਿਦੇਸ਼ ਤੋਂ ਆਏ ਸਨ, ਇਸ ਲਈ ਉਹ ਨਿਰਪੱਖ ਸਨ। ਉਹ ਵਕਤ ਦੇ ਪਾਬੰਦ ਸਨ, ਉਨ੍ਹਾਂ ਨੇ ਸੜਕ ਦੇ ਖੱਬੇ ਪਾਸੇ ਚੱਲਣ ਦਾ ਰਿਵਾਜ ਪਾਇਆ, ਉਨ੍ਹਾਂ ਨੇ ਸ਼ਹਿਰ ਵਸਾਏ , ਨਵੀਂ ਚਕਿਤਸਾ ਪ੍ਰਣਾਲੀ ਲਾਗੂ ਕੀਤੀ।
ਪ੍ਰਸ਼ਨ ਇਹ ਨਹੀਂ ਕਿ ਉਨ੍ਹਾਂ ਨੇ ਭਾਰਤ ਨੂੰ ਗੁਲਾਮ ਬਣਾਈ ਰੱਖਿਆ। ਪ੍ਰਸ਼ਨ ਇਹ ਹੈ ਕਿ ਅਸੀਂ ਆਜ਼ਾਦ ਹੋ ਕੇ ਆਪਣੇ ਦੇਸ਼ ਵਿਚ ਅੰਗਰੇਜ਼ਾਂ ਤੋਂ ਬਿਹਤਰ ਰਾਜ ਪ੍ਰਬੰਧ ਕਿਉਂ ਸਥਾਪਤ ਨਹੀਂ ਕਰ ਸਕੇ?
-
ਨਰਿੰਦਰ ਸਿੰਘ ਕਪੂਰ, ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.