ਵਿਸ਼ਵ ਅਮਨ ਦੀ
ਸਲਾਮਤੀ ਮੰਗਦੀਆਂ ਸ਼ਕਤੀਆਂ
ਜ਼ਿੰਦਾਬਾਦ
ਫ਼ਿਰਕੂ ਜੰਗਬਾਜ਼ ਕਰੂਪ ਸ਼ਕਤੀਆਂ
ਮੁਰਦਾਬਾਦ।
ਗ਼ਜ਼ਲ 1.
ਜ਼ਿੰਦਗੀ ਕਿਸ ਦੋਸ਼ ਬਦਲੇ ,ਦੇ ਗਈ ਕਰੜੀ ਸਜ਼ਾ।
ਪਹਿਲਾਂ ‘ਵਾ ਨੇ ਟਾਹਣ ਤੋੜੇ, ਫਿਰ ਜੜ੍ਹਾਂ ਤੋਂ ਪੁੱਟਿਆ।
ਮੇਰੀ ਮਾਂ ਭੁੱਲਦੀ ਨਹੀਂ, ਪੌਣੀ ਸਦੀ ਪਹਿਲਾਂ ਦੀ ਬਾਤ,
ਇੱਕ ਛੰਨਾ ,ਪੋਣੇ ਬੱਧੀ ਰੋਟੀ ,ਕੁੱਤਾ ਲੈ ਗਿਆ।
ਸਿਰ ਦੀ ਚੁੰਨੀ, ਲਾਸ਼ ਪੁੱਤਰ ਦੀ ਤੇ ਪਾ ਅੱਗੇ ਤੁਰੀ,
ਏਸ ਤੋਂ ਵਧ ਕੇ ਭਲਾ ਹੋਵੇਗਾ ਕਿਹੜਾ ਕਰਬਲਾ।
ਜਿਸ ਨੂੰ ਤੂੰ ਆਖੇਂ ਆਜ਼ਾਦੀ, ਲੱਭ ਲੈ ਕਿੱਧਰ ਗਈ,
ਉਹ ਤਾਂ ਸੀ ਇੱਕ ਖ੍ਵਾਬ, ਰਾਤੀਂ ਆਇਆ ਆ ਕੇ ਤੁਰ ਗਿਆ।
ਰੰਗ ਬਦਲੇ,ਪਰ ਕਿਸੇ ਨਾ ਢੰਗ ਬਦਲੇ ਨਾ ਵਿਧਾਨ,
ਕੁਰਸੀਆਂ ਤੇ ਕਾਲ਼ਾ ਧਨ, ਚਿਹਰਾ ਬਦਲ ਕੇ ਬਹਿ ਗਿਆ।
ਬੰਦਿਆਂ ਤੇ ਰੋਕ,ਸਰਹੱਦ ਤਾਰ ਕੰਡਿਆਲੀ ਖੜ੍ਹੀ,
ਕੌਣ ਡੱਕ ਸਕਦੈ ਭਲਾ ਦੱਸ, ਹੌਕਿਆਂ ਦਾ ਕਾਫ਼ਲਾ।
ਕਸਰ ਤੂੰ ਛੱਡੀ ਨਾ ਕੋਈ, ਅੱਗ ਲਾ ਕੇ ਐ ਹਵਾ,
ਫੇਰ ਵੀ ਤੂੰ ਵੇਖ ਕਿੱਦਾਂ , ਝੂਮਦਾ ਜੰਗਲ ਹਰਾ।
ਗ਼ਜ਼ਲ 2.
ਬੰਦਿਆਂ ਕੋਲੋਂ ਛਾਵਾਂ ਮੰਗਣ, ਛਾਂਗੇ ਬਿਰਖ ਵਿਚਾਰੇ ਹੋ ਗਏ।
ਮਾਪੇ ਕੱਲਮਕੱਲ੍ਹੇ ਬੈਠੇ, ਕੋਰੇ ਅੱਖ ਦੇ ਤਾਰੇ ਹੋ ਗਏ।
ਸਿਵਿਆਂ ਅੰਦਰ ਜਾਵੇ ਇਹ ਰਾਹ,ਜ਼ਹਿਰ ਪਰੁੱਚਾ ਪੌਣਾਂ ਅੰਦਰ,
ਅਗਨੀ ਭੇਟ ਬਨਸਪਤਿ ਹੋਈ,ਸਾਹ ਲੈਣੇ ਵੀ ਭਾਰੇ ਹੋ ਗਏ।
ਘਰ ਤੋਂ ਤੁਰਿਆ ਮੰਜ਼ਿਲ ਵੱਲ ਨੂੰ,ਰਾਹਾਂ ਵਿੱਚ ਗਵਾਚ ਗਿਆ ਹਾਂ,
ਮੇਰੇ ਮਨ ਦੇ ਖੰਭ ਵੀ ਯਾਰੋ ਡਾਢੇ ਬੇ ਇਤਬਾਰੇ ਹੋ ਗਏ।
ਮੋਹ ਮਮਤਾ ਦੇ ਧਾਗੇ ਛੁੱਟੇ , ਟੁੱਟੀ ਡੋਰ ਪਤੰਗੜੀਆਂ ਦੀ,
ਖ਼ੁਸ਼ਬੋਈਆਂ ਦੀ ਜੂਨੀ ਪੈ ਗਏ, ਰੱਬ ਨੂੰ
ਯਾਰ ਪਿਆਰੇ ਹੋ ਗਏ।
ਫੁੱਲਾਂ ਭਰੀ ਕਿਆਰੀ ਛੱਡ ਕੇ, ਅੰਬਰ ਦੇ ਵਿੱਚ ਬਣ ਗਏ ਤਾਰੇ,
ਯਾਰਾਂ ਤੋਂ ਬਿਨ ਧਰਤੀ ਸੁੰਨੀ ,ਅੱਥਰੂ ਮਣ ਮਣ ਭਾਰੇ ਹੋ ਗਏ।
ਰੋਵੋ ਨਾ ਨੀ ਅੱਖੀਓ ਹੁਣ ਤਾਂ, ਗ਼ਮ ਦਾ ਸਾਗਰ ਤਰਣ ਦੁਹੇਲਾ,
ਕਿੱਥੋਂ ਚੁੰਝ ਭਰੇ ਇਹ ਜਿੰਦੜੀ, ਸਾਰੇ
ਪਾਣੀ ਖ਼ਾਰੇ ਹੋ ਗਏ।
ਸੂਰਜ ਚੰਨ ਗਵਾਚੇ ਤਾਰੇ ,ਕੱਠੇ ਕੀਤੇ ਜੁਗਨੂੰ ਇਹ ਮੈਂ,
ਮੇਰੀ ਬੁੱਕਲ ਦੇ ਵਿੱਚ ਵੇਖੋ, ਮੁੜ ਕੇ ਕਿੰਨੇ ਸਾਰੇ ਹੋ ਗਏ।
ਗ਼ਜ਼ਲ 3.
ਉਮਰ ਗੁਜ਼ਾਰੀ ਜਿੰਨ੍ਹਾਂ ਸਾਰੀ ਵਤਨ ਮੇਰਾ ਬਰਬਾਦ ਕਰਦਿਆਂ।
ਝਿਜਕ ਕਿਉਂ ਨਹੀਂ ਮੰਨਦੇ ਸਾਰੇ ਭਗਤ ਸਰਾਭੇ ਯਾਦ ਕਰਦਿਆਂ।
ਹੱਕ ਸੱਚ ਤੇ ਇਨਸਾਫ਼ ਦਾ ਨਕਸ਼ਾ ਵਾਹਿਆ ਜਿਹੜਾ ਸੂਰਮਿਆਂ ਸੀ,
ਠੇਕੇਦਾਰਾਂ ਬਦਲ ਲਿਆ ਹੈ,ਬੇਗ਼ਮਪੁਰਾ ਆਬਾਦ ਕਰਦਿਆਂ।
ਆਪੇ ਹੀ ਬਣ ਬੈਠੇ ਬਾਪੂ,ਤਾਏ ਚਾਚੇ, ਹੋਰ ਬੜਾ ਕੁਝ,
ਕੁੜਮ ਕਬੀਲਾ ਜਾਣ ਵਧਾਈ,ਖ਼ੁਦ ਨੂੰ ਜ਼ਿੰਦਾਬਾਦ ਕਰਦਿਆਂ।
ਚਿੱਟਾ ਭਾਵੇਂ ਨੀਲਾ ਪੀਲਾ,ਜ਼ਹਿਰੀਲਾ ਹੈ ਵਿਸ਼ੀਅਰ ਲਾਣਾ,
ਸੂਹੇ ਖ਼ੂਨ ਚ ਰਲੀ ਸਫ਼ੈਦੀ ,ਝਿਜਕਾਂ,
ਮੁਰਦਾਬਾਦ ਕਰਦਿਆਂ।
ਪੱਥਰ ਚਿੱਤ ਭਗਵਾਨ ਕਦੇ ਨਾ ਪੜ੍ਹਦਾ ਜੀ ਦਰਦਾਂ ਦੀ ਬੋਲੀ,
ਉਮਰ ਗੰਵਾਈ ਫਿਰ ਕਿਉਂ ਆਪਾਂ ਹੁਣ ਤੀਕਰ ਧੰਨਵਾਦ ਕਰਦਿਆਂ।
ਕੱਚੇ ਕੋਠੀਂ ਸੱਖਣੇ ਪੀਪੇ,ਬਿਨਾ ਇਲਾਜੋਂ ਖ਼ਾਲੀ ਖੀਸੇ,
ਮੁੱਕ ਚੱਲੇ ਨੇ ਅੱਥਰੂ ਅੱਖੀਉਂ, ਰੋ ਰੋ ਕੇ ਫ਼ਰਿਆਦ ਕਰਦਿਆਂ।
ਕਵਿਤਾ, ਗ਼ਜ਼ਲਾਂ,ਗੀਤ,ਰੁਬਾਈਆਂ ਲਿਖਦਾ ਹਾਂ ਮੈਂ ਲੋਕਾਂ ਭਾਣੇ,
ਮੈਂ ਤਾਂ ਉਮਰ ਲੰਘਾਈ ਸਾਰੀ ਦਰਦਾਂ ਦਾ ਅਨੁਵਾਦ ਕਰਦਿਆਂ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.