ਖ਼ਬਰ ਹੈ ਕਿ ਰਾਜਸਥਾਨ ਵਿੱਚ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਡੀਲ ਉਤੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਹਮਲਾ ਬੋਲਿਆ ਹੈ। ਰਾਫੇਲ ਡੀਲ ਨੂੰ ਸਭ ਤੋਂ ਵੱਡਾ ਘੁਟਾਲਾ ਦਸਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ 45 ਹਜ਼ਾਰ ਕਰੋੜ ਦੇ ਕਰਜ਼ਦਾਰ ਅਨਿਲ ਅੰਬਾਨੀ ਨੂੰ ਆਖਿਰ ਇਹ ਸੌਦਾ ਮਿਲਿਆ ਕਿਵੇਂ, ਜਦਕਿ ਉਹਨਾ ਦੀ ਕੰਪਨੀ 10 ਦਿਨ ਪਹਿਲਾ ਹੀ ਬਣੀ ਅਤੇ ਉਸਨੂੰ ਜਹਾਜ਼ ਬਨਾਉਣ ਦਾ ਕੋਈ ਤਜ਼ੁਰਬਾ ਨਹੀਂ। ਯਾਦ ਰਹੇ ਕਾਂਗਰਸ ਸਰਕਾਰ ਵੇਲੇ ਕੀਤੀ ਡੀਲ ਸਮੇਂ ਰਾਫੇਲ ਜ਼ਹਾਜ਼ ਦੀ ਕੀਮਤ 540 ਕਰੋੜ ਰੁਪਏ ਪ੍ਰਤੀ ਜਹਾਜ਼ ਸੀ ਜਦਕਿ ਮੋਦੀ ਨੇ 1600 ਕਰੋੜ ਰੁਪਏ ਪ੍ਰਤੀ ਜਹਾਜ਼ ਖਰੀਦਿਆ ਹੈ।
ਨੀਰਵ ਮੋਦੀ ਨੇ 11600 ਕਰੋੜੀ ਠੱਗੀ ਮਾਰੀ, ਔਹ ਗਿਆ, ਔਹ ਗਿਆ। ਟੂ-ਜੀ ਸਕੇਮ 'ਚ ਏ.ਰਾਜਾ, ਕਾਨੀਮੋਜ਼ੀ ਨੇ 1,76,000 ਕਰੋੜ ਡਕਾਰੇ, ਜੇਲ੍ਹ ਦੀ ਕੁਝ ਮਹੀਨੇ ਹਵਾ ਖਾਧੀ, ਹੁਣ ਜ਼ਮਾਨਤ ਕਰਾਕੇ ਸਿਆਸੀ ਮੌਜਾਂ ਮਾਰ ਰਹੇ ਆ। ਮਾਲਿਆ ਨੇ ਢਿੱਡ ਭਰਕੇ ਨੱਕੋ-ਨੱਕ ਮਾਲ ਖਾਧਾ, ਹੁਣ ਇੰਗਲੈਂਡ 'ਚ ਐਸ਼ਾਂ ਕਰ ਰਿਹਾ। ਹਵਾਲਾ ਸਕੈਂਡਲ, ਤਾਜ ਕਾਰੀਡੌਰ, ਵਕਫ ਬੋਰਡ ਸਕੈਂਡਲ, ਤੈਲਗੀ ਘੁਟਾਲਾ, 10.7 ਲੱਖ ਕਰੋੜੀ ਕੌਲਗੇਟ ਘੁਟਾਲਾ, 70,000ਕਰੋੜ ਦਾ ਕਾਮਨਵੈਲਥ ਖੇਡਾਂ ਦਾ ਘੁਟਾਲਾ,ਸਭ ਉਪਰਲਿਆਂ ਦੀ ਕਿਰਪਾ ਆ ਜੀ। ਲਾਲੂ ਦਾ ਚਾਰਾ ਘੁਟਾਲਾ ਭਲਾ ਕੀਹਨੂੰ ਭੁਲੂ? ਐਨਾ ਚਾਰਾ ਖਾਧਾ, ਐਨਾ ਚਾਰਾ ਖਾਧਾ ਕਿ ਹੱਦ ਹੀ ਕਰਾਤੀ। ਤੇ ਲਉ ਸੁਣ ਲਉ, ਨਾ ਖਾਵਾਂਗੇ ਨਾ ਖਾਣ ਦੇਵਾਂਗੇ, ਵਾਲੇ ਵੀ ਆਪਣੇ ਤੇ ਇਲਜ਼ਾਮ ਲੁਆ ਬੈਠੈ। ਚਿੱਟੇ ਦੁੱਧ ਕੁੜਤੇ ਤੇ ਗੰਦੇ ਨੀਲੇ-ਪੀਲੇ ਦਾਗ ਪੁਆ ਬੈਠੈ। ਕੀ ਕਰਨ ਵਿਚਾਰੇ, ਉਪਰੋਂ ਆ ਗਈਆਂ ਚੋਣਾਂ। ਚੋਣਾਂ 'ਚ ਚਾਹੀਦੇ ਆ ਦਮੜੇ। ਇਧਰੋਂ ਤਾਂ ਹੁਣ ਮਿਲਣੇ ਨਹੀਂ, ਸੋਚਿਆ ਫਰਾਂਸੋਂ ਲੈ ਆਉਨੇ ਆਂ। ਜਹਾਜ਼ ਦੇ ਪੁਰਜਿਆਂ 'ਤੇ ਸੋਨੇ ਦੀ ਝਾਲ ਫਿਰਾਕੇ ਸੋਨਾ ਆਖ ਦਿੰਨੇ ਆ। ਸਭ ਚਲਦਾ ਭਾਈ। ਬੇਬਸ ਆ ਨੇਤਾ। ਸਭੋ ਕੁਝ ਕੁਰਸੀ ਲਈ ਕਰਨਾ ਪੈਂਦਾ। ਪੈਸਾ ਟਕਾ ਕਮਾਉਣਾ ਪੈਂਦਾ। ਕੁਰਸੀ ਪ੍ਰਾਪਤੀ ਲਈ ਫਿਰ ਇਹ ਪੈਸਾ ਲਾਉਣਾ ਪੈਂਦਾ। ਤਦੇ ਕਵੀ ਕਹਿੰਦਾ ਆ, "ਨੇਤਾ ਮਾਰਕੇ ਠਿੱਬੀਆਂ ਕੁਰਸੀਆਂ ਲਈ ਹਿੱਸੇ ਭਾਲਦੇ ਹਰ ਸਰਕਾਰ ਵਿੱਚੋਂ"।
ਸੱਚੀ ਗੱਲ ਮੇਰੀ ਪਰ ਸੁਣਕੇ ਤੂੰ
ਵੇਖੀਂ ਹੋ ਨਾ ਜਾਈਂ ਨਾਰਾਜ਼ ਮੀਆਂ
ਖ਼ਬਰ ਹੈ ਕਿ ਅਮਰੀਕਾ ਦੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਿਟੀ ਵਲੋਂ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੰਨ 2017 ਵਿੱਚ 10.7 ਲੱਖ ਤੋਂ ਵੱਧ ਭਾਰਤੀ ਬੀ-1 ਅਤੇ ਬੀ-2 ਵੀਜ਼ਿਆਂ 'ਤੇ ਅਮਰੀਕਾ ਆਏ ਸਨ। ਇਹ ਵੀਜ਼ੇ ਘੁੰਮਣ-ਫਿਰਨ ਦੇ ਮਕਸਦ ਨਾਲ ਦਿੱਤੇ ਜਾਂਦੇ ਹਨ। ਰਿਪੋਰਟ ਮੁਤਾਬਿਕ 14,204 ਮਿਆਦ ਖਤਮ ਹੋਣ ਬਾਅਦ ਵੀ ਅਮਰੀਕਾ 'ਚ ਰਹਿ ਰਹੇ ਹਨ। ਇਹਨਾ ਵਿਚੋਂ 1708 ਭਾਰਤੀ ਬਾਅਦ ਵਿੱਚ ਵਾਪਸ ਰਵਾਨਾ ਹੋ ਗਏ ਹਨ ਜਦਕਿ 12,498 ਭਾਰਤੀਆਂ ਦਾ ਕੋਈ ਅਤਾ-ਪਤਾ ਨਹੀਂ ਹੈ। ਇਸੇ ਤਰ੍ਹਾਂ 2016 'ਚ 15,723 ਭਾਰਤੀ ਲਾਪਤਾ ਹੋ ਗਏ ਸਨ। ਰਿਪੋਰਟ ਮੁਤਾਬਿਕ ਸੰਨ 2017 ਵਿੱਚ 1,27,435 ਭਾਰਤੀ ਵਿਦਿਆਰਥੀ ਅਤੇ ਰਿਸਰਚ ਸਕਾਲਰ ਵੀਜ਼ਿਆਂ ਤੇ ਅਮਰੀਕਾ ਆਏ ਸਨ।
ਅਮਰੀਕਾ ਨਾ ਜਾਈਏ ਤਾਂ ਕਿਥੇ ਜਾਈਏ? ਕੈਨੇਡਾ ਨਾ ਰਹੀਏ ਤਾਂ ਕਿਥੇ ਰਹੀਏ? ਵਲੈਤ ਵਿੱਚ ਤਾਂ ਹੁਣ ਥਾਂ ਹੀ ਨਹੀਂ ਬਚੀ, ਲੁਕੀਏ ਕਿਥੇ? ਅਮਰੀਕਾ ਖੁਲ੍ਹਾ ਦੇਸ਼ ਆ। ਕੈਨੇਡਾ ਖੁਲ੍ਹਾ ਦੇਸ਼ ਆ। ਲੁਕ ਜਾਨੇ ਆ ਭਾਈਬੰਦਾਂ ਕੋਲ, ਖੇਤਾਂ ਫਾਰਮਾਂ 'ਚ, ਜਿਥੇ ਪਿੰਡ ਵਰਗੀ ਰੋਟੀ ਮਿਲਦੀ ਆ। ਡਾਲਰ ਤਾਂ ਭਾਵੇਂ ਬਸ ਉਹ ਐਂਵੇ ਦਿਖਾਉਣ ਨੂੰ ਦੇਂਦੇ ਆ। ਲੁਕ ਜਾਨੇ ਆ, ਪੈਟਰੋਲ ਪੰਪਾਂ ਤੇ ਭਾਈਵੰਦਾਂ ਦੇ ਸਟੋਰਾਂ 'ਚ, ਘੱਟ ਤਨਖਾਹ ਦੇਂਦੇ ਆ, ਤਾਂ ਕੀ ਹੋਇਆ, ਕੁੱਖ ਕੱਢਵੀਂ ਰੋਟੀ ਤਾਂ ਮਿਲ ਹੀ ਜਾਂਦੀ ਆ। ਉਂਜ ਭਾਈ ਕੈਨੇਡਾ ਤਾਂ ਅੱਜਕੱਲ ਆਹ ਆਪਣੇ ਭਾਈਬੰਦਾਂ ਦੇ ਕਾਕਿਆਂ ਦੀ ਪੰਜਾਬ ਵਰਗੀ ਕੁੱਟਮਾਰ, ਨਸ਼ੇ-ਪੱਤੇ, ਗੁਰਦੁਆਰਿਆਂ 'ਚ ਕੇਸੋ-ਕੇਸੀ, ਹੂਰਾ-ਮੁੱਕੀ , ਡਾਂਗੋ ਸੋਟੀ ਕਰਕੇ ਵਾਹਵਾ ਮਸ਼ਹੂਰ ਹੋਇਆ ਪਿਆ। ਮਨ ਖੁਸ਼ ਹੋ ਜਾਂਦਾ ਜਦੋਂ ਆਪਣੇ ਭਾਈਬੰਦ ਗੁਰਦੁਆਰਿਆਂ 'ਚ ਜ਼ੋਰ ਅਜ਼ਮਾਈ ਕਰਦੇ ਆ। ਬਾਬੇ ਦੀ ਬਾਹਰਲੇ ਮੁਲਕਾਂ 'ਚ ਇਹਨਾ ਤੇ ਫੁਲ ਕਿਰਪਾ ਆ। ਜਦੋਂ ਬਾਬੇ ਦੀ ਫੁਲ ਕਿਰਪਾ ਹੋਵੇ ਤਾਂ ਬੰਦਾ ਭਾਂਈ ਆਫਰਿਆ ਫਿਰਦਾ ਉਹਨੂੰ ਧਰਤੀ ਨਹੀਂ ਦੀਹਦੀ। ਤੇ ਆਹ ਜਿਹੜੇ ਲਾਪਤਾ ਹੋ ਗਏ ਆ, ਇਹਨਾ ਵੀ ਭਾਈਬੰਦ ਬਣ ਜਾਣਾ ਪਹਿਲਿਆਂ ਵਾਂਗਰ ਤੇ ਉਹੋ ਸਭ ਕੁਝ ਕਰਨਾ ਆ, ਜੋ ਆਪਣੇ ਭਾਈਬੰਦ ਕਰਦੇ ਆ। ਉਂਜ "ਸੱਚੀ ਗੱਲ ਮੇਰੀ ਪਰ ਸੁਣਕੇ ਤੂੰ, ਵੇਖੀਂ ਹੋ ਨਾ ਜਾਈਂ ਨਾਰਾਜ਼ ਮੀਆਂ", ਆਪਾਂ ਬਾਹਰਲੇ ਮੁਲਕਾਂ 'ਚ ਜਾਕੇ ਸ਼ਰੀਕਪੁਣਾ ਨਹੀਂ ਭੁਲਿਆ,ਮਾਰ ਧਾਰ ਵੀ ਹੱਥੋਂ ਨਹੀਂ ਗੁਆਈ, ਹੇਰਾ-ਫੇਰੀ ਵੀ ਆਪਣੇ ਤੋਂ ਪਾਸੇ ਨਹੀਂ ਹੋਣ ਦਿੱਤੀ ਪਰ ਇਕੋ ਗੱਲ ਚੰਗੀ ਰੱਖੀ ਗੁਰੂ ਘਰਾਂ 'ਚ ਲੰਗਰਾਂ ਦੀ ਸੇਵਾ।
ਸਮਝਦਾਰੀ ਤਾਂ ਏਸਨੂੰ ਆਖਦੇ ਨੇ,
ਗੱਲ ਕਰੇ ਉਥੇ ਜਿਥੇ ਜਚੇ ਮੀਆਂ।
ਖ਼ਬਰ ਹੈ ਕਿ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਚੰਡੀਗੜ੍ਹ-ਹਰਿਆਣਾ-ਪੰਜਾਬ ਦੇ ਸੰਸਦ ਗੰਭੀਰ ਮੁੱਦਿਆਂ ਨੂੰ ਲੈ ਕੇ ਬਹਿਸ ਵਿੱਚ ਸ਼ਾਮਲ ਹੋਏ। ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਦੀ ਮਾਨਸੂਨ ਸੈਸ਼ਨ ਵਿੱਚ 100 ਫੀਸਦੀ ਹਾਜ਼ਰੀ ਰਹੀ। ਉਹਨਾ ਨੇ ਸਥਾਨਕ ਮੁੱਦੇ ਵੀ ਸੰਸਦ ਵਿੱਚ ਉਠਾਏ ਜਦਕਿ ਪੰਜਾਬ ਦੇ ਸਾਂਸਦ ਬਹਿਸ ਵਿੱਚ ਕੰਨੀ ਕਤਰਾਉਂਦੇ ਰਹੇ। ਰਣਜੀਤ ਸਿੰਘ ਬ੍ਰਹਮਪੁਰਾ(ਅਕਾਲੀ), ਹਰਿੰਦਰ ਸਿੰਘ ਖਾਲਸਾ(ਆਮ ਆਦਮੀ), ਸਾਧੂ ਸਿੰਘ(ਆਮ ਆਦਮੀ) ਨੇ ਸਿਰਫ ਦੋ ਤੋਂ ਛੇ ਬਹਿਸਾਂ 'ਚ ਹਿੱਸਾ ਲਿਆ ਜਦਕਿ ਭਗਵੰਤ ਮਾਨ ਨੇ 100 ਬਹਿਸਾਂ 'ਚ ਹਿੱਸਾ ਲਿਆ।
ਪੰਜਾਬ 'ਚ ਤਾਂ ਕੋਈ ਮੁੱਦਾ ਹੈ ਹੀ ਨਹੀਂ। ਪੰਜਾਬ 'ਚ ਤਾਂ ਕੋਈ ਮਸਲਾ, ਸਮੱਸਿਆ ਬਚੀ ਹੀ ਨਹੀਂ। ਸਾਰੀਆਂ ਸਮੱਸਿਆਵਾਂ ਮੁੱਦੇ ਮਸਲੇ ਤਾਂ ਭਾਈ ਨੇਤਾਵਾਂ ਖਤਮ ਹੀ ਕਰ ਛੱਡੇ ਹਨ। ਮੁੱਦਾ ਤਾਂ ਇਕੋ ਬਚਿਆ ਹੈ, ਆਪਸੀ ਕਾਟੋ-ਕਲੇਸ਼ ਦਾ। ਆਪ ਵਾਲੇ ਲੜ ਰਹੇ ਆ। ਅਕਾਲੀ ਲੋਕਾਂ ਨੇ ਚੁਪਚਾਪ ਘਰ ਬੈਠਾ ਦਿੱਤੇ ਆ। ਕਾਂਗਰਸੀ ਗੱਦੀ ਦੀ ਮਸਤੀ 'ਚ ਮੌਜਾਂ ਮਾਣ ਰਹੇ ਆ। ਭਾਜਪਾਈਆਂ ਦੀ ਤਾਂ ਗੱਲ ਹੀ ਨਾ ਪੁੱਛੋ।
ਨੇਤਾ ਲੋਕ ਕੀ ਜਾਨਣ ਪੰਜਾਬ ਦੇ ਮੁੰਡੇ ਮਜ਼ਬੂਰੀ 'ਚ ਦੇਸ਼ ਤੋਂ ਭੱਜ ਰਹੇ ਆ, ਬੇਰੁਜ਼ਗਾਰੀ, ਕਰਜ਼ੇ ਦੇ ਮਾਰਿਓ ਲੋਕ ਆਤਮਹੱਤਿਆ ਕਰ ਰਹੇ ਆ। ਮਹਿੰਗਾਈ ਨੇ ਉਹਨਾ ਦਾ ਜੀਉਣਾ ਹਰਾਮ ਕੀਤਾ ਹੋਇਆ।
ਜਦ ਭਾਈ ਨੇਤਾਵਾਂ ਨੂੰ ਮੁੱਦਾ ਹੀ ਕੋਈ ਨਹੀਂ ਦੀਹਦਾ ਤਾਂ ਬੋਲਣ ਕਾਹਦੇ 'ਤੇ। ਉਂਜ ਵੀ ਭਾਈ ਮੁੱਦੇ, ਮਸਲੇ ਉਠਾਉਣ ਲਈ ਬੰਦੇ ਨੂੰ ਪੜ੍ਹਨਾ ਪੈਂਦਾ! ਅਤੇ ਆਪਾਂ ਪੰਜਾਬੀਆਂ ਨੂੰ ਪੜ੍ਹਨ ਤੋਂ ਬਾਹਲਾ ਹੀ ਪ੍ਰਹੇਜ ਆ। ਆਪਣੇ ਡਰਾਇੰਗ ਰੂਮ ਸੋਫਿਆਂ ਨਾਲ ਫੁਲ ਹੋਏ ਪਏ ਆ। ਰਸੋਈਆਂ, ਫਰਿੱਜਾਂ ਖਾਣੇ ਦੀਆਂ ਚੀਜ਼ਾਂ ਨਾਲ ਭਰੀਆਂ ਪਈਆਂ। ਘਰ ਦੇ ਕਿਸੇ ਨਾ ਕਿਸੇ ਨੁਕਰੇ ਸ਼ਰਾਬਖਾਨਾ ਬਣਾਇਆ ਹੋਇਆ। ਨਹੀਂ ਵੀ ਬਣਿਆ ਤਾਂ ਪਸ਼ੂਆਂ ਦੇ ਵਾੜੇ, ਘਰ ਦੀ ਅੰਦਰਲੀ ਕੋਠੜੀ, ਜਾਂ ਘਰ ਦੇ ਨਿਵੇਕਲੇ ਥਾਂ ਕਿਧਰੇ ਨਾ ਕਿਧਰੇ ਸ਼ਰਾਬ ਦੀ ਦੇਸੀ ਦਾਰੂ ਜਾਂ ਅੰਗਰੇਜ਼ੀ ਬੋਤਲ ਵੀ ਜ਼ਰੂਰ ਦਿਸੂ( ਪ੍ਰਾਹੁਣਚਾਰੀ ਇਸ ਤੋਂ ਬਿਨ੍ਹਾਂ ਫਿੱਕੀ) ਤੇ ਕਿਤਾਬਾਂ ਦੀ ਸ਼ੇਲੇਫ ਕਿਧਰੇ ਵੀ ਨਾ ਮਿਲੂ। ਤਦੇ ਸਾਡੇ ਸਮਝਦਾਰ ਨੇਤਾ ਸਿਆਣਿਆਂ 'ਚ ਬੋਲਣ ਤੋਂ ਪ੍ਰਹੇਜ ਕਰਦੇ ਆ ਤੇ ਜ਼ਿੰਦਗੀ 'ਚ ਇਕੋ ਗੱਲ ਪੱਲੇ ਬੰਨ੍ਹੀ ਬੈਠੇ ਆ, "ਸਮਝਦਾਰੀ ਤਾਂ ਏਸਨੂੰ ਆਖਦੇ ਨੇ ਗੱਲ ਕਰੇ ਉਥੇ ਜਿਥੇ ਜਚੇ ਮੀਆਂ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤੀ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿੱਚ 3.12 ਕਰੋੜ ਭਾਰਤੀ ਫੈਲੇ ਹੋਏ ਹਨ। ਇਹਨਾ ਵਿੱਚ ਤਕਨੀਕੀ ਤੌਰ ਤੇ ਐਨ ਆਰ ਆਈ ਦੀ ਸੰਖਿਆ 1.1 ਕਰੋੜ ਹੈ। ਐਨ ਆਰ ਆਈ ਨੂੰ ਭਾਰਤ ਸਰਕਾਰ ਨੇ ਪ੍ਰਾਕਸੀ ਵੋਟ ਦਾ ਹੱਕ ਦਿੱਤਾ ਹੈ।
ਇੱਕ ਵਿਚਾਰ
ਬੇ-ਇਨਸਾਫੀ, ਗਰੀਬੀ, ਗੁਲਾਮੀ, ਅਗਿਆਨਤਾ, ਇਹਨਾ ਸਭ ਨੂੰ ਸੁਧਾਰ ਜਾਂ ਕਰਾਂਤੀ ਨਾਲ ਠੀਕ ਕੀਤਾ ਜਾ ਸਕਦਾ ਹੈ।................ਯਸ਼ਯਾਹ ਬਰਲਿਨ ਰੂਸੀ-ਬ੍ਰਿਟਿਸ਼ ਇਤਹਾਸਕਾਰ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.