ਪੰਜਾਬੀ ਸਾਹਿੱਤ ਸਭਾ ਕੋਲਕਾਤਾ ਵੱਲੋਂ ਮੈਨੂੰ ਜਰਨੈਲ ਸਿੰਘ ਅਰਸ਼ੀ ਯਾਦਗਾਰੀ ਪੰਜਾਬੀ ਇੰਟਰ ਸਕੂਲ ਕਵਿਤਾ ਉਚਾਰਣ ਮੁਕਾਬਲਿਆਂ ਦਾ ਸੱਦਾ ਪੱਤਰ ਨਾ ਮਿਲਦਾ ਤਾਂ ਸੱਚ ਮੰਨਿਉਂ, ਮੈਨੂੰ ਚਿੱਤ ਚੇਤਾ ਹੀ ਨਹੀਂ ਸੀ ਕਿ ਇਸ ਸੂਰਮੇ ਕਵੀ ਨੂੰ ਚੇਤੇ ਕਰਨਾ ਬਣਦਾ ਹੈ।
ਲਲਕਾਰ ਸਪਤਾਹਿਕ ਅਖ਼ਬਾਰ ਦੇ ਬਾਨੀ ਸੰਪਾਦਕ ਰਹੇ ਜਰਨੈਲ ਸਿੰਘ ਅਰਸ਼ੀ ਜੀ ਦਾ ਮੇਰੇ ਜੀਵਨ ਚ ਬੜਾ ਅਹਿਮ ਯੋਗਦਾਨ ਹੈ। ਉਨ੍ਹਾਂ ਦੀ ਕਾਵਿ ਪੁਸਤਕ ਲਲਕਾਰ ਜਦ ਯੁਵਕ ਕੇਂਦਰ ਜਲੰਧਰ ਨੇ ਪ੍ਰਥਮ ਪ੍ਰਕਾਸ਼ਨ ਤੋਂ ਲੰਮੇ ਵਕਫ਼ੇ ਬਾਦ ਛਾਪੀ ਤਾਂ ਮੈਨੂੰ ਪੜ੍ਹਨ ਦਾ ਸੁਭਾਗ ਮਿਲਿਆ। ਸ਼ਾਇਦ 1968-69 ਦੀ ਗੱਲ ਹੈ।
ਇਸ ਕਿਤਾਬ ਦਾ ਮੁੱਖ ਬੰਦ ਪ੍ਰੋ: ਮੋਹਨ ਸਿੰਘ ਜੀ ਦਾ ਲਿਖਿਆ ਹੋਇਆ ਸੀ।
ਵੱਡੀ ਪ੍ਰਤਿਭਾ ਹੋਣ ਦੀ ਗਵਾਹੀ ਦਿੱਤੀ ਸੀ।
ਉਸ ਕਾਵਿ ਸੰਗ੍ਰਹਿ ਦੇ ਅੰਤਲੇ ਪੰਨੇ ਤੇ ਅਰਸ਼ੀ ਜੀ ਦੀ ਤਸਵੀਰ ਹੇਠ ਇੱਕ ਕਾਵਿ ਟੂਕ ਸੀ।
ਜਿੱਥੇ ਚੜ੍ਹਦੀ ਜਵਾਨੀ ਨੂੰ ਅੱਗ ਲੱਗੀ,
ਮੈਨੂੰ ਸਤਿਲੁਜ ਦੇ ਓਸ ਕਿਨਾਰੇ ਦੀ ਸਹੁੰ।
ਜਿੱਥੇ ਖ਼ੂਨ ਦੇ ਵਿੱਚ ਬਹਾਰ ਡੁੱਬੀ,
ਜੱਲ੍ਹਿਆਂ ਵਾਲੇ ਦੇ ਓਸ ਨਜ਼ਾਰੇ ਦੀ ਸਹੁੰ।
ਜਿੰਨੀ ਦੇਰ ਨਹੀਂ ਦੇਸ਼ ਖੁਸ਼ਹਾਲ ਹੁੰਦਾ,
ਰਹੂ ਗੂੰਜਦੀ ਇਹੋ ਲਲਕਾਰ ਮੇਰੀ।
ਛਾਂਗ ਦਿਆਂਗਾ ਦੇਸ਼ ਦੇ ਦੁਸ਼ਮਣਾਂ ਨੂੰ,
ਕਲਮ ਨਹੀਂ ਇਹ ਜਾਣ ਤਲਵਾਰ ਮੇਰੀ।
ਇਸ ਕਿਤਾਬ ਦੇ ਪਹਿਲੇ ਪੰਨਿਆਂ ਤੋਂ ਹੀ ਪਤਾ ਲੱਗਾ ਕਿ ਅਰਸ਼ੀ ਜੀ ਆਪਣੇ ਅਖ਼ਬਾਰ ਚ ਬੜੀਆਂ ਤਿੱਖੀਆਂ ਟਿਪਣੀਆਂ ਕਰਿਆ ਕਰਦੇ ਸਨ।
ਸਿਆਸੀ ਆਰਾਂ ਲਾਉਣ ਚ ਕਮਾਲ ਸਨ।
ਸਿਆਸਤਦਾਨ ਤੜਫ਼ ਉੱਠਦੇ।
ਪਤਲਚੰਮੇ ਸਨ ਉਦੋਂ ਵਾਲੇ ਸਿਆਸਤਦਾਨ। ਹੁਣ ਵਾਂਗ ਮੋਟੇ ਚੰਮ ਵਾਲੇ ਨਹੀਂ।
ਲਲਕਾਰ ਦਾ ਲੁਧਿਆਣਾ ਚ ਘੰਟਾਘਰ ਨੇੜੇ ਦਫ਼ਤਰ ਸੀ। ਇਥੇ ਹੀ ਚੌਂਕ ਚ ਲਾਹੌਰ ਬੁੱਕ ਸ਼ਾਪ ਸੀ। ਗਿਆਨੀ ਵਰਿਆਮ ਸਿੰਘ ਮਸਤ ਦਾ ਗਿਆਨੀ ਕਾਲਿਜ ਸੀ, ਜਿੱਥੋਂ ਸੰਤੋਖ ਸਿੰਘ ਧੀਰ ਸਮੇਤ ਬਹੁਤ ਲਿਖਾਰੀਆਂ ਨੇ ਗਿਆਨੀ ਪਾਸ ਕੀਤੀ ਸੀ।
ਜਰਨੈਲ ਸਿੰਘ ਅਰਸ਼ੀ ਦਾ ਗਿਆਨੀ ਕਾਲਿਜ ਵੀ ਇਨਕਲਾਬੀ ਸੋਚ ਧਾਰਾ ਦੇ ਕਵੀਆਂ ਦਾ ਟਿਕਾਣਾ ਸੀ। ਅਜਾਇਬ ਚਿਤਰਕਾਰ, ਸੁਰਜੀਤ ਰਾਮਪੁਰੀ( ਗੁਰਚਰਨ ਰਾਮਪੁਰੀ,ਸੰਤੋਖ ਸਿੰਘ ਧੀਰ, ਸੱਜਣ ਗਰੇਵਾਲ, ਕ੍ਰਿਸ਼ਨ ਅਦੀਬ, ਮਦਨ ਲਾਲ ਦੀਦੀ ਦਾ ਪੱਕਾ ਫੇਰਾ ਪੈੋੰਦਾ। ਕਦੇ ਕਦਾਈਂ ਕਵੀ ਗੁਰਦੇਵ ਸਿੰਘ ਮਾਨ ਵੀ ਗੇੜੀ ਲਾ ਜਾਂਦੇ।
ਜਰਨੈਲ ਸਿੰਘ ਅਰਸ਼ੀ ਦਾ ਇੱਕ ਕਹਾਣੀ ਸੰਗ੍ਰਹਿ ਹੱਡ ਬੀਤੀਆਂ ਵੀ ਛਪਿਆ ਸੀ , ਪਰ ਮੇਰੇ ਹੱਥ ਨਹੀਂ ਲੱਗਾ।
1971 ਚ ਜਦ ਮੈਂ ਲੁਧਿਆਣੇ ਜੀ ਜੀ ਐੱਨ ਖਾਲਸਾ ਕਾਲਿਜ ਚ ਪੜ੍ਹਨ ਲੱਗਾ ਤਾਂ ਦੋ ਕੁ ਸਾਲ ਬਾਦ ਨਾਰੰਗਵਾਲ ਕਾਲਿਜ ਦੇ ਦੋ ਵਿਦਿਆਰਥੀ ਆਗੂ ਸਾਡੇ ਕਾਲਿਜ ਚ ਦਾਖਲ ਹੋਏ। ਗੋਪਾਲਪੁਰ ਵਾਲਾ ਦਰਸ਼ਨ ਤੇ ਰਛੀਨ ਵਾਲਾ ਇਕਬਾਲ।
ਪਤਾ ਲੱਗਾ ਕਿ ਇਕਬਾਲ ਇਨਕਲਾਬੀ ਪੰਜਾਬੀ ਕਵੀ ਜਰਨੈਲ ਸਿੰਘ ਅਰਸ਼ੀ ਦਾ ਵੱਡਾ ਸਪੁੱਤਰ ਹੈ। ਉਹ ਸਾਹਿੱਤ ਰਸੀਆ ਨਹੀਂ ਸੀ, ਪਰ ਸਾਡਾ ਸੱਜਣ ਸੀ ਕਿਉਂਕਿ ਵੱਡੇ ਭਾ ਜੀ ਪ੍ਰੋ: ਜਸਵੰਤ ਸਿੰਘ ਗਿੱਲ ਕੋਲ ਅਕਸਰ ਕਿਸੇ ਨਾ ਕਿਸੇ ਮਸਲੇ ਤੇ ਵਿਚਾਰ ਵਟਾਂਦਰਾ ਕਰਨ ਆਉਂਦਾ ਰਹਿੰਦਾ ਸੀ।
ਮੇਰੇ ਲਈ ਅਰਸ਼ੀ ਜੀ ਕਾਰਨ ਸਤਿਕਾਰ ਯੋਗ ਸੀ। ਸਾਡਾ ਵਿਦਿਆਰਥੀ ਆਗੂ ਵੀ ਸੀ ।
ਲੋਹਗੜ੍ਹ ਵਾਲੇ ਵੱਡੇ ਵੀਰ ਕਾਮਰੇਡ ਹਰਭਜਨ ਸਿੰਘ ਤੇ ਉਸ ਤੋਂ ਨਿੱਕੇ ਪ੍ਰੋ: ਹਰਦੇਵ ਸਿੰਘ ਗਰੇਵਾਲ ਤੋਂ ਪਤਾ ਲੱਗਾ ਕਿ ਅਰਸ਼ੀ ਜੀ ਦੇ ਮੈਗਜ਼ੀਨ ਲਲਕਾਰ ਦੇ ਸਾਰੇ ਅੰਕ ਲੋਹਗੜ੍ਹ ਪਏ ਹਨ।
ਮੈਂ ਉਹ ਸਾਰੇ ਅੰਕ ਮੰਗਵਾ ਕੇ ਪੜ੍ਹੇ। ਸਾਹਿੱਤ ਤੇ ਸਮਾਂਕਾਲ ਦਾ ਸੁਮੇਲ ਸੀ।
ਵਿਚਾਰ ਉਤੇਜਕ ਲਿਖਤਾਂ ਸਨ, ਜਗਾਉਣ ਵਾਲੀਆਂ।
ਜਰਨੈਲ ਸਿੰਘ ਅਰਸ਼ੀ ਦੇ ਕਾਵਿਬੋਲਾਂ ਨਾ ਹੀ ਗੱਲ ਸਮੇਟਾਂਗਾ।
ਲਲਕਾਰ ਚ ਬੜੀ ਪਿਆਰੀ ਕਵਿਤਾ ਹੈ ਗੁਰੂ ਨਾਨਕ ਦੇਵ ਜੀ ਬਾਰੇ।
ਤੇਰੇ ਜਨਮ ਦਿਹਾੜੇ ਉੱਤੇ,
ਲੋਕੀਂ ਕਹਿੰਦੇ ਆ ਜਾ ਨਾਨਕ।
ਦੀਦ ਪਿਆਸੇ ਨੈਣਾਂ ਤਾਈਂ,
ਮੁੜ ਕੇ ਦਰਸ ਦਿਖਾ ਜਾ ਨਾਨਕ।
ਪਰ ਮੈਂ ਕਹਿੰਨਾਂ ਏਸ ਦੇਸ਼ ਵਿੱਚ,
ਮੁੜ ਕੇ ਨਾ ਤੂੰ ਆਈਂ ਬਾਬਾ।
ਇਸ ਬੇੜੀ ਨੂੰ ਡੁੱਬ ਜਾਣ ਦੇ,
ਬੰਨੇ ਨਾ ਤੂੰ ਲਾਈਂ ਬਾਬਾ।
ਕੀ ਕਰੇਂਗਾ ਏਥੇ ਆ ਕੇ,
ਏਥੇ ਕੋਈ ਇਨਸਾਨ ਨੇ ਵੱਸਦੇ?
ਏਥੇ ਹਿੰਦੂ, ਸਿੱਖ, ਈਸਾਈ ,
ਏਥੇ ਮੁਸਲਮਾਨ ਨੇ ਵੱਸਦੇ।
ਝੂਠ ਵੀ ਬੋਲਣ , ਘੱਟ ਵੀ ਤੋਲਣ,
ਏਥੇ ਹੁਣ ਸ਼ੈਤਾਨ ਨੇ ਵੱਸਦੇ।
ਪੰਜਾ ਸੀ ਤੂੰ ਲਾਇਆ ਿਜੱਥੇ,
ਹੋ ਗਏ ਓਸ ਪੰਜਾਬ ਦੇ ਟੁਕੜੇ।
ਬਾਣੀ ਨਾਲ ਿਨਰੰਤਰ ਵੱਜਦੀ,
ਹੋ ਗਏ ਓਸ ਰਬਾਬ ਦੇ ਟੁਕੜੇ।
ਬਾਬਾ ਏਥੇ ਇੱਕ ਸਿਆਪਾ
ਚਾਰੇ ਪਾਸੇ ਉਲਝੀ ਤਾਣੀ।
ਟਾਟੇ ਬਾਟੇ ਬਿਰਲੇ ਸਾਰੇ,
ਹੁਣ ਭਾਗੋ ਦੇ ਬਣ ਗਏ ਹਾਣੀ।
ਜਰਨੈਲ ਸਿੰਘ ਅਰਸ਼ੀ ਦਾ ਜਨਮ 4 ਅਕਤੂਬਰ 1925 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਛੀਨ ਵਿਖੇ ਸ: ਹਰਨਾਮ ਸਿੰਘ ਦੇ ਘਰ ਮਾਤਾ ਧਨ ਕੌਰ ਦੀ ਕੁਖੋਂ ਹੋਇਆ।
ਲਾਹੌਰ ਚ ਸੁਭਾਸ਼ ਚੰਦਰ ਬੋਸ ਦਾ ਇਨਕਲਾਬੀ ਭਾਸ਼ਨ15 ਜੂਨ 1939 ਨੂੰ ਸੁਣ ਕੇ ਆਜ਼ਾਦੀ ਤੇ ਲੋਕ ਪੱਖੀ ਸੰਘਰਸ਼ ਦਾ ਰਾਹ ਚੁਣਿਆ।
ਇਨਕਲਾਬੀ ਸਰਗਰਮੀਆਂ ਕਾਰਨ ਜਬਰ ਦਾ ਸਾਹਮਣਾ ਕਰਨਾ ਪਿਆ। ਅੰਗਰੇਜ਼ਾਂ ਨੇ ਪਿੰਡ ਰਛੀਨ ਚ ਲੰਮਾ ਸਮਾਂ ਹਦੂਦਬੰਦ ਰੱਖਿਆ।
ਜ਼ਿੰਦਗੀ ਦਾ 1939 ਤੋਂ 1942 ਤੀਕ ਦਾ ਸਮਾਂ ਨੌਜਵਾਨ ਸਭਾ ਦੇ ਆਗੂ ਵਜੋਂ ਉਨ੍ਹਾਂ ਕਲਕੱਤੇ ਚ ਗੁਜ਼ਾਰਿਆ।
ਫਰੰਗੀ ਹਕੂਮਤ ਨੇ ਇਨ੍ਹਾਂ ਦੀਆਂ ਇਨਕਲਾਬੀ ਸਰਗਰਮੀਆਂ ਤੋਂ ਤਪ ਕੇ ਇਨ੍ਹਾਂ ਦੇ ਇੱਕ ਇਨਕਲਾਬੀ ਸਾਥੀ ਮਿਹਰ ਸਿੰਘ ਸਮੇਤ ਕਲਕੱਤਿਓ ਂ ਪੰਜਾਬ ਜਲਾਵਤਨ ਕਰ ਦਿੱਤਾ।
ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 1948 ਚ ਆਜ਼ਾਦੀ ਮਗਰੋਂ ਪਹਿਲੀ ਬਰਸੀ ਮਨਾਉਣ ਵਿੱਚ ਉਹ ਪੰਜਾਬੀ ਕਵੀ ਗੁਰਦੇਵ ਸਿੰਘ ਮਾਨ ਦੇ ਸਾਥੀ ਸਹਿਯੋਗੀ ਸਨ।
ਕਲਕੱਤੇ ਵੱਸਦੇ ਪੰਜਾਬੀ ਲੇਖਕ ਸ: ਹਰਦੇਵ ਸਿੰਘ ਗਰੇਵਾਲ ਜੀ ਸ: ਜਰਨੈਲ ਸਿੰਘ ਅਰਸ਼ੀ ਨੂੰ ਆਪਣਾ ਕਵੀ ਉਸਤਾਦ ਮੰਨਦੇ ਹਨ। ਉਨ੍ਹਾਂ ਦੇ ਉੱਦਮ ਨਾਲ ਹੀ ਹਰ ਸਾਲ ਜਰਨੈਲ ਸਿੰਘ ਅਰਸ਼ੀ ਜੀ ਦੇ ਨਾਮ ਤੇ ਕਲਕੱਤੇ ਵਿੱਚ ਕਾਵਿ ਚਿਰਾਗ ਬਲਦਾ ਹੈ।
ਸਾਡੀਆਂ ਸਾਹਿੱਤਕ ਸਭਿਆਚਾਰਕ ਸੰਸਥਾਵਾਂ ਨੂੰ ਵੀ ਇਹੋ ਜਹੇ ਨਾਇਕ ਸੂਰਮੇ ਕਵੀ ਚੇਤੇ ਕਰਨੇ ਚਾਹੀਦੇ ਹਨ।
ਕੱਲ੍ਹ ਮੈਨੂੰ ਸਵੇਰ ਸਾਰ ਕਲਕੱਤੇ ਤੋਂ ਸ: ਜਗਮੋਹਨ ਸਿੰਘ ਗਿੱਲ ਤੇ ਹਰਦੇਵ ਸਿੰਘ ਗਰੇਵਾਲ ਨੇ ਸਮਾਗਮ ਦਾ ਕਾਰ ਭੇਜਿਆ ਤਾਂ ਦਿਲ ਕੀਤਾ ਕਿ ਉਦਾਸ ਤਸਵੀਰ ਚ ਰੰਗ ਭਰਵਾਏ ਜਾਣ।
ਇਸ ਚੰਗੇ ਕਾਰਜ ਲਈ ਮੈਂ ਮਲੋਟ ਵੱਸਦੇ ਖੂਬਸੂਰਤ ਪੇਟਿੰਗ ਕਰਨ ਵਾਲੇ ਵੀਰ ਤਰਸੇਮ ਰਾਹੀ ਨੂੰ ਬੇਨਤੀ ਕੀਤੀ।
ਉਸ ਦੀ ਕਿਰਤ ਹੀ ਇਨ੍ਹਾਂ ਸ਼ਬਦਾਂ ਨਾਲ ਤੁਹਾਡੇ ਸਨਮੁਖ ਪੇਸ਼ ਹੈ। ਵੱਡੀ ਪੇਂਟਿੰਗ ਫੇਰ ਬਣਾਵਾਂਗੇ।
ਇਸ ਤਸਵੀਰ ਨੂੰ ਪੰਜਾਬ ਭਵਨ ਸੱਰੀ(ਕੈਨੇਡਾ) ਤੇ ਇੰਡੋਜ਼ ਸਾਹਿੱਤ ਸਭਾ ਦੀ ਲਾਇਬਰੇਰੀ ਬਰਿਸਬੇਨ(ਆਸਟਰੇਲੀਆ ਚ ਵੀ ਸੁੱਖੀ ਬਾਠ ਤੇ ਸਰਬਜੀਤ ਸੋਹੀ ਨੂੰ ਕਹਿ ਕੇ ਸੁਸ਼ੋਭਿਤ ਕਰਾਂਗੇ।
ਜਰਨੈਲ ਸਿੰਘ ਅਰਸ਼ੀ ਭਾਵੇਂ ਸਰੀਰਕ ਵਿਛੋੜਾ 14 ਜਨਵਰੀ 1951 ਨੂੰ ਟਾਈਫਾਈਡ ਵਿਗੜਨ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ ਪਰ ਕਾਵਿ ਜਲਵਾ ਅਜੇ ਵੀ ਦਗਦਾ, ਜਗਦਾ, ਮਘਦਾ ਅੱਜ ਵੀ ਸਾਡਾ ਰਾਹ ਰੁਸ਼ਨਾਉਂਦਾ ਹੈ।
ਗੁਰਭਜਨ ਗਿੱਲ
11.8.2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.