ਪੰਜਾਬ ਵਿਚ ਇਤਿਹਾਸ ਅੱਜ ਵੀ ਉਨ੍ਹਾਂ ਕੋਨਿਆਂ 'ਚ ਦਬਿਆ ਪਿਆ ਹੈ ਜਿਥੇ ਛੇਤੀ ਕਿਤੇ ਕਿਸੇ ਦੀ ਨਿਗ੍ਹਾ ਨਹੀਂ ਜਾਂਦੀ। ਇਸੇ ਤਰ੍ਹਾਂ ਨਾਲ ਪੰਜਾਬ ਦੇ ਵਿਰਸੇ ਦੀ ਗੱਲ ਕਰ ਲਈਏ ਭਾਵੇਂ ਪੰਜਾਬ 'ਚ ਅਲੋਪ ਹੋ ਚੁੱਕੇ ਰੀਤੀ ਰਿਵਾਜ਼ਾਂ ਦੀ, ਤਾਂ ਅੱਜ ਵੀ ਲੋਕ ਉਂਨ੍ਹਾਂ ਸਮਿਆਂ 'ਚ ਵਾਪਸ ਮੁੜ ਜਾਣਾ ਚਾਹੁੰਦੇ ਨੇ। ਪਰ ਆਧੁਨਿਕਤਾ ਕਾਰਨ ਉਨ੍ਹਾਂ ਦਾ ਵੱਸ ਨਹੀਂ ਚਲਦਾ ਤੇ ਉਹ ਮਸ਼ੀਨੀ ਯੁਗ ਵਿਚ ਆਪਣਾ ਜੀਵਨ ਬਸਰ ਕਰਨ ਲਈ ਮਜਬੂਰ ਹਨ।
ਅੱਜ 50 ਸਾਲ ਤੋਂ ਉਪਰ ਜੀਵਨ ਹੰਢਾ ਚੁੱਕੇ ਬਾਬਿਆਂ ਤੇ ਬੀਬੀਆਂ ਨੂੰ ਕੋਈ ਪੁੱਛ ਕੇ ਦੇਖੇ ਤਾਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਅੱਜ ਵੀ ਉਹੀ ਰੰਗਲਾ ਪੰਜਾਬ ਉਕਰਿਆ ਹੋਇਆ ਹੈ। ਪਰ ਤਰਾਸਦੀ ਹੈ ਕਿ ਪੰਜਾਬ 'ਚ ਪੈਦਾ ਹੋ ਰਹੀ ਨਵੀਂ ਪਨੀਰੀ ਪੰਜਾਬ ਦੇ ਪੁਰਾਣੇ ਰਿਵਾਜ਼ਾਂ ਤੇ ਪੁਰਾਣਿਆਂ ਗੱਲਾਂ ਤੋਂ ਕੋਹਾਂ ਦੂਰ ਖੜ੍ਹੇ ਹਨ। ਖਾਸ ਕਰਕੇ ਵਿਦੇਸ਼ਾਂ ਵਿਚ ਵਸਦੇ ਲੋਕਾਂ ਦਾ ਹਮੇਸ਼ਾਂ ਇਹੀ ਜੀਅ ਰਿਹਾ ਹੈ ਕਿ ਕੋਈ ਉਨ੍ਹਾਂ ਨੂੰ ਪੁਰਾਣੇ ਪੰਜਾਬ ਦੇ ਦਰਸ਼ਨ ਕਰਵਾ ਦੇਵੇ।
ਇਸੇ ਤਰ੍ਹਾਂ ਨਾਲ ਪੁਰਾਣੇ ਪੰਜਾਬ ਦੀ ਨਿੱਕੀ ਜਿਹੀ ਪਰ ਵੱਡੀ ਝਲਕ ਪੇਸ਼ ਕਰਦਾ ਇੱਕ ਪਿੰਡ ਅੱਜ ਵੀ ਮੌਜੂਦ ਹੈ। ਬਰਨਾਲੇ ਜ਼ਿਲ੍ਹੇ ਦਾ ਪਿੰਡ ਛੀਨੀਵਾਲ ਕਲਾਂ, ਜਿਸ ਦੀ ਤਕਰੀਬਨ 4 ਹਜ਼ਾਰ ਦੇ ਕਰੀਬ ਅਬਾਦੀ ਹੈ ਅਤੇ ਅਬਾਦੀ ਤੋਂ ਅੱਧ ਜਾਣਿਕਿ 2 ਹਜ਼ਾਰ ਤੋਂ 2500 ਤੱਕ ਇਸ ਪਿੰਡ 'ਚ ਮੱਝਾਂ ਹੀ ਹਨ। ਗੱਲ ਹੈ ਥੋੜ੍ਹੀ ਹੈਰਾਨ ਕਰ ਦੇਣ ਵਾਲੀ। ਪਰ ਫਿਲਹਾਲ ਦੀ ਮੇਰੀ ਪੜਤਾਲ ਵਿਚ ਇਹ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੈ ਜਿਥੇ ਹੁਣ ਤੱਕ ਦੀਆਂ ਸਭ ਤੋਂ ਮੱਝਾਂ ਦੇਖੀਆਂ ਗਈਆਂ ਨੇ ਤੇ ਦੂਜੀ ਵੱਡੀ ਗੱਲ ਕਿ ਅੱਜ ਵੀ ਇਥੇ ਪੁਰਾਣੇ ਸਮਿਆਂ ਵਾਂਗ 'ਵੱਗ' ਚਲਦਾ ਹੈ। ਇਸ ਪਿੰਡ ਵਿਚ ਦੋ ਵੱਡੇ ਟੋਭੇ ਹਨ, ਜਿੰਨ੍ਹਾਂ ਵਿਚ ਲੋਕ ਸਵੇਰੇ 8 ਵਜੇ ਆਪਣੀਆਂ ਮੱਝਾਂ ਨੂੰ ਘਰਾਂ 'ਚੋਂ ਛੱਡ ਦਿੰਦੇ ਹਨ ਤੇ ਇਹ ਪਸ਼ੂ ਸਿੱਧਾ ਟੋਭਿਆਂ 'ਚ ਆ ਕੇ ਤਾਰੀਆਂ ਲਾਉਣ ਲੱਗ ਜਾਂਦੇ ਨੇ। ਸ਼ਾਮ ਨੂੰ ਤਕਰੀਬਨ 3 ਵਜੇ ਸਾਰੇ ਪਸ਼ੂ ਆਪੋ ਆਪਣੇ ਘਰਾਂ ਨੂੰ ਚਾਲੇਪਾ ਦਿੰਦੇ ਨੇ ਤੇ ਇੰਨ੍ਹਾਂ ਦੀ ਦੇਖ ਰੇਖ ਲਈ ਰੱਖੇ ਬਾਗੀ ਇਹਨਾਂ ਨੂੰ ਲੋੋਕਾਂ ਦੇ ਘਰੀਂ ਪਹੁੰਚਾ ਦਿੰਦੇ ਨੇ। ਪਸ਼ੂਆਂ ਦੀ ਦੇਖ ਰੇਖ ਲਈ ਅੱਜ ਵੀ ਪੁਰਾਣੇ ਸਮੇਂ ਵਾਂਗਰਾਂ ਦੋ ਜਾਂ ਤਿੰਨ 'ਬਾਗੀ' ਰੱਖੇ ਹੋਏ ਹਨ ਅਤੇ ਉਹ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਲੋਕਾਂ ਕੋਲੋਂ ਪੈਸੇ ਨਹੀਂ ਲੈਂਦੇ ਸਗੋਂ ਅੱਜ ਵੀ ਉਹ ਲੋਕ ਪਿੰਡ ਦੇ ਲੋਕਾਂ ਕੋਲੋਂ ਹਫਤੇ ਬਾਅਦ ਆਟਾ ਤੇ ਮਹੀਨੇ ਬਾਅਦ ਦਾਣੇ ਲੈਂਦੇ ਹਨ।
ਪਿੰਡ ਦੇ ਲੋਕ ਬਹੁਤ ਹੀ ਕਮਾਲ ਦੇ ਹਨ। ਦੁਪਹਿਰ ਦੇ ਵਕਤ ਪਿੰਡ ਦੇ ਬਜ਼ੁਰਗ 50 ਸਾਲ ਪੁਰਾਣੇ ਬੋਹੜਾਂ ਦੇ ਹੇਠ ਬੈਠ ਹਵਾ ਦਾ ਅਨੰਦ ਮਾਣਦੇ ਹੋਏ ਤਾਸ਼ ਦੀ ਬਾਜ਼ੀ ਲਾਉਂਦੇ ਨੇ। ਅੱਜ ਵੀ ਇਸ ਪਿੰਡ ਵਿਚ ਸੱਥਾਂ ਜੁੜਦੀਆਂ ਨੇ। ਘਾਟੇ ਵਾਧਿਆਂ ਨੂੰ ਜਰਦਿਆਂ ਅੱਜ ਵੀ ਇਹ ਬਜ਼ੁਰਗ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਚੇਤੇ ਕਰਦਿਆਂ ਖੂਬ ਠਹਾਕੇ ਲਾਉਂਦੇ ਨੇ।
ਇਸ ਪਿੰਡ ਵਿਚ ਜਾ ਕੇ ਜੋ ਦਿਮਾਗੀ ਸਕੂਨ ਮਿਲਿਆ ਸ਼ਾਇਦ ਹੋਰ ਕਿਤੇ ਉਹ ਸਕੂਨ ਨਹੀਂ ਮਿਲ ਸਕਦਾ। ਮੇਰਾ ਅਸਲ ਰੰਗਲਾ ਪੰਜਾਬ ਅੱਜ ਸਿਰਫ ਇੰਨ੍ਹਾਂ ਬਾਬਿਆਂ ਦੀ ਬਦੌਲਤ ਹੀ ਹੈ। ਨਹੀਂ ਤਾਂ ਜੋ ਸਮਾਂ ਪੰਜਾਬ 'ਤੇ ਚੱਲ ਰਿਹਾ ਹੈ, ਇਸਨੂੰ ਦੇਖਿਆਂ ਇੰਝ ਜਾਪਦਾ ਹੈ ਕਿ ਸਾਡਾ ਪੰਜਾਬ, ਪੰਜਾਬ ਨਹੀਂ, ਸਗੋਂ ਆਧੁਨਿਕਤਾ ਦੀ ਹੋਸ਼ੀ ਦੌੜ 'ਚ ਲੱਗ ਮਸ਼ੀਨਾਂ ਦਾ ਪੰਜਾਬ ਬਣ ਗਿਆ ਹੈ। ਪ੍ਰਮਾਤਮਾ ਉਨ੍ਹਾਂ ਬਾਬਿਆਂ ਨੂੰ ਲੰਮੀਆਂ ਉਮਰਾਂ ਦੇਵੇ।
ਇਸ ਖਾਸ ਰਿਪੋਰਟ ਦੀ ਵੀਡੀੳ ਰਿਪੋਰਟ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
ਅੰਗ੍ਰੇਜ਼ੀ ਵਿਚ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
-
ਯਾਦਵਿੰਦਰ ਸਿੰਘ ਤੂਰ, ਲੇਖਕ ਤੇ ਨੀਊਜ਼ ਐਡੀਟਰ ਬਾਬੂਸ਼ਾਹੀ
yadwinder12@gmail.com
9501582626
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.