ਖ਼ਬਰ ਹੈ ਕਿ ਪੰਜਾਬ ਦੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿੱਚ ਕਿਹਾ ਕਿ ਪੰਜਾਬ 'ਚ 'ਆਪ' ਦੋ ਨਹੀਂ ਸਗੋਂ ਚਾਰ ਫਾੜ ਹੋਈ ਪਈ ਹੈ ਅਤੇ ਇੱਕਲਾ ਭਗਵੰਤ ਮਾਨ ਹੈ ਜਿਹੜਾ ਦੋ ਕਿਸ਼ਤੀਆਂ 'ਚ ਪੈਰ ਧਰੀ ਬੈਠਾ ਹੈ। ਉਹ ਬਠਿੰਡਾ ਸ਼ਹਿਰ ਵਿੱਚ ਤੀਆਂ ਦੇ ਤਿਉਹਾਰ ਵਿੱਚ ਭਾਗ ਲੈਣ ਆਏ ਸਨ। ਇਸ ਮੌਕੇ ਉਹਨਾ ਔਰਤਾਂ ਨਾਲ ਗਿੱਧਾ ਵੀ ਪਾਇਆ। ਉਧਰ ਆਮ ਆਦਮੀ ਪਾਰਟੀ ਦੀਆਂ ਤਿੰਨ ਮਹਿਲਾ ਵਿਧਾਇਕਾਂ ਸਰਬਜੀਤ ਕੌਰ ਰਾਣੂਕੇ, ਪ੍ਰੋ: ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਵਲੋਂ ਉਹਨਾ ਵਿਰੁੱਧ, ਸੁਖਪਾਲ ਸਿੰਘ ਖਹਿਰਾ ਦੀ ਰੈਲੀ 'ਚ ਅਤੇ ਫੇਸਬੁੱਕ ਉਤੇ ਵਰਤੀ ਸ਼ਬਾਦਵਲੀ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਧਰ ਚੰਡੀਗੜ੍ਹ 'ਚ ਹੋਈ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੜ ਪ੍ਰਧਾਨਗੀ ਦੀ ਕਮਾਨ ਸੌਂਪੇ ਜਾਣ ਦੀ ਹਾਈ ਕਮਾਨ ਤੋਂ ਮੰਗ ਕੀਤੀ ਹੈ।
ਵੇਖੋ ਨਾ ਜੀ, ਖਿੱਦੋ ਉਧੜਦੀ ਉਧੜਦੀ ਆਖਰ ਉਧੜ ਹੀ ਗਈ। ਕਿੰਨਾ ਉਭਾਰ ਸੀ ਆਮ ਦਾ ਦੇਸ਼ਾਂ ਵਿਦੇਸ਼ਾ 'ਚ। ਆਮ ਬੰਦਾ ਆਂਹਦਾ ਸੀ, ਲਉ ਬਈ ਢਾਅ ਲਿਆ 'ਖਾਸ' ਨੂੰ। ਆਮ ਬੰਦਾ ਆਂਹਦਾ ਸੀ, ਆਹ ਪੈਂਚਰ ਲਾਉਣ ਵਾਲਾ, ਆਹ ਚਾਹ ਵੇਚਣ ਵਾਲਾ, ਆਹ ਜੁੱਤੀਆਂ ਗੰਢਣ ਵਾਲਾ, ਵੱਟ 'ਤੇ ਪਿਆ ਵਿਧਾਇਕ ਬਨਣ ਲਈ। ਉਹ ਦਿੱਲੀਓ ਆਏ, ਸਭਨਾ ਦੇ ਸੁਫਨੇ ਖਿਲਾਰ ਗਏ! ਪੈਸਿਆਂ ਵਾਲਿਆਂ ਦੇ ਹੱਥ ਟਿਕਟਾਂ ਫੜਾ ਗਏ!
ਵੋਖੋ ਨਾ ਜੀ, ਜਿਸ ਉਪਰਾਲਿਆਂ ਨੂੰ ਵੰਗਾਰਿਆ, ਉਹਨੂੰ ਉਹਨਾ ਰਾਹੇ ਰਾਹ ਪਾਤਾ। ਪਹਿਲਾ ਗਾਂਧੀ ਰਾਹੇ ਪਾਇਆ, ਨਾਲੋ-ਨਾਲ ਹਰਿੰਦਰ ਸਿੰਘ ਖਾਲਸਾ। ਸੁੱਚਾ ਸਿੰਘ ਛੋਟੇਪੁਰ, ਛੋਟਾ ਕਰਤਾ ਤਾ। ਗੁਰਪ੍ਰੀਤ ਘੁੱਗੀ ਫਿਰ ਘੁੱਗੀ ਵਾਂਗਰ ਉਡਾ ਤਾ। ਖਹਿਰੇ ਨਾਲ ਤਾਂ ਬਾਹਲੀ ਹੀ ਮਾੜੀ ਕਰ ਤੀ। ਪੌੜੀ ਲਾ ਕੋਠੇ 'ਤੇ ਚੜ੍ਹਾ, ਥਲਿਓ ਪੌੜੀ ਨੂੰ ਖਿਸਕਾ ਤਾ। ਲੈ ਹੁਣ ਕਰ ਲੈ ਅੱਲ-ਬਲੱਲੀਆਂ। ਦੇਈ ਜਾਹ ਗੇੜਾ, ਗਾਈ ਜਾਹ ਗੁੱਗੇ ਪੰਜਾਬ ਦੇ, ਪੰਜਾਬ ਦੇ ਮੁੱਦਿਆਂ ਦੇ, ਮਸਲਿਆਂ ਦੇ!
ਪਰ ਵੇਖੋ ਨਾ ਜੀ ਕਿਸੇ ਵੇਲੇ ਆਮੋ-ਆਮ ਸੀ। ਕਿਸੇ ਵੇਲੇ ਟੋਪੀਓ-ਟੋਪੀ ਸੀ। ਕਿਸੇ ਵੇਲੇ ਲੋਕਾਂ ਦੇ ਮਨਾਂ 'ਚ ਝਰਨਾਟ ਸੀ, ਆਸ ਸੀ! ਪਰ ਐਸਾ ਮੋਦੀਆਂ, ਬਾਦਲਾਂ, ਕੈਪਟਨਾਂ, ਤੀਰ ਚਲਾਏ, ਆਪਸ ਵਿੱਚ ਗਾਂਢੇ ਪਾਏ ਕਿ ਕੇਜਰੀਵਾਲ ਇਧਰ, ਖੇਹਰਾ ਉਧਰ! ਸ਼ਸੋਦੀਆ ਇਧਰ, ਗਾਂਧੀ ਉਧਰ। ਇੱਕ ਪਾਰਟੀ ਦਿੱਲੀ। ਦੂਜੀ ਪੰਜਾਬ! ਤੇ ਸਭੋ ਕੁਝ ਖੇਰੂ-ਖੇਰੂ। "ਵੱਜਦੀ ਨਹੀਂ ਰੱਬਾਬ ਹੁਣ ਰੂਹ ਵਾਲੀ, ਇੱਕ ਇੱਕ ਕਰਕੇ ਇਹਦੇ ਤਾਰ ਟੂਟੇ"।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.