ਏਸ਼ੀਅਨ ਖੇਡਾਂ 18 ਅਗਸਤ ਤੋਂ 1 ਸਤੰਬਰ ਤੱਕ ਜਕਾਰਤਾ, ਇੰਡੋਨੇਸ਼ੀਆ ਵਿਖੇ ਹੋ ਰਹੀਆਂ ਹਨ, ਭਾਵੇਂ ਏਸ਼ੀਅਨ ਖੇਡਾਂ ਦੀ ਸ਼ੁਰੂਆਤ 1951 ਤੋਂ ਹੋਈ। ਪਰ ਏਸ਼ੀਅਨ ਖੇਡਾਂ ਵਿਚ ਮਰਦਾਂ ਦੇ ਹਾਕੀ ਮੁਕਾਬਲੇ 1958 ਤੋਂ ਅਤੇ ਕੁੜੀਆਂ ਦੇ ਹਾਕੀ ਮੁਕਾਬਲੇ 1982ਤੋਂ ਸ਼ੁਰੂ ਹੋਏ।
ਜੇਕਰ ਏਸ਼ੀਅਨ ਖੇਡਾਂ ਦੇ ਹਾਕੀ ਇਤਿਹਾਸ ਅਤੇ ਟੀਮਾਂ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਮਰਦਾਂ ਦੇ ਵਰਗ 'ਚ 1958 ਤੋਂ ਲੈ ਕੇ 2014 ਤੱਕ ਦੀਆਂ ਏਸ਼ੀਅਨ ਖੇਡਾਂ ਵਿਚ ਪਾਕਿਸਤਾਨ ਹਾਕੀ ਟੀਮ ਦਾ ਵਧੇਰੇ ਦਬਦਬਾ ਰਿਹਾ ਹੈ। ਪਾਕਿਸਤਾਨ ਨੇ ਏਸ਼ੀਅਨ ਖੇਡਾਂ ਵਿਚ ਹੁਣ ਤੱਕ ਖੇਡੇ ਹਾਕੀ ਦੇ 15 ਮੁਕਾਬਲਿਆਂ ਵਿੱਚੋਂ 8 ਵਾਰੀ ਸੋਨ ਤਗਮਾ 3 ਵਾਰ ਚਾਂਦੀ ਤਗਮਾ ਅਤੇ 3 ਵਾਰ ਕਾਂਸੀ ਦਾ ਤਗਮਾ ਜਿੱਤਿਆ ਹੈ। ਜਦਕਿ ਉਸਤੋਂ ਬਾਅਦ ਭਾਰਤ ਨੇ ਤਿੰਨ ਵਾਰ ਸੋਨ ਤਗਮਾ (1966, 1998, 2014), ਤੇ 9 ਵਾਰ ਚਾਂਦੀ ਦਾ ਅਤੇ 2 ਵਾਰ ਕਾਂਸੀ ਦਾ ਤਗਮਾ ਜਿੱਤਿਆ ਹੈ। ਪਾਕਿਸਤਾਨ ਹਾਕੀ ਨੂੰ 2002 ਵਿਚ ਚੌਥਾ ਸਥਾਨ ਅਤੇ ਭਾਰਤੀ ਹਾਕੀ ਟੀਮ ਨੂੰ 2006 ਵਿਚ ਪੰਜਵੇਂ ਸਥਾਨ 'ਤੇ ਰਹਿਣ ਲਈ ਮਜਬੂਰ ਵੀ ਹੋਣਾ ਪਿਆ। ਭਾਰਤ ਪਾਕਿਸਤਾਨ ਤੋਂ ਬਾਅਦ ਕੋਰੀਆ ਚਾਰ ਵਾਰ ਸੋਨ ਤਗਮਾ ਅਤੇ 1 ਵਾਰ ਚਾਂਦੀ ਦਾ ਤਗਮਾ ਜਿੱਤਿਆ ਹੈ। ਮਲੇਸ਼ੀਆ ਤੇ ਚੀਨ ਦੀਆਂ ਟੀਮਾਂ ਨੂੰ 1-1 ਵਾਰ ਚਾਂਦੀ ਦਾ ਤਗਮਾ ਮਿਲਿਆ ਹੈ। ਇਸਦਾ ਮਤਲਬ ਕਿ ਸੋਨ ਤਗਮਾ ਜਿੱਤਣ ਵਿਚ ਪਾਕਿਸਤਾਨ ਭਾਰਤ ਅਤੇ ਕੋਰੀਆ ਹੀ ਰਹੇ। ਜਦਕਿ ਕੁੜੀਆਂ ਦੀ ਹਾਕੀ ਵਿਚ ਭਾਂਰਤੀ ਹਾਕੀ ਟੀਮ ਨੇ 1982 ਏਸ਼ੀਅਨ ਖੇਡਾਂ ਵਿਚ ਪਲੇਠਾ ਸੋਨ ਤਗਮਾ ਜਿੱਤਿਆ। ਉਸਤੋਂ ਬਾਅਦ ਕੋਰੀਆ ਨੇ 5 ਵਾਰੀ, ਅਤੇ ਚੀਨ ਨੇ 3 ਵਾਰੀ ਚੈਂਪੀਅਨ ਜੇਤੂ ਸਟੈਂਡ 'ਤੇ ਖੜ੍ਹਨ ਦਾ ਮਾਣ ਹਾਸਲ ਕੀਤਾ। ਮਰਦਾਂ ਦੀ ਹਾਕੀ ਵਿਚ ਸਭ ਤੋਂ ਵੱਧ ਫਾਈਨਲ ਮੁਕਾਬਲੇ ਭਾਰਤ ਨੇ ਖੇਡੇ। ਭਾਰਤ ਨੇ ਕੁੱਲ 12 ਫਾਈਨਲ ਮੁਕਾਬਲੇ ਖੇਡੇ ਜਦਕਿ ਪਾਕਿਸਤਾਨ ਨੇ ਕੁੱਲ 11 ਫਾਈਨਲ ਮੁਕਾਬਲੇ ਖੇਡੇ ਅਤੇ ਕੋਰੀਆ 5 ਵਾਰ ਫਾਇਨਲ ਵਿਚ ਪੁੱਜਿਆ।
2018 ਦੀਆਂ ਏਸ਼ੀਅਨ ਖੇਡਾਂ ਵਿਚ ਹਾਕੀ ਮੁਕਾਬਲੇ 19 ਅਗਸਤ ਤੋਂ 1 ਸਤੰਬਰ ਤੱਕ ਜੀ.ਬੀ.ਕੇ ਸਪੋਰਟਸ ਕੰਪਲੈਕਸ ਜਕਾਰਤਾ ਵਿਖੇ ਖੇਡੇ ਜਾਣਗੇ। ਕੁੱਲ 14 ਦੇਸ਼ਾਂ ਤੋਂ 21 ਟੀਮਾਂ ਮਰਦਾਂ ਅਤੇ ਇਸਤਰੀਆਂ ਦੇ ਵਰਗ 'ਚ ਹਿੱਸਾ ਲੈਣਗੀਆਂ। ਕੁੱਲ 60 ਮੈਚ ਖੇਡੇ ਜਾਣਗੇ। ਮਰਦਾਂ ਦੇ ਵਰਗ ਵਿਚ ਭਾਰਤ ਗਰੁੱਪ- ਏ ਵਿਚ ਕੋਰੀਆ, ਜਪਾਨ, ਸ਼੍ਰੀਲੰਕਾ, ਹਾਂਕਾਂਗ, ਅਤੇ ਪਾਕਿਸਤਾਨ ਗੁਰੱਪ-ਬੀ 'ਚ ਮਲੇਸ਼ੀਆ, ਬ਼ਗਲਾਦੇਸ਼, ਓਮਾਨ, ਥਾਈਲੈਂਡ, ਮੇਜ਼ਬਾਨ ਇੰਡੋਨੇਸ਼ੀਆ ਨਾਲ ਖੇਡੇਗਾ। ਦੋਹਾਂ ਗਰੁੱਪਾਂ ਵਿਚੋਂ 2-2 ਟੀਮਾਂ ਲੀਗ ਦੌਰ ਖੇਡਣ ਤੋਂ ਬਾਅਦ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਜਦਕਿ ਕੁੜੀਆਂ ਦੇ ਵਰਗ ਵਿਚ ਭਾਰਤੀ ਹਾਕੀ ਟੀਮ ਗਰੁੱਪ- ਬੀ ਵਿਚ ਦੱਖਣੀ ਕੋਰੀਆ, ਥਾਈਲੈਂਡ, ਕਜ਼ਾਕਿਸਤਾਨ, ਇੰਡੋਨੇਸ਼ੀਆ, ਗਰੁੱਪ-ਏ ਵਿਚ ਚੀਨ , ਜਪਾਨ, ਮਲੇਸ਼ੀਆ, ਹਾਂਕਾਂਗ, ਚੀਨੀ ਤਾਈਪਾਈ ਨੂੰ ਰੱਖਿਆ ਗਿਆ ਹੈ। ਜਿਥੇ ਤੱਕ ਕੁੜੀਆਂ ਦੀ ਹਾਕੀ ਦਾ ਸਵਾਲ ਹੈ, ਭਾਵੇਂ ਭਾਰਤੀ ਟੀਮ ਨੂੰ ਸੋਨ ਤਗਮਾ ਜਿੱਤਿਆਂ ਸਾਢੇ ਤਿੰਨ ਦਹਾਕੇ ਦਾ ਵਕਤ ਹੋ ਗਿਆ ਹੈ, ਪਰ ਜੋ ਮੌਜੂਦਾ ਟੀਮਾਂ ਦੀ ਕਾਰਗੁਜ਼ਾਰੀ ਹੈ ਉਸ ਹਿਸਾਬ ਨਾਲ ਭਾਰਤੀ ਕੁੜੀਆਂ ਦਾ ਸੋਨ ਤਗਮੇ 'ਤੇ ਦਾਅਵਾ ਮਜਬੂਤ ਹੈ। ਕਿਉਂਕਿ ਹੁਣੇ-ਹੁਣੇ ਇੰਗਲੈਂਡ ਵਿਚ ਸਮਾਪਤ ਹੋਏ ਵਿਸ਼ਵ ਕੱਪ ਹਾਕੀ ਮੁਕਾਬਲੇ 'ਚ ਏਸ਼ੀਅਨ ਮਹਾਂਦੀਪ ਵਿਚੋਂ ਇੱਕੋ ਇੱਕ ਟੀਮ ਭਾਰਤ ਨੂੰ ਕੁਅਟਰ-ਫਾਈਨਲ ਖੇਡਣ ਦਾ ਮਾਣ ਮਿਲਿਆ ਹੈ। ਜਦਕਿ ਉਸਦੀਆਂ ਰਿਵਾਇਤੀ ਵਿਰੋਧੀ ਦੱਖਣੀ ਕੋਰੀਆ ਪ੍ਰੀ ਕੁਆਟਰਫਾਈਨਲ ਵਿਚ ਹਾਰ ਗਈ ਸੀ। ਚੀਨ ਫਾਡੀ ਸਥਾਨ 'ਤੇ ਰਹੀ ਅਤੇ ਜਪਾਨ ਵੀ ਲੀਗ ਦੌਰ ਵਿਚੋਂ ਬਾਹਰ ਹੋ ਗਈ। ਪਿਛਲੇ ਸਾਲ ਚੈਂਪੀਅਨਜ਼ ਟਰਾਫੀ ਜਿੱਤ ਕੇ ਭਾਰਤ ਨੇ ਆਪਣੀ ਤਾਕਤ ਨੂੰ ਦਰਸਾ ਦਿੱਤਾ ਹੈ। ਕੁੜੀਆਂ ਦੀ ਹਾਕੀ ਵਿਚ ਇਸ ਵਾਰ ਭਾਰਤੀ ਹਾਕੀ ਟੀਮ ਦਾ ਜੇਤੂ ਦਾਅਵਾ ਕਾਫੀ ਮਜਬੂਤ ਹੈ ਅਤੇ ਉਹ ਅਸਾਨੀ ਨਾਲ ਹੀ 1982 ਦੀਆਂ ਏਸ਼ੀਅਨ ਖੇਡਾਂ ਵਾਲਾ ਆਪਣਾ ਜੇਤੂ ਇਤਿਹਾਸ ਦੁਹਰਾ ਸਕਦੀਆਂ ਹਨ।
ਜਦਕਿ ਮਰਦਾਂ ਦੀ ਹਾਕੀ ਵਿਚ ਭਾਰਤੀ ਟੀਮ ਏਸ਼ੀਅਨ ਮਹਾਂਦੀਪ ਦੀ ਸਿਰਮੌਰ ਟੀਮ ਹੈ। ਵਿਸ਼ਵ ਰੈਂਕਿੰਗ ਵਿਚ ਉਸਦਾ ਪੰਜਵਾਂ ਸਥਾਨ ਹਾਸਲ ਹੈ। ਜਦਕਿ ਉਸਦਾ ਰਿਵਾਇਤੀ ਵਿਰੋਧੀ ਪਾਕਿਸਤਾਨ ਦੁਨੀਆ ਦੀ ਹਾਕੀ ਰੈਂਕਿੰਗ ਵਿਚ 13ਵੇਂ ਸਥਾਨ 'ਤੇ, ਮਲੇਸ਼ੀਆ 12ਵੇਂ ਸਥਾਨ 'ਤੇ ਅਤੇ ਦੱਖਣੀ ਕੋਰੀਆ 15ਵੇਂ ਸਥਾਨ 'ਤੇ ਚੱਲ ਰਿਹਾ ਹੈ। ਏਸ਼ੀਆਨ ਮਹਾਂਦੀਪ ਦੇ ਸਾਰੇ ਹਾਕੀ ਖਿਤਾਬ ਭਾਰਤ ਦੀ ਝੋਲੀ ਵਿਚ ਹਨ। 2014 ਦੀਆਂ ਏਸ਼ੀਅਨ ਖੇਡਾਂ ਵਿਚ ਵੀ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਸੀ। ਜੇਕਰ ਕੁਦਰਤੀ ਨਿਗ੍ਹਾ ਸਵੱਲੀ ਰਹੇ ਤਾਂ ਭਾਰਤ ਦਾ ਪੱਲੜਾ ਵਿਰੋਧੀ ਟੀਮਾਂ ਨਾਲੋਂ ਕਾਫੀ ਭਾਰੂ ਹੈ। ਹੁਣ ਭਾਰਤ ਕੋਲ ਜਿਥੇ ਦੁਨੀਆ ਦਾ ਨੰਬਰ ਇੱਕ ਗੋਲ ਕੀਪਰ ਪੀ.ਆਰ.ਸ਼੍ਰੀਜੇਸ਼, ਅਤੇ ਪੈਨਲਟੀ ਕਾਰਨਰ ਦੀ ਮੁਹਾਰਤ ਰੱਖਣ ਵਾਲੇ ਦੁਨੀਆ ਦੇ ਸਟਾਰ ਖਿਡਾਰੀ ਰੁਪਿੰਦਰਪਾਲ ਸਿੰਘ ਅਤੇ ਹਰਮਨਪ੍ਰੀਤ ਸਿੰਘ, 305 ਦੇ ਕਰੀਬ ਮੈਚਾਂ ਦਾ ਤਜ਼ਰਬਾ ਰੱਖਣ ਵਾਲੇ ਤਜ਼ਰਬੇਕਾਰ ਸਰਦਾਰ ਸਿੰਘ, ਅਤੇ ਫਾਰਵਰਡ ਲਾਈਨ ਵਿਚ ਅਕਾਸ਼ਦੀਪ ਸਿਘ, ਅੇਸ.ਵੀ ਸੁਨੀਲ, ਮਨਪ੍ਰੀਤ, ਮਨਦੀਪ ਸਿੰਘ ਅਤੇ ਹੋਰ ਅਨੁਭਵੀ ਖਿਡਾਰੀ ਹਨ। ਜੋ ਆਪਣੇ ਖੇਡ ਹੁਨਰ ਨਾਲ ਭਾਰਤੀ ਹਾਕੀ ਟੀਮ ਨੂੰ ਏਸ਼ੀਅਨ ਖੇਡਾਂ ਵਿਚ ਨਾ ਸਿਰਫ ਸੋਨ ਤਗਮਾ ਜਿਤਾ ਸਕਦੇ ਹਨ ਦਗੋਂ 2020 ਦੀਆਂ ਓਲੰਪਿਕ ਖੇਡਾਂ ਲਈ ਆਪਣੀ ਟਿਕਟ ਵੀ ਪੱਕੇ ਕਰ ਸਕਦੇ ਹਨ। ਮਰਦਾਂ ਤੇ ਇਸਤਰੀਆਂ ਦੇ ਦੋਹਾਂ ਵਰਗਾਂ ਵਿਚ ਭਾਰਤੀ ਹਾਕੀ ਟੀਮਾਂ ਦਾ ਜੇਤੂ ਦਾਅਵਾ ਤਾਂ ਵਿਰੋਧੀਆਂ ਨਾਲੋਂ ਕਾਫੀ ਮਜਬੂਤ ਹੈ ਪਰ ਇਹ 1 ਸਤੰਬਰ ਦੀ ਸ਼ਾਮ ਹੀ ਦੱਸੇਗੀ ਕਿ ਭਾਰਤੀ ਹਾਕੀ ਟੀਮਾਂ ਜੇਤੂ ਸਟੈਂਡ 'ਤੇ ਖੜ੍ਹ ਕੇ ਆਪਣਾ ਜੇਤੂ ਪ੍ਰਚਮ ਲਹਿਰਾਉਂਦੀਆਂ ਹਨ ਜਾਂ ਫਿਰ ਕਿਸਮਤ ਨੂੰ ਕੋਸਦੀਆਂ ਹੋਈਆਂ ਆਗਲੇ ਪੜਾਅ ਵੱਲ੍ਹ ਦੇਖਦੀਆਂ ਹਨ ਕਿ ਓਲੰਪਿਕ ਖੇਡਾਂ 'ਚ ਐਂਟਰੀ ਲਈ ਉਨ੍ਹਾਂ ਨੇ ਅਗਲਾ ਪੈਂਡਾ ਕਿਸ ਤਰ੍ਹਾਂ ਤੈਅ ਕਰਨਾ ਹੈ । ਗੁੱਡ ਲੱਕ ਹਾਕੀ ਇੰਡੀਆ।
-
ਜਗਰੂਪ ਸਿੰਘ ਜਰਖੜ, ਖੇਡ ਲੇਖਕ ਤੇ ਖੇਡ ਪ੍ਰਮੋਟਰ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.