‘ਦਰਬਾਰਾ ਸਿੰਘ ਕਾਹਲੋਂ’
ਜਿਵੇਂ ਭਾਰਤੀ ਪੰਜਾਬ ਪ੍ਰਾਂਤ ਵਿਚ ਰਾਜਨੀਤਕ ਸਾਸ਼ਕ ਬਦਲਣ ਦੇ ਬਾਵਜੂਦ ਰਾਜ ਵਿਚ ਨਸ਼ੀਲੇ ਪਦਾਰਥਾਂ ਦਾ ਕਹਿਰ ਖਤਮ ਨਹੀਂ ਹੋਇਆ ਭਾਵੇਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਇੱਕ ਜਨਸਭਾ ਨੂੰ ਸੰਬੋਧਨ ਕਰਨ ਵੇਲੇ ਹੱਥ ਵਿਚ ਪਵਿੱਤਰ ਗੁੱਟਕਾ ਸਾਹਿਬ ਪਕੜ ਕੇ ਸਹੁੰ ਖਾਂਦਿਆਂ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਜੇ ਸੱਤਾ ਵਿਚ ਆਏਗਾ ਤਾਂ ਚਾਰ ਹਫਤੇ ਵਿਚ ਰਾਜ ਨੂੰ ਨਸ਼ਾ ਮੁਕੱਤ ਕਰ ਦੇਵੇਗਾ। ਉਵੇਂ ਹੀ ਕੈਨੇਡਾ ਦੇ ਸਭ ਤੋਂ ਤਾਕਤਵਰ ਰਾਜ ਓਂਟਾਰੀਓ ਵਿਚ ਰਾਜਨੀਤਕ ਸਾਸ਼ਕ ਬਦਲਣ ਦੇ ਬਾਵਜੂਦ ਇਸ ਰਾਜ ਦੀ ਮਸ਼ਹੂਰ ਰਾਜਧਾਨੀ ਟਰਾਂਟੋ ਵਿਚ ਹਿੰਸਾ ਦੀ ਅੱਗ ਲਗਾਤਾਰ ਜਾਰੀ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਅਮਰੀਕੀ ਪ੍ਰਧਾਨ ਡੋਨਾਲਡ ਟਰੰਪ ਵਰਗਾ ‘ਖੂੰਡੇਬਾਜ਼’ ਓਂਟਾਰੀਓ ਰਾਜ ਦਾ ਨਵਾਂ ਕੰਜ਼ਰਵੇਟਿਵ ਪ੍ਰੀਮੀਅਰ ਡਗ ਫੋਰਡ ਰਾਜਧਾਨੀ ਟਰਾਂਟੋ ਵਿਚ ਹਿੰਸਾ ਰੋਕਣ ਤੋਂ ਨਾਕਾਮ ਰਿਹਾ ਹੈ।
ਐਤਵਾਰ, 22 ਜੁਲਾਈ ਨੂੰ ਰਾਤ ਦੇ 10.25 ਵਜੇ 29 ਸਾਲਾ ਫੈਸਲ ਹੁਸੈਨ ਹੈਂਡ ਗੰਨ ਅਤੇ ਅਸਲੇ ਨਾਲ ਲੈਸ ਹੋ ਕੇ ਬੇਗੁਨਾਹ ਟਰਾਂਟੋ ਸ਼ਹਿਰੀਆਂ ਦੇ ਸ਼ਿਕਾਰ ਲਈ ਗਰੀਕਟਾਊਨ ਇਲਾਕੇ ਦੀਆਂ ਸੜਕਾਂ ਤੇ ਦਨਦਨਾਉਂਦਾ ਨਿਕਲਿਆ। ਮਿੰਟਾਂ-ਸਕਿੰਟਾਂ ਵਿਚ ਉਸਨੇ 15 ਬੱਚੇ-ਬੁੱਢੇ ਨੌਜਵਾਨ ਆਦਮੀ ਅਤੇ ਔਰਤਾਂ ਆਪਣੀਆਂ ਗੋਲੀਆਂ ਦਾ ਸ਼ਿਕਾਰ ਬਣਾਏ। ਇੰਨਾਂ ਵਿਚੋਂ ਇੱਕ 18 ਸਾਲ ਤ੍ਰੀਮਤ ਜੋ ਨਰਸਿੰਗ ਦਾ ਕੋਰਸ ਕਰ ਰਹੀ ਸੀ ਅਤੇ 10 ਸਾਲਾ ਨੰਨ੍ਹੀ ਬੱਚੀ ਦਮ ਤੋੜ ਗਈਆਂ। ਬਾਕੀ ਜਖਮੀ ਹੋ ਗਏ। ਉਹ ਖੁਦ ਆਪ ਵੀ ਪੁਲਸ ਨਾਲ ਗੋਲੀਬਾਰੀ ਵਿਚ ਮਾਰਿਆ ਗਿਆ।
ਇਸ ਨੌਜਵਾਨ ਦਾ ਪਿਛੋਕੜ ਅਫਗਾਨਿਸਤਾਨ ਅਤੇ ਪਾਕਿਸਤਾਨ ਨਾਲ ਸਬੰਧਿਤ ਸੀ। ਸਥਾਨਿਕ ਪੁਲਸ ਦੇ ਇਹ ਰਾਡਾਰ ਹੇਠ ਸੀ ਭਾਵੇਂ ਇਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਉਸ ਦਾ ਕਰੀਬ 20 ਨੌਜਵਾਨਾਂ ਦੇ ਗਰੁੱਪ ਨਾਲ ਸਬੰਧ ਸੀ। ਉਹ ਇਸਲਾਮਿਕ ਚਰਚਾ ਵਿਚ ਭਾਗ ਲੈਂਦਾ ਸੀ। ਉਸ ਦੀ ਪੁਲਸ ਨੇ ਇੱਕ ਵਾਰ ਤਲਾਸ਼ੀ ਵੀ ਲਈ ਸੀ ਪਰ ਉਸ ਕੋਲੋ ਹਥਿਆਰ ਨਹੀਂ ਸੀ ਬਰਾਮਦ ਹੋਇਆ।
ਉਸ ਦੇ ਮਾਪਿਆਂ ਅਨੁਸਾਰ ਉਹ ਮਾਨਸਿਕ ਤੌਰ ‘ਤੇ ਬੀਮਾਰ ਚਲਦਾ ਆ ਰਿਹਾ ਸੀ ਜਿਸ ਦਾ ਦਵਾਈ-ਦਾਰੂ ਲਗਾਤਾਰ ਚਲਦਾ ਸੀ। ਉੰਨਾਂ ਨੂੰ ਯਕੀਨ ਨਹੀਂ ਆਉਂਦਾ ਕਿ ਉਹ ਐਸਾ ਅਣਮਨੁੱਖੀ, ਬਰਬਰਤਾਪੂਰਵਕ ਹਿੰਸਕ ਕਾਰਨਾਮਾ ਕਰ ਸਕਦਾ ਹੈ।
ਪਰ ਸਵਾਲ ਤਾਂ ਇਹ ਬਹੁਤ ਚਿੰਤਾਜਨਕ ਹੈ ਕਿ ਐਸੇ ਮਨੋਰੋਗੀ ਪਾਸ ਹੈਂਡਗੰਨ ਅਤੇ ਅਸਲਾ ਕਿੱਥੋਂ ਆਇਆ? ਉਸ ਨੇ ਉਸ ਬਦੂੰਕ ਨੂੰ ਚਲਾਉਣਾ ਕਿੱਥੋਂ ਅਤੇ ਕਿਵੇ ਸਿਖਿਆ?ਪੁਲਸ ਦਾ ਵਿਸ਼ੇਸ਼ ਜਾਂਚ ਯੂਨਿਟ ਹੁਣ ਐਸੇ ਸਵਾਲਾਂ ਦਾ ਜਵਾਬ ਢੂੰਢਣ ਲਈ ਬੜੀ ਸ਼ਿਦਤ ਨਾਲ ਰੁੱਝਾ ਪਿਆ ਹੈ।
ਅਜੇ 23 ਅਪਰੈਲ, 2018 ਨੂੰ ਅਲੈਕ ਮਿਨਾਸ਼ੀਅਨ ਨਾਮਕ 25 ਸਾਲਾ ਨੌਜਵਾਨ ਨੇ ਕਿਰਾਏ ਤੇ ਰਾਈਡਰ ਵੈਨ ਲੈ ਕੇ , ਉਸ ਨੂੰ ਮੌਤ ਦਾ ਹਥਿਆਰ ਬਣਾ ਕੇ ਟਰਾਂਟੋ ਸ਼ਹਿਰ ਦੇ ਉੱਤਰੀ ਯਾਰਕ ਇਲਾਕੇ ਵਿਚ ਯੋਂਗ ਸਟਰੀਟ ਤੇ ਕਰੀਬ 22 ਮਿੰਟ ਜੋ ਅੱਗੇ ਆਇਆ ਲਤਾੜ ਦਿਤਾ। ਇਸ ਖੂਨੀ ਖੇਡ ਵਿਚ 10 ਵਿਅਕਤੀ ਮਾਰੇ ਗਏ ਅਤੇ 15 ਜਖਮੀ ਹੋ ਗਏ ਸਨ।
ਪਿੱਛਲੇ ਸਾਲ ਸੰਨ 2017 ਵਿਚ ਜੂਨ ਦੇ ਅਖੀਰ ਤੱਕ ਟਰਾਂਟੋ ਅੰਦਰ ਗੋਲੀਬਾਰੀ ਰਾਹੀਂ 16 ਵਿਅਕਤੀ ਮਾਰੇ ਗਏ ਸਨ ਪਰ ਇਸ ਸਾਲ ਹੁਣ ਤੱਕ ਮਾਰੇ ਗਏ 52 ਵਿਅਕਤੀਆਂ ਵਿਚੋਂ 24 ਗੋਲੀਬਾਰੀ ਦਾ ਸ਼ਿਕਾਰ ਹੋਏ ਹਨ। ਪਿਛਲੇ ਸਾਲ ਜੂਨ 25 ਤੱਕ 170 ਗੋਲੀਬਾਰੀ ਘਟਨਾਵਾਂ ਵਾਪਰੀਆਂ ਜੋ ਇਸ ਵਾਰ ਇਸੇ ਸਮੇਂ ਦੌਰਾਨ ਵੱਧ ਕੇ 199 ਹੋ ਗਈਆਂ ਜੋ ਇੱਕ ਅਤਿਚਿੰਤਾ ਦਾ ਵਿਸ਼ਾ ਹੈ। ਇੰਨਾਂ ਵਿਚੋਂ 23 ਜਨਵਰੀ, 2018 ਨੂੰ ਇੱਕ 20 ਸਾਲਾ ਨੌਜਵਾਨ ਵਲੋਂ ਵੱਖ-ਵੱਖ ਦਿਨਾਂ ਵਿਚ ਕਰੀਬ ਦੋ ਹਫਤਿਆਂ ਦੇ ਵਕਫੇ ਵਿਚ 4 ਸਾਲਾ ਬੱਚੇ ਤੋਂ 47 ਸਾਲਾ ਵਿਅਕਤੀ ਤੱਕ 7 ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜੂਨ 14 ਨੂੰ ਦੋ ਵਿਅਕਤੀਆਂ ਵਲੋਂ ਖੇਡ ਦੇ ਮੈਦਾਨ ਵਿਚ ਗੋਲੀਬਾਰੀ ਕਰਕੇ ਦੋ ਭੈਣਾਂ ਨੂੰ ਜਖਮੀ ਕਰ ਦਿਤਾ ਗਿਆ ਜਿਥੇ ਕਰੀਬ 16 ਬੱਚੇ ਖੇਡ ਰਹੇ ਸਨ। 24 ਜੂਨ ਨੂੰ ਦੋ ਗੋਲੀਬਾਰੀ ਘਟਨਾਵਾਂ ਵਿਚ ਤਿੰਨ ਵਿਅਕਤੀ ਮਾਰ ਦਿਤੇ ਗਏ। 30 ਜੂਨ ਨੂੰ ਦੋ ਵੱਖ-ਵੱਖ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ। ਇੱਕ ਵਿਚ ਡਾਊਨ ਟਾਊਨ ਵਿਚ ਦੋ ਵਿਅਕਤੀ ਮਾਰੇ ਗਏ, ਦੂਸਰੀ ਵਿਚ ਦੋ ਜਖਮੀ ਹੋ ਗਏ। ਜੁਲਾਈ 1, 2018 ਨੂੰ ਕੈਨਸਿੰਗਟਨ ਮਾਰਕੀਟ ਵਿਚ ਗੋਲੀਬਾਰੀ ਨਾਲ 19 ਸਾਲਾ ਨੌਜਵਾਨ ਮਾਰਿਆ ਗਿਆ ਅਤੇ ਤਿੰਨ ਹੋਰ ਨਿਸ਼ਾਨਾ ਬਣਾਏ ਜੋ ਬੱਚ ਗਏ।
ਗਰੇਟਰ ਟਰਾਂਟੋ ਦੇ ਹਿੱਸੇ ਬਰਾਂਪਟਨ ਵਿਚ ਆਏ ਦਿਨ ਪੰਜਾਬੀ ਨੌਜਵਾਨਾਂ ਨੇ ਮਾਰ-ਕੁਟਾਈ, ਗੌਲੀਬਾਰੀ, ਗੈਂਗਵਾਰ ਰਾਹੀਂ ਤਰਥਲੀ ਮਚਾਈ ਹੋਈ ਹੈ ਜਿਸ ਰਾਹੀਂ ਹੁਣ ਤੱਕ ਕਰੀਬ ਪੰਜਾਬੀ ਨੌਜਵਾਨ ਮਾਰੇ ਗਏ ਹਨ। ਪਿੱਛੇ ਜਿਹੇ 4 ਪੰਜਾਬੀ ਸੰਸਦ ਅਤੇ ਵਿਧਾਨ ਸਭਾ ਮੈਂਬਰਾਂ (ਐਮ.ਪੀ.ਪੀ.) ਨੇ ਰਾਜ ਅਤੇ ਫੈਡਰਲ ਸਰਕਾਰ ਨੂੰ ਅਜਿਹੀ ਹਿੰਸਾ ਰੋਕਣ ਲਈ ਪੱਤਰ ਵੀ ਲਿਖਿਆ। ਪੰਜਾਬੀ ਨੌਜਵਾਨਾਂ ਨੂੰ ਵੀ ਅਜਿਹਾ ਨਾ ਕਰਨ ਲਈ ਵਰਜਿਆ। ਇੰਨਾਂ ਦੀਆਂ ਐਸੀਆਂ ਹਿੰਸਕ ਵਾਰਦਾਤਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅਪਰਾਧੀ ਗੈਂਗਾਂ ਨਾਲ ਸਬੰਧ ਹੋਣ ਦੇ ਸਬੂਤਾਂ ਕਰਕੇ ਫੈਡਰਲ ਸਰਕਾਰ ਪ੍ਰਵਾਸ ਸਬੰਧੀ ਕਾਨੂੰਨ ਹੋਰ ਸਖਤ ਕਰ ਰਹੀ ਹੈ। ਸਿੱਖ ਫਿਰਕੇ ਨੇ ਇਸ ਸਬੰਧੀ ਸਖਤ ਨੋਟਿਸ ਲਿਆ ਹੈ ਤਾਂ ਕਿ ਉੰਨਾਂ ਦੇ ਸਨਮਾਨਤ ਫਿਰਕੇ ਦੀ ਬਦਨਾਮੀ ਨਾ ਹੋਵੇ। ਫੈਡਰਲ ਸਰਕਾਰ ਵਿਚ ਚਾਰ ਸਿੱਖ ਮੰਤਰੀ ਹੋਣ ਕਰਕੇ ਪਹਿਲਾਂ ਸਿੱਖ ਭਾਰਤੀ ਹਿੰਦੁਤਵੀਅਨਸਰ ਅਤੇ ਕੈਨੇਡੀਅਨ ਨਸਲਪ੍ਰਸਤਾਂ ਦੇ ਨਿਸ਼ਾਨੇ ’ਤੇ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਆਪਣੀ ਕੈਬਨਿਟ ਵਿਚ ਭਾਰਤੀ ਕੇਂਦਰੀ ਕੈਬਨਿਟ ਨਾਲੋਂ ਜਿਆਦਾ ਸਿੱਖ ਹੋਣ ਦੀ ਤਨਜ ਕਰਨ ਦਾ ਮੁਆਵਜਾ ਉਸ ਨੂੰ ਆਪਣੀ ਭਾਰਤ ਫੇਰੀ ਸਮੇਂ ਚੁੱਕਾਉਣਾ ਪਿਆ।
ਦਰਅਸਲ ਵਿਸ਼ਵ ਦੀਆਂ ਸਭ ਸਰਕਾਰਾਂ ਦਾ ਐਸਾ ਨਿਕੰਮਾ ਵਰਤਾਰਾ ਸਿਵਾਏ ਇਸਰਾਈਲ ਤੋਂ ਇਹ ਵੇਖਣ ਨੂੰ ਮਿਲਿਆ ਹੈ ਕਿ ਐਸੀਆਂ ਅੱਤਵਾਦੀ ਜਾਂ ਗੈਰ ਅੱਤਵਾਦੀ ਹਿੰਸਕ ਘਟਨਾਵਾਂ ਬਾਅਦ ਕੁੱਝ ਦਿਨ ਰਾਜਨੀਤਕ ਆਗੂਆਂ, ਅਫਸਰਸ਼ਾਹਾਂ, ਪੁਲਸ ਪ੍ਰਬੰਧਕਾਂ ਵੱਲੋਂ ਬਿਆਨਬਾਜੀ ਕੀਤੀ ਜਾਂਦੀ ਹੈ। ਕਾਲਮ ਨਵੀਸ ਲੇਖ ਲਿੱਖਦੇ ਹਨ, ਪ੍ਰਿੰਟ ਅਤੇ ਇਲੈਕਟ੍ਰਾਂਨਿਕ ਮੀਡੀਆ ਸਟੋਰੀਆਂ ਘੜਦਾ ਹੈ ਅਤੇ ਫਿਰ ਸਭ ਚੁੱਪ-ਗੁੰਮ ਹੋ ਜਾਂਦੇ ਹਨ। ਇਸ ਹਿੰਸਾ ਨੂੰ ਰੋਕਣ ਲਈ ਅਜੇ ਤੱਕ ਕਦੇ ਕੋਈ ਠੋਸ ਕਾਰਵਾਈ, ਨਿਰੰਤਰ ਰਣਨੀਤੀ ਅਤੇ ਇਸ ਸਬੰਧੀ ਪੁਲਸ ਖੁਦ ਮੁਖਤਾਰੀ ਬਾਰੇ ਕਿਸੇ ਨੇ ਕੁੱਝ ਨਹੀਂ ਕੀਤਾ।
ਟਰਾਂਟੋ ਪੁਲਸ ਵਲੋਂ ਆਪਣੇ ਰਾਜਨੀਤਕ ਆਕਾਵਾਂ ਦੇ ਨਿਰਦੇਸ਼ਾਂ ਤੇ ਉਨਾਂ ਦੀਆਂ ਕੁੱਝ ਇੱਕ ਹਿੰਸਾ ਰੋਕੂ ਸਫਲ ਕਾਰਵਾਈਆਂ ਰੋਕਣ ਕਰਕੇ ਹਿਸਾ ਵਿਚ ਵਾਧਾ ਦਰਜ ਕੀਤਾ ਗਿਆ ਹੈ। ਉੰਨਾਂ ਨੇ ਸਟਰੀਟ ਚੈਕਿੰਗ ਕਰਨ ਵਾਲਾ ‘ਕਾਰਡਿੰਗ’ ਸਿਸਟਮ ਬੰਦ ਕਰ ਦਿਤਾ। ਸਕੂਲਾਂ ਵਿਚੋਂ ਪੁਲਸ ਅਫਸਰ ਹਟਾ ਲਏ ਗਏ। ਗੈਂਗਸਟਰਾਂ ਵਿਰੋਧੀ ‘ਟੈਵਿਸ’ ਦਸਤੇ ਖਤਮ ਕਰ ਦਿਤੇ। ਕਰੀਬ 700 ਪੁਲਸ ਅਫਸਰਾਂ ਦੀ ਨਫਰੀ ਘਟਾ ਦਿਤੀ ਗਈ ਜਦ ਕਿ ਸ਼ਹਿਰ ਦੀ ਅਬਾਦੀ ਵਿਚ ਲਗਾਤਾਰ ਵਾਧਾ ਦਰਜ ਕੀਤਾ ਗਿਆ। ਪ੍ਰਵਾਸੀ ਆਵੇਦ ਵਧੀ ਹੈ ਜਿਸ ਤੇ ਹੁਣ ਡਗ ਫੋਰਡ ਕੰਜਰਵੇਟਿਵ ਸਰਕਾਰ ਰਾਜ ਵਿਚ ਡੱਕਾ ਲਾਉਣਾ ਚਾਹੁੰਦੀ ਹੈ। ਨਿਆਪਾਲਕਾ ਵਲੋਂ ਗੋਲਬਾਰੀ ਅਪਰਾਧ ਕਰਨ ਵਾਲਿਆਂ ਨੂੰ ਜਮਾਨਤ ਤੇ ਛੱਡਣ ਦਾ ਰੁਝਾਨ, ਪੁਲਸ ਅਤੇ ਕਮਿਊਨਿਟੀ ਤਾਲਮੇਲ ਰੋਕਣ, ਗੋਲੀਬਾਰੀ ਸਬੰਧੀ ਘੱਟੋ-ਘੱਟ ਜਰੂਰੀ ਸਜਾਂ ਦਾ ਕਾਨੂੰਨ ਵਾਪਸ ਲੈਣ, ਅਪਰਾਧੀਆਂ ਤੇ ਪੁਲਸ ਵੱਲੋਂ ਲਗਾਤਾਰ ਨਜਰ ਰਖਣਾ ਜੋ ਜਮਾਲਤ ਤੇ ਹੋਣ ਆਦਿ ਪ੍ਰਤੀ ਢਿੱਲ ਵਰਤਣ ਦਾ ਨਤੀਜਾ ਹੈ ਕਿ ਟਰਾਟੋਂ ਵਿਚ ਗੈਂਗਸਟਰਾਂ ਵਿਚ ਵਾਧਾ ਹੋਇਆ।
ਰਾਜਨੀਤੀਵਾਨਾਂ ਦੇ ਐਸੇ ਢਿੱਲੇ ਵਰਤਾਰੇ ਤੋਂ ਦੁੱਖੀ ਹੋ ਕੇ ਸਾਰਜੈਂਟ ਮਾਰਕ ਹੋਵਾਰਡ ਨੇ ਟਰਾਂਟੋ ਦੇ ਮੇਅਰ ਜਾਹਨ ਟੋਰੀ ਨੂੰ ਬੇਬਾਕ ਅਤੇ ਤੱਥਾਂ ਭਰਭੂਰ ਪੱਤਰ ਲਿਖਿਆ ਜੋ ਟੇਵਸ ਪ੍ਰੋਗਰਾਮ ਵਿਚ ਸ਼ਾਮਲ ਸੀ। ‘‘ਮੈਂ ਮਹਿਸੂਸ ਕਰਦਾ ਹਾਂ ਕਿ ਤੁਸੀ ਸਿੱਧੇ ਤੌਰ ਤੇ ਅਜੋਕੀ ਹਿੰਸਾ ਵਾਧੇ ਵਿਚ ਸ਼ਾਮਲ ਕਿਉਂਕਿ ਤੁਹਾਡੇ ਵਤੀਰੇ ਅਤੇ ਹਮਾਇਤ ਬਗੈਰ ਟੇਵਸ ਪ੍ਰੋਗਰਾਮ ਮਨਸੂਖ ਨਹੀਂ ਸੀ ਕੀਤਾ ਜਾ ਸਕਦਾ। ਤੁਹਾਡਾ ‘ਕਾਰਡਿੰਗ’ ਪ੍ਰਤੀ ਢੁੱਲ-ਮੁੱਲ ਵਤੀਰਾ ਅਤੇ ਹਮਾਇਤ ਇਸ ਦੇ ਖਾਤਮੇ ਲਈ ਜੁਮੇਵਾਰ ਹੈ। ਤੁਸੀਂ ਟਰਾਂਟੋ ਪੁਲਸ ਵਿਚ ਕਟੌਤੀ ਅਤੇ ਇਸ ਸਬੰਧੀ ਜਬਰੀ ਬਜਟ ਕਟੌਤਾ ਲਈ ਜੁਮੇਂਵਾਰ ਹੈ। ਤੁਸੀਂ ਟਰਾਂਟੋ ਪੁਲਸ ਵਿਚ ਕਟੌਤੀ ਤੇ ਇਸ ਸਬੰਧੀ ਜਬਰੀ ਕਟੌਤੀ ਲਈ ਜੁਮੇਂਵਾਰ ਹੋ। ਇਹ ਵੀ ਸਾਫ ਹੈ ਕਿ (ਟਰਾਂਟੋ ਪੁਲਸ) ਮੁੱਖੀ (ਮਾਰਕ) ਸਾਉਂਡਰਜ ਤੁਹਾਡੀ ਕਠਪੁਤਲੀ ਹੈ ਤੇ ਉਵੇਂ ਨੱਚਦਾ ਹੈ ਜਿਵੇਂ ਤੁਸੀਂ ਨਚਾਉਂਦੇ ਹੋ। ਪੁਲਸ ਪ੍ਰਬੰਧ ਚਲਾਉਣ ਲਈ ਤੁਹਾਡੇ ਕੋਲ ਜ਼ੀਰੋ ਯੋਗਤਾਵਾਂ ਹਨ। ਇਸ ਤੋਂ ਇੱਕ ਪਾਸੇ ਹੋ ਜਾਉ ਅਤੇ ਪੁਲਸ ਨੂੰ ਵਧੀਆ ਢੰਗ ਨਾਲ ਕੰਮ ਕਰਨ ਦੇਵੋ।’’
ਤਾਕਤਵਰ ਪੁਲਸ ਯੂਨੀਅਨ ਟਰਾਂਟੋ ਦੇ ਪ੍ਰਧਾਨ ਮਾਈਕ ਮੈੱਕਰਮਾਕ ਨੇ ਸਾਰਜੈਂਟ ਹੇਵਾਰਡ ਦੇ ਪੱਤਰ ਦੀ ਪੁਰਜ਼ੋਰ ਹਮਾਇਤ ਕਰਦੇ ਮੇਅਰ ਨੂੰ ਉਸ ਦੇ ਵਿਚਾਰਾਂ ਤੇ ਗੌਰ ਕਰਨ ਲਈ ਕਿਹਾ। ਪੁਲਸ ਮੁੱਖੀ ਨੇ ਉਸ ਵਲੋਂ ਸਿੱਧੇ ਤੌਰ ‘ਤੇ ਮੇਅਰ ਨੂੰ ਪੱਤਰ ਲਿਖਣ ਲਈ ਵਿਭਾਗੀ ਜਾਂਚ ਦੇ ਆਦੇਸ਼ ਦਿਤੇ ਜਿਸਦੀ ਉਸ ਨੂੰ ਕੋਈ ਪ੍ਰਵਾਹ ਨਹੀਂ ਕਿਉਕਿ ਉਹ ਪੁਲਸ ਬਲ ਦੇ ਮਨੋਬਲ ਅਤੇ ਹੱਕਾਂ ਲਈ ਲੜ ਰਿਹਾ ਹੈ।
ਟਰਾਂਟੋਂ ਅਤੇ ਓਂਟਾਰੀਓ ਦੇ ਰਾਜਨੀਤੀਵਾਨ ਚਾਹੁੰਦੇ ਹਨ ਕਿ ਹੈਂਡਗੰਨ ਤੇ ਪਾਬੰਦੀ ਲਗਾ ਦਿਤੀ ਜਾਵੇ ਅਤੇ ਫੈਡਰਲ ਸਰਕਾਰ ਗੰਨ ਕੰਟਰੋਲ ਬਿਲ C-71 ਹੋਰ ਕਰੜਾ ਕਰੇ। ਬ੍ਰਿਟੇਨ ਨੇ ਸੰਨ 1996 ਵਿਚ ਥਾਮਸ ਹਾਮਿਲਟਨ ਵਲੋਂ ਡਲਬਲੇਨ ਸਕੂਲ ਵਿਚ 16 ਵਿਦਿਆਰਥੀ ਅਤੇ ਇੱਕ ਅਧਿਆਪਕ ਮਾਰਨ ਦੀ ਘਟਨਾ ਬਾਅਦ ਹੈਂਡ ਗੰਨ ਤੇ ਪਾਬੰਦੀ ਲਗਾ ਦਿਤੀ ਸੀ। ਇਸ ਨਾਲ ਹੀ ਹਥਿਆਰ ਰਖਣ ਦਾ ਲਸੰਸ ਸਿਰਫ ਜਰੂਰਤਮੰਦਾਂ ਨੂੰ ਪੂਰੀ ਪੁਲਸ ਤਫਦੀਸ਼ ਬਾਅਦ ਜਾਰੀ ਕੀਤਾ ਜਾਵੇ। ਗੰਨ ਕਟਰੋਲ ਕਰਕੇ ਬ੍ਰਿਟੇਨ ਅਤੇ ਅਸਟ੍ਰੇਲੀਆ ਵਿਚ ਹਿੰਸਾ ਰੋਕਣ ਸਬੰਧੀ ਵਧੀਆ ਨਤੀਜੇ ਸਾਹਮਣੇ ਆਏ ਹਨ। ਹਿੰਸਾ ਰੋਕਣ ਲਈ ਪੁਲਸ ਨੂੰ ਕਾਨੂੰਨ ਅਨੁਸਾਰ ਪੂਰੇ ਅਧਿਕਾਰ ਦੇਣੇ ਜ਼ਰੂਰੀ ਹਨ। ਕਮਿਊਨਿਟੀ ਪੁਲਸ ਸਿਸਟਮ ਮਜਬੂਤ ਕਰਨ ਦੀ ਲੋੜ ਹੈ। ਗੰਨ ਮੈਨੂਫੈਕਚਰਿੰਗ ਲਾਬੀ ਦਾ ਦਖਲ ਬੰਦ ਕਰਨਾ ਲਾਜਮੀ ਹੈ। ਟਰਾਟੋਂ ਵਿਸ਼ਵ ਦੇ ਖੂਬਸੂਰਤ ਸ਼ਹਿਰਾਂ ਵਿਚ ਸ਼ੁਮਾਰ ਹੈ। ਇਸ ਦੇ ਨਿਰੰਤਰ ਵਿਕਾਸ ਅਤੇ ਖੂਬਸੂਰਤੀ ਕਾਇਮ ਰਖਣ ਲਈ ਇਸ ਅੰਦਰ ਰਾਜਨੀਤੀ ਤੋਂ ਉਪਰ ਉੱਠ ਕੇ ਸ਼ਾਂਤੀ, ਭਾਈਚਾਰਕ ਸਾਂਝ ਅਤੇ ਕੌਮਾਤਰੀ ਮੇਲ-ਜੋਲ ਕਾਇਮ ਰਖਣਾ ਜਰੂਰੀ ਹੈ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
ਕੈਂਬਲਫੋਰਡ-ਕੈਨੇਡਾ।
416-887-2550
-
ਦਰਬਾਰਾ ਸਿੰਘ ਕਾਹਲੋਂ, ਲੇਖਕ
kahlondarbarasingh@gmail.com
416-887-2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.