ਅਮਰੀਕਾ ਦੇ ਉੱਤਰ ਦਿਸ਼ਾ ਵੱਲ੍ਹ ਸਥਿਤ ਸਿਆਟਲ ਸ਼ਹਿਰ ਹਰੇਵਾਈ ਅਤੇ ਤਕਨੀਕ, ਵਪਾਰਕ ਪੱਖੋਂ ਦੁਨੀਆ ਦਾ ਇਕ ਅਜੂਬਾ ਹੈ। 40 ਲੱਖ ਦੀ ਅਬਾਦੀ ਵਾਲਾ ਇਹ ਸਿਆਟਲ ਸ਼ਹਿਰ ਪਹਾੜਾਂ, ਦਰੱਖਤਾਂ ਅਤੇ ਸਮੁੰਦਰ ਦੇ ਵਿਚ ਘਿਰਿਆ ਅਮਰੀਕਾ ਦੇ ਵੱਡੇ 15 ਸ਼ਹਿਰਾਂ 'ਚੋਂ ਇੱਕ ਹੈ। ਕੈਨੇਡਾ ਦੇ ਵੈਨਕੂਵਰ ਬਾਰਡਰ ਤੋਂ 100 ਕਿਲੋਮੀਟਰ ਦੂਰੀ 'ਤੇ 217 ਕਿਲੋਮੀਟਰ ਦੇ ਖੇਤਰ ਵਿਚ ਵਸਿਆ ਸਿਆਟਲ ਸ਼ਹਿਰ ਅੱਜ ਤੋਂ 4 ਹਜ਼ਾਰ ਸਾਲ ਪਹਿਲਾਂ ਅਮਰੀਕਨ ਮੂਲ ਦੇ ਲੋਕਾਂ ਨੇ ਵਸਾਇਆ ਸੀ ਅਤੇ ਫਿਰ ਇਥੇ ਯੂਰਪੀਅਨ ਲੋਕ ਆ ਕੇ ਵਸੇ। ਇਸ ਵੇਲੇ 65 ਪ੍ਰਤੀਸ਼ਤ ਦੇ ਕਰੀਬ ਯੂਰਪੀਅਨ ਲੋਕ ਅਤੇ 14 ਪ੍ਰਤੀਸ਼ਤ ਦੇ ਕਰੀਬ ਏਸ਼ੀਅਨ ਮਹਾਂਦੀਪ ਦੇ ਲੋਕ ਜਦਕਿ 1 ਪ੍ਰਤੀਸ਼ਤ ਦੇ ਕਰੀਬ ਸਿੱਖ ਭਾਈਚਾਰੇ ਦੇ ਲੋਕ ਵੀ ਵਸਦੇ ਹਨ। ਰੱਬ ਨੂੰ ਘੱਟ ਅਤੇ ਕੁਦਰਤ ਦੀ ਸਾਜੀ ਪ੍ਰਕਿਰਤੀ ਨੂੰ ਵੱਧ ਮੰਨਣ ਵਾਲੇ ਲੋਕ ਵਸਦੇ ਹਨ। 2008 ਦੀ ਮਰਦਮੁਸ਼ਾਰੀ ਮੁਤਾਬਕ ਸਭ ਤੋਂ ਵੱਧ ਪੜ੍ਹੇ ਲਿਖੇ ਅਤੇ ਗ੍ਰੈਜੂਏਟ ਸਿਆਟਲ ਵਿਚੋਂ ਬਣੇ ਹਨ । ਯੂਨੀਵਰਸਿਟੀ ਆਫ ਵਾਸ਼ਿੰਗਟਨ ਸਿਆਟਲ ਦੀ ਪਹਿਚਾਣ ਦੁਨੀਆ ਦੀਆਂ ਪਹਿਲੀਆਂ 11 ਯੂਨੀਵਰਸਿਟਿਆਂ 'ਚ ਹੈ। ਅਮਰੀਕਨ ਫੁਟਬਾਲ ਇਥੋਂ ਦੀ ਹਰਮਨ ਪਿਆਰੀ ਖੇਡ ਹੈ। 2015 'ਚ ਸਿਆਟਲ ਨੇ ਅਮਰੀਕਨ ਫੁਟਬਾਲ 'ਚ ਨੈਸ਼ਨਲ ਚੈਂਪੀਅਨ ਬਣ ਕੇ ਇਤਿਹਾਸ ਸਿਰਜਿਆ। ਇਸਤੋਂ ਇਲਾਵਾ ਬੇਸਬਾਲ, ਸਾਕਰ (ਦੁਨੀਆ ਦੀ ਫੁਟਬਾਲ ਖੇਡ), ਬਾਸਕਟਬਾਲ ਆਦਿ ਖੇਡਾਂ ਨੂੰ ਲੋਕ ਵਧੇਰੇ ਖੇਡਦੇ ਅਤੇ ਪਸੰਦ ਕਰਦੇ ਹਨ। ਸਿਆਟਲ 'ਚ 78 ਪ੍ਰਤੀਸ਼ਤ ਲੋਕਾਂ ਵੱਲੋਂ ਅੰਗ੍ਰੇਜੀ ਭਾਸ਼ਾ ਬੋਲੀ ਜਾਂਦੀ ਹੈ ਜਦਕਿ 10 ਪ੍ਰਤੀਸ਼ਤ ਦੇ ਕਰੀਬ ਏਸ਼ੀਅਨ ਮਹਾਂਦੀਪ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। 0.8 ਫੀਸਦ ਦੇ ਕਰੀਬ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ।
ਮੌਸਮ 'ਚ ਜ਼ਿਆਦਾਤਰ ਬਰਸਾਤੀ ਅਤੇ ਬੱਦਲਵਾਈ ਬਣੇ ਰਹਿਣ ਕਾਰਨ ਇਹ ਇਕ ਠੰਢੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਮਾਈਕਰੋ ਸਾਫਟ ਕੰਪਨੀ ਦਾ ਮਾਲਕ ਅਤੇ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਿੱਲ ਗੇਟਸ ਵੀ ਇਸੇ ਸ਼ਹਿਰ ਸਿਆਟਲ ਵਿਚ ਹੀ ਰਹਿੰਦਾ ਹੈ। ਇਸਨੂੰ ਜਹਾਜਾਂ ਦੇ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ। ਦੁਨੀਆ ਦੀ ਚਰਚਿਤ ਬੋਇੰਗ ਕੰਪਨੀ ਦੇ ਸਾਰੇ ਜਹਾਜ਼ ਸਿਆਟਲ ਵਿਖੇ ਬਣਦੇ ਹਨ। ਦੁਨੀਆ ਦੀ ਆਨਲਾਈਨ ਰਿਟੇਲਰ ਕੰਪਨੀ 'ਐਮਾਜ਼ੌਨ' ਦੀ ਸਥਾਪਨਾ ਵੀ 1994 ਵਿਚ ਸਿਆਟਲ ਵਿਖੇ ਹੀ ਹੋਈ। ਜਿਸ ਨਾਲ ਆਧੂਨਿਕ ਤਕਨੀਕ ਦਾ ਦੁਨੀਆ ਵਿਚ ਖਲਾਅ ਹੋਇਆ। ਸਾਫਟਵੇਅਰਾਂ ਅਤੇ ਇੰਟਰਨੈੱਟ ਕੰਪਨੀਆਂ ਦੇ ਆਉਣ ਨਾਲ ਸਿਆਟਲ ਦੁਨੀਆ ਦਾ ਇਕ ਵੱਡਾ ਵਪਾਰਕ ਸ਼ਹਿਰ ਬਣ ਗਿਆ। ਜਿਸ ਕਰਕੇ ਇਸਦੀ ਅਬਾਦੀ ਵਿਚ ਦਿਨੋ ਦਿਨ ਵੱਡੇ ਪੱਧਰ 'ਤੇ ਵਾਧਾ ਹੋ ਰਿਹਾ ਹੈ। ਦੁਨੀਆ ਦੇ ਅਗਾਂਹਵਧੂ ਅਤੇ ਤਰੱਕੀ ਪਸੰਦ ਲੋਕ ਸਿਆਟਲ ਵਿਚ ਆ ਕੇ ਵਸ ਰਹੇ ਹਨ।
'ਮਿਊਜ਼ਿਅਮ ਆਫ ਫਲਾਈਟ' ਵੱਡੀ ਖਿੱਚ ਦਾ ਕੇਂਦਰ
ਏਅਰ ਅਤੇ ਪੁਲਾੜ ਦੀ ਪਹਿਚਾਣ ਵਜੋਂ ਮਿਊਜ਼ਿਮ ਆਫ ਫਲਾਈਟ ਸਿਆਟਲ ਵਿਚ ਆੳਣ ਵਾਲੇ ਸੈਲਾਨੀਆਂ ਲਈ ਇਕ ਵੱਡੀ ਖਿੱਚ ਦਾ ਕੇਂਦਰ ਹੈ। ਇਸ ਮਿਊਜ਼ਿਅਮ ਵਿਚ 20ਵੀਂ ਸਦੀ ਦੇ ਮੁੱਢਲੇ ਬਣੇ ਜਹਾਜ਼ਾਂ ਤੋਂ ਲੈ ਕੇ ਹੁਣ ਤੱਕ ਦੇ ਆਧੁਨਿਕ ਤਕਨੀਕ ਵਾਲੇ ਜਹਾਜ਼ਾਂ ਦੇ ਦਿਲ ਖਿੱਚਵੇਂ ਮਾਡਲ ਖੜ੍ਹੇ ਹਨ ਜਿਨ੍ਹਾਂ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਤਕਨੀਕ ਕਿਥੋਂ ਚੱਲ ਕੇ ਕਿਥੇ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਪਹਿਲਾ ਵਿਸ਼ਵ ਯੁੱਧ 1914 ਤੋਂ ਲੈ ਕੇ 1918 ਵਿਚ ਅਤੇ ਦੂਸਰਾ ਵਿਸ਼ਵ ਯੁੱਧ 1942 ਤੋਂ ਲੈ ਕੇ 1946 ਤੱਕ ਵਰਤਿਆ ਗਿਆ ਜੰਗੀ ਸਮਾਨ ਜਹਾਜ਼, ਪਹਿਲਾ ਫਾਈਟਰ ਪਲੇਨ, ਅਤੇ ਹੋਰ ਇਤਿਹਾਸਕ ਵਸਤਾਂ ਦਾ ਨਜ਼ਾਰਾ ਤੇ ਗਿਆਨ ਦੇਖਿਆਂ ਹੀ ਮਿਲਦਾ ਹੈ। ਇਸ ਇਤਿਹਾਸਕ ਸ਼ਹਿਰ ਨੇ ਵੱਡੇ ਉਤਰਾਅ ਚੜ੍ਹਾਅ ਵੀ ਝੱਲੇ ਹਨ। ਪਹਿਲੇ ਵਿਸ਼ਵ ਯੁੱਧ ਮੌਕੇ ਵੱਡੇ ਪੱਧਰ 'ਤੇ ਆਰਥਿਕ ਨੁਕਸਾਨ ਸਿਆਟਲ ਨੇ ਝੱਲਿਆ ਜਿਸਨੂੰ ਗਰੀਬੀ, ਬੇਰੁਜ਼ਗਾਰੀ ਅਤੇ ਹੋਰ ਆਫਤਾਂ ਦਾ ਸਾਹਮਣਾ ਵੀ ਕਰਨਾ ਪਿਆ। 1970 'ਚ ਬੋਇੰਗ ਕੰਪਨੀ ਨੇ ਇਸਨੂੰ ਆਰਥਿਕ ਤੌਰ 'ਤੇ ਮਜਬੂਤ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਿਸ ਨਾਲ ਇਹ ਸ਼ਹਿਰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋਇਆ। ਇਸੇ ਵਜ੍ਹਾ ਕਰਕੇ ਅੱਜ ਦੀ ਘੜੀ ਸੁੰਦਰਤਾ , ਆਰਥਿਕਤਾ ਅਤੇ ਵਪਾਰ ਪੱਖੋਂ ਦੁਨੀਆ ਦਾ ਅਜੂਬਾ ਬਣ ਗਿਆ ਹੈ।
ਇੱਕ ਅਜੂਬਾ ਹੋਰ ਸਿਆਟਲ ਵਿਚ
ਦੁਨੀਆ ਦੇ 7 ਅਜੂਬਿਆਂ 'ਚ ਆਪਣੀ ਪਹਿਚਾਣ ਰੱਖਣ ਵਾਲਾ 184 ਮੀਟਰ ਉੱਚਾ ਸਪੇਸ ਨੀਡਲ ਟਾਵਰ ਪੇਰਿਸ ਦੇ ਆਈਫਲ ਟਾਵਰ ਦੀ ਤਰ੍ਹਾਂ ਆਪਣੀ ਵੱਖਰੀ ਖਿੱਚ ਦਰਸਾਉਂਦਾ ਹੈ। ਸਿਆਟਲ ਸ਼ਹਿਰ ਦਾ ਸਾਰਾ ਢਾਂਚਾ ਉਥੋਂ ਦੇ ਮੇਅਰ ਦੀ ਨਿਗਰਾਨੀ ਹੇਠ ਚਲਦਾ ਹੈ। ਇਥੇ ਦੋ ਪਾਰਟੀ ਰਾਜਨੀਤਿਕ ਸਿਸਟਮ ਡੈਮੋਕਰੇਟਿਕ ਅਤੇ ਰਿਪਬਲਿਕ ਪਾਰਟੀਆਂ ਦਾ ਹੈ। ਵਧੇਰੇ ਰਾਜਨਿਤਿਕ ਦਬਦਬਾ ਡੈਮੋਕਰੇਟਿਕ ਪਾਰਟੀ ਦਾ ਹੈ। 2012 ਦੀਆਂ ਆਮ ਚੋਣਾਂ 'ਚ ਉਸ ਵੇਲੇ ਚੁਣੇ ਰਾਸ਼ਟਰਪਤੀ ਬਰਾਕ ੳਬਾਮਾ ਨੂੰ 80 ਪ੍ਰਤੀਸ਼ਤ ਵੋਟ ਸਿਆਟਲ ਸ਼ਹਿਰ 'ਚੋਂ ਲੋਕਾਂ ਨੇ ਪਾਈ ਸੀ। 1926 ਵਿਚ ਬਰਥਾ ਨਾਈਟ ਲੈਂਡਿਸ ਪਹਿਲੀ ਮਹਿਲਾ ਸੀ ਜਿਸਨੂੰ ਮੇਅਰ ਬਣਨ ਦਾ ਮਾਣ ਹਾਸਲ ਹੋਇਆ ਜਦਕਿ ਭਾਰਤ ਦੀ ਪਹਿਲੀ ਮਹਿਲਾ ਪ੍ਰੋਮਿਲਾ ਜੈਪਾਲ ਨੂੰ ਇਥੋਂ ਦੀ ਕਾਂਗਰਸ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ।
ਸਿਆਟਲ ਵਿਚ ਪੰਜਾਬੀਆਂ ਦੀ ਪਹਿਚਾਣ ਵੱਖਰੀ
ਸਿਆਟਲ ਸ਼ਹਿਰ 'ਚ ਜਿਥੇ ਯੂਰਪੀਅਨ ਲੋਕਾਂ ਦਾ ਪੂਰੀ ਤਰ੍ਹਾਂ ਦਬਦਬਾ ਹੈ ਉਥੇ ਸਿੱਖ ਕੌਮ ਅਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ 50 ਹਜ਼ਾਰ ਦੇ ਕਰੀਬ ਲੋਕ ਰਹਿੰਦੇ ਹਨ। ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਲੁਧਿਆਣਾ ਦੇ 1980ਵੇਂ ਦਹਾਕੇ ਦੇ ਪਾਸ ਆਉਟ ਵਿਦਿਆਰਥੀ ਵੱਡੀ ਗਿਣਤੀ ਵਿਚ ਬੋਇੰਗ ਕੰਪਨੀ 'ਚ ਉੱਚੀਆਂ ਪੋਸਟਾਂ 'ਤੇ ਨੌਕਰੀ ਕਰਦੇ ਹਨ। ਸਿੱਖਾਂ ਦੀ ਆਮਦ 1900 ਦੇ ਕਰੀਬ ਗੋਰਿਆਂ ਦੀ ਆਰਮੀ ਰਾਹੀਂ ਐਬਸਫੋਰਡ ਤੇ ਵੈਨਕੂਵਰ ਤੋਂ ਸਿਆਟਲ ਵਿਚ ਹੋਈ। 1947 ਭਾਰਤ ਦੀ ਵੰਡ ਤੋਂ ਬਾਅਦ ਕਾਫੀ ਸਿੱਖ ਪਰਿਵਾਰ ਸਿਆਟਲ 'ਚ ਆ ਕੇ ਵਸੇ। ਪਰ 1984 ਤੋਂ ਬਾਅਦ ਸਿੱਖਾਂ ਦੀ ਅਤੇ ਪੰਜਾਬੀਆਂ ਦੀ ਇੱਥੇ ਆਉਣ ਦੀ ਇਕ ਲਹਿਰ ਬਣ ਗਈ। ਜ਼ਿਆਦਾਤਰ ਪੰਜਾਬੀ ਟਰੱਕਾਂ, ਸਟੋਰਾਂ ਅਤੇ ਗੈਸ ਸਟੇਸ਼ਨਾਂ ਆਦਿ 'ਤੇ ਆਪਣੀਆਂ ਨੌਕਰੀਆਂ ਕਰਦੇ ਹਨ ਅਤੇ ਬਹੁਤ ਥੋੜ੍ਹਿਆਂ ਨੇ ਆਪਣੇ ਨਿੱਜੀ ਵਪਾਰ 'ਚ ਪੈਸਾ ਨਿਵੇਸ਼ ਕੀਤਾ ਹੋਇਆ ਹੈ। ਸਿਆਟਲ ਦੀ 40 ਲੱਖ ਦੀ ਵਸੋਂ ਵਿਚੋਂ 5 ਲੱਖ ਦੇ ਕਰੀਬ ਲੋਕਾਂ ਨੂੰ ਸਿੱਖੀ ਬਾਰੇ ਜਾਣਕਾਰੀ ਤੋਂ ਇਲਾਵਾ ਬਹੁਤ ਸ਼ਰਧਾ ਤੇ ਯਕੀਨ ਹੈ। ਇਥੇ ਬਣੇ ‘ਵਿੰਗ ਲੂਕ ਏਸ਼ੀਅਨ ਮਿਊਜ਼ੀਅਮ’ 'ਚ ਸਿੱਖ ਇਤਿਹਾਸ ਬਾਰੇ ਵਧੀਆ ਜਾਣਕਾਰੀ ਦਿੱਤੀ ਜਾਂਦੀ ਹੈ। ਸਿਆਟਲ 'ਚ 7 ਦੇ ਕਰੀਬ ਗੁਰਦੁਆਰੇ ਹਨ। ਜਦਕਿ ਮੁੱਖ ਗੁਰਦੁਆਰਾ ਸਿੰਘ ਸਭਾ ਗੁਰੂ ਘਰ ਰਿੰਟਨ ਵਿਖੇ ਬਣਿਆ ਹੋਇਆ ਹੈ। ਜਿਥੇ ਹਰ ਐਤਵਾਰ ਅਤੇ ਹੋਰ ਇਤਿਹਾਸਕ ਦਿਨਾਂ ਨੂੰ ਲੋਕ ਵੱਡੀ ਗਿਣਤੀ ਵਿਚ ਨਤਮਸਤਕ ਹੁੰਦੇ ਹਨ। ਇਸਤੋਂ ਇਲਾਵਾ ਪੰਜਾਬੀਆਂ ਵੱਲੋਂ ਖੇਡ ਗਤੀਵਿਧੀਆਂ ਹਰ ਸਾਲ ਵਧੀਆ ਤਰੀਕੇ ਨਾਲ ਚਲਾਈਆਂ ਜਾਂਦੀਆਂ ਹਨ। ਕਬੱਡੀ ਕੱਪ ਅਤੇ ਹੋਰ ਖੇਡਾਂ ਵੀ ਹਰ ਸਾਲ ਸਿੱਖ ਭਾਈਚਾਰੇ ਵੱਲੋਂ ਕਰਵਾਈਆਂ ਜਾਂਦੀਆਂ ਹਨ। ਪੰਜਾਬ ਸਪੋਰਟਸ ਸਿਆਟਲ ਕਬੱਡੀ ਕਲੱਬ ਦਾ ਅਮਰੀਕਾ, ਕੈਨੇਡਾ ਵਿਚ ਪੂਰੀ ਤਰ੍ਹਾਂ ਜੇਤੂ ਦਬਦਬਾ ਹੈ। ਇਸਦੇ ਵਿਚ ਦੁਨੀਆ ਦੇ ਨਾਮੀ ਕਬੱਡੀ ਸਟਾਰ ਤਾਂ ਖੇਡਦੇ ਹੀ ਹਨ ਪਰ ਸਿਆਟਲ ਵਸਦੇ ਸਿੱਖਾਂ ਦੀ ਕਬੱਡੀ ਖੇਡ ਪ੍ਰਤੀ ਸਮਰਪਿਤ ਭਾਵਨਾ ਕਾਬਿਲੇ ਤਾਰੀਫ ਹੈ। ਵਧੀਆ ਜ਼ਿੰਦਗੀ ਜਿਊਣ ਵਾਲਿਆਂ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਸਿਆਟਲ ਸ਼ਹਿਰ।
ਜਗਰੂਪ ਸਿੰਘ ਜਰਖੜ
9814300722
-
ਜਗਰੂਪ ਸਿੰਘ ਜਰਖੜ, ਖੇਡ ਲੇਖਕ ਤੇ ਪ੍ਰਮੋਟਰ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.