ਇਨਸਾਨ ਤੋਂ ਜਿਆਦਾ ਅਕਲਮੰਦ ਅਤੇ ਬੁੱਧੀਮਾਨ ਜੀਵ ਇਸ ਧਰਤੀ 'ਤੇ ਕੋਈ ਨਹੀਂ ਹੈ। ਜਾਨਵਰਾਂ ਕੋਲ ਭਾਰੀ ਅਤੇ ਤਾਕਤਵਰ ਸ਼ਰੀਰ ਤਾਂ ਹਨ ਪਰ ਬੁੱਧੀ ਪੱਖੋਂ ਉਹ ਊਣੇ ਹਨ। ਜਾਨਵਰ ਕਿਸੇ ਨਾ ਕਿਸੇ ਤਰਾਂ ਸਾਰੀ ਉਮਰ ਇਨਸਾਨ ਦੇ ਗੁਲਾਮ ਰਹਿੰਦੇ ਹਨ। ਬਲਦ, ਘੋੜਾ, ਕੁੱਤਾ ਬੇਸ਼ਕ ਪਾਲਤੂ ਜਾਨਵਰ ਹਨ ਪਰ ਇਨਸਾਨ ਇਹਨਾ ਨੂੰ ਸਾਰੀ ਉਮਰ ਆਪਣੀ ਲੋੜ ਅਨੁਸਾਰ ਵਰਤਦਾ ਹੈ। ਮੱਝਾਂ, ਗਾਵਾਂ ਇਨਸਾਨ ਨੂੰ ਪੀਣ ਲਈ ਨੀਰ ਰੂਪੀ ਦੁੱਧ ਦਿੰਦੀਆਂ ਹਨ ਪਰ ਉਹਨਾਂ ਦੇ ਗਲ਼ 'ਚ ਪਾਇਆ ਸੰਗਲ ਉਹਨਾਂ ਨੂੰ ਉਮਰ ਭਰ ਗੁਲਾਮ ਰੱਖਦਾ ਹੈ। ਇਹ ਇੱਕ ਇਨਸਾਨ ਹੀ ਹੈ ਜੋ ਚੰਗਾ ਸੋਚਣ ਅਤੇ ਚੰਗਾ ਕਰਨ ਦੇ ਕਾਬਿਲ ਹੈ ਅਤੇ ਇੱਕ ਆਜ਼ਾਦ ਜਿੰਦਗੀ ਜਿਉਂਦਾ ਹੈ। ਪਰ ਜਦੋਂ ਇਹ ਬੁੱਧੀਮਾਨ ਅਤੇ ਅਕਲ ਦੇ ਪੱਖ ਤੋਂ ਭਰਪੂਰ ਇਨਸਾਨ ਇੱਕ ਚਾਪਲੂਸ ਬਣ ਕੇ ਸਮਾਜ ਵਿਚਰਦਾ ਹੈ ਤਾਂ ਇਸਦੀ ਆਜ਼ਾਦ ਹਸਤੀ 'ਤੇ ਇੱਕ ਪ੍ਰਸ਼ਨ ਚਿੰਨ ਲੱਗ ਜਾਂਦਾ ਹੈ। ਆਪਣੀ ਜ਼ਮੀਰ ਨੂੰ ਮਾਰ ਕੇ ਨਿੱਜੀ ਸਵਾਰਥਪੁਣੇ ਦੀ ਪੂਰਤੀ ਲਈ ਕਿਸੇ ਦੀ ਹੱਦੋਂ ਵੱਧ ਕੀਤੀ 'ਜੀ ਹਜ਼ੂਰੀ' ਕਰਨ ਨੂੰ ਚਾਪਲੂਸੀ ਕਿਹਾ ਜਾਂਦਾ ਹੈ।
ਜਿੰਦਗੀ ਨੂੰ ਚਲਦਾ ਰੱਖਣ ਲਈ ਅਸੂਲ ਬਹੁਤ ਜਰੂਰੀ ਹਨ। ਅਸੂਲ ਅਤੇ ਕਾਇਦਾ ਕਾਨੂੰਨ 'ਚ ਰਹਿ ਕੇ ਜਿੰਦਗੀ ਗੁਜ਼ਾਰਨ ਵਾਲਾ ਇਨਸਾਨ ਗੁਲਾਮ ਮਾਨਸਕਤਾ ਦਾ ਸ਼ਿਕਾਰ ਨਹੀਂ ਹੁੰਦਾ। ਕੰਮ ਵਿੱਚ ਰੁੱਝੇ ਰਹਿਣਾ ਅਤੇ ਆਪਣੇ ਟੀਚੇ ਵੱਲ ਵੱਧਦੇ ਜਾਣਾ ਇੱਕ ਸੰਘਰਸ਼ੀਲ ਇਨਸਾਨ ਦੀ ਫਿਤਰਤ ਹੈ। ਆਪਣੇ ਨਿੱਜੀ ਸਵਾਰਥ ਨੂੰ ਪੂਰਨ ਲਈ ਕਿਸੇ ਦੂਜੇ ਦੀ ਹੱਦੋਂ ਵੱਧ ਜੀ ਹਜ਼ੂਰੀ ਕਰਨਾ ਇੱਕ ਖੋਖਲ਼ੇ ਇਨਸਾਨ ਦੀ ਨਿਸ਼ਾਨੀ ਹੈ। ਚਾਪਲੂਸੀ ਕਰਕੇ ਇਨਸਾਨ ਆਪਣੇ ਆਪਣੇ ਆਪ ਨੂੰ ਦੂਜੇ ਦੀਆਂ ਨਜ਼ਰਾਂ ਵਿੱਚ ਉੱਚਾ ਅਤੇ ਸਿਆਣਾ ਬਨਾਉਣ ਦੀ ਕੋਸ਼ਿਸ਼ ਕਰਦਾ ਹੈ। ਅਜਿਹਾ ਇਨਸਾਨ ਸ਼ਾਇਦ ਇਸ ਗੱਲ ਨੂੰ ਭੁੱਲ ਜਾਂਦਾ ਹੈ ਕਿ ਚਾਪਲੂਸੀ ਕਰਕੇ ਜਿਸ ਨੂੰ ਉਹ ਬੇਵਕੂਫ ਬਣਾ ਰਿਹਾ ਰਿਹਾ ਹੈ ਉਹ ਇਸ ਬੁਝਦਿਲ ਖੇਡ ਨੂੰ ਚੰਗੀ ਤਰਾਂ ਸਮਝਦਾ ਹੈ। ਜਿੰਦਗੀ ਦੀ ਸਘੰਰਸ਼ੀਲ ਲੜਾਈ ਜਿੱਤਣ ਤੋਂ ਬਾਅਦ ਜਦੋਂ ਕੋਈ ਇਨਸਾਨ ਕਿਸੇ ਉੱਚੇ ਮੁਕਾਮ 'ਤੇ ਪਹੁੰਚ ਜਾਂਦਾ ਹੈ ਤਾਂ ਉਸ ਨੂੰ ਆਪਣੇ ਆਲੇ ਦੁਆਲੇ ਚਾਪਲੂਸ ਲੋਕਾਂ ਦੀ ਪਹਿਚਾਣ ਸਹਿਜੇ ਹੀ ਹੋਣ ਲੱਗ ਜਾਂਦੀ ਹੈ। ਚਾਪਲੂਸੀ ਕਰਕੇ ਇਨਸਾਨ ਆਪਣੀ ਇੱਜ਼ਤ ਨੂੰ ਘਟਾਉਂਦਾ ਹੈ। ਦਫਤਰ ਜਾਂ ਅਦਾਰਿਆਂ ਵਿੱਚ ਅਜਿਹਾ ਕਰਨ ਨਾਲ ਇਨਸਾਨ ਮਜ਼ਾਕ ਦਾ ਪਾਤਰ ਬਣ ਜਾਂਦੇ ਹਨ।
ਮਨ ਨੀਵਾਂ ਅਤੇ ਮੱਤ ਉੱਚੀ ਕਰਕੇ ਇਨਸਾਨ ਜਿੰਦਗੀ ਦੀ ਹਰ ਇੱਕ ਖੁਸ਼ੀ ਪ੍ਰਾਪਤ ਕਰ ਸਕਦਾ ਹੈ, ਪਰ ਚਾਪਲੂਸ ਬਣ ਕੇ ਆਪਣੇ ਆਪ ਨੂੰ ਊੱਚਾ ਸਿੱਧ ਕਰਨ ਦੇ ਚੱਕਰ ਵਿੱਚ ਆਪਣੇ ਤਨ ਮਨ ਦੀ ਸ਼ਾਂਤੀ ਖੋ ਬੈਠਦਾ ਹੈ। ਸਾਰਾ ਧਿਆਨ ਇਸ ਗੱਲ 'ਤੇ ਹੀ ਕੇਂਦਰਿਤ ਹੋ ਜਾਂਦਾ ਹੈ ਕਿ ਕਿਸ ਤਰਾਂ ਅਤੇ ਕਿਵੇ ਦੂਜੇ ਨੂੰ ਨੀਵਾਂ ਦਿਖਾਉਣ ਲਈ ਵੱਡੇ ਅਧਿਕਾਰੀ ਨੂੰ ਕਿਸੇ ਗੱਲ ਦੀ ਪੇਸ਼ਕਾਰੀ ਕੀਤੀ ਜਾਵੇ। ਇਸ ਜੋੜ ਤੋੜ ਵਿੱਚ ਮਨ ਦੀ ਸ਼ਾਂਤੀ ਅਲੋਪ ਹੋ ਜਾਂਦੀ ਹੈ। ਚੰਗੇ ਕਰਮ ਕਰਨ ਵਾਲਾ ਇਨਸਾਨ ਸਮਾਜ ਵਿੱਚ ਚੰਗੀ ਪਹਿਚਾਣ ਬਣਾਊਂਦਾ ਹੈ ਜਦਕਿ ਬੂਰੀ ਸੋਚ ਅਤੇ ਬੂਰੇ ਕੰਮ ਇਨਸਾਨ ਦੀ ਪਹਿਚਾਣ ਨੂੰ ਖੋਰਾ ਲਾਉਂਦੇ ਹਨ। ਮੈਂ ਦਫਤਰਾਂ ਅਤੇ ਅਦਾਰਿਆਂ ਵਿੱਚ ਅਜਿਹਾ ਰੁਝਾਨ ਆਮ ਦੇਖਿਆ ਹੈ। ਚਾਪਲੂਸ ਕਿਸਮ ਦਾ ਇਨਸਾਨ ਪਲ ਪਲ ਦੀ ਖਬਰ ਮਸਾਲਾ ਲਾ ਕੇ ਵੱਡੇ ਅਫਸਰ ਜਾਂ ਅਧਿਕਾਰੀ ਨੂੰ ਦਸਦਾ ਹੈ ਅਤੇ ਉਸ ਨੂੰ ਖੁਸ਼ ਕਰਨ ਦਾ ਯਤਨ ਕਰਦਾ ਹੈ। ਇਮਾਨਦਾਰ ਅਤੇ ਚੌਕਸ ਵਿਰਤੀ ਵਾਲੇ ਅਫਸਰ ਜਾਂ ਅਧਿਕਾਰੀ ਅਜਿਹੇ ਇਨਸਾਨਾ ਨੂੰ ਆਪਣੇ ਤੋਂ ਕੋਹਾਂ ਦੂਰ ਰੱਖਦੇ ਹਨ। ਇਸ ਦੇ ਉਲਟ ਹਰ ਗੱਲ ਦਾ ਸਵਾਦ ਲੈਣ ਵਾਲਾ ਅਫਸਰ ਜਾਂ ਅਧਿਕਾਰੀ ਚਾਪਲੂਸ ਇਨਸਾਨਾਂ ਨੂੰ ਆਪਣੇ ਨਜ਼ਦੀਕ ਰੱਖਦਾ ਹੈ, ਤਾਂ ਜੋ ਜੋ ਹਰ ਪਲ ਦੀ ਖਬਰ ਮਿਲਦੀ ਰਹੇ, ਪਰ ਅਜਿਹਾ ਵਰਤਾਰਾ ਦਫਤਰ ਦੇ ਕੰਮ ਕਾਰ ਕਰਨ ਦੇ ਵਾਤਾਵਰਣ 'ਤੇ ਬਹੁਤ ਬੂਰਾ ਅਸਰ ਪਾਉਂਦਾ ਹੈ। ਚਾਪਲੂਸ ਇਨਸਾਨ ਦੇ ਮਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਇਨਸਾਨੀਅਤ ਨਹੀ ਹੁੰਦੀ, aਹ ਆਪਣੀ ਆਦਤ ਤੋਂ ਮਜਬੂਰ ਕਿਸੇ ਨਾਲ ਕੋਈ ਵੀ ਕੋਝੀ ਹਰਕਤ ਕਰ ਸਕਦਾ ਹੈ, ਉਸ ਦੇ ਲਈ ਕਿਸੇ ਦੀ ਬੇਵਸੀ ਜਾਂ ਲਾਚਾਰਤਾ ਕੋਈ ਮਾਇਨੇ ਨਹੀਂ ਰੱਖਦੀ। ਉਹ ਭੁੱਲ ਜਾਂਦਾ ਹੈ ਕਿ ਕਿਸੇ ਦੀ ਪਿੱਠ ਪਿੱਛੇ ਕੀਤੀ ਝੂਠੀ ਗੱਲ ਡਰਪੋਕਤਾ ਅਤੇ ਕਾਇਰਤਾ ਦੀ ਨਿਸ਼ਾਨੀ ਹੈ ਅਤੇ ਇੱਕ ਦਿਨ ਸੱਚੀ ਗੱਲ ਸਾਹਮਣੇ ਆਉਣ ਨਾਲ ਅਜਿਹੇ ਇਨਸਾਨ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਚਾਪਲੂਸ ਇਨਸਾਨ ਨਾਲ ਲੋਕ ਗੱਲ ਕਰਨ ਤੋਂ ਵੀ ਝਿਜਕਣ ਲੱਗ ਜਾਂਦੇ ਹਨ ਅਤੇ ਹੌਲੀ ਹੌਲੀ ਸਮਾਜ ਵਿੱਚ ਉਸਦੀ ਪਹਿਚਾਣ ਖਤਮ ਹੋ ਜਾਂਦੀ ਹੈ।
ਸਮਾਜ ਵਿੱਚ ਵਿਚਰਨ ਲਈ ਸਾਨੂੰ ਚੰਗੇ ਗੁਣਾਂ ਦਾ ਧਾਰਨੀ ਬਣਕੇ ਜਿaੁਂਣਾ ਚਾਹੀਦਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਨਜ਼ਰ 'ਚੋਂ ਡਿੱਗੇ ਇਨਸਾਨ ਨੂੰ ਦੁਬਾਰਾ ਇਜ਼ਤ ਮਾਣ ਨਹੀਂ ਮਿਲਦਾ। ਆਪਣੇ ਆਪ ਨੂੰ ਸਹੀ ਅਰਥਾਂ ਵਿੱਚ ਇਨਸਾਨ ਕਹਾਉਣ ਲਈ ਸਾਨੂੰ ਇਨਸਾਨੀ ਕਦਰਾਂ ਕੀਮਤਾਂ ਦੀ ਕਦਰ ਕਰਨੀ ਚਾਹੀਦੀ ਹੈ। ਆਪਣੀ ਇਜ਼ਤ ਅਤੇ ਕਦਰ ਕਰਵਾਉਣ ਲਈ ਪਹਿਲਾਂ ਸਾਨੂੰ ਦੂਜਿਆਂ ਦੀ ਇਜ਼ਤ ਅਤੇ ਸਤਿਕਾਰ ਕਰਨਾ ਹੋਵੇਗਾ।
-
ਪ੍ਰੋ: ਡਾ: ਧਰਮਜੀਤ ਸਿੰਘ ਮਾਨ, ਲੇਖਕ
mannjalbhera@gmail.com
9478460084
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.