ਖ਼ਬਰ ਹੈ ਕਿ ਸੂਬੇ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਝਾੜੂ ਬੈਗਾਨੇ ਨਹੀਂ ਬਲਕਿ ਉਸਦੇ ਆਪਣੇ ਹੀ ਲੀਡਰ "ਤੀਲਾ-ਤੀਲਾ" ਕਰਨ 'ਤੇ ਉਤਰ ਆਏ ਹਨ। ਆਪ ਸੁਪਰੀਮੋ ਕੇਜਰੀਵਾਲ ਵਲੋਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ 'ਆਪ' ਬੁਰੀ ਤਰ੍ਹਾਂ ਨਾਲ ਦੋਫਾੜ ਹੋ ਗਈ ਹੈ। ਆਪ ਦੇ ਅੱਠ ਵਿਧਾਇਕ ਖੁੱਲਕੇ ਕੇਜਰੀਵਾਲ ਦੇ ਫੈਸਲੇ ਖਿਲਾਫ ਖਹਿਰਾ ਦੀ ਪਿੱਠ ਤੇ ਆ ਗਏ ਹਨ। ਖਹਿਰਾ ਤੇ ਸਾਥੀਆਂ ਵਲੋਂ ਦੋ ਅਗਸਤ ਨੂੰ ਬਠਿੰਡਾ ਵਿਖੇ ਕਨਵੈਨਸ਼ਨ ਵੀ ਕੀਤੀ ਜਾ ਰਹੀ ਹੈ।
ਔਹ ਆ ਗਿਆ ਇਨਕਲਾਬ! ਗੋਰੇ ਗਏ, ਕਾਲੇ ਆਏ। ਤਜੋਰੀਆਂ ਭਰੀਆਂ। ਗਰੀਬੀ ਹਟਾਉਣ ਦੇ ਨਾਹਰੇ ਦਿੱਤੇ। ਗਰੀਬ ਖਤਮ ਕਰਨ ਲਈ ਏ.ਸੀ. ਕਮਰਿਆਂ 'ਚ ਬੈਠ ਟਿੱਲ ਲਾਇਆ। ਗਰੀਬੀ ਤਾਂ ਹਟੀ ਨਾ ਗਰੀਬ ਹੱਟ ਗਏ। ਇਨਕਲਾਬ ਆਇਆ ਹੀ ਨਾ।
ਔਹ ਆ ਗਿਆ ਇਨਕਲਾਬ! ਸੱਜੇ ਆ, ਖੱਬੇ ਆਏ, ਹੜਤਾਲਾਂ ਹੋਈਆਂ, ਮੁਜ਼ਾਹਰੇ ਹੋਏ ਇਸ ਤੋਂ ਵੀ ਵਾਧੂ ਖਾੜਕੂ ਆਏ! ਬੰਦੂਕਾਂ-ਬੰਬ ਚੱਲੇ। ਇਨਕਲਾਬ ਆਇਆ ਹੀ ਨਾ।
ਔਹ ਆ ਗਿਆ ਇਨਕਲਾਬ! ਕਾਂਗਰਸ ਗਈ। ਭਗਵੇਂ ਆਏ। ਸਭ ਕਾ ਵਿਕਾਸ ਏਕ ਸਾਥ! ਰੌਲਾ-ਰੱਪਾ, ਚੌੜੀ ਛਾਤੀ ਖੜਕੀ! ਪੈਰਾਂ ਨੂੰ ਵਿਦੇਸ਼ਾਂ ਦਾ ਚੱਕਰ ਚੱਲਿਆ। ਕਾਲਾ ਧੰਨ ਗੋਰਾ ਫਿਰ ਵੀ ਨਾ ਹੋਇਆ। ਇਨਕਲਾਬ ਆਇਆ ਹੀ ਨਾ।
ਔਹ ਆ ਗਿਆ ਇਨਕਲਾਬ! "ਆਮ" ਆਏ ਲੋਕਾਂ ਦੀਆਂ ਵਾਛਾਂ ਖਿੜਕੀਆਂ! ਹੁਣ ਹੋਊ ਮੁਸੀਬਤਾਂ ਦਾ ਅੰਤ! ਹੁਣ ਹੋਣਗੀਆਂ ਸਮੱਸਿਆਵਾਂ ਹੱਲ! "ਆਮ", ਖਾਸ ਬਣ ਗਏ! ਇੱਕ ਅਨਾਰ ਸੌ ਬੀਮਾਰ ਹੋ ਗਿਆ। ਇਨਕਲਾਬ ਆਇਆ ਹੀ ਨਾ ।
ਔਹ ਆ ਗਿਆ ਇਨਕਲਾਬ ਪੰਜਾਬ 'ਚ! ਝੋਲੇ ਭਰ ਭਰ ਨੋਟਾਂ ਦੇ ਮੁੰਡੇ ਵਿਦੇਸ਼ੀ ਤੁਰ ਗਏ। ਇੱਕ ਹੱਥ ਡਿਗਰੀ, ਦੂਜੇ ਹੱਥ ਚਿੱਟਾ, ਮੁੰਡੇ ਮਾਪਿਆਂ ਦੇ ਬੈਗਾਨੇ ਬਣ ਗਏ। ਤੇ ਪੰਜਾਬ ਦੇ ਇਨਕਲਾਬੀ ਨੇਤਾ ਕੁਰਸੀਆਂ ਨੂੰ ਜੱਫੇ ਪਾਉਣ ਲਈ ਡਾਗੋ ਸੋਟੀ ਹੋ ਤੁਰੇ। ਮੁੰਡੇ ਜਾਣ ਢੱਠੇ ਖੂਹ! ਮੁੰਡੇ ਤੇ ਮਾਪੇ ਸਿਵਿਆਂ ਦੇ ਰਾਹ ਪੈ ਗਏ। ਅਸੀਂ ਤਾਂ ਉਜੜੇ ਬਾਗਾਂ ਦੇ ਗਾਹਲੜ ਪਟਵਾਰੀ ਦਾ ਅਖਾਣ ਸਿੱਧ ਕਰਨਾ ਹੈ। ਪੰਜਾਬ 'ਚ ਕੋਈ ਰਹੇ ਨਾ ਰਹੇ! ਚਿੱਟਾ ਤਾਂ ਰਹੇਗਾ। ਬੰਦਾ ਰਹੇ ਨਾ ਰਹੇ ਪਿੰਜਰ ਤਾਂ ਉਸਦਾ ਰਹੇਗਾ ਹੀ। ਤਦੇ ਕਵੀ ਲਿੱਖਦਾ ਹੈ, "ਮੱਸਿਆ ਵਰਗੀ ਸੋਚਦੇ, ਹੋਏ ਅਸੀਂ ਗੁਲਾਮ, ਮੁੜ ਮੁੜਕੇ ਹਾਂ ਸੋਚਦਾ, ਹੋਊ ਕੀ ਅੰਜਾਮ?
ਬੰਦਾ, ਬੰਦੇ ਦਾ ਪੁੱਤ ਨਾ ਬਣ ਸਕਿਆ, ਸੁਣਦਾ ਰਿਹਾ ਉਪਦੇਸ਼ ਇਹ ਕਈ ਸਦੀਆਂ
ਖ਼ਬਰ ਹੈ ਕਿ ਭਾਰਤ 'ਚ ਵਿਆਹ ਕਰਵਾਕੇ ਪਤਨੀ ਨੂੰ ਬਿਨ੍ਹਾਂ ਤਲਾਕ ਦਿੱਤੇ ਵਿਦੇਸ਼ ਜਾਣ ਵਾਲੇ ਪ੍ਰਵਾਸੀ ਭਾਰਤੀ ਭਾਵ ਐਨ ਆਰ ਆਈ ਲਾੜਿਆਂ ਦੇ ਖਿਲਾਫ਼ ਸ਼ਿਕੰਜਾ ਮਜ਼ਬੂਤ ਕਰਨ ਲਈ ਸਰਕਾਰ ਮੌਜੂਦਾ ਕਾਨੂੰਨ 'ਚ ਵਿਆਪਕ ਬਦਲਾਅ ਦੀ ਤਿਆਰੀ 'ਚ ਹੈ। ਤਜਵੀਜ਼ੀ ਬਦਲਾਅ ਤਹਿਤ ਅਜਿਹੇ ਲਾੜਿਆਂ ਦੇ ਨਾਂਅ 'ਤੇ ਵੈਬਸਾਈਟ ਰਾਹੀਂ ਸੰਮਨ ਜਾਰੀ ਕੀਤਾ ਜਾਵੇਗਾ ਅਤੇ ਉਸਨੂੰ ਹਾਸਲ ਹੋਇਆ ਵੀ ਮੰਨਿਆ ਜਾਵੇਗਾ। ਅਜਿਹੇ ਪ੍ਰਵਾਸੀ ਭਾਰਤੀ ਪਤੀਆਂ ਨੂੰ ਭਗੌੜਾ ਐਲਾਨ ਕੇ ਉਸਦੀ ਜਾਇਦਾਦ ਜਬਤ ਕਰ ਲਈ ਜਾਵੇਗੀ।
ਕਵੀਓ ਵਾਕ ਸੁਣੋ, "ਪੈਸੇ ਥੱਲੇ ਦੱਬ ਚੁਕਿਆ ਹੈ ਕਿਰਦਾਰ ਬੰਦੇ ਦਾ। ਬੰਦਾ ਹੀ ਅੱਜ ਹੋ ਗਿਆ ਸ਼ਿਕਾਰ ਬੰਦੇ ਦਾ। ਕਿਹੜੇ ਢੰਗ ਦਾ ਹੋ ਗਿਆ ਹੁਣ ਵਿਹਾਰ ਬੰਦੇ ਦਾ"।
ਉਹ ਭਾਈ, ਲਾੜਾ ਭਾਵੇਂ ਹੋਵੇ ਦੇਸੀ ਜਾਂ ਹੋਵੇ ਵਿਦੇਸ਼ੀ, ਲਾੜਾ ਤਾਂ ਲਾੜਾ ਹੈ। ਐਮ . ਏ ਪਾਸ ਕੁੜੀ ਤੇ ਵਿਦੇਸ਼ੀ ਲਾੜਾ ਅੱਠਵੀਂ ਫੇਲ੍ਹ! ਇੰਜਨੀਅਰੀ ਪਾਸ ਕੁੜੀ ਤੇ ਵਿਦੇਸ਼ੀ ਲਾੜਾ ਦਸਵੀਂ ਫੇਲ੍ਹ। ਵੀਹ ਵਰ੍ਹਿਆਂ ਦੀ ਜੁਆਕੜੀ ਵਿਦੇਸ਼ੀ ਲਾੜਾ ਬੁੱਢਾ ਖੂਸਟ! ਭਾਈ ਸਭ ਪ੍ਰਵਾਨ ਹੈ। ਇਹੀ ਸਮਾਜ ਦਾ ਦਸਤੂਰ ਹੈ।
ਉਹ ਭਾਈ ਕੰਜਕਾਂ, ਕੁਆਰੀਆਂ, ਵਿਚਾਰੀਆਂ ਤਾਂ ਬਣਾ ਦਿੱਤੀਆਂ ਜਾਂਦੀਆਂ ਹਨ, ਮਜ਼ਬੂਰ, ਬੇਬਸ। ਉਹ ਭਾਈ ਕੰਜਕਾਂ ਕੁਆਰੀਆਂ ਵਿਚਾਰੀਆਂ ਤਾਂ ਨਰੜ ਦਿੱਤੀਆਂ ਜਾਂਦੀਆਂ ਹਨ, ਉਪਦੇਸ਼ ਸੁਣਾਕੇ, ਵਰਚਾਕੇ, ਇੱਜ਼ਤ ਦਾ ਵਾਸਤਾ ਪਾਕੇ! ਉਹ ਭਾਈ ਨਹੀਓਂ ਕੋਈ ਸੁਣਦਾ ਉਹਨਾ ਦੇ ਮਨ ਦੀ ਚੀਸ। ਲੈ ਜਾਂਦੇ ਨੇ ਚਿੱਟੀਆਂ ਪੁਸ਼ਾਕਾਂ ਵਿੱਚ ਲੁੱਕੇ ਕਾਲੇ-ਦਿਲ ਬਘਿਆੜ, ਉਹਨਾ ਮਸੂਮਾਂ ਨੂੰ ਮੋਮੋਠਗਣੀਆਂ ਗੱਲਾਂ 'ਚ ਉਲਝਾਕੇ!
ਕਾਨੂੰਨ ਇੱਕ ਨਹੀਂ ਸੌ ਬਣੇ! ਕਾਨੂੰਨ ਇੱਕ ਨਹੀਂ ਹੋਰ ਹਜ਼ਾਰ ਬਨਣ! ਜਦ ਚੋਰ- ਮੋਰੀਆਂ ਕਾਇਮ ਨੇ, ਕਾਲੇ ਬਸਤਰਾਂ ਵਾਲਿਆਂ ਬੰਦੇ ਨੂੰ ਬੰਦੇ ਦਾ ਪੁੱਤ ਨਹੀਂ ਬਣਿਆ ਰਹਿਣ ਦੇਣਾ ਭਾਈ। ਇਹੀ ਸਮੇਂ ਦਾ ਦਸਤੂਰ ਰਿਹਾ ਹੈ। ਤਦੇ ਤਾਂ ਕਵੀ ਕਹਿਣੋ ਨਹੀਂ ਹੱਟਦਾ, "ਬੰਦਾ ਬੰਦੇ ਦਾ ਪੁੱਤ ਨਾ ਬਣ ਸਕਿਆ, ਸੁਣਦਾ ਰਿਹਾ ਉਪਦੇਸ਼ ਇਹ ਕਈ ਸਦੀਆਂ"।
ਲੋਕ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ
ਖ਼ਬਰ ਹੈ ਕਿ ਪਾਕਿਸਤਾਨ 'ਚ ਬੁੱਧਵਾਰ ਨੂੰ ਹੋਈਆਂ ਆਮ ਚੋਣਾਂ 'ਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ 'ਚ ਤਹਿਰੀਕ-ਏ-ਇਨਸਾਫ)ਪੀ ਟੀ ਆਈ) ਨੂੰ 114 ਸੀਟਾਂ ਮਿਲੀਆਂ ਹਨ। ਸਰਕਾਰ ਬਨਾਉਣ ਲਈ ਇਮਰਾਨ ਨੂੰ 136 ਸੀਟਾਂ ਦੀ ਲੋੜ ਪਵੇਗੀ। ਇਸ ਲਈ ਛੋਟੀਆਂ ਹੋਰ ਪਾਰਟੀਆਂ ਨਾਲ ਗਠਜੋੜ ਕਰਨਾ ਉਹਨਾ ਦੀ ਮਜ਼ਬੂਰੀ ਹੈ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕਰਕੇ ਕਿਹਾ ਕਿ ਅੱਲ੍ਹਾ ਜਿਨ੍ਹਾ ਨੂੰ ਚਾਹੁੰਦਾ ਹੈ ਉਹਨਾ ਨੂੰ ਹੀ ਇੱਜਤ ਬਖਸ਼ਦਾ ਹੈ।
ਕੀ ਮੈਂ ਝੂਠ ਬੋਲਿਆ? ਕਿੱਡਾ ਬੇਢੰਗਾ, ਕੁਢੱਬਾ, ਕਰੂਰ, ਕਰੂਪ, ਕਮੀਨਗੀ ਦੀ ਹੱਦ ਤੱਕ ਨਿਪੁੰਨ ਹੈ ਲੋਕਤੰਤਰ ਦਾ ਚਿਹਰਾ। ਜਿਥੇ ਵੋਟਰਾ ਖਰੀਦਿਆ ਜਾਂਦਾ! ਜਿਥੇ ਵੋਟਰ ਪ੍ਰੇਰਿਆ ਜਾਂਦਾ। ਜਿਥੇ ਵੋਟਰ ਡਰਾਇਆ-ਧਮਕਾਇਆ ਜਾਂਦਾ! ਆਦਮ-ਬੋ, ਆਦਮ-ਬੋ ਕਰਦੇ ਦਿਓ ਕੱਦ ਨੇਤਾ ਕਦੇ ਗੁਲਾਬ ਦੇ ਫੁਲ ਬਣਦੇ ਹਨ, ਕਦੇ ਕੰਡਿਆ ਵਾਲੇ ਕੈਕਟਸ। ਜੁਗਤ ਲੜਾਉਂਦੇ ਨੇ, ਆਗੂ ਬਣਦੇ ਨੇ। ਗੱਲ ਇੱਕ ਦੇਸ਼ ਦੀ ਨਹੀਂ। ਅਮਰੀਕਾ ਦੀ ਵੀ ਉਹੀ ਹੈ, ਭਾਰਤ ਦੇਸ਼ ਮਹਾਨ ਦੀ ਵੀ ਉਹੀ ਹੈ, ਪਾਕਿਸਤਾਨ ਦੀ ਵੱਖਰੀ ਕਿਵੇਂ ਹੋ ਜਾਊ?
ਕੀ ਮੈਂ ਝੂਠ ਬੋਲਿਆ? ਮੁਜ਼ਾਹਰੇ, ਨਹਾਰੇ, ਟੱਕਰਾਂ, ਗੋਲੀਆਂ, ਬੰਬ, ਲਾਠੀਆਂ, ਛੁਰੇ, ਗੰਡਾਸੇ, ਸਭਾ ਨੇਤਾਵਾਂ ਦੀ ਦੇਣ ਆ।! ਆਜ਼ਾਦੀ ਲਈ ਮਰਨ ਵਾਲੇ ਪ੍ਰਵਾਨੇ ਕੋਈ ਹੋਰ ਸਨ ਤੇ ਆਜ਼ਾਦੀ ਠੱਗਾਂ, ਲੁਟਰਿਆਂ, ਕਾਲੇ ਚੋਰਾਂ ਹੱਥ ਆ ਗਈ! ਇਧਰ ਆਪਣੇ ਪਿਆਰੇ ਦੇਸ਼ 'ਚ ਵੀ ਤੇ ਉਧਰ ਭਾਈ ਪਾਕਿਸਤਾਨ ਦੇਸ਼ 'ਚ ਵੀ! ਬੇਰੁਜ਼ਗਾਰੀ ਇਧਰ ਵੀ ਵਧੀ, ਉਧਰ ਵੀ। ਬਲੈਕਮਾਰਕਟਿੰਗ, ਰਿਸ਼ਵਤਖੋਰੀ ਇਧਰ ਵੀ ਵਧੀ ਅਤੇ ਉਧਰ ਵੀ। ਲੋਕ ਅਵਾਕ ਹਨ। ਲੋਕ ਬੇਬਸ ਹਨ।
ਚੋਣਾਂ ਹੁੰਦੀਆਂ ਹਨ। ਲੋਕ ਠਗੇ ਜਾਂਦੇ ਹਨ। ਚੋਣਾਂ ਹੁੰਦੀਆਂ ਹਨ ਲੋਕ ਆਪਣੇ ਹੱਥ ਵੱਢਕੇ ਨੇਤਾਵਾਂ ਹੱਥ ਫੜਾ ਦਿੰਦੇ ਹਨ। ਤੇ ਇਹ ਇਧਰ ਵੀ ਹੁੰਦੇ ਹੈ ਤੇ ਇਹ ਉਧਰ ਵੀ ਹੁੰਦਾ ਹੈ। ਨੇਤਾ ਕੋਈ ਹੋਰ ਹੁੰਦਾ ਹੈ, ਉਹਨੂੰ ਚਲਾਉਂਦਾ ਕੋਈ ਹੋਰ ਹੁੰਦਾ ਹੈ। ਇਧਰ ਨੇਤਾ ਨੂੰ "ਪੈਸੇ ਦਾ ਹੱਥ" ਚਲਾਉਂਦਾ ਹੈ, ਉਧਰ ਨੇਤਾ ਨੂੰ "ਸੈਨਾ ਦਾ ਰੱਥ" ਚਲਾਉਂਦਾ ਹੈ। ਤੇ ਦੋਹਾਂ ਨੂੰ ਉਪਰਲਿਆਂ ਦਾ ਹੁਕਮ ਹੁੰਦਾ ਹੈ, ਬੁਲੇ ਸ਼ਾਹ ਦੇ ਬੋਲਾਂ ਅਨੁਸਾਰ, "ਲੋਕ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
· ਗੰਗਾ ਨਦੀ ਦੀ ਸਫਾਈ ਉਤੇ 2014 ਤੋਂ 2018 ਤੱਕ 3867 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚੀ ਜਾ ਰਹੀ ਹੈ। ਪਰ ਗੰਗਾ ਹਾਲੇ ਵੀ ਮੈਲੀ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਕਿਹਾ ਹੈ ਕਿ ਗੰਗਾ ਦਾ ਪਾਣੀ ਪੀਣ ਅਤੇ ਨਹਾਉਣ ਦੇ ਯੋਗ ਨਹੀਂ ਹੈ।
ਇੱਕ ਵਿਚਾਰ
ਮੌਕਾ, ਬੂਹੇ ਤੇ ਖੜਾਕ ਨਹੀਂ ਦਿੰਦਾ। ਜਦ ਤੁਸੀਂ ਬੂਹਾ ਤੋੜਦੇ ਹੋ, ਤਾਂ ਉਹ ਖ਼ੁਦ ਨੂੰ ਪੇਸ਼ ਕਰ ਦਿੰਦਾ ਹੈ।.............ਕੈਲੀ ਚਾਂਡਲਰ, ਅਮਰੀਕੀ ਅਭਿਨੇਤਾ
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.