ਉਜਾਗਰ ਸਿੰਘ
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਾਧ ਦੇ ਡੋਲੂ ਵਾਂਗ ਮਾਂਜ ਦਿੱਤੀ। ਉਸਨੇ ਪਹਿਲਾਂ ਡਾ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁੱਚਾ ਸਿੰਘ ਛੋਟੇਪੁਰ ਅਤੇ ਗੁਰਪ੍ੀਤ ਸਿੰਘ ਘੁੱਗੀ ਨੂੰ ਪਾਰਟੀ ਤੋਂ ਵੱਖ ਕਰ ਦਿੱਤਾ। ਹੁਣ ਸੁਖਪਾਲ ਸਿੰਘ ਖਹਿਰਾ ਉਪਰ ਤਲਵਾਰ ਚਲਾ ਕੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ। ਪਾਰਟੀ ਨੂੰ ਖੋਖਲਾ ਕਰ ਰਿਹਾ ਹੈ। ਹੁਣ ਬਠਿੰਡਾ ਦੀ ਵਾਲੰਟੀਅਰ ਕਾਨਫਰੰਸ ਪਾਰਟੀ ਵਿਚ ਦੂਜੀ ਵਾਰ ਦੋਫਾੜ ਪਾ ਕੇ ਸੇਹ ਦਾ ਤਕਲਾ ਗੱਡੇਗੀ। ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਪਾਰਟੀ ਲੀਡਰਸ਼ਿਪ ਵਿਚ ਤਰਥੱਲੀ ਮੱਚ ਗਈ ਹੈ। ਹੁਣ ਪਾਰਟੀ ਨੂੰ ਟੁੱਟਣ ਤੋਂ ਬਚਾਉਣਾ ਅਸੰਭਵ ਲੱਗਦਾ ਹੈ ਕਿਉਂਕਿ ਪਾਰਟੀ ਬਿਖਰਨ ਦੇ ਕਿਨਾਰੇ ਤੇ ਪਹੁੰਚ ਗਈ ਹੈ। ਹੁਣ ਭਾਵੇਂ ਇਹ ਪਾਰਟੀ ਦੋਫਾੜ ਵੀ ਨਾ ਹੋਵੇ ਪ੍ੰਤੂ ਇਸਦਾ ਭਵਿਖ ਖ਼ਤਰੇ ਵਿਚ ਪੈ ਗਿਆ ਹੈ। ਲੋਕ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਚੰਗਾ ਬਦਲ ਚਾਹੁੰਦੇ ਸਨ ਪ੍ੰਤੂ ਹੁਣ ਉਹ ਵੀ ਨਿਰਾਸ਼ਾ ਦੇ ਆਲਮ ਵਿਚ ਹਨ। ਅਰਵਿੰਦ ਕੇਜਰੀਵਾਲ ਲਈ ਪਾਰਟੀ ਨੂੰ ਇਕਮੁੱਠ ਰੱਖਣਾ ਹੀ ਵੱਡੀ ਚਣੌਤੀ ਬਣ ਗਿਆ ਹੈ। ਵਿਧਾਨਕਾਰਾਂ ਵਿਚ ਅਸੰਤੋਸ਼ ਪੈਦਾ ਹੋ ਗਿਆ ਹੈ। ਉਹ ਚੁਪ ਗੁਪ ਬੈਠੇ ਹਨ। ਕੰਵਰ ਸਿੰਘ ਸੰਧੂ ਵਿਧਾਨਕਾਰ ਨੇ ਤਾਂ ਵਿਧਾਨਕਾਰ ਪਾਰਟੀ ਦੇ ਸਪੋਕਸਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੋਰ ਵੀ ਧਮਾਕੇ ਹੋਣ ਦੀ ਸੰਭਾਵਨਾ ਹੈ ਕਿਉਂਕਿ 9 ਵਧਾਨਕਾਰਾਂ ਨੇ ਇਹ ਫੈਸਲਾ ਵਾਪਸ ਲੈਣ ਦੀ ਧਮਕੀ ਦਿਤੀ ਸੀ, ਜਿਸਨੂੰ ਸਿਸੋਧੀਆ ਨੇ ਅਸਵੀਕਾਰ ਕਰ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਨੇ ਬਠਿੰਡੇ ਵਿਖੇ ਪਾਰਟੀ ਵਰਕਰਾਂ ਦੀ ਕਨਵੈਨਸਸ਼ਨ ਵੀ ਬੁਲਾ ਲਈ ਹੈ। ਇਹ ਠੀਕ ਹੈ ਕਿ ਵਿਧਾਨਕਾਰ ਪਾਰਟੀ ਵਿਚ ਪਹਿਲਾਂ ਹੀ ਦੋ ਧੜੇ ਕੰਮ ਕਰ ਰਹੇ ਹਨ। ¿;ਇੱਕ ਧੜਾ ਸੁਖਪਾਲ ਸਿੰਘ ਖਹਿਰੇ ਨੂੰ ਹਟਾਉਣ ਤੇ ਖ਼ੁਸ਼ ਹੈ। ਦੂਜਾ ਧੜਾ ਖਹਿਰਾ ਦੇ ਹੱਕ ਵਿਚ ਡੱਟ ਗਿਆ ਹੈ। ਪ੍ੰਤੂ ਪਾਰਟੀ ਦੇ ਵਾਲੰਟੀਅਰ ਅਤੇ ਆਮ ਆਦਮੀ ਪਾਰਟੀ ਵਰਕਰ ਇਸ ਫੈਸਲੇ ਤੋਂ ਔਖੇ ਹਨ। ਇਸ ਲਈ ਕਿਸੇ ਵੀ ਸਮੇਂ ਪਾਰਟੀ ਵਿਚ ਕੋਈ ਧਮਾਕਾ ਹੋ ਸਕਦਾ ਹੈ। ਵਿਧਾਨਕਾਰ ਪਾਰਟੀ ਦੋਫਾੜ ਹੋਣਾ ਤਾਂ ਤਹਿ ਹੈ। ਪੰਜਾਬ ਦੇ ਲਗਪਗ ਅੱਧੇ ਜਿਲ੍ਹਿਆਂ ਦੇ ਪ੍ਹਧਾਨ ਅਤੇ ਹੋਰ ਅਹੁਦੇਦਾਰਾਂ ਨੇ ਪਿਛਲੇ ਦਿਨਾਂ ਵਿਚ ਅਸਤੀਫੇ ਦੇ ਦਿੱਤੇ ਹਨ। ਸਿਆਸੀ ਇਲਾਜ ਦਾ ਦਾਅਵਾ ਕਰਨ ਵਾਲੀ ਪਾਰਟੀ ਆਪ ਹੀ ਅਧਰੰਗ ਦਾ ਸ਼ਿਕਾਰ ਹੋ ਚੁੱਕੀ ਹੈ। ਪੰਜਾਬ ਨੇ ਮਈ 2014 ਦੀਆਂ ਲੋਕ ਸਭਾ ਚੋਣਾਂ ਵਿਚ 4 ਲੋਕ ਸਭਾ ਦੀਆਂ ਸੀਟਾਂ ਆਮ ਆਦਮੀ ਦੀ ਝੋਲੀ ਵਿਚ ਪਾਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇੱਜ਼ਤ ਹੀ ਨਹੀਂ ਰੱਖੀ ਸੀ, ਸਗੋਂ ਸਮੁੱਚੇ ਦੇਸ ਨੂੰ ਸੁਨੇਹਾ ਵੀ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਨੂੰ ਅਣਡਿਠ ਕਰਕੇ ਦੇਸ ਨੇ ਇਕ ਮੌਕਾ ਖੁੰਝਾ ਦਿੱਤਾ ਹੈ ਕਿਉਂਕਿ ਸਮੁੱਚੇ ਦੇਸ ਵਿਚੋਂ ਇਕ ਵੀ ਲੋਕ ਸਭਾ ਸੀਟ ਹੋਰ ਕਿਸੇ ਰਾਜ ਵਿਚੋਂ ਆਮ ਆਦਮੀ ਪਾਰਟੀ ਜਿੱਤ ਨਹੀਂ ਸਕੀ ਸੀ। ਅਰਵਿੰਦ ਕੇਜਰੀਵਾਲ ਵੀ ਲੋਕ ਸਭਾ ਦੀ ਚੋਣ ਬੁਰੀ ਤਰ੍ਹਾਂ ਹਾਰ ਗਿਆ ਸੀ। ਲੋਕ ਸਭਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਪਰਵਾਸੀਆਂ ਨੇ ਸਭ ਤੋਂ ਵੱਧ ਚੋਣ ਫੰਡ ਦਿੱਤਾ ਪ੍ੰਤੂ ਦੁੱਖ ਦੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਨੇ ਉਹ ਸਾਰਾ ਫੰਡ ਸਮੁੱਚੇ ਦੇਸ ਵਿਚਲੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੇ ਵਰਤ ਲਿਆ। ਪੰਜਾਬ ਦੇ ਉਮੀਦਵਾਰਾਂ ਨੂੰ ਧੇਲਾ ਵੀ ਨਹੀਂ ਦਿੱਤਾ। ਪਰਵਾਸੀ ਅਤੇ ਪੰਜਾਬੀਆਂ ਨੂੰ ਕੇਜਰੀਵਾਲ ਤੋਂ ਬਹੁਤ ਵੱਡੀਆਂ ਆਸਾਂ ਸਨ ਕਿਉਂਕਿ ਕੇਜਰੀਵਾਲ ਨੇ ਸਿੱਖ ਭਾਈਚਾਰੇ ਨਾਲ ਹਾਅਦਾ ਨਾਅਰਾ ਵੀ ਮਾਰਿਆ ਸੀ। ਇਸ ਤੋਂ ਬਾਅਦ ਇਹ ਆਸ ਬੱਝ ਗਈ ਸੀ ਕਿ ਪੰਜਾਬ ਵਿਧਾਨ ਸਭਾ ਦੀਆਂ 2016 ਵਿਚ ਹੋਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬੱਟ ਤੇ ਪਈ ਹੈ। ਪ੍ੰਤੂ ਅਰਵਿੰਦ ਕੇਜਰੀਵਾਲ ਜਿਸਨੇ ਆਮ ਆਦਮੀ ਪਾਰਟੀ ਇਨ੍ਹਾਂ ਵਾਅਦਿਆਂ ਨਾਲ ਬਣਾਈ ਸੀ ਕਿ ਇਹ ਪਾਰਟੀ ਰਵਾਇਤੀ ਪਾਰਟੀਆਂ ਨਾਲੋਂ ਵੱਖਰੀ ਹੋਵੇਗੀ। ਇਸ ਵਿਚ ਨਾ ਤਾਂ ਪਰਿਵਾਰਵਾਦ ਦਾ ਬੋਲਬਾਲਾ ਹੋਵੇਗਾ ਅਤੇ ਨਾ ਹੀ ਪਾਰਟੀ ਪਰਧਾਨ ਦੀ ਹੀ ਤੂਤੀ ਵੱਜੇਗੀ ਸਗੋਂ ਹਰ ਫੈਸਲਾ ਟਿਕਟਾਂ ਦੇਣ ਤੋਂ ਲੈ ਕੇ ਮੁੱਖ ਮੰਤਰੀ ਤੱਕ ਵਾਲੰਟੀਅਰਾਂ ਦਾ ਹੋਵੇਗਾ। ਯੋਜਨਾਵਾਂ ਮੁਹੱਲਵਾਈਜ ਵਾਲੰਟੀਅਰ ਬਣਾਉਣਗੇ। ਜਾਣੀ ਕਿ ਲੋਕਾਂ ਦੀ ਆਪਣੀ ਸਰਕਾਰ ਹੋਵੇਗੀ । ਆਮ ਲੋਕ ਇਕ ਕਿਸਮ ਨਾਲ ਸਰਕਾਰ ਵਿਚ ਭਾਈਵਾਲ ਹੋਣਗੇ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਸਾਰੇ ਸੀਨੀਅਰ ਨੇਤਾ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਨਿਗਾਹਾਂ ਲਾ ਕੇ ਬੈਠ ਗਏ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨੇਤਾਵਾਂ ਵਿਚ ਖਿਚੋਤਾਣ ਵੱਧ ਗਈ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਵੱਲ ਸਾਰੇ ਲਾਲਚੀ ਨਿਗਾਹਾਂ ਨਾਲ ਵੇਖ ਰਹੇ ਸਨ। ਮੁੱਖ ਮੰਤਰੀ ਦੀ ਕੁਰਸੀ ਲਈ ਸਾਜਸ਼ਾਂ ਸ਼ੁਰੂ ਹੋ ਗਈਆਂ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਧਾਨ ਸੁੱਚਾ ਸਿੰਘ ਛੋਟੇਪੁਰ, ਜਿਨ੍ਹਾਂ ਨੇ ਆਪਣੇ ਖ਼ੂਨ ਪਸੀਨੇ ਨਾਲ ਪਾਰਟੀ ਨੂੰ ਹੇਠਲੇ ਪੱਧਰ ਤੋਂ ਲੈ ਕੇ ਉਪਰ ਤੱਕ ਮਜ਼ਬੂਤ ਕੀਤਾ ਸੀ ਤਾਂ ਉਸਨੂੰ ਹੀ ਮਾਮੂਲੀ ਗੱਲ ਦਾ ਬਹਾਨਾ ਬਣਾਕੇ ਕਿ ਕਿਤੇ ਉਹ ਮੁੱਖ ਮੰਤਰੀ ਨਾ ਬਣ ਜਾਵੇ, ਇੱਕ ਸੀਨੀਅਰ ਲੀਡਰ ਅਤੇ ਲੋਕ ਸਭਾ ਦੇ ਮੈਂਬਰ ਦੇ ਕਹਿਣ ਉਪਰ ਪਾਰਟੀ ਵਿਚੋਂ ਮੱਖਣ ਵਿਚੋਂ ਵਾਲ ਕੱਢਣ ਦੀ ਤਰ੍ਹਾਂ ਬਾਹਰ ਦਾ ਰਸਤਾ ਵਿਖਾ ਦਿੱਤਾ। ਪੰਜਾਬੀਆਂ ਖਾਸ ਤੌਰ ਤੇ ਸਿੱਖ ਭਾਈਚਾਰੇ ਨੇ ਇਸਦਾ ਬੁਰਾ ਮਨਾਇਆ। ਇਹ ਫੈਸਲਾ ਕਰਕੇ ਕੇਜਰੀਵਾਲ ਨੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦਾ ਦਾਅਵਾ ਕਿਰਕਰਾ ਕਰ ਦਿੱਤਾ। ਸੁੱਚਾ ਸਿੰਘ ਛੋਟੇਪੁਰ ਵਰਗੇ ਗੁਰਸਿੱਖ ਅਤੇ ਇਮਾਨਦਾਰ ਸਿਆਸਤਦਾਨ ਦਾ ਬਦਲ ਇਕ ਸਿਆਸਤ ਦਾ ਅਨਾੜੀ ਕਲਾਕਾਰ ਗੁਰਪ੍ੀਤ ਸਿੰਘ ਘੁੱਗੀ ਬਣਾਕੇ ਪੰਜਾਬੀ ਸਿਆਸਤਦਾਨਾਂ ਦੀ ਹਿੱਕ ਤੇ ਮੂੰਗ ਦਲ ਦਿੱਤੀ। ਕੇਜਰੀਵਾਲ ਨੇ ਪ੍ਭਾਵ ਦਿੱਤਾ ਸੀ ਕਿ ਹਰ ਫੈਸਲੇ ਤੋਂ ਪਹਿਲਾਂ ਲੋਕਾਂ ਦੀ ਰਾਇ ਲਈ ਜਾਇਆ ਕਰੇਗੀ। ਕੇਜਰੀਵਾਲ ਦੇ ਇਸ ਫੈਸਲੇ ਤੋਂ ਬਾਅਦ ਜਦੋਂ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਆਈਆਂ ਤਾਂ ਹਰ ਵਾਲੰਟੀਅਰ ਵਿਧਾਨ ਸਭਾ ਦੀ ਟਿਕਟ ਦਾ ਦਆਵੇਦਾਰ ਬਣ ਬੈਠਾ। ਇਕ-ਇੱਕ ਹਲਕੇ ਵਿਚ 100-100 ਵਾਲੰਟੀਅਰ ਉਮੀਦਵਾਰ ਬਣ ਗਏ। ਟਿਕਟਾਂ ਦੀ ਵੰਡ ਵਿਚ ਮੁਲਾਹਜੇਦਾਰੀਆਂ ਅਤੇ ਪੈਸੇ ਦਾ ਬੋਲਬਾਲਾ ਰਿਹਾ। ਕਈ ਯੋਗ ਉਮੀਦਵਾਰ ਅਣਡਿਠ ਕਰ ਦਿੱਤੇ ਗਏ। ਵਾਲੰਟੀਅਰਾਂ ਦੇ ਪੱਲੇ ਕੁਝ ਨਹੀਂ ਪਿਆ ਸਗੋਂ ਦੂਜੀਆਂ ਪਾਰਟੀਆਂ ਵਿਚੋਂ ਆਏ ਅਹੁਦਿਆਂ ਦੇ ਭੁੱਖੇ ਮੌਕਾ ਪ੍ਸਤ ਸਿਆਸਤਦਾਨਾ ਨੂੰ ਟਿਕਟਾਂ ਦੇ ਕੇ ਨਿਵਾਜ ਦਿੱਤਾ, ਜਿਸਦਾ ਵਾਲੰਟੀਅਰਾਂ ਨੇ ਵਿਰੋਧ ਕੀਤਾ ਕਿਉਂਕਿ ਵਾਲੰਟੀਅਰ ਪਿਛਲੇ ਚਾਰ ਸਾਲਾਂ ਤੋਂ ਘਰ ਘਰ ਅਤੇ ਗਲੀ ਗਲੀ ਆਪਣੇ ਖਰਚੇ ਤੇ ਪਾਰਟੀ ਦਾ ਪ੍ਚਾਰ ਕਰਕੇ ਘੱਟਾ ਫੱਕ ਰਹੇ ਸਨ। ਜਿਸਦਾ ਸਿੱਟਾ ਇਹ ਨਿਕਲਿਆ ਕਿ ਪੰਜਾਬ ਵਿਚ ਸਰਕਾਰ ਬਣਦੀ ਬਣਦੀ ਰਹਿ ਗਈ। ਫਿਰ ਵੀ ਅਕਾਲੀ ਦਲ ਨਾਲੋਂ ਵੱਧ ਸੀਟਾਂ ਜਿੱਤਕੇ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਬਣਕੇ ਉਭਰੀ। ਹਰਵਿੰਦਰ ਸਿੰਘ ਫੂਲਕਾ ਨੂੰ ਵਿਧਾਨ ਸਭਾ ਵਿਚ ਵਿਧਾਨ ਸਭਾ ਪਾਰਟੀ ਦਾ ਲੀਡਰ ਚੁਣਕੇ ਸਿਆਣਪ ਤੋਂ ਕੰਮ ਲਿਆ ਪ੍ੰਤੂ ਉਸਦੇ ਕੰਮ ਵਿਚ ਵੀ ਦਖ਼ਲਅੰਦਾਜੀ ਜਾਰੀ ਰਹੀ ਅਤੇ ਉਸਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਣ ਲੱਗਿਆ। ਅਖ਼ੀਰ ਉਸਨੇ ਵੀ ਖੁੰਦਕ ਖਾ ਕੇ ਅਸਤੀਫਾ ਦੇ ਦਿੱਤਾ। ਹਰਵਿੰਦਰ ਸਿੰਘ ਫੂਲਕਾ ਬੇਦਾਗ ਇਮਾਨਦਾਰ ਅਤੇ ਗ਼ੈਰਤਮੰਦ ਵਿਅਕਤੀ ਹੈ। ਅਜਿਹੇ ਵਿਅਕਤੀ ਉਪਰ ਸੰਦੇਹ ਪ੍ਗਟਾਉਣਾ ਸਿਆਣੀ ਗੱਲ ਨਹੀਂ ਸੀ। ਫੂਲਕਾ ਸਾਹਿਬ ਦੀ ਥਾਂ ਤੇ ਸੁਖਪਾਲ ਸਿੰਘ ਖਹਿਰਾ ਦੀ ਵਿਧਾਨ ਸਭਾ ਵਿਚ ਪਾਰਟੀ ਦਾ ਲੀਡਰ ਬਣਾਉਣਾ ਬਹੁਤ ਹੀ ਚੰਗਾ ਫੈਸਲਾ ਸੀ। ਸੁਖਪਾਲ ਸਿੰਘ ਖਹਿਰਾ ਪੜ੍ਹਿਆ ਲਿਖਿਆ ਇਮਾਨਦਾਰ ਅਤੇ ਤੱਥਾਂ ਤੇ ਅਧਾਰਤ ਸਬੂਤ ਦੇਣ ਵਾਲਾ ਸਿਆਸਤਦਾਨ ਹੈ। ਉਸਨੇ ਹਰਵਿੰਦਰ ਸਿੰਘ ਫੂਲਕਾ ਦਾ ਬਦਲ ਵਿਲੱਖਣ ਬਣਾ ਕੇ ਪੇਸ਼ ਕੀਤਾ। ਸਿਆਸੀ ਪਰਿਵਾਰ ਵਿਚੋਂ ਆ ਕੇ ਤਿੰਨ ਵਾਰ ਵਿਧਾਨਕਾਰ ਰਹਿਣ ਕਰਕੇ ਉਸਦਾ ਤਜਰਬਾ ਵਿਸ਼ਾਲ ਹੈ ਪ੍ੰਤੂ ਉਸ ਤੋਂ ਵੀ ਕੁਝ ਗ਼ਲਤੀਆਂ ਹੋਈਆਂ ਹਨ। ਉਹ ਬਿਨ੍ਹਾਂ ਵਜਾਹ ਹੀ ਬਿਆਨਬਾਜੀ ਕਰਦਾ ਰਿਹਾ। ਪ੍ੰਤੂ ਫਿਰ ਵੀ ਇਤਨੀ ਸਜਾ ਦੇਣੀ ਵਾਜਬ ਨਹੀਂ ਸੀ। ਉਸਨੂੰ ਅਚਾਨਕ ਅਹੁਦੇ ਤੋਂ ਹਟਾਉਣਾ ਪਾਰਟੀ ਲਈ ਬਹੁਤ ਹੀ ਮੰਦਭਾਗਾ ਹੈ। ਹੁਣ ਤਾਂ ਸਿਆਸੀ ਪੜਚੋਲਕਾਰ ਕਿਆਸ ਅਰਾਈਆਂ ਲਾ ਰਹੇ ਹਨ ਕਿ ਝਾੜੂ ਦੇ ਤੀਲੇ ਇਕੱਠੇ ਰੱਖਣੇ ਮੁਸ਼ਕਲ ਹਨ। ਖਹਿਰੇ ਦਾ ਬਦਲ ਬਿਲਕੁਲ ਹੀ ਅਨਾੜੀ ਹੈ, ਜਿਸਨੂੰ ਵਿਧਾਨ ਸਭਾ ਦੀ ਵਰਕਿੰਗ ਦੀ ਅਜੇ ਜਾਣਕਾਰੀ ਵੀ ਨਹੀ। ਗੁਰਪ੍ੀਤ ਸਿੰਘ ਘੁਗੀ ਨੂੰ ਵੀ ਪ੍ਧਾਨ ਬਣਾਉਣ ਤੋਂ ਬਾਅਦ ਛੇਤੀ ਹੀ ਅਣਡਿਠ ਕਰਨਾ ਸ਼ੁਰੂ ਕਰ ਦਿੱਤਾ ਸੀ। ਅਖੀਰ ਉਹ ਵੀ ਪਾਰਟੀ ਨੂੰ ਅਲਵਿਦਾ ਕਹਿ ਗਿਆ। ਅਰਵਿੰਦ ਕੇਜਰੀਵਾਲ ਕਿਸੇ ਉਪਰ ਇਤਬਾਰ ਹੀ ਨਹੀਂ ਕਰਦਾ। ਉਹ ਇਕ ਗਲਤੀ ਤੋਂ ਬਾਅਦ ਲਗਾਤਾਰ ਗਲਤੀਆਂ ਕਰਦਾ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਉਭਰਨ ਦਾ ਮੁੱਖ ਕਾਰਨ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਭਰਿਸ਼ਟਾਚਾਰ ਹੀ ਸੀ। ਅਕਾਲੀਆਂ ਦੇ ਦਸ ਸਾਲ ਦੇ ਰਾਜ ਵਿਚ ਨੌਜਵਾਨੀ ਨਸ਼ਿਆਂ ਦੀ ਗਰਿਫਤ ਵਿਚ ਆ ਗਈ ਸੀ। ਇਸਦਾ ਵੀ ਕੇਜਰੀਵਾਲ ਨੇ ਲਾਹਾ ਲਿਆ। ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ਦਾ ਲਾਭ ਉਠਾਕੇ ਬਿਕਰਮ ਸਿੰਘ ਮਜੀਠੀਏ ਨੂੰ ਬਿਨਾ ਸਬੂਤਾਂ ਤੇ ਹੀ ਨਸ਼ਿਆਂ ਦਾ ਸੌਦਾਗਰ ਤੱਕ ਕਹਿ ਦਿੱਤਾ। ਅਜੇ ਨਸ਼ਿਆਂ ਦਾ ਮੁੱਦਾ ਠੰਡਾ ਨਹੀਂ ਹੋਇਆ ਸੀ ਕਿ ਕੇਜਰੀਵਾਲ ਨੇ ਲਿਖਕੇ ਅੰਮਿ੍ਤਸਰ ਦੀ ਅਦਾਲਤ ਵਿਚ ਬਿਕਰਮ ਸਿੰਘ ਮਜੀਠੀਏ ਤੋਂ ਮੁਆਫੀ ਮੰਗ ਲਈ, ਜਿਸ ਦਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਬੁਰਾ ਮਨਾਇਆ। ਇਥੋਂ ਤੱਕ ਕਿ ਭਗਵੰਤ ਮਾਨ ਨੇ ਤਾਂ ਪੰਜਾਬ ਦੀ ਪ੍ਧਾਨਗੀ ਤੋਂ ਅਸਤੀਫਾ ਦੇ ਦਿੱਤਾ। ਭਗਵੰਤ ਮਾਨ ਅਜੇ ਤੱਕ ਪਾਰਟੀ ਦਾ ਕੰਮ ਨਹੀਂ ਕਰ ਰਿਹਾ। ਸੁਖਪਾਲ ਸਿੰਘ ਖਹਿਰਾ ਨੇ ਤਾਂ ਮੁਆਫੀਨਾਮੇ ਸਮੇਂ ਕੇਜਰੀਵਾਲ ਵਿਰੁਧ ਸਖਤ ਸ਼ਬਦਾਵਲੀ ਵਰਤੀ ਸੀ। ਕੇਜਰੀਵਾਲ ਨੇ ਇਸਦਾ ਹੀ ਬਦਲਾ ਲਿਆ ਹੈ। ਮੁਆਫੀਨਾਮੇ ਤੋਂ ਬਾਅਦ ਪਾਰਟੀ ਦਾ ਗਰਾਫ ਹੀਰੋ ਤੋਂ ਜੀਰੋ ਤੱਕ ਪਹੁੰਚ ਗਿਆ। ਅਜੇ ਪਾਰਟੀ ਨੇ ਸਥਾਪਤ ਹੋਣਾ ਸੀ ਪ੍ੰਤੂ ਪਹਿਲਾਂ ਹੀ ਇਸਨੂੰ ਖੋਰਾ ਲੱਗਣ ਲੱਗ ਪਿਆ। ਅਰਵਿੰਦ ਕੇਜਰੀਵਾਲ ਜਿਸਨੂੰ ਪਾਰਟੀ ਬਣਾਉਣ ਦਾ ਸਿਹਰਾ ਜਾਂਦਾ ਹੈ, ਪੰਜਾਬ ਵਿਚ ਪਾਰਟੀ ਨੂੰ ਖੋਰਾ ਲਾਉਣ ਦਾ ਇਲਜ਼ਾਮ ਵੀ ਉਸ ਉਪਰ ਹੀ ਲੱਗਦਾ ਹੈ। ਉਹ ਵੀ ਬਾਕੀ ਪਾਰਟੀਆਂ ਦੇ ਨੇਤਾਵਾਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਆਪਣੀ ਜਾਗੀਰ ਸਮਝਣ ਲੱਗ ਪਿਆ। ਉਸ ਦੀਆਂ ਆਪ ਹੁਦਰੀਆਂ ਨੇ ਪੰਜਾਬ ਦੇ ਲੋਕਾਂ ਦੇ ਹੌਸਲੇ ਪਸਤ ਕਰ ਦਿੱਤੇ ਹਨ। ਹੁਣ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰ ਨਿਰਾਸ ਬੈਠੇ ਹਨ। ਉਨ੍ਹਾਂ ਨਾਲ ਤਾਂ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਗੱਲ ਬਣੀ ਪਈ ਹੈ। ਨਾ ਉਹ ਪਾਰਟੀ ਵਿਚ ਰਹਿ ਸਕਦੇ ਹਨ ਅਤੇ ਨਾ ਹੀ ਛੱਡ ਸਕਦੇ ਹਨ। ਪਾਰਟੀ ਦੇ ਭਵਿਖ ਬਾਰੇ ਸਮਰਥਕ ਪਰਵਾਸੀ ਭੈਣਾਂ ਅਤੇ ਭਰਾ ਸੋਚਾਂ ਵਿਚ ਡੁੱਬੇ ਹੋਏ ਹਨ। ਇਕ ਆਸ ਦੀ ਕਿਰਨ ਜਿਹੜੀ ਨਿਕਲ ਰਹੀ ਸੀ, ਉਹ ਹੀ ਡੁੱਬਦੀ ਨਜ਼ਰ ਆ ਰਹੀ ਹੈ। ਜਿਹੜਾ ਭੁਚਾਲ ਸੁਖਪਾਲ ਸਿੰਘ ਖਹਿਰੇ ਨੂੰ ਹਟਾਉਣ ਤੇ ਆਇਆ ਹੈ ਵੇਖੋ ਅੱਗੋਂ ਕੀ ਕਰਵਟ ਲੈਂਦਾ ਹੈ। ਕੇਜਰੀਵਾਲ ਸੁਖਪਾਲ ਸਿੰਘ ਖਹਿਰਾ ਤੋਂ ਰੈਫਰੈਂਡਮ ਵਰਗੇ ਸੰਜੀਦਾ ਮੁੱਦਿਆਂ ਬਾਰੇ ਬਿਆਨਬਾਜੀ ਤੋਂ ਦੁੱਖੀ ਸੀ। ਪੰਜਾਬ ਦੇ ਸਹਿ ਕਨਵੀਨਰ ਡਾ ਬਲਬੀਰ ਸਿੰਘ ਬਾਰੇ ਸੁਖਪਾਲ ਸਿੰਘ ਖਹਿਰਾ ਦੀ ਟਿਪਣੀ ਨੇ ਬਲਦੀ ਉਪਰ ਤੇਲ ਦਾ ਕੰਮ ਕੀਤਾ, ਜਿਸ ਕਰਕੇ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹੱਥ ਧੋਣੇ ਪਏ। ਅਸਲ ਵਿਚ ਸੁਖਪਾਲ ਸਿੰਘ ਖਹਿਰਾ ਹਮੇਸਾ ਆਪਣੇ ਬਿਆਨਾ ਕਰਕੇ ਵਾਦਵਿਵਾਦ ਵਿਚ ਰਿਹਾ ਹੈ।
-
ਉਜਾਗਰ ਸਿੰਘ, ਲੇਖਕ ,ਜ਼ਿਲਾ ਸਾਬਕਾ ਲੋਕ ਸੰਪਰਕ ਅਫਸਰ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.