ਨਾਵਲਕਾਰ ਪ੍ਰੋ: ਸੁਰਿੰਦਰ ਸਿੰਘ ਨਰੂਲਾ
ਰੇਤਾ ਉੱਤੋਂ ਪੈੜ ਮਿਟਦਿਆਂ
ਫਿਰ ਵੀ ਕੁਝ ਪਲ ਲੱਗਦੇ ਨੇ,
ਕਿੰਨੀ ਛੇਤੀ ਭੁੱਲ ਗਏ ਮੈਨੂੰ
ਤੇਰੇ ਯਾਰ ਨਗਰ ਦੇ ਲੋਕ।
ਡਾ: ਸੁਰਜੀਤ ਪਾਤਰ ਜੀ ਨੇ ਗ਼ਜ਼ਲ ਦੇ ਇਹ ਬੋਲ ਲਗ ਪਗ 1972-73 ਚ ਲਿਖੇ ਸਨ।
ਹੁਣ ਇਲਹਾਮ ਵਰਗੇ ਲੱਗਦੇ ਹਨ।
ਪੰਜਾਬੀ ਨਾਵਲਕਾਰ ਪ੍ਰੋ: ਸੁਰਿੰਦਰ ਸਿੰਘ ਨਰੂਲਾ ਜੀ ਆਪਣੀ ਉਮਰ ਦੇ ਆਖ਼ਰੀ ਲਗਪਗ ਪੰਜਾਹ ਸਾਲ ਲੁਧਿਆਣਾ ਚ ਰਹੇ।
ਗੌਰਮਿੰਟ ਕਾਲਿਜ ਲੁਧਿਆਣਾ ਚ ਅੰਗਰੇਜ਼ੀ ਦੇ ਪ੍ਰੋਫੈਸਰ ਤੇ ਮੁਖੀ ਰਹੇ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਰਗਰਮ ਸਰਪ੍ਰਸਤ ਰਹੇ।
ਸਾਹਿੱਤ ਸਿਰਜਕਾਂ ਦੇ ਪ੍ਰੇਰਨਾ ਸਰੋਤ ਰਹੇ।
ਹਰ ਸ਼ਾਮ ਸ: ਜਗਦੇਵ ਸਿੰਘ ਜੱਸੋਵਾਲ ਨਾਲ ਗੁਜ਼ਾਰਦੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੇ ਤੇਜਪ੍ਰਤਾਪ ਸਿੰਘ ਸੰਧੂ ਦੇ ਸੰਧੂ ਸਟੁਡੀਓ ਚ ਗੇੜਾ ਮਾਰਦੇ।
ਦੁੱਖ ਸੁਖ ਚ ਬਹੁੜਦੇ।
ਜਦ ਵੀ ਯੂਨੀਵਰਸਿਟੀ ਆਉਂਦੇ, ਪਾਲ ਆਡੀਟੋਰੀਅਮ ਦੀ ਡੀਲਕਸ ਕੈਨਟੀਨ ਚ ਸਾਨੂੰ ਸਭ ਲਿਖਣ ਪੜ੍ਹਨ ਵਾਲਿਆਂ ਨੂੰ ਇਕੱਠਾ ਕਰਕੇ ਹਮੇਸ਼ਾਂ ਕੌਫ਼ੀ ਪਿਆਉਂਦੇ।
ਗੁਰਦੇਵ ਨਗਰ ਚ ਉਨ੍ਹਾਂ ਦੀ ਰਿਹਾਇਸ਼ ਸੀ 684 ਨੰਬਰ ਚ।
ਕੈਂਸਰ ਰੋਗ ਕਾਰਨ ਪਿਛਲੇ ਕੁਝ ਸਾਲ ਮੰਜੇ ਤੇ ਪੈਣਾ ਪਿਆ ਪਰ ਉਤਸ਼ਾਹ ਕਾਇਮ ਸੀ।
ਇੱਕ ਵਾਰ ਪਾਕਿਸਤਾਨ ਤੋਂ ਨਾਵਲਕਾਰ ਫ਼ਖ਼ਰ ਜ਼ਮਾਂ ਤੇ ਦਿੱਲੀਓਂ ਡਾ: ਸੁਤਿੰਦਰ ਸਿੰਘ ਨੂਰ ਲੁਧਿਆਣੇ ਆਏ ਹੋਏ ਸਨ।
ਮੈਂ ਬਾਕੀ ਸਭ ਦੋਸਤਾਂ ਨੂੰ ਨਾਲ ਲੈ ਕੇ ਨਰੂਲਾ ਸਾਹਿਬ ਦੀ ਬੀਮਾਰ ਪੁਰਸੀ ਲਈ ਗਿਆ ਤਾਂ ਬੋਲੇ,
ਮੈਂ ਬੀਮਾਰ ਸੀ, ਪਰ ਹੁਣ ਨਹੀਂ, ਮੇਰੇ ਕਿੰਨੇ ਪਿਆਰੇ ਮਿਲਣ ਆਏ ਨੇ, ਮੈਂ ਹੁਣ ਨਹੀਂ ਮਰਦਾ।
2017 ਨਰੂਲਾ ਸਾਹਿਬ ਦੀ ਜਨਮ ਸ਼ਤਾਬਦੀ ਦਾ ਸਾਲ ਸੀ। 2018 ਚ ਮੁੱਕ ਜਾਵੇਗਾ।
ਕਿਤੇ ਕੋਈ ਅਦਬੀ ਹਰਕਤ ਨਹੀਂ।
ਪਿਛਲੇ ਹ਼ਫ਼ਤੇ ਦਿੱਲੀਓ ਂ ਡਾ: ਰਵੀ ਰਵਿੰਦਰ ਦਾ ਫ਼ੋਨ ਨਾ ਆਉਂਦਾ ਤਾਂ ਮੈਨੂੰ ਵੀ ਚੇਤਾ ਨਹੀਂ ਸੀ ਆਉਣਾ।
ਭਾਰਤੀ ਸਾਹਿੱਤ ਅਕਾਦੇਮੀ ਨਵੀਂ ਦਿੱਲੀ ਸੁਰਿੰਦਰ ਸਿੰਘ ਨਰੂਲਾ ਜੀ ਬਾਰੇ ਗੌਰਮਿੰਟ ਕਾਲਿਜ ਚ ਇੱਕ ਰੋਜ਼ਾ ਸੈਮੀਨਾਰ ਕਰਵਾ ਰਹੀ ਹੈ।
ਬਾਕੀ ਸੰਸਥਾਵਾਂ ਦਾ ਵੀ ਜਾਗਣਾ ਬਣਦਾ ਹੈ।
8 ਨਵੰਬਰ 1917 ਨੂੰ ਅੰਮ੍ਰਿਤਸਰ ਚ ਪੈਦਾ ਹੋਏ ਨਰੂਲਾ ਸਾਹਿਬ ਤਿੰਨ ਧੀਆਂ ਗੁਣਵੰਤ,ਅੰਮ੍ਰਿਤਾ ਤੇ ਜਯੋਤਸਨਾ ਦੇ ਬਾਬਲ ਸਨ। ਬਾਪ ਜਵਾਹਰ ਸਿੰਘ ਰਾਹੀਂ ਅੰਮ੍ਰਿਤਸਰ ਦੀ ਵਾਰਤਾ ਪਹਿਲੇ ਯਥਾਰਥਵਾਦੀ ਨਾਵਲ ਪਿਉ ਪੁੱਤਰ ਦੇ ਰੂਪ ਵਿੱਚ 1946 ਚ ਕਹੀ।
ਖ਼ਾਲਸਾ ਕਾਲਿਜ ਅੰਮ੍ਰਿਸਰ ਚ ਉਹ ਪ੍ਰੋ: ਸੰਤ ਸਿੰਘ ਸੇਖੋਂ ਤੇ ਪ੍ਰੋ: ਮੋਹਨ ਸਿੰਘ ਦੇ ਬੀ ਏ ਚ ਵਿਦਿਆਰਥੀ ਸਨ।
ਐੱਮ ਏ ਚ ਕੁਲਵੰਤ ਸਿੰਘ ਵਿਰਕ ਤੇ ਸਿੱਖ ਐਨਸਾਈਕਲੋਪੀਡੀਆ ਵਾਲੇ ਪ੍ਰੋ: ਹਰਬੰਸ ਸਿੰਘ ਉਨ੍ਹਾਂ ਦੇ ਸਹਿਪਾਠੀ ਸਨ।
ਨਾਵਲ ਨਿਗਾਰੀ ਤੋਂ ਇਲਾਵਾ ਉਹ ਨਾਵਲ ਸਿਰਜਣਾ ਬਾਰੇ ਵੀ ਲਗਾਤਾਰ ਲਿਖਦੇ ਰਹੇ।
ਉਮਰ ਦੇ ਆਖਰੀ ਪੜਾਅ ਚ ਉਹ ਵਧੇਰੇ ਕਹਾਣੀਆਂ ਤੇ ਕਵਿਤਾਵਾਂ ਲਿਖਦੇ ਰਹੇ।
16 ਜੂਨ 2007 ਨੂੰ ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਏ ਸਨ।
ਚਲੋ!
29.7.2018
-
ਗੁਰਭਜਨ ਗਿੱਲ, ਲੇਖਕ , ਕਵੀ ਅਤੇ ਐਡੀਟਰ ਬਾਬੂਸ਼ਾਹੀ ਡਾਟ ਕਾਮ ( ਲਿਟਰੇਰੀ )
gurbhajansinghgill@gmail.com
+91-9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.