ਜਲੰਧਰ- ਦੂਰਦਰਸ਼ਨ ਕੇਂਦਰ ਜਲੰਧਰ ਦੇ ਸਮੁੱਚੇ ਪ੍ਰੋਗਰਾਮ ਕਾਡਰ ਨੇ ਅੱਜ ਪ੍ਰਸਾਰ ਭਾਰਤੀ ਦੀਆਂ ਨੀਤੀਆਂ ਦੇ ਖਿਲਾਫ ਸੰਘਰਸ਼ ਵਿੱਢਦਿਆਂ ਦੂਰਦਰਸ਼ਨ ਦੇ ਬਾਹਰ ਰੋਸ ਵਜੋਂ ਨਾਹਰੇਬਾਜੀ ਕੀਤੀ। ਪ੍ਰੋਗਰਾਮ ਕਾਡਰ ਦਾ ਕਹਿਣਾ ਹੈ ਕਿ ਇਸ ਕਾਡਰ ਨੂੰ ਤਰੱਕੀ ਦੇਣ ਤੋਂ ਪ੍ਰਸਾਰ ਭਾਰਤੀ ਇਨਕਾਰ ਕਰ ਰਹੀ ਹੈ ਅਤੇ ਗੈਰ ਮਾਹਿਰਾਂ ਨੂੰ ਪ੍ਰੋਗਰਾਮ ਕਾਡਰ ਵਿੱਚ ਨਿਯੁੱਕਤੀਆਂ ਦਿੱਤੀਆਂ ਜਾ ਰਹੀਆਂ ਹਨ।ਜਿਸ ਕਾਰਨ ਪ੍ਰੋਗਰਾਮ ਅਫਸਰਾਂ ਵਿੱਚ ਤਿੱਖਾ ਰੋਸ ਵੇਖਣ ਨੂੰ ਮਿਲ ਰਿਹਾ ਹੈ। ਪ੍ਰੋਗਰਾਮ ਕਾਡਰ ਦੇ ਇੱਕ ਨੁਮਾਇੰਦੇ ਨੇ ਦੱਸਿਆ ਕਿ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਸੀਨੀਅਰ ਪ੍ਰੋਗਰਾਮ ਅਫਸਰ ਦੀ ਕਮੀ ਨਾਲ ਜੂਝ ਰਿਹਾ ਹੈ ਕਿਉਂਕਿ ਇੰਡੀਅਨ ਬ੍ਰਾਡਕਾਸਟਿੰਗ ਪਰੋਗਰਾਮ ਸਰਵਿਸ ਦੀਆਂ ਮਨਜ਼ੂਰਸ਼ੁਦਾ 1038 ਪੋਸਟਾਂ ਵਿੱਚ 1000 ਦੇ ਲਗਭਗ ਖਾਲੀ ਪਈਆਂ ਹਨ। ਉਹਨਾ ਕਿਹਾ ਕਿ ਡਿਪਟੀ ਡਾਇਰੈਕਟਰ, ਡਾਇਰੈਕਟਰ ਤੇ ਡੀ ਡੀ ਜੀ ਪੱਧਰ ਤੇ ਆਈ ਪੀ ਐਸ ਕਾਡਰ ਦੀ ਕੋਈ ਹੋਂਦ ਨਹੀਂ ਹੈ ਤੇ ਏ ਡੀ ਜੀ ਰੈਂਕ ਤੇ ਇਸ ਕਾਡਰ ਦੇ ਸਿਰਫ ਦੋ ਅਫਸਰ ਹਨ। ਜਦਕਿ ਬਾਕੀ ਦੀਆਂ ਪੋਸਟਾਂ ਤੇ ਹੋਰ ਸੇਵਾਵਾਂ ਦੇ ਲੋਕ ਕਾਬਜ਼ ਹਨ।ਬਹੁਤ ਹੀ ਹੈਰਾਨੀਜਨਕ ਤੱਥ ਅਤੇ ਅੰਕੜੇ ਪੇਸ਼ ਕਰਦਿਆਂ ਪ੍ਰੋਗਰਾਮ ਕਾਡਰ ਦੇ ਇੱਕ ਨੁਮਾਇੰਦੇ ਨੇ ਦੱਸਿਆ ਕਿ ਕਿਸੇ ਵੀ ਹੋਰ ਸੇਵਾ ਵਿੱਚ ਅਜਿਹਾ ਨਹੀਂ ਹੈ ਕਿ ਗਜ਼ਟਿਡ ਅਫਸਰ ਭਰਤੀ ਹੋਣ ਤੋਂ 25-30 ਸਾਲ ਬਾਅਦ ਵੀ ਤਰੱਕੀ ਨਾ ਮਿਲੇ। ਇਹਨਾ ਅਫ਼ਸਰਾਂ ਵਿੱਚੋਂ ਕਈਆਂ ਨੂੰ ਦਹਾਕਿਆਂ ਤੋਂ ਉਹਨਾ ਦੇ ਬਕਾਏ ਤੱਕ ਨਹੀਂ ਮਿਲੇ। ਉਹਨਾ ਇਹ ਵੀ ਕਿਹਾ ਕਿ ਪ੍ਰਸਾਰ ਭਾਰਤੀ ਵਿੱਚ ਕੰਮ ਕਰਦੇ 24000 ਲੋਕਾਂ ਵਿਚੋਂ ਸਿਰਫ 15 ਫੀਸਦੀ ਹੀ ਪ੍ਰੋਗਰਾਮ ਸਾਈਡ ਤੋਂ ਹਨ। ਅਤੇ ਅੱਧੇ ਤੋਂ ਵੱਧ ਸਟਾਫ ਪਹਿਲਾਂ ਹੀ ਸੇਵਾ ਮੁਕਤ ਹੋ ਚੁੱਕਾ ਹੈ। ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਦੇ ਪ੍ਰਬੰਧ ਚਲਾਉਣ ਵਾਲੀ ਸੰਸਥਾ ਪ੍ਰਸਾਰ ਭਾਰਤੀ ਦੇ ਰੈਵੀਨਿਊ 'ਚ ਹੌਲੀ-ਹੌਲੀ ਨਿਘਾਰ ਆ ਰਿਹਾ ਹੈ ਸਿੱਟੇ ਵਜੋਂ ਦਰਸ਼ਕਾਂ ਦੀ ਗਿਣਤੀ ਵੀ ਘੱਟ ਰਹੀ ਹੈ। ਜਿਸ ਦਾ ਕਾਰਨ ਪ੍ਰੋਗਰਾਮ ਕਾਡਰ ਦੇ ਅਫਸਰਾਂ ਦੀਆਂ ਨਿਯੁੱਕਤੀਆਂ ਨਾ ਹੋਣਾ ਅਤੇ ਮਿਆਰੀ ਪ੍ਰੋਗਰਾਮ 'ਚ ਕਮੀ ਵੀ ਬਣਿਆ ਹੈ। ਉਦਾਹਰਨ ਦੇ ਤੌਰ 'ਤੇ ਆਈ ਬੀ (ਪੀ) ਐਸ ਵਿੱਚ ਭਰਤੀ ਲਈ ਜਦੋਂ ਕਿ 17 ਸਾਲ ਦਾ ਕਲਾ, ਵਿਦਿਆ, ਪਬਲਿਸਿਟੀ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ ਪਰ ਆਲ ਇੰਡੀਆ ਟੈਲੀਕਾਮ ਦੇ ਦੋ ਅਫਸਰਾਂ ਨੂੰ ਏ ਡੀ ਜੀ (ਪ੍ਰੋਗਰਾਮ) ਵਜੋਂ ਨਿਯੁੱਕਤੀ ਦਿੱਤੀ ਗਈ ਹੈ। ਇਸੇ ਤਰ੍ਹਾਂ ਕੁਝ ਦੂਰਦਰਸ਼ਨ ਕੇਂਦਰਾਂ ਜਿਹਨਾਂ 'ਚ ਤਿਰਵੇਂਦਰਮ ਦੂਰਦਰਸ਼ਨ ਸ਼ਾਮਲ ਹੈ, ਵਿਖੇ ਪ੍ਰੋਗਰਾਮ ਅਧਿਕਾਰੀ ਵਜੋਂ ਇੰਜਨੀਅਰਾਂ ਨੂੰ ਨਿਯੁੱਕਤ ਕੀਤਾ ਜਾ ਰਿਹਾ ਹੈ। ਜਿਸ ਨਾਲ ਮਿਆਰੀ ਪ੍ਰੋਗਰਾਮ ਨਹੀਂ ਬਣ ਰਹੇ।
ਜਲੰਧਰ ਦੂਰਦਰਸ਼ਨ ਦੇ ਬਾਹਰ ਜਿੱਥੇ ਇੱਕਤਰ ਹੋਏ ਪ੍ਰੋਗਰਾਮ ਕਾਡਰ ਦੇ ਅਫਸਰਾਂ ਨੇ ਆਪਣੇ ਨਾਲ ਹੋਈ ਬੇਇਨਸਾਫੀ ਤੇ ਰੋਸ ਪ੍ਰਗਟ ਕੀਤਾ, ਉਥੇ ਪ੍ਰਸਾਰ ਭਾਰਤੀ ਅਧਿਕਾਰੀਆਂ ਨੂੰ ਉਹਨਾ ਨਾਲ ਹੋਈ ਬੇਇਨਸਾਫੀ ਦੂਰ ਕਰਨ ਅਤੇ ਕਾਡਰ ਦੀਆਂ ਸਮੱਸਿਆਵਾਂ ਦੇ ਢੁੱਕਵੇਂ ਹੱਲ ਲਈ ਬੇਨਤੀ ਕੀਤੀ।ਰੋਸ ਪ੍ਰਗਟ ਕਰਨ ਵਾਲਿਆਂ ਵਿੱਚ ਇੰਦੂ ਵਰਮਾ, ਪੁਨਿਤ ਸਹਿਗਲ, ਸੁਰਿੰਦਰ ਸਿੰਘ ਬਾਲੀ, ਸੁਰਿੰਦਰ ਸ਼ਰਮਾ, ਗੁਰਮੇਲ ਸਿੰਘ, ਆਰ ਕੇ ਗਰੇਵਾਲ, ਕੇਵਲ ਕ੍ਰਿਸ਼ਨ, ਕੁਲਵਿੰਦਰ ਬੁਟਰ, ਰੇਸ਼ਮ ਲਾਲ, ਅਨਿਲ ਕੁਮਾਰ, ਗੁਰਵਿੰਦਰ ਸਿੰਘ ਆਦਿ ਸ਼ਾਮਲ ਸਨ।
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.