ਕਹਿੰਦੇ ਹਨ ਖੇਡਾਂ ਦਾ ਖੇਤਰ ਸਭ ਤੋਂ ਪਾਕ ਅਤੇ ਪਵਿੱਤਰ ਹੁੰਦਾ ਹੈ ਜਿਸ ਵਿਚ ਬਿਨਾਂ ਕਿਸੇ ਭੇਦਭਾਵ ਦੇ ਸਭ ਨੂੰ ਭਾਗ ਲੈਣ ਦਾ ਅਧਿਕਾਰ ਹੁੰਦਾ ਹੈ , ਖੇਡਾਂ ਮਨੁੱਖੀ ਜਾਤੀ ਜਿਨੀਆਂ ਹੀ ਪੁਰਾਣੀਆਂ ਹਨ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਈਸਾ ਤੋਂ 776 ਸਾਲ ਪਹਿਲਾਂ ਯੂਨਾਨ ਦੇ ਉਲੰਪਿਆ ਨਗਰ ਵਿਚ ਸ਼ੁਰੂ ਹੋਈਆਂ ਪਾ੍ਚੀਨ ਉਲੰਪਿਕ ਖੇਡਾਂ ਜਿਨਾਂ ਨੂੰ ਉਥੋਂ ਦੇ ਲੋਕ ਸਭ ਤੋਂ ਪਵਿੱਤਰ ਤਿਉਹਾਰ ਮੰਨ ਕੇ ਮਨਾਂਉਦੇ ਰਹੇ ਹਨ , ਅਜੋਕੇ ਸਮੇਂ ਵਿਚ ਵੀ ਇਹ ਖੇਡਾਂ ਕਿਸੇ ਦੇਸ਼ ਦੇ ਗੌਰਵ ਅਤੇ ਸ਼ਾਨ ਦਾ ਪ੍ਤੀਕ ਹਨ ਅਤੇ ਸਾਰੀ ਦੁਨੀਆਂ ਦੇ ਲੋਕ ਸਾਰੇ ਬੰਧਨਾਂ ਨੂੰ ਭੁੱਲ ਕੇ ਇਹਨਾਂ ਖੇਡਾਂ ਵਿਚ ਆਪਣੇ ਦੇਸ਼ ਦੀ ਸ਼ਾਨ ਲਈ ਭਾਗ ਲੈਂਦੇ ਹਨ ਅਤੇ ਉਥੋਂ ਦੀਆਂ ਖੇਡ ਅਤੇ ਉਲੰਪਿਕ ਐਸੋਸੀਏਸ਼ਨਾ ਇਹਨਾਂ ਖੇਡਾਂ ਵਿਚ ਆਪਣੇ ਦੇਸ਼ ਦੇ ਝੰਡੇ ਨੂੰ ਬੁਲੰਦ ਕਰਨ ਲਈ ਕੋਈ ਕਸਰ ਨਹੀਂ ਛੱਡਦੀਆਂ, ਪਰ ਆਉ ਅੱਜ ਗੱਲ ਕਰਦੇ ਹਾਂ ਸਾਡੇ ਦੇਸ਼ ਭਾਰਤ ਵਿਚਲੀ ਖੇਡ ਵਿਵਸਥਾ ਦੀ ਅਤੇ ਇਸ ਵਿਸ਼ੇ ਨੂੰ ਤੂਲ ਦਿੱਤੀ ਹੈ ਸਾਡੇ ਭਾਰਤ ਦੇ ਖੇਡ ਮੰਤਰੀ ਅਤੇ ਉਲੰਪਿਕ ਮੈਡਲ ਜੇਤੂ ਸੀ੍ ਰਾਜਵਰਧਨ ਸਿੰਘ ਰਾਠੌਰ ਨੇ ਜਦੋਂ ਇਸ ਸਾਲ 19 ਜੁਲਾਈ ਨੂੰ ਲੋਕ ਸਭਾ ਦੇ ਆਪਣੇ ਭਾਸ਼ਣ ਵਿਚ ਇਸ ਗੱਲ ਨੂੰ ਜੋਰਦਾਰ ਢੰਗ ਨਾਲ ਕਿਹਾ ਕਿ "ਭਾਰਤੀ ਖੇਡਾਂ ਵਿਚੋਂ ਰਾਜਨੀਤੀ ਨੂੰ ਖਤਮ ਕਰਨਾ ਸਮੇਂ ਦੀ ਮੰਗ ਹੈ " ਆਉ ਅੱਜ ਇਸ ਕੌੜੇ ਸੱਚ ਤੇ ਨਜ਼ਰ ਘੁੰਮਾਂਉਦੇ ਹਾਂ ।
ਜੇਕਰ ਰਾਠੌਰ ਸਾਹਿਬ ਦੇ ਇਸ ਬਿਆਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਇਸ ਬਿਆਨ ਨਾਲ ਦੇਸ਼ ਦਾ ਹਰ ਖੇਡ ਪੇ੍ਮੀ ਖੁਸ਼ ਨਜ਼ਰ ਆਵੇਗਾ ਕਿ ਚਲੋ ਕੋਈ ਤਾਂ ਭਾਰਤੀ ਖੇਡ ਮੰਤਰੀ ਇਹੋ ਜਿਹਾ ਆਇਆ ਜਿਸਨੇ ਖੇਡਾਂ ਨੂੰ ਰਾਜਨੀਤੀ ਮੁਕਤ ਕਰਨ ਦੀ ਗੱਲ ਕਹੀ ਕਿਤੇ ਨਾ ਕਿਤੇ ਰਾਠੌਰ ਸਾਹਿਬ ਵੀ ਇਸ ਸੱਚ ਤੋਂ ਵਾਕਫ ਹਨ ਕਿ ਕਿਉਂ ਭਾਰਤੀ ਖੇਡਾਂ ਦਾ ਏਨਾ ਜਿਆਦਾ ਬੂਰਾ ਹਾਲ ਹੈ , ਕਿਉਂ ਅਸੀ ਦੂਨੀਆ ਦੀ ਦੂਸਰੀ ਸਭ ਤੋਂ ਵੱਡੀ ਆਬਾਦੀ ਹੋਣ ਦੇ ਬਾਵਜੂਦ ਦੂਨੀਆ ਦੇ ਖੇਡ ਮੈਦਾਨ ਵਿਚ ਫਾਡੀ ਹਾਂ ? ਹੋਣ ਵੀ ਕਿਉਂ ਨਾ ਰਾਠੌਰ ਸਾਹਿਬ ਖੁਦ ਇਕ ਖਿਡਾਰੀ ਹਨ ਅਤੇ ਖੇਡਾਂ ਦੀਆਂ ਬਾਰੀਕੀਆਂ ਤੋਂ ਭਲੀ ਭਾਂਤੀ ਜਾਣੂ ਹਨ ਕਿ ਕਿਵੇਂ ਅੱਜ ਭਾਰਤੀ ਖੇਡ ਹੁਨਰ ਤੇ ਰਾਜਨੀਤੀ ਭਾਰੂ ਹੈ । ਜੇਕਰ ਗੱਲ ਕਰੀਏ ਸਾਡੇ ਦੇਸ਼ ਵਿਚਲੇ ਖੇਡ ਹੁਨਰ ਦੀ ਤਾਂ ਬਹੁਲਤਾਂਵਾਂ ਵਾਲਾ ਸਾਡਾ ਦੇਸ਼ ਕਿਸੇ ਵੀ ਹੋਰ ਦੇਸ਼ ਨਾਲੋ ਘੱਟ ਨਹੀਂ ਹੈ ਬਲਕਿ ਅੰਕੜੇ ਦੱਸਦੇ ਹਨ ਕਿ ਭਾਰਤ ਇਕ ਨੌਜਵਾਨ ਦੇਸ਼ ਹੈ ਭਾਵ ਕਿ ਸਭ ਤੋਂ ਵੱਧ ਨੌਜਵਾਨ ਇਸ ਸਮੇਂ ਭਾਰਤ ਕੋਲ ਹਨ ਪਰ ਖੇਡ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਦਾ ਰਾਜਨੀਤੀਕਰਨ ਹੋਣ ਕਾਰਨ ਦੇਸ਼ ਦਾ ਖੇਡ ਹੁਨਰ ਦਬਿਆ ਹੀ ਰਹਿ ਜਾਂਦਾ ਹੈ ਇਸ ਰਾਜਨੀਤੀਕਰਨ ਕਾਰਨ ਹੀ ਭਾਰਤ ਦੀ ਅੰਤਰਰਾਸ਼ਟਰੀ ਪੱਧਰ ਤੇ ਕਈ ਵਾਰ ਕਿਰਕਰੀ ਹੋ ਚੁੱਕੀ ਹੈ ਉਦਾਹਰਣ ਦੇ ਤੌਰ ਤੇ ਜਦੋਂ ਭਾਰਤ ਵਿਚ 2010 ਦੀਆਂ ਕਾਮਨਵੈਲਥ ਖੇਡਾਂ ਹੋਈਆਂ ਸਨ ਤਾਂ ਅੰਤਰਰਾਸ਼ਟਰੀ ਪੱਧਰ ਤੇ ਜੋ ਬੇਇੱਜ਼ਤੀ ਭਾਰਤ ਦੀ ਹੋਈ ਉਹ ਬਹੁਤ ਹੀ ਸ਼ਰਮਸ਼ਾਰ ਕਰਨ ਵਾਲੀ ਸੀ , ਇਹਨਾਂ ਖੇਡਾਂ ਦੀ ਆਰਗੇਨਾਈਜਰ ਕਮੇਟੀ ਦਾ ਚੈਅਰਮੈਨ ਸੁਰੇਸ਼ ਕਲਮਾਡੀ ਸੀ ਜੋ ਕਿ ਭਾਰਤ ਦਾ ਕੱਦਾਵਰ ਨੇਤਾ ਸੀ ਅਤੇ ਜੋ ਘੁਟਾਲੇ ਅਤੇ ਬਦਇੰੰਤਜਾਂਮੀਆਂ ਉਸ ਸਮੇਂ ਦੇਖਣ ਨੂੰ ਮਿਲੀਆਂ ਉਹਨਾਂ ਨੇ ਦੁਨੀਆਂ ਵਿਚ ਭਾਰਤ ਦੀ ਸ਼ਾਖ ਨੂੰ ਬਹੁਤ ਢਾਹ ਲਾਈ ਅਤੇ ਸੁਰੇਸ਼ ਕਲਮਾਡੀ ਦੇ ਨਾਲ ਭਾਰਤੀ ਉਲੰਪਿਕ ਸੰਘ ਦੇ ਲਲਿਤ ਭਨੋਟ ਤੇ ਵੀ ਬਹੁਤ ਇਲਜਾਮ ਲੱਗੇ ਜਿਸ ਕਾਰਨ ਇਹਨਾਂ ਦੋਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਇਸ ਗੱਲ ਤੋਂ ਅਸੀ ਅੰਦਾਜਾ ਲਗਾ ਸਕਦੇ ਹਾਂ ਕਿ ਭਾਰਤੀ ਖੇਡ ਵਿਵਸਥਾ ਵਿਚ ਰਾਜਨੀਤੀ ਨੇ ਕਿਸ ਕਦਰ ਆਪਣਾ ਪ੍ਭਾਵ ਬਣਾ ਰੱਖਿਆ ਹੈ ਅਤੇ ਕਿਸ ਕਦਰ ਨੇਤਾ ਆਪਣੇ ਚਹੇਤਿਆਂ ਨੂੰ ਹੀ ਖੇਡ ਫੈਡਰੇਸ਼ਨਾਂ ਦੇ ਮੁਖੀ ਲਗਾਂਉਦੇ ਆਏ ਹਨ ਅਤੇ ਇਹਨਾਂ ਰਾਹੀਂ ਹੀ ਮਨਚਾਹੇ ਖਿਡਾਰੀਆਂ ਨੂੰ ਟੀਮਾਂ ਵਿਚ ਜਗ੍ਹਾ ਦਵਾ ਕੇ ਆਪਹੁਦਰੀਆਂ ਕਰਦੇ ਆ ਰਹੇ ਹਨ । ਭਾਰਤੀ ਹਾਕੀ ਜਿਸਨੇ ਕਿ ਕਿਸੇ ਸਮੇਂ ਭਾਰਤ ਦਾ ਝੰਡਾ ਉਲੰਪਿਕ ਵਿਚ ਕਈ ਸਾਲ ਬੁਲੰਦ ਰੱਖਿਆ ਪਰ ਭਾਰਤੀ ਰਾਜਨੀਤੀਕਰਨ ਦੀ ਭੇਟ ਚੜ੍ਹ ਕੇ ਇਸ ਖੇਡ ਨੇ ਆਪਣੀ ਪਹਿਚਾਣ ਕਿਸ ਸਮੇਂ ਬਿਲਕੁਲ ਹੀ ਖੋ ਦਿੱਤੀ ਸੀ ਭਾਰਤੀ ਹਾਕੀ ਦੇ ਏਨੇ ਜਿਆਦਾ ਬੂਰੇ ਦਿਨ ਆ ਗਏ ਸਨ ਕਿ 2008 ਦੀਆਂ ਬੀਜਿੰਗ ਉਲਪਿੰਕ ਖੇਡਾਂ ਵਿਚ ਸਾਡੀ ਰਾਸਟਰੀ ਖੇਡ ਕੁਆਲੀਫਾਈ ਹੀ ਨਹੀ ਕਰ ਸਕੀ ਸੀ , ਹੁਣ ਆ ਕੇ ਕਿਤੇ ਸਾਡੀ ਇਹ ਰਾਸਟਰੀ ਖੇਡ ਆਪਣੀ ਪਹਿਚਾਣ ਬਣਾਉਣ ਲੱਗੀ ਹੈ ਇਸ ਸਾਲ ਹੋਈ ਚੈਂਪੀਅਨ ਟਰਾਫੀ ਵਿਚ ਵੀ ਭਾਰਤ ਨੇ ਸ਼ਾਨਦਾਰ ਪ੍ਦਰਸ਼ਨ ਕਰਕੇ ਦੂਸਰਾ ਸਥਾਨ ਪਾ੍ਪਤ ਕੀਤਾ ਹੈ ।
ਜੇਕਰ ਗੱਲ ਕੀਤੀ ਜਾਵੇ ਖੇਡ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਦਿ ਇਹਨਾਂ ਨੂੰ ਬਹੁਤ ਹੀ ਯੋਗ ਅਤੇ ਤਜਰਬੇਕਾਰ ਖਿਡਾਰੀਆਂ ਦੇ ਹੱਥ ਵਿਚ ਦੇਣਾ ਅੱਜ ਸਮੇਂ ਦੀ ਮੰਗ ਹੈ ਤਾਂ ਜੋ ਯੋਗ ਢੰਗ ਨਾਲ ਇਹਨਾਂ ਫੈਡਰੇਸ਼ਨਾਂ ਰਾਹੀਂ ਖੇਡ ਹੁਨਰ ਦੀ ਸਹੀ ਪਹਿਚਾਣ ਕਰਕੇ ਉਸਨੂੰ ਨਿਖਾਰਿਆ ਜਾ ਸਕੇ , ਜੇਕਰ ਰਾਜਨੀਤੀ ਦੀ ਖੇਡਾਂ ਵਿਚ ਦਖਲਅੰਦਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਇਸ ਬਹੁਤ ਹੀ ਹੇਠਲੇ ਪੱਧਰ ਤੱਕ ਪਹੁੰਚੀ ਹੋਈ ਹੈ ਅਤੇ ਛੋਟੇ ਛੋਟੇ ਟੂਰਨਾਮੈਂਟਾਂ ਵਿਚ ਵੀ ਲੋਕਲ ਪੱਧਰ ਦੇ ਨੇਤਾਵਾਂ ਦਾ ਸਿੱਧਾ ਦਖਲ ਆਮ ਦੇਖਿਆ ਜਾਂਦਾ ਹੈ ਟੂਰਨਾਮੈਂਟ ਕਰਵਾਉਣ ਤੋਂ ਲੈ ਕੇ ਖਿਡਾਰੀਆਂ ਨੂੰ ਸਿਲੈਕਟ ਕਰਵਾਉਣ ਅਤੇ ਮਨਪਸੰਦ ਖੇਡ ਅਧਿਕਾਰੀਆਂ ਦੀਆਂ ਡਿਊਟੀਆਂ ਲਗਵਾਉਣ ਤੱਕ ਮਾਨਯੋਗ ਲੀਡਰ ਸਾਹਿਬਾਨਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ , ਸਕੂਲੀ ਪੱਧਰ ਦੇ ਜੋਨ ਅਤੇ ਜਿਲ੍ਹਾ ਪੱਧਰ ਦੇ ਟੂਰਨਾਮੈਂਟਾਂ ਵਿਚ ਅਕਸਰ ਸਿਆਸੀ ਦਖਲਅੰਦਾਜੀ ਦੇਖਣ ਵਿਚ ਆਂਉਦੀ ਹੈ , ਪਰ ਕੀ ਇਹਨਾਂ ਪਾਕ ਪਵਿੱਤਰ ਕਿ੍ਆਵਾਂ ਵਿਚ ਹੋਣਹਾਰ ਬੱਚਿਆਂ ਦੇ ਹੱਕ ਮਾਰਨਾ ਠੀਕ ਹੈ ? ਕੀ ਸਾਡੇ ਲੋਕ ਏਨੇ ਸਵਾਰਥੀ ਹੋ ਚੁੱਕੇ ਹਨ ਕਿ ਦੇਸ਼ ਪ੍ਰਤੀ ਕਿਸੇ ਨੂੰ ਕੋਈ ਪਿਆਰ ਹੀ ਨਹੀਂ ਰਿਹਾ ? ਸ਼ਾਇਦ ਲੋਕ ਸਭਾ ਵਿਚ ਖੇਡ ਮੰਤਰੀ ਦੇ ਸਬਰ ਦਾ ਬੰਨ੍ਹ ਇਹ ਸਭ ਦੇਖ ਕੇ ਹੀ ਟੁੱਟਿਆ ਹੈ ਕਿ ਹਰ ਛੋਟੀ ਤੋਂ ਛੋਟੀ ਖੇਡ ਵਿਚ ਰਾਜਨੀਤੀ ਆਪਣਾ ਘਰ ਕਰੀ ਬੈਠੀ ਹੈ । ਕਿ੍ਕਟ ਖੇਡ ਵਿਚ ਬੇਸ਼ੁਮਾਰ ਪੈਸਾ ਹੋਣ ਕਰਕੇ ਹਰ ਭਾਰਤੀ ਦਿੱਗਜ ਲੀਡਰ ਇਸ ਸੰਸਥਾ ਵਿਚ ਆਪਣੇ ਪੈਰ ਜਮਾਉਣ ਨੂੰ ਤਤਪਰ ਰਹਿੰਦਾ ਹੈ । ਅੱਜ ਜਦੋਂ ਭਾਰਤੀ ਨੂੰ ਪਹਿਲੀ ਵਾਰ ਕੋਈ ਉਲੰਪਿਕ ਮੈਡਲ ਜੇਤੂ ਖੇਡ ਮੰਤਰੀ ਮਿਲਿਆ ਹੈ ਅਤੇ ਭਾਰਤੀ ਖੇਡਾਂ ਲਈ ਕੁਝ ਵਧੀਆ ਸੋਚ ਰੱਖ ਰਿਹਾ ਹੈ ਤਾਂ ਸਭ ਨੂੰ ਇਸ ਗੱਲ ਤੇ ਫੁੱਲ ਚੜ੍ਹਾਉਣੇ ਚਾਹੀਦੇ ਹਨ ਅਤੇ ਖੇਡ ਪੇ੍ਮੀਆਂ ਅਤੇ ਖੇਡਾਂ ਦਾ ਭਲਾ ਚਾਹੁਣ ਵਾਲੇ ਲੋਕਾਂ ਦੇ ਹੱਥਾਂ ਵਿਚ ਭਾਰਤੀ ਖੇਡ ਫੈਡਰੇਸ਼ਨਾਂ ਦੀ ਵਾਗਡੋਰ ਸੌਪਣੀ ਚਾਹੀਦੀ ਹੈ , ਮਿਲਖਾ ਸਿੰਘ ਵਰਗੇ ਦਿੱਗਜ ਖਿਡਾਰੀ ਇਸ ਗੱਲ ਦੀ ਕਦੋਂ ਦੀ ਪੈਰਵਾਈ ਕਰ ਰਹੇ ਹਨ ਕਿ ਖੇਡਾਂ ਰਾਜਨੀਤੀ ਮੁਕਤ ਹੋਣੀਆਂ ਚਾਹੀਦੀਆਂ ਹਨ ਪਰ ਅਫਸੋਸ ਸਾਡੀ ਦੇਸ਼ ਵਿਚ ਹਰ ਚੀਜ ਦਾ ਸਿਸਟਮ ਰਾਜਨੀਤੀ ਆਪਣੇ ਮੁਤਾਬਿਕ ਚਲਾ ਰਹੀ ਹੈ ,ਪੱਖਪਾਤ ਦਾ ਬੋਲਬਾਲਾ ਹੈ ਅਤੇ ਹੁਨਰਮੰਦ ਖਿਡਾਰੀਆਂ ਨਾਲ ਧੱਕਸ਼ਾਹੀ ਆਮ ਦੇਖਣ ਵਿਚ ਆਂਉਦੀ ਹੈ ਲੋੜ ਹੈ ਸਾਡੇ ਖੇਡ ਮੰਤਰੀ ਦੀ ਇਸ ਪਹਿਲ ਦਾ ਪੁਰਜੋਰ ਸਮਰਥਨ ਕਰਨ ਦਾ ਤਾਂ ਜੋ ਸਾਡਾ ਇਹ ਨੌਜਵਾਨ ਦੇਸ਼ ਦੂਨੀਆ ਦੇ ਖੇਡ ਨਕਸ਼ੇ ਤੇ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਿਚ ਸਫਲ ਹੋ ਸਕੇ ।
-
ਮਨਦੀਪ ਸੁਨਾਮ, ਖੇਡ ਲੇਖਕ
mandeepkamboj1982@gmail.com
9417479449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.