‘ਦਰਬਾਰਾ ਸਿੰਘ ਕਾਹਲੋਂ’
ਸਮਾਜ ਅੰਦਰ ਨਸ਼ਿਆਂ ਦੀ ਵਰਤੋਂ ਕੋਈ ਨਵਾਂ ਵਰਤਾਰਾ ਨਹੀਂ। ਭਾਰਤ ਅੰਦਰ ਵੈਦਿਕ ਕਾਲ ਤੋਂ ਐਸੇ ਵਰਤਾਰੇ ਦਾ ‘ਸੋਮ ਰਸ’ ਵਜੋਂ ਜ਼ਿਕਰ ਹੈ। ਸਾਸ਼ਕ, ਅਮੀਰ ਅਤੇ ਪ੍ਰਬੁੱਧ ਵਰਗ ਵਧੀਆ ਨਸ਼ੇ ਦੀ ਵਰਤੋਂ ਕਰਦਾ ਸੀ। ਗਰੀਬ ਅਤੇ ਪੱਛੜਾ ਵਰਗ ਘਟੀਆ ਨਸ਼ੇ ਦੀ ਵਰਤੋਂ ਕਰਦਾ ਸੀ। ਇਸ ਦੀ ਵਰਤੋਂ ਮੌਜ ਮੇਲੇ ਅਤੇ ਵਿਸੇਸ਼ ਸਮਾਰੋਹਾਂ ਤੱਕ ਸੀਮਤ ਹੁੰਦੀ ਸੀ। ਲੇਕਿਨ ਇਸ ਨੂੰ ਕਦੇ ਵੀ ਸਿਹਤ ਅਤੇ ਸਮਾਜ ਲਈ ਚੰਗਾ ਨਹੀਂ ਸਮਝਿਆ ਜਾਂਦਾ ਸੀ। ਸਭ ਤੋਂ ਸਿਆਣਾ ਅਤੇ ਵਧੀਆ ਪੱਖ ਇਹ ਸੀ ਕਿ ਨਾ ਤਾਂ ਇਹ ਰਾਜ ਅਤੇ ਸਮਾਜ ਦੇ ਵਪਾਰ ਦਾ ਅੰਗ ਬਣਿਆ ਅਤੇ ਨਾ ਹੀ ਧੰਦੇ ਵਜੋਂ ਵਿਕਸਤ ਹੋਇਆ ਪਰ ਜਦੋਂ ਤੋਂ ਇਹ ਰਾਜ ਅਤੇ ਸਮਾਜ ਦੇ ਵਪਾਰ ਤੇ ਧੰਦੇ ਵੱਜੋਂ ਵਿਕਸਤ ਹੋਣ ਲਗਾ ਇਹ ਰਾਜ ਅਤੇ ਸਮਾਜ ਲਈ ਘਾਤਿਕ ਸਿੱਧ ਹੋਣ ਲਗਾ। ਜਦੋਂ ਰਾਜਨੀਤੀਵਾਨਾਂ, ਸਾਸ਼ਕ ਵਰਗਾਂ, ਵਪਾਰੀਆਂ, ਤਸਕਰਬਾਜਾਂ, ਪ੍ਰਸ਼ਾਸਕਾਂ, ਅਤੇ ਪੁਲਸ ਸਮੇਤ ਸੁਰੱਖਿਆ ਦਸਤਿਆਂ ਲੋਭ-ਲਾਲਚ ਖਾਤਰ ਇਸ ਨੂੰ ਧੰਦਾ ਬਣਾ ਲਿਆ ਇਹ ਸਮਾਜ, ਵਿਅਕਤੀਆਂ ਅਤੇ ਆਰਥਿਕਤਾ ਨੂੰ ਨਿਗਲਣ ਲਗਾ।
ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ, ਰਾਜਨੀਤੀਵਾਨਾਂ, ਸੁਰੱਖਿਆ ਦਸਤਿਆਂ ਅਤੇ ਕੌਮਾਂਤਰੀ ਤਸਕਰਾਂ ਵੱਲੋਂ ਅਜੋਕੇ ਯੁੱਗ ਵਿਚ ਇਹ ਵਰਤਾਰਾਂ ਧੜੱਲੇ ਨਾਲ ਚੱਲ ਰਿਹਾ ਹੈ। ਅਮਰੀਕਾ, ਕੈਨੇਡਾ, ਬਰਤਾਨੀਆ, ਫਰਾਂਸ, ਜਪਾਨ, ਜਰਮਨੀ, ਰੂਸ, ਅਸਟਰੇਲੀਆ ਵਰਗੇ ਵਿਕਸਤ ਦੇਸ਼ ਇਸ ਤੋਂ ਅਛੂਤੇ ਨਹੀਂ ਹਨ। ਮੈਕਸੀਕੋ, ਕੋਲੰਬੀਆ, ਬਰਾਜੀਲ, ਇੰਡੋਨੇਸ਼ੀਆ, ਫਿਲਪਾਈਨਜ਼, ਭਾਰਤ, ਅਮਰੀਕਾ, ਕੈਨੇਡਾ ਆਦਿ ਨਸ਼ੀਲੇ ਪਦਾਰਥਾਂ ਦੇ ‘ਆਰਗੇਨਾਈਜਡ ਗੈਂਗਜ’ ਦਾ ਸ਼ਿਕਾਰ ਹਨ। ਅਮਰੀਕਾ ਸਲਾਨਾ 51 ਬਿਲੀਅਨ ਡਾਲਰ ਅਤੇ ਕੈਨੇਡਾ ਇੱਕ ਬਿਲੀਅਨ ਡਾਲਰ ਖਰਚਣ ਦੇ ਬਾਵਜੂਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਰੋਕਥਾਮ ਕਰਨੋਂ ਨਾਕਾਮ ਹਨ। ਪਿੱਛਲੇ ਦਿਨੀ ਓਂਟਾਰੀਓ (ਕੈਨੇਡਾ) ਪੁਲਿਸ ਨੇ 250 ਮਿਲੀਅਨ ਡਾਲਰ ਦੀ 1062 ਕਿਲੋਗ੍ਰਾਮ ਕੋਕੀਨ ਪਕੜੀ।
ਭਾਰਤ ਦਾ ਪੰਜਾਬ ਪ੍ਰਾਂਤ ਜੋ ਕਦੇ ਦੇਸ਼ ਦੇ ਸਭ ਸੂਬਿਆਂ ਨਾਲੋਂ ਪ੍ਰਤੀ ਜੀਅ ਆਮਦਨ ਪੱਖੋ ਨੰਬਰ ਇੱਕ ਸੂਬਾ ਸੀ। ਦੇਸ਼ ਦੀ ਖੜਗ ਭੁਜਾ ਅਤੇ ਅੰਨ ਭੰਡਾਰ ਵਜੋਂ ਮੰਨਿਆ-ਪ੍ਰਮੰਨਿਆ ਸੀ। ਅੱਜ 10-12 ਸਾਲਾ ਅਤਿਵਾਦੀ ਤ੍ਰਾਸਦੀ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਕੇ ਕੰਗਾਲ ਹੋਇਆ ਪਿਆ ਹੈ। ਹਰ ਰੋਜ਼ ਨਸ਼ੀਲੇ ਪਦਾਰਥਾਂ ਦੀ ਕੁਵਰਤੋਂ ਕਰਕੇ ਨੌਜਵਾਨਾਂ ਦੇ ਸੱਥਰ ਵਿੱਛ ਰਹੇ ਹਨ। ਰਾਜ, ਰਾਜਨੀਤੀਵਾਨਾਂ, ਪੁਲਸ ਅਤੇ ਤਸਕਰਾਂ ਦੀ ਮਿਲੀਭੁਗਤ ਕਰਕੇ ਇਹ ਰੁੱਕਣ ਦਾ ਨਾਂਅ ਨਹੀਂ ਲੈ ਰਿਹਾ। ਹੁਣ ਤਾਂ ਔਰਤਾਂ ਅਤੇ ਨੌਜਵਾਨ ਪੰਜਾਬਣਾਂ ਵੀ ਇਸ ਦੀ ਦਲਦਲ ਵਿਚ ਧੱਸ ਚੁੱਕੀਆਂ ਹਨ। ਵੱਖ-ਵੱਖ ਰਾਜਨੀਤਕ ਪਾਰਟੀਆਂ ਦੀਆਂ ਰਾਜ ਸਰਕਾਰਾਂ ਵੱਲੋਂ ਇਸ ਮਾਰੂ ਤ੍ਰਾਸਦੀ ਤੋਂ ਪੰਜਾਬ ਅਤੇ ਪੰਜਾਬੀਆਂ ਨੂੰ ਬਚਾਉਣ ਤੇ ਇਸ ਦਾ ਖਾਤਮਾ ਕਰਨ ਦੇ ਸਾਰੇ ਦਮਗਜੇ ਕਾਫੂਰ ਹੋ ਰਹੇ ਹਨ। ਸੰਕੇਤਕ ਵਿਰੋਧ ਵਜੋਂ ਜੁਲਾਈ ਦੇ ਪਹਿਲੇ ਹਫਤੇ ‘ਮਰੋ ਜਾਂ ਵਿਰੋਧ ਕਰੋ’ ਦੀ ਮੁਹਿੰਮ ਅਤਿ ਦੁਖੀ ਤੇ ਪੀੜਤ ਹਿਰਦਿਆਂ ਨਾਲ ਪੰਜਾਬ ਦੇ ਪ੍ਰਬੁੱਧ ਤੇ ਜਾਗਰੂਕ ਲੋਕਾਂ ਵਲੋਂ ਚਲਾਈ ਗਈ। ਦਰਅਸਲ ਲੋੜ ਹੈ ਕਿ ਮੁਹਿੰਮ ਵਿਚ ਪੂਰੇ ਪੰਜਾਬੀ ਸਮਾਜ ਨੂੰ ਧਰਮਾਂ, ਮਜ਼ਹਬਾਂ, ਜਾਤਾਂ, ਵਰਗਾਂ ਰਾਜਨੀਤਕ ਪਾਰਟੀਆਂ ਤੇ ਵਿਚਾਰਧਾਰਾਵਾਂ ਦੀਆਂ ਵਲਗਣਾਂ ਵਿਚੋਂ ਬਾਹਰ ਨਿਕਲ ਕੇ ਕੁੱਦਣ ਅਤੇ ਇਸ ਨੂੰ ਇੱਕ ਲਹਿਰ ਬਣਾਉਣ ਦੀ ਜਦੋਂ ਤੱਕ ਪੰਜਾਬ ਤੇ ਪੰਜਾਬੀ ਇਸ ਨਸ਼ੀਲੇ ਪਦਾਰਥਾਂ ਦੀ ਮਾਰੂ ਤ੍ਰਾਸਦੀ ਦਾ ਖਾਤਮਾ ਨਹੀਂ ਕਰ ਲੈਂਦੇ।
ਸ਼ਾਇਦ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਇਸ ਹਕੀਕਤ ਦਾ ਗਿਆਨ ਨਾ ਹੋਵੇ ਕਿ ਅਜੋਕੇ ਆਧੁਨਿਕ ਪੰਜਾਬ ਅੰਦਰ ਨਸ਼ੀਲੇ ਪਦਾਰਥਾਂ, ਸੋਨੇ ਅਤੇ ਹੋਰ ਕੀਮਤੀ ਚੀਜ਼ਾਂ ਦੀ ਸਮਗਲਿੰਗ ਤੇ ਪੰਜਾਬੀ ਸ਼ੇਰਾਂ ਨੂੰ ਜਿੰਨਾਂ ਕਦੇ ਬਿਆਸ ਦਰਿਆਂ ਤੋਂ ਵਿਸ਼ਵ ਦੇ ਮਹਾਨ ਜੇਤੂ ਸਿਕੰਦਰ-ਏ-ਆਜਮ ਨੂੰ ਵਾਪਸ ਯੂਨਾਨ ਪਰਤਣ ਲਈ ਮਜਬੂਰ ਕੀਤਾ ਸੀ, ਵਿਸ਼ਵ ਦੇ ਸੁਪਰੀਮ ਯੋਧੇ ਹਰੀ ਸਿੰਘ ਨਲਵਾ ਦੀ ਅਗਵਾਈ ਵਿਚ ਪੱਛਮ ਵਲੋਂ ਦਰਾ ਖੈਬਰ ਰਾਹੀ ਘੁੱਸਦੇ ਧਾੜਵੀਆਂ ਦਾ ਰਸਤਾ ਬੰਦ ਕੀਤਾ ਸੀ। ਉੰਨਾਂ ਨੂੰ ਪੰਜਾਬ ਦੇ ਹਾਕਮਾਂ ਨੇ ਹੀ ਨਸ਼ੀਲੇ ਪਦਾਰਥਾਂ ਦੇ ਦੈਂਤ ਅੱਗੇ ਸੁੱਟਿਆ ਸੀ। ਇੰਨਾ ਹਾਕਮਾ ਦਾਂ ਪਿਤਾਮਾ ਸੀ ਪ੍ਰਤਾਪ ਸਿੰਘ ਕੈਰੋਂ।
ਲੇਖਕ ਦੇ ਨਜ਼ਦੀਕ ਰਹਿੰਦੇ ਸਵਰਗੀ ਆਈ.ਪੀ.ਐਸ ਪੁਲਸ ਅਫਸਰ, ਜੋ ਪੰਜਾਬ ਪੁਲਸ ਵਿਚੋਂ ਉਚ ਅਹੁੱਦੇ ਤੋਂ ਸੇਵਾ ਮੁਕੱਤ ਹੋਇਆ ਸੀ, ਨੇ ਲੇਖਕ ਨੂੰ ਦਸਿਆ ਸੀ ਕਿ ਜਦੋਂ ਉਹ ਅੰਮ੍ਰਿਤਸਰ ਜ਼ਿਲ੍ਹੇ ਦਾ ਪੁਲਸ ਮੁੱਖੀ ਸੀ, ਉਸ ਨੇ ਭਾਰਤ-ਪਾਕਿਸਤਾਨ ਸਰਹੱਦ (ਪੰਜਾਬ ਨਾਲ 553 ਕਿਲੋਮੀਟਰ ਲਗਦੀ ਹੈ) ਤੋਂ ਚੋਟੀ ਦੇ ਸਮਗਲਰ ਰੰਗੇ ਹੱਥੀਂ ਪਕੜੇ ਨਸ਼ੀਲੇ ਪਦਾਰਥਾਂ ਤੇ ਸੋਨੇ ਆਦਿ ਦੀ ਸਮਗਲਿੰਗ ਕਰਦੇ ਤਾਂ ਤੱਤਕਾਲ ਮੁੱਖ ਮੰਤਰੀ ਪੰਜਾਬ ਸ: ਪ੍ਰਤਾਪ ਸਿੰਘ ਕੈਰੋਂ ਦਾ ਟੈਲੀਫੋਨ ਆ ਗਿਆ ਕਿ ਉੰਨਾਂ ਨੂੰ ਛੱਡ ਦਿਤਾ ਜਾਵੇ। ਲੇਕਿਨ ਉਸ ਨੇ ਸਾਫ ਇਨਕਾਰ ਕਰ ਦਿਤਾ। ਮੁੱਖ ਮੰਤਰੀ ਨੇ ਧਮਕੀ ਦਿਤੀ ਕਿ ਉਸਦਾ ਤੁਰੰਤ ਤਬਾਦਲਾ ਕਰ ਦਿਤਾ ਜਾਵੇਗਾ। ਉਹ ਜਰਾ ਨਾ ਝੁੱਕਿਆ ਤੇ ਸਾਫ ਸਪਸ਼ਟ ਕਹਿ ਦਿਤਾ ਕਿ ਉਸ ਨੂੰ ਤਬਦਲੇ ਦੀ ਕੋਈ ਪ੍ਰਵਾਹ ਨਹੀਂ ਉਹ ਇੰਨਾਂ ਦੇਸ਼ ਦੇ ਸਮਗਲਰ ਮੁਜਰਿਮਾਂ ਨੂੰ ਨਹੀਂ ਛਡੇਗਾ ਅਤੇ ਕਾਨੂੰਨ ਅਨੁਸਾਰ ਕੇਸ ਠੋਕੇਗਾ।
ਦਰਅਸਲ ਕੈਰੋਂ ਨਹੀਂ ਸੀ ਚਾਹੁੰਦਾ ਕਿ ਅੰਮ੍ਰਿਤਸਰ ਜਾਂ ਆਸ-ਪਾਸ ਮਾਝੇ ਵਿਚ ਕੋਈ ਤਾਕਤਵਰ ਵਿਅਕਤੀ ਉਸ ਨੂੰ ਰਾਜਨੀਤੀਕ ਖੇਤਰ ਵਿਚ ਚੁਣੌਤੀ ਦੇਵੇ। ਇਸ ਲਈ ਉਸ ਨੇ ਕਰੀਬ-ਕਰੀਬ ਸਾਰੇ ਤਾਕਤਵਾਰ ਵਿਅਕਤੀਆਂ ਨੂੰ ਧੰਨ ਕਮਾਉਣ ਲਈ ਸਮਗਲਿੰਗ ਦੇ ਧੰਦੇ ਵੱਲ ਆਪਣੀ ਦੇਖ-ਰੇਖ ਅਤੇ ਛੱਤਰੀ ਅਧੀਨ ਲਗਾ ਦਿਤਾ। ਬਸ! ਉਦੋਂ ਤੋਂ ਲੈ ਕੇ ਅੱਜ ਤੱਕ ਨਸ਼ੀਲੇ ਪਦਾਰਥਾਂ ਦੇ ਰਾਸ਼ਟਰੀ, ਅੰਤਰ-ਰਾਸ਼ਟਰੀ ਅਤੇ ਸਥਾਨਿਕ ਸਮਗਲਰਾਂ, ਵਪਾਰੀਆਂ, ਵਿਕਰੇਤਾਵਾਂ ਨੂੰ ਹਾਕਮਾਂ ਦੀ ਸ਼ਹਿ ਅਤੇ ਛੱਤਰੀ ਮਿਲਦੀ ਚਲੀ ਆ ਰਹੀ ਹੈ।
ਬੜੇ ਖੂਬਸੂਰਤ ਅਲਫਾਜਾਂ ਵਿਚ ਕਿਸੇ ਪੰਜਾਬੀ ਸ਼ਾਇਰ ਨੇ ਇਹ ਹਕੀਕਤ ਬਿਆਨ ਕੀਤੀ ਹੈ:
ਮੇਰੇ ਦੇਸ਼ ਦੇ ਹਾਕਮ ਦਸ ਮੈਨੂੰ, ਹੈ ਕਿਦਾਂ ਵਤਨ ਅਬਾਦ ਮੇਰਾ।
ਮੇਰੇ ਦਿਲ ਤੇ ਠੋਕਰ ਵਜਦੀ ਏ, ਜਦੇਂ ਦਿਸਦਾ ਘਰ ਬਰਬਾਦ ਮੇਰਾ।
ਇੱਥੇ ਹੰਝੂ ਵੱਗਣ ਗਰੀਬਾਂ ਦੇ , ਪਏ ਛਲਕਣ ਜਾਮ ਅਮੀਰਾਂ ਦੇ।
ਇੱਥੇ ਮਿਹਨਤ ਭੁੱਖੀ ਮਰਦੀ ਏ, ਸੁਪਨੇ ਲੈ ਲੈ ਤਕਦੀਰਾਂ ਦੇ।
ਵੱਡਿਆਂ ਦੇ ਹੱਥੋਂ ਵਿੱਕਿਆ ਤੂੰ, ਕਰ ਦਿਤਾ ਘਰ ਬਰਬਾਦ ਮੇਰਾ।
ਸੱਤਾ ਪ੍ਰਾਪਤੀ ਲਈ ਬਾਰ-ਬਾਰ ਪੰਜਾਬੀਆਂ ਨੂੰ ਨਸ਼ਿਆਂ ਦੀ ਮਾਰੂ ਦਲ-ਦਲ ਵਿਚੋਂ ਬਾਹਰ ਕੱਢਣ ਦੇ ਵਾਅਦੇ ਕਰਕੇ ਸਾਡੇ ਹਾਕਮ ਫਿਰ ਵਡੇਰਿਆਂ ਨਾਲ ਮਿਲੀ-ਭੁੱਗਤ ਰਾਹੀਂ ਇਹ ਧੰਦਾ ਵਿਕਸਤ ਕਰਦੇ ਰਹੇ। ਸੰਨ 2017 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਨਸ਼ੀਲੇ ਪਦਾਰਥਾਂ ਦੀ ਤ੍ਰਾਸਦੀ ਵੱਡਾ ਮੁੱਦਾ ਬਣਕੇ ਉੱਭਰੀ। ਸੱਤਾ ਪ੍ਰਾਪਤੀ ਲਈ ਹਾਕਮ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਅਸੂਲਾਂ ਉਲਟ ਜਨਤਕ ਭਾਵਨਾਵਾਂ ਟੁੰਬਣ ਲਈ ਤਲਵੰਡੀ ਸਾਬੋ ਵਿਖੇ ਇੱਕ ਚੋਣ ਰੈਲੀ ਵਿਚ ਪਵਿੱਤਰ ਗੁੱਟਕਾ ਸਾਹਿਬ ਹੱਥ ਵਿਚ ਪਕੜ ਕੇ, ਹਵਾ ਵਿਚ ਲਹਿਰਾਉਂਦੇ ਇਹ ਸਹੁੰ ਖਾਧੀ ਕਿ ਉਸ ਨੂੰ ਜੇ ਪੰਜਾਬੀ ਸੱਤਾ ਸੌਪਦੇ ਹਨ ਤਾਂ ਉਹ ਚਾਰ ਹਫਤਿਆਂ ਵਿਚ ਰਾਜ ਵਿਚੋਂ ਨਸ਼ਿਆਂ ਦਾ ਭੋਗ ਪਾ ਦੇਵੇਗਾ।
ਲੋਕਾਂ ਵੱਡੇ ਫਤਵੇ ਨਾਲ ਉਸ ਨੂੰ ਸੱਤਾ ਸੌਂਪੀ ਪਰ ਉਹ ਅੱਜ ਤੱਕ ਕੁੱਝ ਨਹੀਂ ਕਰ ਸਕਿਆ। ਉਸ ਵਲੋਂ ਗਠਤ ਐਸ.ਟੀ.ਐਫ ਉਸ ਦੇ ਰਾਜਨੀਤਕ ਇਰਾਦਿਆਂ ਅੱਗੇ ਹੀਣੀ ਹੋ ਕੇ ਰਹਿ ਗਈ। ਉਸ ਦੀ ਕਾਂਗਰਸ ਪਾਰਟੀ ਦੇ 40 ਵਿਧਾਇਕਾਂ ਨਸ਼ੀਲੇ ਪਦਾਰਥਾਂ ਦੇ ਸਰਗਣੇ ਨੂੰ ਪਕੜਣ ਲਈ ਲਿੱਖਤੀ ਬਿਨੈ ਕੀਤੀ ਪਰ ਉਸ ਨੇ ਨਾ ਸੁਣੀ। ਵਿਧਾਇਕ ਸੁਰਜੀਤ ਸਿੰਘ ਧੀਮਾਨ, ਰਾਣਾ ਗੁਰਜੀਤ ਸਿੰਘ (ਸਾਬਕਾ ਬਿਜਲੀ ਤੇ ਸਿੰਜਾਈ ਮੰਤਰੀ) ਜਨਤਕ ਤੌਰ ਤੇ ਭੁੱਬਾਂ ਮਾਰਦੇ ਕਹਿ ਰਹੇ ਹਨ ਕਿ ਨਸ਼ੀਲੇ ਪਦਾਰਥਾਂ ਦੇ ਸੁਦਾਗਰਾਂ, ਉੰਨਾਂ ਨਾਲ ਮਿਲੇ ਪੁਲਸ ਅਫਸਰ ਅਤੇ ਰਾਜਨੀਤੀਵਾਨਾਂ ਵਿਰੁੱਧ ਸਰਕਾਰ ਕੁੱਝ ਨਹੀਂ ਕਰ ਰਹੀ ਜਦ ਕਿ 30 ਮਹੀਨੇ ਬਾਅਦ ਇਸਨੇ ਰੁੱਕਸਤ ਹੋ ਜਾਣਾ ਹੈ। ਸਾਂਸਦ ਪ੍ਰਤਾਪ ਸਿੰਘ ਬਾਜਵਾ ਹਾਕਾਂ ਦੇ-ਦੇ ਥੱਕ ਬੈਠਾ ਹੈ।
ਕੈਪਟਨ ਸਾਹਿਬ ਸਿੱਖ ਹੋਣ ਨਾਤੇ ਜੋ ਵੱਡੀਆਂ ਖੁਨਾਮੀਆਂ ਕਰ ਰਹੇ ਹਨ, ਉਨਾਂ ਵਿਰੁੱਧ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਵਾਈ ਕਰਨੋਂ ਕਿਉ ਕੰਬ ਰਹੇ ਹਨ? ਉੰਨਾਂ ਨੂੰ ਕੀ ਯਾਦ ਕਰਾਉਣਾ ਪਵੇਗਾ ਕਿ ਕਿਵੇਂ ਮੋਰਾਂ ਨਾਚੀ ਨਾਲ ਹਾਥੀ ਤੇ ਸ਼੍ਰੀ ਅੰਮ੍ਰਿਤਸਰ ਘੁੰਮਣ ਦੇ ਦੋਸ਼ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਤੱਤਕਾਲੀ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਤਲਬ ਕਰਕੇ ਸਜ਼ਾ ਲਗਾਈ ਸੀ। ਇਵੇਂ ਹੀ ਸੁਰਜੀਤ ਸਿੰਘ ਬਰਨਾਲਾ ਨੂੰ ਕੁਤਾਹੀ ਕਰਨ ਤੇ । ਸਿੱਖ ਅਸੂਲਾਂ ਵਿਰੁੱਧ ਗੁਟਕਾ ਸਾਹਿਬ ਦੀ ਸਹੁੰ ਚੁੱਕਣ, ਉਹ ਸਹੁੰ ਨਾ ਪੁਗਾਉਣ, ਪਾਕਿਸਤਾਨੀ ਔਰਤ, ਇੰਟੈਲੀਜੈਂਸ ਏਜੰਸੀ ਸਬੰਧੀ ਪੱਤਰਕਾਰ ਵਜੋਂ ਮਸ਼ਹੂਰ, ਕਿਉਂ ਉੰਨਾਂ ਦੇ ਸਰਕਾਰੀ ਨਿਵਾਸ ਤੇ ਰਹਿ ਰਹੀ ਹੈ? ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖਹਿਰਾ ਇਸ ਸਬੰਧੀ ਦੁਹਾਈ ਪਾਉਂਦਾ ਥੱਕ ਗਿਆ ਹੈ। ਇਸੇ ਕੈਪਟਨ ਨੇ ਸਿੱਖ ਹੋਣ ਨਾਤੇ ਨੀਲਾ ਤਾਰਾ ਅਪਰੇਸ਼ਨ ਵਿਰੁੱਧ ਸਖਤ ਰੋਸ ਵਜੋਂ ਕਾਂਗਰਸੀ ਸਾਂਸਦ ਵਲੋਂ ਅਸਤੀਫਾ ਦੇ ਕੇ ਵੱਡੀ ਰਾਜਨੀਤਕ ਲਾਹਾ ਸਿੱਖ ਭਾਈਚਾਰੇ ਅੰਦਰ ਪ੍ਰਾਪਤ ਕੀਤਾ। ਸ਼੍ਰੋਮਣੀ ਕਮੇਟੀ ਤੇ ਅੱਖ ਰਖਦੇ ਜੋਧਪੁਰ ਕੈਦੀਆਂ ਨੂੰ ਮੁਆਵਜਾ ਦੇ ਕੇ ਪ੍ਰਾਪਤ ਕੀਤਾ। ਫਿਰ ਇਸ ਦੀਆਂ ਧਾਰਮਿਕ ਭਾਈਚਾਰਕ ਕੁਤਾਹੀਆਂ ਵਿਰੁੱਧ ਕਾਰਵਾਈ ਕਿਉਂ ਨਹੀਂ? ਸਿੱਖ ਜਗਤ ਮੰਗ ਕਰਦਾ ਹੈ ਕਿ ਜਾਂ ਤਾਂ ਸਤਿਕਾਰਯੋਗ ਜਥੇਦਾਰ ਸਾਹਿਬ ਕਾਰਵਾਈ ਕਰਨ ਜਾਂ ਅਹੁੱਦੇ ਤੋਂ ਲਾਂਭੇ ਹੋ ਜਾਣ।
ਕਾਂਗਰਸ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਤਾਂ ਕੈਪਟਨ ਸਾਹਿਬ ਦੀ ਨਿਕੰਮੀ ਕਾਰਗੁਜ਼ਾਰੀ ਅਤੇ ਆਪਹੁੱਦਰੇਪਣ ਕਰਕੇ ਕਾਂਗਰਸ ਵਰਕਿੰਗ ਕਮੇਟੀ ਵਿਚੋਂ ਉੰਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿਤਾ। ਸੰਨ 2019 ਦੀਆਂ ਲੋਕਸਭਾ ਚੋਣਾਂ ਵਿਚ ਜੋ ਉੰਨਾਂ ਕਾਂਗਰਸ ਨੂੰ ਪੰਜਾਬ ਵਿਚ ਜਿੱਤ ਨਾ ਦੁਆਈ ਤਾਂ ਨਿਸਚਤ ਤੌਰ ’ਤੇ ਉੰਨਾਂ ਨੂੰ ਸੱਤਾ ਬਾਹਰ ਕਰ ਦਿੱਤਾ ਜਾਵੇਗਾ ਅਜਿਹੇ ਸੰਕੇਤ ਹਨ।
ਪਿੱਛਲੀ ਅਕਾਲੀ-ਭਾਜਪਾ ਸਰਕਾਰ ਵੱਲੇਂ ਤਾਇਨਾਤ ਪੁਲਸ ਮੁੱਖੀ ਸ਼੍ਰੀ ਸੁਰੇਸ਼ ਅਰੋੜਾ, ਕੈਪਟਨ ਸਰਕਾਰ ਨੇ ਪੁਲਸ ਮੁੱਖੀ ਬਣਾਈ ਰਖਿਆ। ਪਰ ਉਸ ਦੀ ਨੱਕ ਹੇਠ ਕਿਵੇਂ ਪੁਲਸ ਅਧਿਕਾਰੀ ਅਤੇ ਅਫਸਰ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ, ਵੱਡੀਆਂ ਜਾਇਦਾਦਾਂ ਦਾ ਅੰਬਾਰ ਲਾਉਣ, ਪੰਜਾਬ ਦੀਆਂ ਧੀਆਂ ਨੂੰ ਨੌਜਵਾਨਾਂ ਵਾਂਗ ਨਸ਼ਿਆਂ ਦੇ ਦੈਂਤ ਅੱਗੇ ਸੁੱਟਣ ਵਿਚ ਸ਼ਾਮਲ ਪਾਏ ਜਾ ਰਹੇ ਹਨ, ਐਸੀ ਸਥਿੱਤੀ ਵਿਚ ਉੰਨਾਂ ਨੂੰ ਐਸੇ ਜੁੰਮੇਂਵਰਾਨਾ ਅਹੁੱਦੇ ਤੇ ਕਾਇਮ ਰਖਣ ਦੀ ਕੋਈ ਤੁੱਕ ਨਹੀਂ। ਅਜੇ ਤਾਂ ਪੱਛਮੀ ਜਗਤ ਵਿਚ ਵੱਡੇ-ਵੱਡੇ ਰਾਜਨੀਤੀਵਾਨਾਂ, ਫਿਲਮਕਾਰਾਂ, ਕਾਰੋਬਾਰੀਆਂ, ਸੀ.ਈ.ਓਜ ਦੁਆਰਾ ਬਲਾਤਕਾਰਾਂ ਅਤੇ ਜਿਨਸੀ ਹਮਲਿਆਂ ਵਿਰੁੱਧ ਜਿਵੇਂ ‘ਮੀ ਟੂ’ ਲਹਿਰ ਅਧੀਨ ਵੱਡੀ ਪੱਧਰ ਤੇ ਉੱਚ ਅਧਿਕਾਰੀ ਜਾਂ ਹੋਰ ਮਸ਼ਹੂਰ ਔਰਤਾਂ ਸਾਹਮਣੇ ਆ ਕੇ ਬੋਲੀਆਂ, ਪੰਜਾਬ ਦੀਆਂ ਅਣਗਿਣਤ ਧੀਆਂ-ਭੈਣਾਂ ਅੱਗੇ ਆਉਣਗੀਆਂ। ਇੰਨਾਂ ਹਾਕਮਾਂ, ਅਫਸਰਸ਼ਾਹਾਂ, ਨਸ਼ੀਲੇ ਪਦਾਰਥਾਂ ਦੇ ਸੁਦਾਗਰਾਂ ਤਾਂ ਹੁਣ ਪੰਜਾਬ ਅਤੇ ਪੰਜਾਬੀਆਂ ਦੀ ਇਜ਼ੱਤ ਵੀ ਸੱਤਾ, ਧੰਨ-ਦੌਲਤ ਅਤੇ ਰੁੱਤਬੇ ਖਾਤਰ ਮਿੱਟੀ ਵਿਚ ਰੋਲ ਦਿਤੀ ਹੈ।
ਕੈਪਟਨ ਸਾਹਿਬ, ਉੰਨਾਂ ਦੀ ਸਰਕਾਰ ਨੂੰ ਪੰਜਾਬੀਆਂ ਤੋਂ ਆਪਣੀਆਂ ਗੱਲਤੀਆਂ ਲਈ ਮੁਆਫੀ ਮੰਗ ਕੇ, ਨਸ਼ਿਆਂ ਵਿਰੁੱਧ ਜਨਤਕ ਲਹਿਰ ਵਿਚ ਸ਼ਾਮਲ ਹੋ ਕੇ, ਜਨਤਾ ਨੂੰ ਇਸ ਸਬੰਧੀ ਨੀਤੀਆਂ ਦੇ ਨਿਰਮਾਣ ਅਤੇ ਅਮਲ ਵਿਚ ਸ਼ਾਮਲ ਕਰਕੇ ਪੁਲਸ, ਪ੍ਰਸਾਸ਼ਨ ਅਤੇ ਰਾਜਨੀਤੀ ਅੰਦਰ ਬੈਠੀਆਂ ਕਾਲੀਆਂ ਭੇਡਾਂ ਨੂੰ ਜੇਲ੍ਹੀ ਸੁਟ ਕੇ, ਸਖਤ ਸਜ਼ਾਵਾਂ ਦੇ ਬਾਗੀ ਬਣਾ ਕੇ ਮੁੜ ਤੋਂ ਇਕ ਬਲਵਾਨ, ਸਿਹਤਮੰਦ ਪੰਜਾਬ ਅਤੇ ਪੰਜਾਬੀ ਸਮਾਜ ਸਿਰਜਣਾ ਚਾਹੀਦਾ ਹੈ। ਇਸਦੀ ਸ਼ੁਰੂਆਤ ਬਿਨਾ ਦੇਰੀ ਕਰਨੀ ਚਾਹੀਦੀ ਹੈ। ਵਿਦੇਸ਼ਾਂ ਵਿਚ ਬੈਠੇ ਪੰਜਾਬੀ ਵੀ ਐਸੀ ਕਾਮਨਾ ਕਰਦੇ ਹਨ ਅਤੇ ਉਹ ਤੰਨ-ਮੰਨ-ਧੰਨ ਨਾਲ ਆਪਣੇ ਪੰਜਾਬੀ ਭਾਈਚਾਰੇ ਨਾਲ ਹਨ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
416-887-2550
ਕੈਂਬਲਫੌਰਡ, ਕੈਨੇਡਾ।
-
ਦਰਬਾਰਾ ਸਿੰਘ ਕਾਹਲੋਂ, ਲੇਖਕ
kahlondarbarasingh@gmail.com
416-887-2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.