ਖ਼ਬਰ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਲੋਟ ਵਿਖੇ ਅਕਾਲੀ-ਭਾਜਪਾ ਵਲੋਂ ਮਲੋਟ ਵਿਖੇ ਕਾਰਵਾਈ ਗਈ ਕਿਸਾਨ ਕਲਿਆਣ ਰੈਲੀ ਵੇਲੇ ਬੋਲਦਿਆਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦਾ ਘੱਟੋ-ਘੱਟ ਮੁੱਲ ਦੇਕੇ ਸਰਕਾਰ ਨੇ 5 ਸਲਾਂ ਵਿੱਚ ਕਿਸਨਾਂ ਦੀ ਆਮਦਨ ਦੁਗਣੀ ਕਰਨ ਦਾ ਵਚਨ ਪੂਰਾ ਕੀਤਾ ਹੈ। ਰੈਲੀ ਵਿੱਚ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ, ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟੜ ਪਹੁੰਚੇ। ਮਲੋਟ ਨੂੰ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਇਸ ਰੈਲੀ ਦਾ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਵੀ ਕੀਤਾ, ਜਿਹਨਾ ਨੂੰ ਪੁਲਿਸ ਨੇ ਰੈਲੀ ਤੱਕ ਪੁੱਜਣ ਨਹੀਂ ਦਿੱਤਾ।
ਚਾਰ ਸਾਲ ਕਰ ਲਈਆਂ ਮੌਜਾਂ। ਚਾਰ ਸਾਲ ਲੁੱਟ ਲਏ ਬੁਲੇ। ਚਾਰ ਸਾਲ ਕਰ ਲਈਆਂ ਹਵਾਈ ਯਾਤਰਾਵਾਂ। ਚਾਰ ਸਾਲ ਨਾ ਆਪ ਟਿਕੇ ਮੋਦੀ, ਨਾ ਕਿਸੇ ਨੂੰ ਟਿਕਣ ਦਿੱਤਾ। ਬੱਸ ਚੱਲ ਸੌ ਚੱਲ। ਖਜ਼ਾਨੇ ਲੁਟਾਏ। ਲਗਾਮਾਂ ਕਾਰਪੋਰੇਟੀਆਂ ਹੱਥ ਫੜਾਈਆਂ ਤਦੇ ਚਾਰ ਸਾਲ ਮਹਿੰਗਾਈ ਨੇ ਪੈਰ ਪਸਾਰੇ। ਚਾਰ ਸਾਲਾਂ 'ਚ ਲੋਕ ਹੋਰ ਗਰੀਬ ਹੋਏ ਤੇ ਅਮੀਰਾਂ ਦੀਆਂ ਕੁੱਖਾਂ ਭਰੀਆਂ, ਗੋਗੜਾਂ ਵੱਡੀਆਂ ਹੋਈਆਂ।
ਸ਼ੁਕਰ ਆ ਭਾਈ ਪੰਜਵੇਂ ਸਾਲ ਨੀਂਦ ਖੁੱਲੀ ਆ। ਲੋਕਾਂ ਦੀ ਯਾਦ ਆਈ ਆ। ਵੋਟ ਦੀ ਲੋੜ ਜਿਉਂ ਆ। ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਵਾਅਦਾ ਯਾਦ ਆਇਆ ਤਾਂ ਫਸਲਾਂ ਦੇ ਘੱਟੋ-ਘੱਟ ਮੁੱਲ ਵਧਾ ਦਿਤੇ, ਪਰ ਨਾਲ ਹੀ ਚੁੱਕ ਦਿੱਤੇ ਫੱਟੇ ਡੀਜ਼ਲ, ਤੇਲ, ਖਾਦਾਂ, ਬੀਜਾਂ ਦੇ। ਜੀ ਐਸ ਟੀ ਲਾਕੇ ਖੇਤੀ ਮਸ਼ੀਨਰੀ ਦੇ ਭਾਅ ਵਧਾ ਦਿਤੇ। ਇੱਕ ਜੇਬ 'ਚ ਪੈਸੇ ਪਾ ਦਿੱਤਾ, ਦੂਜੀ ਜੇਬੋਂ ਕੱਢ ਲਿਆ ਹਿਸਾਬ ਬਰਾਬਰ। ਨਾ ਦਿੰਦਾ ਭੁਲੇ ਨਾ ਲੈਂਦਾ ਭੁਲੇ।
ਹੁਣ ਵੋਟਾਂ ਦੀ ਫਿਕਰਮੰਦੀ ਹੋਣੀ ਹੀ ਹੋਈ। ਬੰਗਾਲੋਂ ਬੀਬੀ ਬੈਨਰਜੀ, ਯੂਪੀ ਤੋਂ ਮਾਇਆ, ਕਸ਼ਮੀਰੋਂ ਬੀਬੀ ਮਹਿਬੂਬਾ, ਬਿਹਾਰੋਂ ਲਾਲੂ, ਦਹਾੜੀ ਜਾਂਦੇ ਆ, ਬੜਕਾਂ ਮਾਰੀ ਜਾਂਦੀ ਆ।, ਮੋਦੀ ਨੂੰ ਲਲਕਾਰੀ ਜਾਂਦੇ ਆ। ਤਦੇ ਮੋਦੀ ਵਾਇਦਿਆਂ ਦੀ ਪੰਡ ਲੈ ਕੇ ਬਾਬੇ ਬਾਦਲ ਦੇ "ਪਿੰਡ" ਪੰਜਾਬ ਪੁੱਜਾ, ਰਾਜਸਥਾਨ 'ਚ ਵਾਇਦਿਆਂ ਦੀ ਪੋਟਲੀ ਖੋਲ੍ਹ ਕੇ ਆਇਆ, ਛੱਤੀਸਗੜ੍ਹ 'ਚ "ਹੋਊ ਲੱਖ ਨਰੰਜਨ ਆਖ, ਅਲੱਖ ਜਗਾ ਆਇਆ। ਕਿਉਂਕਿ ਵੋਟਾਂ ਲੈਣ ਦੀ ਬਣੀ ਏ ਫਿਕਰਮੰਦੀ, ਪੰਡਾਂ ਬੰਨ ਬੰਨ ਵੰਡਿਆ ਲਾਰਿਆ ਨੂੰ। ਤਦੇ ਤਾਂ ਹਰੇਕ ਦੇ ਖਾਤੇ 'ਚ 15 ਲੱਖ, ਕਿਸਾਨਾਂ ਦੀ ਆਮਦਨ ਦੁਗਣੀ, ਸਭ ਕਾ ਵਿਕਾਸ ਏਕ ਸਾਥ, ਜਿਹੇ ਲਾਰੇ, ਬਣ ਚੁੱਕੇ ਨੇ ਵਿਚਾਰੇ।
ਇਹ ਕਵੀਆ ਆਖਣਾ ਬੜਾ ਔਖਾ- ਅੱਗਾ ਢੱਕ ਕੇ ਰੱਖ ਤੂੰ ਰਾਣੀਏਂ ਨੀਂ।
ਖ਼ਬਰ ਹੈ ਕਿ ਕਾਂਗਰਸੀ ਨੇਤਾਵਾਂ ਵਲੋਂ ਗੁਆਂਢੀ ਮੁਲਕ ਪਾਕਿਸਤਾਨ ਦਾ ਨਾਂਅ ਲੈਕੇ ਕੇਂਦਰ ਸਰਕਾਰ 'ਚ ਸੱਤਾ 'ਤੇ ਕਾਬਜ਼ ਭਾਜਪਾ 'ਤੇ ਹਮਲੇ ਬੋਲਣ ਦਾ ਸਿਲਸਿਲਾ ਜਾਰੀ ਹੈ। ਸਾਂਸਦ ਸ਼ਸ਼ੀ ਥਰੂਰ ਦੇ "ਹਿੰਦੂ ਪਾਕਿਸਤਾਨ" ਤੋਂ ਬਾਅਦ ਹੁਣ ਪਾਰਟੀ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਪਾਕਿਸਤਾਨੀ ਤਾਨਾਸ਼ਾਹ ਜਿਆ-ਉਲ-ਹੱਕ ਦੇ ਬਹਾਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਦਿਗਵਿਜੈ ਨੇ ਕਿਹਾ ਕਿ ਭਾਰਤ 'ਚ ਸੱਤਾਧਾਰੀ ਪਾਰਟੀ ਜਿਆ-ਉਲ-ਹੱਕ ਵਾਂਗੂ ਧਾਰਮਿਕ ਕੱਟੜਵਾਦ ਨੂੰ ਬੜ੍ਹਾਵਾ ਦੇ ਰਹੀ ਹੈ।
ਰਾਜ-ਭਾਗ ਦੀਆਂ ਗੱਲਾਂ ਨਿਰਾਲੀਆਂ ਹੁੰਦੀਆਂ। ਰਾਜ ਭਾਗ ਪ੍ਰਾਪਤ ਕਰਨ ਲਈ, ਆਪਣਾ ਠੁੱਕ ਬਨਾਉਣ ਲਈ ਦੂਜਿਆਂ ਨੂੰ ਮਿੱਧਣਾ ਪੈਂਦਾ। ਰਾਜ-ਭਾਗ ਦਾ ਦੂਜਾ ਨਾਮ ਹੈ ਡੰਡਾ। ਰਾਜ-ਭਾਗ ਦਾ ਦੂਜਾ ਨਾਅ ਕਹਿਣ ਨੂੰ ਰਾਜ ਨਹੀਂ ਸੇਵਾ ਹੈ, ਪਰ ਅਸਲ 'ਚ ਆਪਣਿਆਂ ਦੀ ਸੇਵਾ ਹੈ। ਤੇ ਜਦੋਂ ਰਾਜ ਭਾਗ ਦਾ ਇੱਕ ਵੇਰ ਚਸਕਾ ਲਗ ਜਾਂਦਾ ਫਿਰ ਤਾਂ ਭਾਈ ਸਭੋ ਹਥਿਆਰ ਵਰਤਕੇ, ਨੀਵਿਆਂ ਨੂੰ ਹੋਰ ਨੀਵੇਂ, ਤੇ ਉਚਿਆਂ ਨੂੰ ਪੈਰਾਂ 'ਚ ਮਧੋਲਣ ਦੀ ਜਾਂਚ ਸਿਖਣੀ ਪੈਂਦੀ ਆ। ਫਿਰ ਬੰਦਾ ਬੰਦਾ ਨਹੀਂ ਰਹਿੰਦਾ। ਬੰਦਾ ਹਿੰਦੂ ਬਣ ਜਾਂਦਾ ਆ ਜਾਂ ਬੰਦਾ ਮੁਸਲਮਾਨ ਬਣ ਜਾਂਦਾ ਆ, ਜਾਂ ਬਣ ਜਾਂਦਾ ਆ ਈਸਾਈ ਜਾਂ ਸਿੱਖ। ਫਿਰ ਸ਼ੁਰੂ ਹੁੰਦਾ ਹੈ ਜਬਰ! ਫਿਰ ਸ਼ੁਰੂ ਹੁੰਦਾ ਹੈ ਜ਼ੁਲਮ! ਫਿਰ ਸ਼ੁਰੂ ਹੁੰਦੀ ਹੈ ਪਹਿਲਾਂ ਵਿਚਾਰਾਂ ਦੀ ਕਤਲੋ ਗਾਰਤ! ਫਿਰ ਸ਼ੁਰੂ ਹੁੰਦੀ ਹੈ ਜਿਸਮਾਂ ਦੀ ਕਤਲੋਗਾਰਤ! ਜਾਂ ਫਿਰ ਸ਼ੁਰੂ ਹੁੰਦੀ ਹੈ ਮੰਦਰਾਂ, ਗੁਰਦੁਆਰਿਆਂ, ਗਿਰਜਾ ਘਰਾਂ 'ਚ ਆਪਸੀ ਚੌਧਰ ਦੀ ਲੜਾਈ! ਤੇ ਬੰਦਾ ਜਦੋਂ ਹਾਕਮ ਬਣ ਜਾਂਦਾ, ਉਹ ਵੱਡਾ ਉਪਦੇਸ਼ੀ ਬਣ ਜਾਂਦਾ। ਉਹਦੇ ਸਧਾਰਨ ਬੋਲ ਵੀ 'ਉਚੇ ਬੋਲ' ਬਣ ਜਾਂਦੇ ਆ। ਕਿਉਂਕਿ ਉਹ ਜੋ ਬੋਲਦਾ, ਇਲਾਹੀ ਸਮਝਿਆ ਜਾਂਦਾ ਆ। ਤੇ ਉਹਦੇ ਮੂਹਰ ਕੋਈ ਨਹੀਂ ਕੂੰਦਾ। ਤਦੇ ਕੋਈ ਕਵੀ ਲਿਖਦਾ ਆ, "ਇਹ ਕਵੀਆ ਆਖਣਾ ਬੜਾ ਔਖਾ, ਅੱਗਾ ਢੱਕਕੇ ਰੱਖ ਤੂੰ ਰਾਣੀਏ ਨੀਂ"।
ਤਿਰੀ ਕਰਨੀ, ਤੇਰੀ ਕਥਨੀ, ਗੁਰੂ ਨਾਨਕ! ਭੁਲਾ ਬੈਠੇ
ਖ਼ਬਰ ਹੈ ਕਿ ਦਿੱਲੀ ਹਾਈਕੋਰਟ ਨੇ ਦਿੱਲੀ ਛਾਉਣੀ ਇਲਾਕੇ ਵਿੱਚ ਪੰਜ ਸਿੱਖਾਂ ਦੇ ਕਤਲ ਦੀ ਵਾਪਰੀ ਘਟਨਾ 'ਤੇ ਸੁਣਵਾਈ ਕਰਦਿਆਂ ਹੈਰਾਨੀ ਜ਼ਾਹਿਰ ਕੀਤੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਕਾਰੀ ਮਸ਼ੀਨਰੀ ਕੀ ਕਰ ਰਹੀ ਸੀ?ਜੱਜਾਂ ਦੇ ਬੈਂਚ ਨੇ ਕਿਹਾ ਕਿ ਦੰਗਿਆਂ ਨਾਲ ਸਬੰਧਤ ਮਾਮਲਿਆਂ ਨੂੰ ਜੇਕਰ ਠੀਕ ਢੰਗ ਨਾਲ ਨਜਿੱਠਿਆ ਜਾਂਦਾ ਤਾਂ ਇਹ ਮੁੱਦੇ ਹੁਣ ਸੁਣਵਾਈ ਲਈ ਸਾਹਮਣੇ ਨਾ ਆਉਂਦੇ। ਬੈਂਚ ਨੇ ਇਹ ਟਿੱਪਣੀ ਇੱਕ ਨਵੰਬਰ 1984 ਨੂੰ ਦਿੱਲੀ ਛਾਉਣੀ ਦੇ ਰਾਜ ਨਗਰ ਇਲਾਕੇ ਵਿੱਚ ਪੰਜ ਸਿੱਖਾਂ ਦੇ ਕਤਲ ਵਿੱਚ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਵਿਰੁੱਧ ਸੀ ਬੀ ਆਈ ਦੀ ਅਪੀਲ 'ਤੇ ਸੁਣਵਾਈ ਕਰਦਿਆਂ ਕੀਤੀ।
ਸਮੇਂ ਨੂੰ ਜਿਵੇਂ ਪਾਂ ਪੈ ਗਈ। ਬਿੰਦ ਝੱਟ 'ਚ ਸਭ ਕੁਝ ਉਲਟਾ-ਪੁਲਟਾ ਹੋ ਗਿਆ। ਅਕਲ ਦੇ ਅੰਨੇ ਲੋਕਾਂ ਨੇ ਟੋਕੇ ਫੜੇ, ਖੁਰਪੀਆਂ ਫੜੀਆਂ, ਤ੍ਰਿਸ਼ੂਲਾਂ ਫੜੀਆਂ, ਇਕੋ ਵਰਗ ਦੇ ਲੋਕਾਂ ਤੇ ਤਾਬੜ ਤੋੜ ਹੱਲੇ ਬੋਲੇ। ਝੂਠ ਦੀ ਪੰਡ ਭਾਰੀ ਹੋ ਗਈ। ਸੱਚ ਦੱਬਿਆ ਗਿਆ। ਲੋਕ ਜਿਹਨਾ ਦੀਆਂ ਬੁਰਕੀਆਂ ਇੱਕ ਦੂਜੇ ਦੇ ਨਾਲ ਸਾਂਝੀਆਂ ਸਨ। ਲੋਕ, ਜਿਹਨਾ ਦੇ ਰਿਸ਼ਤੇ ਇੱਕ ਦੂਜੇ ਨਾਲ ਪੀਡੇ ਸਨ। ਸਭ ਕੁਝ ਭੁੱਲ ਗਏ। ਬਿੰਦ ਝੱਟ 'ਚ ਬੰਦੇ ਬਿਰਖ ਬਣ ਗਏ। ਬਿੰਦ ਝੱਟ 'ਚ ਸੱਭੋ ਰਿਸ਼ਤੇ ਕਾਲੇ ਸਿਆਹ ਬਣ ਗਏ। ਬਿੰਦ ਝੱਟ 'ਚ ਚੌਧਰੀਆਂ ਆ ਵੇਖਿਆ ਨਾ ਤਾਅ, ਵੋਟਾਂ ਵਟੋਰਨ ਲਈ, ਉਪਰਲਿਆਂ ਨੂੰ ਖੁਸ਼ ਕਰਨ ਲਈ, ਬੰਦੇ ਝਟਕ ਦਿੱਤੇ, ਮਸੂਮ ਤ੍ਰਿਸ਼ੂਲਾਂ ਤੇ ਟੰਗ ਦਿੱਤੇ, ਗੱਲਾਂ 'ਚ ਟਾਇਰ ਪਾਕੇ ਹਸਦੇ ਮਨੁੱਖ ਸਾੜ ਦਿੱਤੇ। ਲੁੱਟਾਂ ਕੀਤੀਆਂ। ਘਰ ਸਾੜੇ। ਤ੍ਰੀਮਤਾਂ ਦੀਆਂ ਇੱਜਤਾਂ ਲੁੱਟੀਆਂ ਅਤੇ ਸਭੋ ਕੁਝ ਜਾਇਜ਼ ਠਹਿਰਾਉਣ ਲਈ ਕਾਨੂੰਨ ਦੇ ਰਾਖਿਆਂ ਨੂੰ ਚੁੱਪ ਰਹਿਣ ਦਾ ਪਾਠ ਪੜਾ ਦਿੱਤਾ। ਮੁਹੱਬਤਾਂ ਕਰਨ ਵਾਲੇ ਲੋਕ ਨਫਰਤਾਂ ਦੇ ਜੰਗਲੀਂ ਜਾ ਵੜੇ। ਕਵੀ ਦੇ ਕਥਨ ਅਨੁਸਾਰ, "ਤਿਰੀ ਕਰਨੀ, ਤੇਰੀ ਕਥਨੀ, ਗੁਰੂ ਨਾਨਕ! ਭੁਲਾ ਬੈਠੇ, ਮੁਹੱਬਤ ਸਾਂਝ ਦੇ ਗਲ ਤੇ ਛੁਰੀ ਜ਼ਹਿਰੀ ਚਲਾ ਬੈਠੇ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਵਿਸ਼ਵ ਬੈਂਕ ਦੀ ਇੱਕ ਰਿਪੋਰਟ ਇਹ ਕਹਿੰਦੀ ਹੈ ਕਿ ਗਰੀਬ ਦੇਸ਼ਾਂ ਵਿੱਚ 66 ਫੀਸਦੀ ਲੜਕੀਆਂ 5ਵੀਂ ਕਲਾਸ ਹੀ ਪੜ੍ਹ ਪਾਉਂਦੀਆਂ ਹਨ। ਭਾਰਤ ਦੇਸ਼ ਮਹਾਨ ਇਹਨਾਂ ਗਰੀਬ ਦੇਸ਼ਾਂ ਵਿਚੋਂ ਇੱਕ ਹੈ।
ਇੱਕ ਵਿਚਾਰ
ਕਿਸੇ ਰਾਸ਼ਟਰ ਦੀ ਰੱਖਿਆ ਲਈ ਫੌਜ ਦੀ ਲੋੜ ਹੁੰਦੀ ਹੈ, ਜਦਕਿ ਸੱਭਿਅਤਾ ਦੀ ਰੱਖਿਆ ਲਈ ਸਿੱਖਿਆ ਦੀ।..........ਜੋਨਾਅਨ ਸੈਕਸ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.