ਸਿੱਖ ਸੰਘਰਸ਼ ਦੌਰਾਨ ਪੰਜਾਬ ਦਾ ਸਭ ਤੋਂ ਜ਼ਾਲਮ ਸੂਬੇਦਾਰ ਮੀਰ ਮੰਨੂ ਹੋਇਆ ਹੈ। ਇਸ ਦੇ ਅਹਿਦ ਵਿੱਚ ਸਿੱਖਾਂ 'ਤੇ ਐਨੇ ਜ਼ੁਲਮ ਹੋਏ ਕਿ ਇਹ ਮੁਹਾਵਰਾ ਹੀ ਬਣ ਗਿਆ, “ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ। ਉਹ ਜਿਉਂ ਜਿਉਂ ਸਾਨੂੰ ਵੱਢਦਾ, ਅਸੀਂ ਦੂਨ ਸਵਾਏ ਹੋਏ।” ਮੀਰ ਮੰਨੂ (ਮੁਅਯੁਨੁਲ ਮੁਲਕ) 1748 ਤੋਂ ਲੈ ਕੇ ਆਪਣੀ ਮੌਤ (1753) ਤੱਕ ਪੰਜਾਬ ਦਾ ਸੂਬੇਦਾਰ ਰਿਹਾ। ਇਹ ਆਪਣੇ ਤੋਂ ਪਹਿਲੇ ਸੂਬੇਦਾਰਾਂ, ਅਬਦੁਲ ਸਮੱਦ ਖਾਨ (1713-26), ਜ਼ਕਰੀਆ ਖਾਨ (1726-45), ਯਾਹੀਆ ਖਾਨ (1745-47) ਅਤੇ ਸ਼ਾਹ ਨਿਵਾਜ਼ ਖਾਨ ਵਿੱਚੋਂ ਸਭ ਤੋਂ ਵੱਧ ਤਾਕਤਵਰ, ਸਖਤ ਸੁਭਾਅ ਵਾਲਾ ਅਤੇ ਜ਼ਾਲਮ ਸੀ। ਉਹ ਦਿੱਲੀ ਦਰਬਾਰ ਦੇ ਪ੍ਰਧਾਨ ਮੰਤਰੀ ਕਮਰੁਦੀਨ ਦਾ ਸਭ ਤੋਂ ਵੱਡਾ ਪੁੱਤਰ ਸੀ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ 1748 ਵਿੱਚ ਭਾਰਤ 'ਤੇ ਪਹਿਲਾ ਹਮਲਾ ਕੀਤਾ ਤਾਂ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੇ ਵਜ਼ੀਰ ਕਮਰੁਦੀਨ ਦੀ ਅਗਵਾਈ ਹੇਠ ਭਾਰੀ ਫੌਜ ਮੁਕਾਬਲੇ ਲਈ ਭੇਜੀ। ਸ਼ਹਿਜ਼ਾਦਾ ਅਹਿਮਦ ਫੌਜ ਦਾ ਨਾਮ ਧਰੀਕ ਕਮਾਂਡਰ ਸੀ। ਇਸ ਫੌਜ ਦੀ ਖੰਨਾ ਮੰਡੀ ਨੇੜਲੇ ਪਿੰਡ ਮਾਨੂਪੁਰ ਵਿਖੇ 11 ਮਾਰਚ 1748 ਨੂੰ ਅਬਦਾਲੀ ਦੀ ਫੌਜ ਨਾਲ ਬਹੁਤ ਖੂਨ ਡੋਲਵ•ੀ ਜੰਗ ਹੋਈ। ਜਲਦੀ ਹੀ ਵਜ਼ੀਰ ਕਮਰੁਦੀਨ ਤੋਪ ਦਾ ਗੋਲਾ ਵੱਜਣ ਕਾਰਨ ਮਾਰਿਆ ਗਿਆ। ਪਰ ਮੀਰ ਮੰਨੂ ਨੇ ਦਿਲ ਨਾ ਛੱਡਿਆ ਤੇ ਦੁੱਖ ਨੂੰ ਫਰਜ਼ 'ਤੇ ਭਾਰੂ ਨਾ ਹੋਣ ਦਿੱਤਾ। ਉਸ ਨੇ ਰਣ ਤੱਤੇ ਵਿੱਚ ਫੌਜ ਦੀ ਕਮਾਂਡ ਸੰਭਾਲ ਲਈ ਤੇ ਸੈਨਿਕਾਂ ਦਾ ਹੌਂਸਲਾ ਵਧਾ ਕੇ ਅਬਦਾਲੀ 'ਤੇ ਅਜਿਹਾ ਕਹਿਰੀ ਹਮਲਾ ਕੀਤਾ ਕਿ ਸ਼ਾਮ ਤੱਕ ਅਬਦਾਲੀ ਪੂਰੀ ਤਰਾਂ ਹਾਰ ਗਿਆ। ਰਾਤ ਦੇ ਹਨੇਰੇ ਵਿੱਚ ਲਾਹੌਰ ਵੱਲ ਭੱਜ ਗਿਆ ਤੇ ਉਥੋਂ ਅਗਲੇ ਦਿਨ ਕੰਧਾਰ ਨੂੰ ਨਿਕਲ ਗਿਆ।
ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੀ ਮੌਤ ਦੀ ਖਬਰ ਸੁਣ ਕੇ ਸ਼ਹਿਜ਼ਾਦਾ ਅਹਿਮਦ, ਮੀਰ ਮੰਨੂ ਨੂੰ ਲਾਹੌਰ ਅਤੇ ਮੁਲਤਾਨ ਦਾ ਸੂਬੇਦਾਰ ਥਾਪ ਕੇ ਆਪ ਦਿੱਲੀ ਨੂੰ ਮੁੜ ਗਿਆ। ਲਾਹੌਰ ਪਹੁੰਚ ਕੇ ਮੀਰ ਮੰਨੂ ਨੇ ਕੌੜਾ ਮੱਲ ਨੂੰ ਆਪਣਾ ਦੀਵਾਨ ਤੇ ਅਦੀਨਾ ਬੇਗ ਨੂੰ ਜਲੰਧਰ ਦੁਆਬ ਦਾ ਫੌਜ਼ਦਾਰ ਥਾਪ ਦਿੱਤਾ। ਉਸ ਨੇ ਛੋਟੇ ਘੱਲੂਘਾਰੇ ਦੇ ਜ਼ਿੰਮੇਵਾਰ ਦੀਵਾਨ ਲੱਖਪਤ ਰਾਏ ਸਮੇਤ ਅਬਦਾਲੀ ਦੇ ਥਾਪੇ ਹੋਏ ਸਾਰੇ ਅਫਸਰ ਕੱਢ ਦਿੱਤੇ। ਲਖਪਤ ਰਾਏ ਨੂੰ ਮੀਰ ਮੰਨੂ ਨੇ ਤੀਹ ਲੱਖ ਜ਼ਰਮਾਨਾ ਲਗਾਇਆ। 22 ਲੱਖ ਉਸ ਦਾ ਘਰ ਘਾਟ ਵੇਚ ਕੇ ਪੂਰਾ ਹੋ ਗਿਆ ਤੇ 8 ਲੱਖ ਬਦਲੇ ਉਸ ਨੂੰ ਕੈਦ ਕਰ ਲਿਆ ਗਿਆ। ਉਹ 8 ਲੱਖ ਦੀਵਾਨ ਕੌੜਾ ਮੱਲ ਨੇ ਭਰ ਦਿੱਤਾ ਤੇ ਲਖਪਤ ਰਾਏ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ ਜਿੱਥੇ ਉਹ 6 ਮਹੀਨੇ ਕੈਦ ਵਿੱਚ ਰਹਿ ਕੇ ਬੁਰੇ ਹਾਲੀਂ ਮਰਿਆ। ਕੁਝ ਦਿਨਾਂ ਬਾਅਦ ਮੀਰ ਮੰਨੂ ਨੇ ਕੌੜਾ ਮੱਲ ਨੂੰ ਮੁਲਤਾਨ ਉੱਤੇ ਕਬਜ਼ਾ ਕਰਨ ਲਈ ਭੇਜ ਦਿੱਤਾ। ਮੁਲਤਾਨ ਉਸ ਵੇਲੇ ਜ਼ਾਹਦ ਖਾਨ ਸੱਦੋਜ਼ਈ ਦੇ ਕਬਜ਼ੇ ਹੇਠ ਸੀ। ਉਹ ਥੋੜ•ੀ ਜਿਹੀ ਮੁੱਠਭੇੜ ਤੋਂ ਬਾਅਦ ਹੀ ਮੈਦਾਨ ਛੱਡ ਕੇ ਨੱਸ ਗਿਆ ਤੇ ਕੌੜਾ ਮੱਲ ਦਾ ਮੁਲਤਾਨ 'ਤੇ ਕਬਜ਼ਾ ਹੋ ਗਿਆ। ਇਧਰੋਂ ਵਿਹਲਾ ਹੋ ਕੇ ਮੀਰ ਮੰਨੂ ਨੇ ਵੇਖਿਆ ਕਿ ਸਾਰਾ ਮੁਲਕ ਉੱਜੜਿਆ ਪਿਆ ਹੈ। ਉਸ ਨੇ ਫੌਜ ਅਤੇ ਅਫਸਰਸ਼ਾਹੀ ਨੂੰ ਚੁਸਤ ਦਰੁੱਸਤ ਕੀਤਾ ਤੇ ਸਿੱਖਾਂ ਨੂੰ ਤਬਾਹ ਕਰਨ ਲਈ ਫੌਜ ਚਾੜ• ਦਿੱਤੀ। ਸਿੱਖ ਜਥੇ ਮੌਕਾ ਵਿਚਾਰ ਕੇ ਮਾਲਵੇ ਵੱਲ ਨੂੰ ਨਿਕਲ ਗਏ। ਅਕਤੂਬਰ 1748 ਨੂੰ ਮੀਰ ਮੰਨੂ ਦੀ ਫੌਜ ਨੇ ਅੰਮ੍ਰਿਤਸਰ ਰਾਮ ਰੌਣੀ ਦੇ ਕਿਲੇ ਨੂੰ ਘੇਰ ਲਿਆ। ਘੇਰਾ ਅਜੇ ਚੱਲ ਰਿਹਾ ਸੀ ਕਿ ਖਬਰਾਂ ਉੱਡਣ ਲੱਗੀਆਂ ਕਿ ਅਬਦਾਲੀ ਲਾਹੌਰ 'ਤੇ ਅਤੇ ਸ਼ਾਹ ਨਿਵਾਜ਼ ਮੁਲਤਾਨ 'ਤੇ ਹਮਲਾ ਕਰਨ ਲਈ ਆ ਰਹੇ ਹਨ। ਉਸ ਵੇਲੇ ਸਿੱਖਾਂ ਦੇ ਹਮਦਰਦ ਕੌੜਾ ਮੱਲ ਨੇ ਮੀਰ ਮੰਨੂ ਨੂੰ ਸਮਝਾਇਆ ਕਿ ਰਾਮ ਰੌਣੀ ਦਾ ਘੇਰਾ ਉਠਾ ਕੇ ਸਿੱਖਾਂ ਨਾਲ ਸੁਲ•ਾ ਕਰ ਲੈਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਮੁਸੀਬਤਾਂ ਵਿੱਚ ਇਹਨਾਂ ਦੀ ਮਦਦ ਲਈ ਜਾ ਸਕੇ। ਮੀਰ ਮੰਨੂ ਨੇ ਇਹ ਸਲਾਹ ਮੰਨ ਲਈ ਤੇ ਨਵੰਬਰ 1748 ਨੂੰ ਘੇਰਾ ਉਠਾ ਲਿਆ ਤੇ ਕੌੜਾ ਮੱਲ ਦੇ ਕਹਿਣ 'ਤੇ ਇੱਕ ਵੱਡੀ ਜਾਗੀਰ ਦਰਬਾਰ ਸਾਹਿਬ ਦੇ ਨਾਮ 'ਤੇ ਲਗਾ ਦਿੱਤੀ।
ਦਸੰਬਰ 1748 ਨੂੰ ਅਬਦਾਲੀ ਲਾਹੌਰ ਪਹੁੰਚ ਗਿਆ। ਵਾਰ ਵਾਰ ਮੰਗਣ ਦੇ ਬਾਵਜੂਦ ਜਦੋਂ ਦਿੱਲੀ ਤੋਂ ਕੋਈ ਫੌਜੀ ਮਦਦ ਨਾ ਪਹੁੰਚੀ ਤਾਂ ਮੀਰ ਮੰਨੂ ਨੇ ਗੁਜਰਾਤ, ਪਸਰੂਰ, ਸਿਆਲਕੋਟ ਅਤੇ ਔਰੰਗਾਬਾਦ ਪਰਗਣਿਆਂ ਦਾ 14 ਲੱਖ ਸਲਾਨਾ ਖਰਾਜ਼ ਅਬਦਾਲੀ ਨੂੰ ਦੇਣਾ ਮੰਨ ਕੇ ਉਸ ਨਾਲ ਸੰਧੀ ਕਰ ਲਈ। ਅਬਦਾਲੀ ਲਾਹੌਰ ਤੋਂ ਹੀ ਵਾਪਸ ਕਾਬਲ ਨੂੰ ਮੁੜ ਗਿਆ। ਦਿੱਲੀ ਦਾ ਨਵਾਂ ਵਜ਼ੀਰ ਸਫਦਰ ਜੰਗ ਮੀਰ ਮੰਨੂ ਦਾ ਬਹੁਤ ਸਖਤ ਵਿਰੋਧੀ ਸੀ। ਉਸ ਨੇ ਮੀਰ ਮੰਨੂ ਦੀ ਤਾਕਤ ਘੱਟ ਕਰਨ ਲਈ ਸ਼ਾਹਨਿਵਾਜ਼ ਖਾਨ ਨੂੰ ਮੁਲਤਾਨ ਦਾ ਸੂਬੇਦਾਰ ਥਾਪ ਦਿੱਤਾ। ਸ਼ਾਹਨਿਵਾਜ਼ ਨੇ ਮਈ 1749 ਨੂੰ ਮੁਲਤਾਨ 'ਤੇ ਕਬਜ਼ਾ ਕਰ ਲਿਆ ਤੇ ਲਾਹੌਰ ਉੱਪਰ ਕਬਜ਼ਾ ਕਰਨ ਦੀ ਤਿਆਰੀ ਆਰੰਭ ਦਿੱਤੀ। ਮੀਰ ਮੰਨੂ ਨੇ ਕੌੜਾ ਮੱਲ ਨੂੰ ਮੁਲਤਾਨ ਦਾ ਕਬਜ਼ਾ ਬਹਾਲ ਕਰਨ ਲਈ ਨੀਯਤ ਕੀਤਾ। ਕੌੜਾ ਮੱਲ ਨੇ ਮੀਰ ਮੰਨੂ ਦੀ ਆਗਿਆ ਨਾਲ 10000 ਸਿੱਖ ਫੌਜ ਵੀ ਨਾਲ ਲੈ ਲਈ। ਮੁਲਤਾਨ ਤੋਂ ਤਿੰਨ ਮੀਲ ਬਾਹਰ ਜੰਗ ਹੋਈ। ਸਿੱਖ ਫੌਜ ਨੇ ਕਮਾਲ ਦੀ ਬਹਾਦਰੀ ਵਿਖਾਈ। ਸ. ਜੱਸਾ ਸਿੰਘ ਆਹਲੂਵਾਲੀਆ ਦੀ ਗੋਲੀ ਨਾਲ ਸ਼ਾਹ ਨਿਵਾਜ਼ ਮਾਰਿਆ ਗਿਆ। ਉਸ ਦਾ ਸਿਰ ਵੱਢ ਕੇ ਮੀਰ ਮੰਨੂ ਕੋਲ ਲਾਹੌਰ ਭੇਜ ਦਿੱਤਾ ਗਿਆ। ਮੁਲਤਾਨ 'ਤੇ ਦੀਵਾਨ ਕੌੜਾ ਮੱਲ ਦਾ ਮੁਕੰਮਲ ਕਬਜ਼ਾ ਹੋ ਗਿਆ। ਉਸ ਦੀ ਸਿਫਾਰਸ਼ 'ਤੇ ਮੀਰ ਮੰਨੂ ਨੇ ਸਿੱਖਾਂ ਦੀ ਜਾਗੀਰ ਹੋਰ ਵਧਾ ਦਿੱਤੀ। ਸਿੱਖ ਵੀ ਉਸ ਦੇ ਇਲਾਕੇ ਵਿੱਚ ਅਰਾਮ ਨਾਲ ਵੱਸਣ ਲੱਗੇ। ਦੋ ਕੁ ਸਾਲ ਸੁੱਖ ਸ਼ਾਂਤੀ ਦੇ ਗੁਜ਼ਰ ਗਏ।
ਇਸ ਗੜਬੜ ਕਾਰਨ ਮੀਰ ਮੰਨੂ ਅਬਦਾਲੀ ਨੂੰ ਲਗਾਨ ਨਾ ਭਰ ਸਕਿਆ। ਇਸ 'ਤੇ ਤੀਸਰੀ ਵਾਰ ਅਬਦਾਲੀ ਪੰਜਾਬ ਵੱਲ ਚੱਲ ਪਿਆ। 1752 ਈ. ਦੇ ਸ਼ੁਰੂ ਵਿੱਚ ਉਹ ਲਾਹੌਰ ਦੇ ਨਜ਼ਦੀਕ ਪਹੁੰਚ ਗਿਆ ਤੇ ਸ਼ਾਹ ਬਿਲਾਵਲ ਪਿੰਡ ਕੋਲ ਮੋਰਚੇ ਗੱਡ ਦਿੱਤੇ। ਉਸ ਨੇ ਮੁਲਤਾਨ ਤੋਂ ਦੀਵਾਨ ਕੌੜਾ ਮੱਲ, ਜਲੰਧਰ ਤੋਂ ਅਦੀਨਾ ਬੇਗ ਅਤੇ ਕੌੜਾ ਮੱਲ ਰਾਹੀਂ 20000 ਸਿੱਖ ਵੀ ਮਦਦ ਲਈ ਬੁਲਾ ਲਏ। ਸਿੱਖ ਫੌਜ ਦਾ ਡੇਰਾ ਯੱਕੀ ਦਰਵਾਜ਼ੇ ਨਜ਼ਦੀਕ ਕਰਵਾਇਆ ਗਿਆ। ਇਥੇ ਅਬਦਾਲੀ ਦੀ ਫੌਜ ਨਾਲ ਇੱਕ ਝੜਪ ਵਿੱਚ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਸ਼ਹੀਦ ਹੋ ਗਿਆ। ਇਸ ਤੋਂ ਇਲਾਵਾ ਸਿੱਖਾਂ ਦੇ ਗਊ ਕਤਲ ਕਰਨ ਦੇ ਸਵਾਲ ਤੋਂ ਲਾਹੌਰੀ ਜਨਤਾ ਅਤੇ ਮੁਗਲ ਫੌਜ ਨਾਲ ਝਗੜੇ ਸ਼ੁਰੂ ਹੋ ਗਏ ਜਿਸ ਵਿੱਚ ਦੋਹਵਾਂ ਧਿਰਾਂ ਦੇ ਅਨੇਕਾਂ ਆਦਮੀ ਮਾਰੇ ਗਏ। ਇਹਨਾਂ ਘਟਨਾਵਾਂ ਕਾਰਨ ਸਿੱਖਾਂ ਦਾ ਮਨ ਖੱਟਾ ਹੋ ਗਿਆ ਤੇ ਉਹ ਮੀਰ ਮੰਨੂ ਦਾ ਸਾਥ ਛੱਡ ਕੇ ਚਲੇ ਗਏ। ਅਖੀਰ ਛੇ ਮਾਰਚ 1752 ਨੂੰ ਅਬਦਾਲੀ ਅਤੇ ਮੀਰ ਮੰਨੂ ਦੀ ਜੰਗ ਹੋਈ। ਮੀਰ ਮੰਨੂ ਦੇ ਜਰਨੈਲਾਂ ਵਿੱਚੋਂ ਸਿਰਫ ਕੌੜਾ ਮੱਲ ਹੀ ਦਿਲ ਡਾਹ ਕੇ ਲੜਿਆ ਮਰ ਮੱਥੇ ਵਿੱਚ ਗੋਲੀ ਵੱਜਣ ਕਾਰਨ ਰਣ ਤੱਤੇ ਵਿੱਚ ਮਾਰਿਆ ਗਿਆ। ਉਸ ਦਾ ਮੋਰਚਾ ਟੁੱਟਣ ਤੋਂ ਬਾਅਦ ਸਹਿਜੇ ਸਹਿਜੇ ਮੀਰ ਮੰਨੂ ਦੀ ਸਾਰੀ ਫੌਜ ਮੈਦਾਨ ਛੱਡ ਕੇ ਭੱਜ ਗਈ। ਮੀਰ ਮੰਨੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਉਸ ਦੀ ਬਹਾਦਰੀ ਤੋਂ ਖੁਸ਼ ਹੋ ਕੇ ਅਬਦਾਲੀ ਨੇ ਉਸ ਨੂੰ ਲਾਹੌਰ ਅਤੇ ਮੁਲਤਾਨ ਦਾ ਸੂਬੇਦਾਰ ਬਣਿਆ ਰਹਿਣ ਦਿੱਤਾ। ਦਿੱਲੀ ਦੇ ਬਾਦਸ਼ਾਹ ਨੇ ਮੁਲਤਾਨ ਅਤੇ ਲਾਹੌਰ 'ਤੇ ਅਬਦਾਲੀ ਦਾ ਹੱਕ ਮੰਨ ਲਿਆ। ਇਹ ਦੋਵੇਂ ਸੂਬੇ ਭਾਰਤ ਨਾਲੋਂ ਟੁੱਟ ਕੇ ਅਫਗਾਨਿਸਤਾਨ ਦਾ ਹਿੱਸਾ ਬਣ ਗਏ। ਇਹਨਾਂ ਦਾ ਲਗਾਨ 50 ਲੱਖ ਸਲਾਨਾ ਮਿਥਿਆ ਗਿਆ।
ਇਹ ਤੋਂ ਬਾਅਦ ਮੀਰ ਮੰਨੂ ਕਾਬਲ ਅਤੇ ਦਿੱਲੀ ਸਰਕਾਰ ਵੱਲੋਂ ਬੇਫਿਕਰ ਹੋ ਗਿਆ। ਸਿੱਖਾਂ ਨਾਲ ਉਸ ਦੇ ਮਿਲਾਪ ਦਾ ਇੱਕੋ ਇੱਕ ਜ਼ਰੀਆ ਦੀਵਾਨ ਕੌੜਾ ਮੱਲ ਮਰ ਚੁੱਕਾ ਸੀ। ਹੁਣ ਮੀਰ ਮੰਨੂ ਦੇ ਦਰਬਾਰ ਵਿੱਚ ਉਹਨਾਂ ਲੋਕਾਂ ਦਾ ਬੋਲਬਾਲਾ ਸੀ ਜੋ ਸਿੱਖਾਂ ਨੂੰ ਕਾਫਰ ਸਮਝ ਕੇ ਸਮੂਲਚੋਂ ਖਤਮ ਕਰਨਾ ਚਾਹੁੰਦੇ ਸਨ। ਉਹਨਾਂ ਨੇ ਮੀਰ ਮੰਨੂ ਦੇ ਦਿਮਾਗ ਵਿੱਚ ਜ਼ਹਿਰ ਭਰ ਦਿੱਤਾ ਕਿ ਉਸ ਦੀ ਅਬਦਾਲੀ ਹੱਥੋਂ ਹਾਰ ਦਾ ਕਾਰਨ ਸਿਰਫ ਤੇ ਸਿਰਫ ਸਿੱਖ ਹਨ। ਮੀਰ ਮੰਨੂ ਹੱਥ ਧੋ ਕੇ ਸਿੱਖਾਂ ਦੇ ਮਗਰ ਪੈ ਗਿਆ। ਉਸ ਨੇ ਜਾਗੀਰ ਜ਼ਬਤ ਕਰ ਲਈ ਤੇ ਹਰੇਕ ਕੇਸਧਾਰੀ ਦੇ ਕਤਲ ਦਾ ਹੁਕਮ ਜਾਰੀ ਕਰ ਦਿੱਤਾ। ਸਿੱਖਾਂ ਨੇ ਇਲਾਕੇ ਵਿੱਚ ਮਾਰ ਧਾੜ ਸ਼ੁਰੂ ਕਰ ਦਿੱਤੀ। ਸਾਰੇ ਪੰਜਾਬ ਵਿੱਚ ਫਿਰ ਗੜਬੜ ਫੈਲ ਗਈ। ਇਹ ਪਹਿਲੀ ਵਾਰ ਹੋਇਆ ਕਿ ਜੰਗੀ ਸਿੰਘਾਂ ਦੇ ਨਾਲ ਨਾਲ ਬ੍ਰਿਧਾਂ, ਔਰਤਾਂ ਅਤੇ ਬੱਚਿਆਂ ਨੂੰ ਵੀ ਕਤਲ ਕੀਤਾ ਜਾਣ ਲੱਗਾ। ਗਸ਼ਤੀ ਫੌਜ ਸ਼ਿਕਾਰੀ ਕੁੱਤਿਆਂ ਵਾਂਗ ਸਾਰੇ ਇਲਾਕੇ ਵਿੱਚ ਫੈਲ ਗਈ। ਇੱਕ ਸਿਰ ਦਾ ਮੁੱਲ ਦਸ ਰੁਪਏ ਰੱਖਿਆ ਗਿਆ ਜੋ ਉਸ ਵੇਲੇ ਬਹੁਤ ਵੱਡੀ ਰਕਮ ਸੀ। ਰੋਜ਼ਾਨਾ ਨਖਾਸ ਚੌਂਕ ਵਿੱਚ ਸੈਂਕੜੇ ਸਿੱਖ ਕਤਲ ਕੀਤੇ ਜਾਂਦੇ। ਔਰਤਾਂ 'ਤੇ ਖਾਸ ਤੌਰ 'ਤੇ ਸਖਤ ਜ਼ੁਲਮ ਢਾਏ ਜਾਂਦੇ ਸਨ। ਉਹਨਾਂ ਨੂੰ ਭਰ ਗਰਮੀ ਵਿੱਚ ਭੋਰਿਆਂ ਵਿੱਚ ਬੰਦ ਰੱਖਿਆ ਜਾਂਦਾ। ਰੋਜ਼ਾਨਾ ਸਵਾ ਮਣ ਦਾਣੇ ਚੱਕੀ ਨਾਲ ਪੀਹਣ ਲਈ ਦਿੱਤੇ ਜਾਂਦੇ। ਜੋ ਨਾ ਪੀਹ ਸਕਦੀ, ਕਤਲ ਕਰ ਦਿੱਤੀ ਜਾਂਦੀ। ਖਾਣ ਲਈ ਸਾਰੇ ਦਿਨ ਵਿੱਚ ਦੋ ਰੋਟੀਆਂ ਤੇ ਇੱਕ ਪਿਆਲਾ ਪਾਣੀ ਦਾ ਦਿੱਤਾ ਜਾਂਦਾ। ਭੁੱਖੇ ਬਾਲ ਗੋਦੀਆਂ ਵਿੱਚ ਵਿਲਕਦੇ ਪਰ ਮਾਵਾਂ ਭਾਣਾ ਮੰਨ ਕੇ ਪੀਸਣੇ ਪੀਸੀ ਜਾਂਦੀਆਂ।
ਜਦੋਂ ਫਿਰ ਵੀ ਕਿਸੇ ਬੀਬੀ ਨੇ ਧਰਮ ਨਾ ਛੱਡਿਆ ਤਾਂ ਮੀਰ ਮੰਨੂ ਨੇ ਖਿਝ• ਕੇ ਬੱਚੇ ਕਤਲ ਕਰਨੇ ਸ਼ੁਰੂ ਕਰ ਦਿੱਤੇ। ਦੁੱਧ ਚੰਘਦੇ ਬੱਚੇ ਖੋਹ ਕੇ ਅਸਮਾਨ ਵੱਲ ਵਗਾਹ ਕੇ ਮਾਰੇ ਜਾਂਦੇ ਤੇ ਥੱਲੇ ਬਰਛਾ ਡਾਹ ਕੇ ਮਾਰ ਦਿੱਤੇ ਜਾਂਦੇ। ਬੱਚਿਆਂ ਦੇ ਟੋਟੇ ਕਰ ਕੇ ਮਾਵਾਂ ਦੇ ਗਲਾਂ ਵਿੱਚ ਪਾਏ ਜਾਂਦੇ। ਇੱਕ ਵਾਰ ਤਾਂ ਸਾਰਾ ਇਲਾਕਾ ਮੀਰ ਮੰਨੂ ਨੇ ਸਿੱਖਾਂ ਤੋਂ ਖਾਲੀ ਕਰ ਦਿੱਤਾ। ਸਿੱਖਾਂ ਦੇ ਜਥੇ ਲੜਦੇ ਭਿੜਦੇ ਦੂਰ ਜੰਗਲਾਂ, ਪਹਾੜਾਂ ਜਾਂ ਮਾਲਵੇ ਦੇ ਰੇਤਥਲਿਆਂ ਵੱਲ ਨਿਕਲ ਗਏ। ਅਖੀਰ ਐਨਾ ਜ਼ੁਲਮ ਹੁੰਦਾ ਵੇਖ ਕੇ ਕੁਦਰਤ ਵੀ ਕਹਿਰਵਾਨ ਹੋ ਗਈ। 4 ਨਵੰਬਰ 1753 ਵਾਲੇ ਦਿਨ ਇੱਕ ਸੂਹੀਏ ਨੇ ਖਬਰ ਦਿੱਤੀ ਕਿ ਕਿਸੇ ਨਜ਼ਦੀਕੀ ਪਿੰਡ ਦੇ ਕਮਾਦ ਵਿੱਚ ਸਿੱਖ ਲੁਕੇ ਹੋਏ ਹਨ। ਮੀਰ ਮੰਨੂ ਨੇ ਖੁਦ ਫੌਜ ਲੈ ਕੇ ਕਮਾਦ ਨੂੰ ਘੇਰਾ ਪਾ ਲਿਆ। ਦੋਵਾਂ ਪਾਸਿਆਂ ਤੋਂ ਗੋਲੀ ਚੱਲਣ ਲੱਗੀ। ਕਮਾਦ ਦੇ ਅੰਦਰੋਂ ਚੱਲੀ ਇੱਕ ਗੋਲੀ ਮੀਰ ਮੰਨੂ ਦੇ ਘੋੜੇ ਨੂੰ ਆਣ ਲੱਗੀ। ਘੋੜਾ ਘਬਰਾ ਕੇ ਇੱਕ ਦਮ ਭੱਜ ਉੱਠਿਆ। ਮੀਰ ਮੰਨੂ ਕਾਠੀ ਤੋਂ ਥੱਲੇ ਜਾ ਡਿੱਗਾ ਪਰ ਉਸ ਦਾ ਪੈਰ ਰਕਾਬ ਵਿੱਚ ਫਸ ਗਿਆ। ਘੋੜੇ ਨੇ ਉਸ ਨੂੰ ਧੂਹ ਧੂਹ ਕੇ ਮਾਰ ਦਿੱਤਾ। ਉਸ ਦੀ ਫੌਜ ਨੂੰ ਕਈ ਮਹੀਨਿਆਂ ਦੀ ਤਨਖਾਹ ਨਹੀਂ ਸੀ ਮਿਲੀ। ਉਹਨਾਂ ਨੇ ਲਾਸ਼ 'ਤੇ ਕਬਜ਼ਾ ਕਰ ਲਿਆ। ਆਖਰ ਤਿੰਨ ਦਿਨ ਬਾਅਦ ਉਸ ਦੀ ਪਤਨੀ ਨੇ ਆਪਣੇ ਗਹਿਣੇ ਵੇਚ ਕੇ ਤਨਖਾਹ ਦਿੱਤੀ ਤੇ ਲਾਸ਼ ਦਾ ਅੰਤਿਮ ਸੰਸਕਾਰ ਕੀਤਾ। ਉਸ ਦੇ ਮਰਨ ਦੀ ਖਬਰ ਸੁਣਦੇ ਸਾਰ ਸਿੱਖ ਜਥੇ ਲਾਹੌਰ 'ਤੇ ਜਾ ਪਏ ਤੇ ਸਾਰੀਆਂ ਸਿੰਘਣੀਆਂ ਤੇ ਬੱਚਿਆਂ ਨੂੰ ਰਿਹਾ ਕਰਵਾ ਲਿਆ। ਉਸ ਦੀ ਮੌਤ ਤੋਂ ਬਾਅਦ ਸਿੱਖਾਂ ਨੂੰ ਕੁਝ ਸਮੇਂ ਲਈ ਸਾਹ ਮਿਲ ਗਿਆ ਤੇ ਉਹ ਦੁਬਾਰਾ ਸੰਗਠਿਤ ਹੋ ਕੇ ਪੰਜਾਬ ਵਿੱਚ ਮੱਲਾਂ ਮਾਰਨ ਲੱਗੇ।
-
ਬਲਰਾਜ ਸਿੰਘ ਸਿੱਧੂ, ਐਸ.ਪੀ (ਪੰਜਾਬ ਪੁਲਿਸ )
bssidhupps@gmail.com
9501100062
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.