ਕਿਸੇ ਵੀ ਪਰਿਵਾਰ, ਸਮਾਜ, ਕੌਮ ਅਤੇ ਦੇਸ਼ ਦਾ ਉੱਜਲ ਅਤੇ ਸੁਰੱਖਿਅਤ ਭਵਿੱਖ ਉਸਦੀ ਮੁੱਸ-ਮੁੱਸ ਕਰਦੀ ਨਰੋਈ ਆਤਮਾ, ਮੰਨ, ਬੁੱਧੀ ਅਤੇ ਸਰੀਰ ਵਜੋਂ ਅੰਗੜਾਈ ਲੈਂਦੀ ਨੌਜਵਾਨ ਪੀੜ੍ਹੀ ਹੁੰਦੀ ਹੈ। ਜੋ ਵੀ ਪਰਿਵਾਰ, ਸਮਾਜ, ਕੌਮ ਅਤੇ ਦੇਸ਼ ਇਸ ਨੌਜਵਾਨ ਪੀੜ੍ਹੀ ਨੂੰ ਵਧੀਆ ਅਤੇ ਹੁਨਰਮੰਦ, ਨੈਤਿਕ ਅਤੇ ਜਾਬਤਾ ਪਸੰਦ, ਸਿਖਿਅਤ ਅਤੇ ਸਮਾਜਿਕ ਇਨਸਾਫ ਪਸੰਦ ਢੰਗ ਨਾਲ ਪਾਲ-ਪੋਸ ਲੈਂਦਾ ਹੈ, ਨਿਸ਼ਚਿਤ ਤੌਰ ’ਤੇ ਉਸਦਾ ਭਵਿੱਖ ਉੱਜਲ, ਸੁਰੱਖਿਅਤ, ਵਿਕਾਸਮਈ ਅਤੇ ਸ਼ਾਨਾਮੱਤਾ ਹੁੰਦਾ ਹੈ।
ਲੇਕਿਨ ਭਾਰਤ ਦੇਸ਼ ਅੰਦਰ ਸ਼ਾਨਾਮੱਤੇ ਇਤਿਹਾਸ ਅਤੇ ਲਾਮਿਸਾਲ ਪਿਛੋਕੜ ਦੇ ਲਖਾਇਕ ਪੰਜਾਬ ਪ੍ਰਾਂਤ ਦੇ ਅਜੋਕੇ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਕ ਅਤੇ ਸਭਿਆਚਾਰਕ ਹਲਾਤਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਬਹੁਤ ਹੀ ਸ਼ਰਮਨਾਕ ਨਿਰਾਸ਼ਾ ਪੱਲੇ ਪੈਂਦੀ ਹੈ। ਇਸ ਦੀ ਅਜੋਕੀ ਕਰੀਬ 90 ਲੱਖ ਅੱਧਖੜ੍ਹ, ਸਰੀਰਕ, ਮਾਨਸਿਕ, ਬੌਧਿਕ ਅਤੇ ਆਤਮਿਕ ਤੌਰ ’ਤੇ ਨਕਾਰਾ, ਨਸ਼ੀਲੇ ਪਦਾਰਥਾਂ, ਅਪਰਾਧਿਕ, ਮਾਰੂ ਗੈਂਗਸਟਰ, ਗੈਰ-ਜ਼ਾਬਤਾ ਪਸੰਦ, ਅਨੈਤਿਕ ਅਤੇ ਵਿਕਾਸਹੀਨ-ਪੈਦਾਵਾਰ ਰਹਿਤ ਕਾਰਵਾਈਆਂ ਵਿਚ ਵਧੇਰੇ ਕਰਕੇ ਸ਼ਾਮਲ ਹੋਣ ਕਰਕੇ ਇਸ ਦਾ ਭਵਿੱਖ ਅਸੁਰੱਖਿਅਤ ਅੰਧਰੀ ਗੁਫ਼ਾ ਅੰਦਰ ਧਸਦਾ ਨਜ਼ਰ ਆਉਦਾ ਹੈ।
ਪੰਜਾਬ ਦੀ ਨੌਜਵਾਨੀ ਦੇ ਐਸੇ ਡਰਾਉਣੇ ਅਸੁਰੱਖਿਅਤ ਭਵਿੱਖ ਅਤੇ ਉਨ੍ਹਾਂ ਦੀ ਸਹੀ ਪਰਵਰਿਸ਼ ਨਾ ਕਰਨ ਲਈ ਮੁੱਖ ਤੌਰ ’ਤੇ ਪਰਿਵਾਰਾਂ ਅਤੇ ਮਾਪਿਆਂ ਇਲਾਵਾ ਇਸ ਦੀ ਨਿਕੰਮੀ, ਭਿ੍ਰਸ਼ਟ, ਸੁਆਰਥੀ, ਦੂਰ-ਦਿ੍ਰਸ਼ਟੀਹੀਣ, ਭਾਈ ਭਤੀਜਾਵਾਦੀ, ਲੋਟੂ, ਵੱਖ-ਵੱਖ ਮਾਰੂ ਮਾਫੀਆ ਗ੍ਰੋਹ ਸਭਿਆਚਾਰ ਦੀ ਪਾਲਕ ਰਾਜਨੀਤਕ ਲੀਡਰਸ਼ਿਪ ਹੈ।
ਦਰਅਸਲ ‘ਸੁਹਣੇ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਈਓ, ਜਿਵੇਂ ਫੁੱਲਾਂ ਵਿਚੋਂ ਫੁੱਲ ਗੁਲਾਬ ਨਾ ਸਈਓ’ ਦੀ ਨੌਜਵਾਨੀ ਦੇ ਉੱਜਲ, ਸੁਰੱਖਿਅਤ ਅਤੇ ਸ਼ਾਨਾਮੱਤੇ ਭਵਿੱਖ ਦਾ ਭੋਗ 15 ਅਗਸਤ, 1947 ਵਿਚ ਹੀ ਪੈ ਗਿਆ ਸੀ ਜਦੋਂ ਭਾਰਤੀ ਅਤੇ ਪਾਕਿਸਤਾਨੀ ਰਾਜਨੀਤਕ ਆਗੂਆਂ ਨੇ ਸਾਮਰਾਜਵਾਦੀ ਬਿ੍ਰਟਿਸ਼ ਸ਼ਾਸ਼ਕਾਂ ਦੀ ਘਿਨਾਉਣੀ ਯੁੱਧਨੀਤਕ ਡਿਪਲੋਮੈਟਿਕ ਭੂਗੋਲਿਕ ਚਾਲ ਵਿਚ ਆਪੋ-ਆਪਣੀ ਸੱਤਾ ਪ੍ਰਾਪਤੀ ਫਿਰਕੂ ਇੱਛਾ ਦੀ ਪੂਰਤੀ ਲਈ ਇਸ ਦੇ ਦੋ ਟੋਟੇ ਕਰ ਦਿਤੇ ਸਨ। ਨੌਜਵਾਨੀ ਨੂੰ ਇਸ ਵੰਡ ਨੇ ਦਿਤੀ ਮੌਤ, ਬੇਰੋਜ਼ਗਾਰੀ, ਸੁਰੱਖਿਅਤ ਭਵਿੱਖ ਅਤੇ ਜਿਊਣ ਲਈ ਬਦੇਸ਼ੀ ਲੱਲਕ।
ਦੇਸ਼ ਅਜ਼ਾਦੀ ਬਾਅਦ ਲਗਾਤਾਰ ਪੰਜਾਬ ਦਾ ਨੌਜਵਾਨ ਬੇਰੋਜ਼ਗਾਰੀ ਦੇ ਮਾਰੂ ਆਲਮ ਵਿਚ ਭਟਕਦਾ ਕਦੇ ਨਕਸਲਬਾੜੀ, ਕਦੇ ਖਾੜਕੂ, ਕਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਕਦੇ ਗੈਂਗਸਟਰ ਅਤੇ ਕਦੇ ਬਦੇਸ਼ਾਂ ਵਿਚ ਜਾਣ ਦੀ ਦੌੜ ਭਰੀ ਲਹਿਰ ਵਿਚ ਆਪਣਾ ਭਵਿੱਖ ਟੋਲਦਾ ਰਿਹਾ, ਆਹੂਤੀ ’ਤੇ ਆਹੂਤੀ ਦਿੰਦਾ ਰਿਹਾ। ਭਾਰਤੀ ਰਾਜ, ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਖਾਸ ਕਰਕੇ ਕਾਂਗਰਸ, ਅਕਾਲੀ ਅਤੇ ਭਾਜਪਾ ਸਬੰਧਿਤ ਆਗੂਆਂ ਪੰਜਾਬ ਦੀ ਅਫਸਰਸ਼ਾਹੀ, ਪੰਜਾਬ ਪੁਲਿਸ ਆਦਿ ਨੇ ਪੰਜਾਬ ਦੀ ਨੌਜਵਾਨੀ ਨੂੰ ਸੰਭਾਲਣ, ਸਹੀ ਦਿਸ਼ਾ ਦੇਣ, ਰੋਜ਼ਗਾਰ ਉਪਲਬੱਧ ਕਰਾਉਣ ਦੀ ਥਾਂ ਹਜ਼ਾਰਾਂ ਦੀ ਗਿਣਤੀ ਵਿਚ ਕਤਲ ਕਰਨ ਦਾ ਗੁਨਾਹ ਕੀਤਾ। ਇਹ ਸਭ ਇਸ ਗੁਨਾਹ ਤੋਂ ਇਨਕਾਰੀ ਨਹੀਂ ਹੋ ਸਕਦੇ ਅਤੇ ਇਹ ਸਭ ਇਸ ਸਜ਼ਾ ਦੇ ਭਾਗੀ ਹਨ। ਪ੍ਰਬੁੱਧ ਕਾਨੂੰਨਦਾਨਾਂ ਨੂੰ ਇਨ੍ਹਾਂ ਵਲੋਂ ਆਪਣੇ ਹੀ ਨੌਜਵਾਨਾਂ (ਭੁੱਲੇ-ਭੱਟਕੇ) ਦੇ ਕਤਲ-ਏ-ਆਮ ਦੇ ਦੋਸ਼ਾਂ ਵਿਚ ਮੁਕੱਦਮੇ ਚਲਾਏ ਜਾ ਸਕਣਦੇ (ਮਰਨ ਉਪਰੰਤ ਵੀ) ਰਸਤੇ ਖੋਜਣੇ ਚਾਹੀਦੇ ਹਨ ਤਾਂ ਕਿ ਭਵਿੱਖ ਵਿਚ ਐਸੇ ਲੋਕ ਆਪਣੇ ਹੀ ਨੌਜਵਾਨਾਂ ਨੂੰ ਕਤਲ ਨਾ ਕਰ ਸਕਣ। ਇਨਸਾਫ ਮਿਲਣ ਤਕ ਨੌਜਵਾਨ ਪੀੜ੍ਹੀਆਂ ਚੁੱਪ ਨਹੀਂ ਬੈਠਣ ਵਾਲੀਆਂ।
ਹਕੀਕਤ ਇਹ ਹੈ ਕਿ ਅਜੋਕੇ ਨੌਜਵਾਨ ਵਰਗ ਲਈ ਵਧੀਆ ਜੀਵਨ ਜਾਚ, ਸਿਖਿਆ, ਹੁਨਰ, ਕਿਰਤ ਸਭਿਆਚਾਰ ਅਤੇ ਰੋਜ਼ਗਾਰ ਲਈ ਨਾ ਤਾਂ ਕੇਂਦਰ ਸਰਕਾਰਾਂ ਅਤੇ ਨਾ ਹੀ ਪੰਜਾਬ ਸਰਕਾਰਾਂ ਕੋਲ ਕੋਈ ਨੀਤੀ, ਮਾਡਲ ਅਤੇ ਨਾ ਹੀ ਐਸੀ ਨੀਤੀ ਜਾਂ ਮਾਡਲ ਤੇ ਅਮਲ ਦਾ ਰੋਡ ਮੈਪ ਮੌਜੂਦ ਹੈ। ਸਾਡੀ ਰਾਜਨੀਤੀ, ਲੀਡਰਸ਼ਿਪ, ਧਾਰਮਿਕ ਵਿਵਸਥਾ ਅਤੇ ਇਸ ਸਬੰਧੀ ਲੀਡਰਸਸ਼ਿਪ ਨਿੱਜ ਪ੍ਰਸਤੀ ਅਤੇ ਸੁਆਰਥ, ਧੰਨ ਕੁਬੇਰਤਾ ਅਤੇ ਵੱਡੇ ਵਿਖਾਵੇਪਣ ਵਿਚ ਇਸ ਕਦਰ ਗਲਤਾਨ ਹੈ ਕਿ ਉਨ੍ਹਾਂ ਨੂੰ ਆਪਣੇ ਕੋਲ ਮੌਜੂਦ ਸਰਵਸ੍ਰੇਸ਼ਟ ਵਿਵਸਥਾ ਨੂੰ ਅਪਣਾਉਣ ਦੀ ਸੋਝੀ ਹੀ ਨਹੀਂ ਹੈ ਜਾਂ ਇਹ ਵਿਵਸਥਾ ਧੰਨ ਕੁਬੇਰਤਾ, ਭਿ੍ਰਸ਼ਟਾਚਾਰ, ਅਪਰਾਧੀਕਰਨ ਅਤੇ ਭਾਈ ਭਤੀਜਾਵਾਦ ਦੀ ਇਜਾਜ਼ਤ ਨਹੀਂ ਦਿੰਦੀ। ਇਹ ਵਿਵਸਥਾ ਹੈ ਮਹਾਨ ਸਿੱਖ ਗੁਰੂ ਨਾਨਕ ਦਾ ‘ਨਾਨਕ ਮਾਡਲ।’
ਸੰਨ 2010 ਵਿਚ ਜਦੋਂ ਲੇਖਕ ਪਹਿਲੀ ਵਾਰ ਕੈਨੇਡਾ ਗਿਆ ਤਾਂ ਉੱਥੇ ਪਹੁੰਚਣ ’ਤੇ ਇਕ ਚੇਤੰਨ ਅਤੇ ਵਿਵਹਾਰਕ ਰਿਸ਼ਤੇਦਾਰ ਦਾ ਟੈਲੀਫੋਨ ਆਇਆ। ‘ਭਾਜੀ ਤੁਸੀਂ ਖੁਸ਼ਕਿਸਮਤ ਅਤੇ ਵੱਡਭਾਗੀ ਹੋ ਕਿ ਬਾਬੇ ਨਾਨਕ ਦੀ ਧਰਤੀ ’ਤੇ ਆ ਗਏ ਹੋ।’ ਲੇਖਕ ਸੋਚਣ ਲਈ ਮਜਬੂਰ ਹੋਇਆ ਕਿ ਬਾਬਾ ਨਾਨਕ ਤਾਂ ਮੱਕੇ ਤੋਂ ਅੱਗੇ ਇੱਧਰ ਆਏ ਨਹੀਂ। ਫਿਰ ਇਹ ਕੀ ਕਹਿ ਰਹੇ ਹਨ? ਜ਼ਰਾ ਦਿਮਾਗ ’ਤੇ ਜ਼ੋਰ ਦਿਤਾ ਤਾਂ ਮੱਕੇ ਤੋਂ ਅੱਗੇ ਇੱਧਰ ਆਏ ਨਹੀਂ। ਫਿਰ ਇਹ ਕੀ ਕਹਿ ਰਹੇ ਹਨ? ਜ਼ਰਾ ਦਿਮਾਗ ‘ਤੇ ਜ਼ੋਰ ਦਿਤਾ ਤਾਂ ਸਭ ਸੋਝੀ ਆ ਗਈ। ਉਸ ਦੇਸ਼ ਅੰਦਰ ‘ਨਾਨਕ ਮਾਡਲ’ ਦਾ ‘ਕਿਰਤ ਸਭਿਆਚਾਰ’ ਪੂਰੀ ਤਰ੍ਹਾਂ ਲਾਗੂ ਹੈ। ਇਸੇ ਕਰਕੇ ਉਥੋਂ ਦੀ ਅਰਥਵਿਵਸਥਾ ਮਜ਼ਬੂਤ ਹੈ। ਪਰਿਵਾਰ, ਸਮਾਜ ਅਤੇ ਰਾਜ ਗੁਰੂ ਨਾਨਕ ਮਾਡਲ ਵਾਂਗ ਬੱਚਿਆਂ ਅਤੇ ਨੌਜਵਾਨਾਂ ਨੂੰ ਸਿਖਿਆ, ਮਾਨਸਿਕ, ਬੌਧਿਕ, ਸਰੀਰਕ ਅਤੇ ਆਤਮਿਕ ਤੌਰ ’ਤੇ ਵਧੀਆ ਅਤੇ ਹੁਨਰਮੰਦ ਜੀਵਨ-ਜਾਚ ਪ੍ਰਦਾਨ ਕਰਦੇ ਹਨ। ਉਸ ਸਮਾਜ ਦੇ ਬੱਚੇ ਉਨ੍ਹਾਂ ਦਾ ਕੀਮਤੀ ਸਰਮਾਇਆ ਉੱਜਲ ਅਤੇ ਸੁਰੱਖਿਅਤ ਭਵਿੱਖ ਸਮਝਿਆ ਜਾਂਦਾ ਹੈ। ‘ਨਾਨਕ ਮਾਡਲ’ ਨਾਲ ਸੁਮੇਲਤਾ ਕਰਕੇ ਸਿੱਖ ਭਾਈਚਾਰਾ ਉਸ ਰਾਜ, ਸਮਾਜ, ਸਰਕਾਰ ਅਤੇ ਲੋਕਤੰਤਰੀ ਵਿਵਸਥਾ ਦਾ ਸਨਮਾਨਜਨਕ ਅੰਗ ਬਣ ਚੁੱਕਾ ਹੈ।
ਪੰਜਾਬ ਅੰਦਰ ਹੈਰਾਨਗੀ ਦੀ ਗੱਲ ਇਹ ਹੈ ਕਿ ਜੇ ਇਸ ਦੀ ਅਜੋਕੀ ਦੁਰਦਸ਼ਾ ਲਈ ਰਾਜਨੀਤੀਵਾਨ, ਸਰਕਾਰਾਂ ਅਤੇ ਅਫਸਰਸ਼ਾਹੀ ਜੁਮੇਂਵਾਰ ਹਨ ਤਾਂ ਪਿੱਛੇ ਧਾਰਮਿਕ ਸੰਸਥਾਵਾਂ ਅਤੇ ਪਾਖੰਡੀ, ਕਿਰਤ ਸਭਿਆਚਾਰ ਤੋਂ ਭਗੌੜੇ ‘ਬਾਬੇ’ ਵੀ ਨਹੀਂ ਹਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਡੇਰੇਦਾਰ ਬਾਬੇ, ਧਾਰਮਿਕ ਅਦਾਰੇ ਧਰਮ ਪ੍ਰਚਾਰ, ਦੁਰਾਚਾਰ, ਧੰਨ ਕੁਬੇਰਤਾ ਕੇਂਦਰਤ ਹੋ ਗਏ ਹੋਏ ਹਨ।
ਨਾਨਕ ਦਾ ਸਿੱਖੀ ਸੰਦੇਸ਼ ਭੁੱਲ ਗਏ ਜਿਸ ਬਾਰੇ ਅਮਰੀਕਾ ਦਾ ਪ੍ਰਸਿੱਧ ਵਿਦਵਾਨ ਐੱਚ.ਐੱਲ. ਬਰਾਡਸ਼ਾਹ ਲਿਖਦਾ ਹੈ, ‘‘ਸਿੱਖੀ ਇਕ ਸਰਬ ਵਿਆਪਕ ਭਾਵ ਸੰਪੂਰਨ ਜਗਤ ਧਰਮ ਹੈ ਅਤੇ ਮਨੁੱਖ ਮਾਤਰ ਨੂੰ ਸਮਾਨ ਸੰਦੇਸ਼ ਦਿੰਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਪ੍ਰਚਾਰਿਆ ਧਰਮ ਹੀ ਨਵੇਂ ਯੁੱਗ ਦਾ ਧਰਮ ਹੈ। ਇਹ ਪੂਰਨ ਰੂਪ ਵਿਚ ਪੁਰਾਣੇ ਮੱਤਾਂ ਦੀ ਜਗ੍ਹਾ ਮਿਲਦਾ ਹੈ। ਸੱਚਾਈ ਇਹ ਹੈ ਕਿ ਸਿੱਖ ਧਰਮ ਵਰਤਮਾਨ ਮਨੁੱਖ ਦੀਆਂ ਸਮੱਸਿਆਵਾਂ ਦਾ ਸੁਚਾਰੂ ਹੱਲ ਹੈ।’’ ਸਿੱਖੀ ਇਕ ਨਿਰੰਤਰ ਸਮਾਜਿਕ, ਧਾਰਮਿਕ, ਰਾਜਨੀਤਕ ਚੇਤੰਨਤਾ ਦੀ ਸਮਾਜਿਕ ਅਤੇ ਆਰਥਿਕ ਇਨਸਾਫ ਦੀ ਭੇਦ ਭਾਵਹੀਨ ਲਹਿਰ ਹੈ ਜੋ ਹਰ ਵਰਗ, ਜ਼ਾਤ, ਿਗ, ਇਲਾਕੇ ਦੇ ਵਿਅਕਤੀ ਨੂੰ ਆਪਣੇ ਸਮਦਰਸ਼ੀ ਕਲਾਵੇ ਵਿਚ ਲੈਂਦੀ ਹੈ।
ਨਾਨਕ ਮਾਡਲ ਵਧੀਆ ਸਿਖਿਆ, ਜ਼ਬਤ, ਹੁਨਰ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਕੁਰਹਿਤਾਂ, ਵਿਭਚਾਰਾਂ, ਮਲੀਨ ਵਿਚਾਰਾਂ ਤੋਂ ਦੂਰ ਰਖਦਾ ਕਿਰਤ ਸਭਿਆਚਾਰ ਵਲ ਰੁਚਿਤ ਕਰਦਾ ਹੈ। ਗੁਰਬਾਣੀ ਉਸਦੀ ਸੁਚਾਰੂ ਰੂਪ ਵਿਚ ਅਗਵਾਈ ਕਰਦੀ ਹੈ। ‘ਗਿਆਨੁ ਭਇਆ ਤਹ ਕਰਮਹ ਨਾਮੁ’, ਇਵੇਂ ਹੀ ‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚ।’
ਨਾਨਕ ਮਾਡਲ ਅਨੁਸਾਰ ਹਰ ਨੌਜਵਾਨ ਹਰ ਤਰ੍ਹਾਂ ਦੀ ਕਿਰਤ ਕਰਨ ਲਈ ਤੱਤਪਰ ਰਹਿੰਦਾ ਹੈ। ਉਹ ਭਾਵੇਂ ਹੁਨਰਮੰਦ ਜਾਂ ਗੈਰ ਹੁਨਰਮੰਦ ਹੋਵੇ। ਘੱਟ ਉਜਰਤ ਵਾਲੀ ਹੋਵੇ। ਪੰਜਾਬ ਦੀਆਂ ਮੂਰਖਾਨਾ ਪਹੁੰਚ ਵਾਲੀਆਂ ਸਰਕਾਰਾਂ, ਇਨ੍ਹਾਂ ਦੀ ਆਰਥਿਕ, ਸਨਅਤੀ, ਰੋਜ਼ਗਾਰ ਯੋਜਨਾਵਾਂ ਅਤੇ ਨੀਤੀਆਂ ਨੇ ਦਿਹਾਤ ਸਬੰਧਿਤ ਛੋਟੇ-ਛੋਟੇ ਹੱਥਕਰਘਾ ਲਘੂ ਉਦਯੋਗ ਜਿਵੇਂ ਵਾਣ ਵੱਟਣਾ, ਕੱਪੜਾ ਬੁਣਨਾ, ਦਰੀਆਂ, ਖੇਸ ਬੁਣਨੇ, ਦਾਤੀਆਂ, ਰੰਬੇ, ਦੁਸਾਂਘੇ, ਤਰੰਘਲੀਆਂ ਬਣਾਉਣੀਆਂ, ਡੇਅਰੀ ਅਤੇ ਇਸ ਤੋਂ ਵੱਖ-ਵੱਖ ਵਸਤਾਂ ਬਣਾਉਣਾ, ਟੋਕਰੀਆਂ, ਛਿੱਕੂ, ਹੱਥ ਪੱਖੇ, ਬਹਾਰੀਆਂ, ਮੰਜੇ ਉਣਨ ਦਾ ਨਿਰਮਾਣ ਕਰਨਾ, ਲਕੜ ਦਾ ਸਮਾਨ ਤਿਆਰ ਕਰਨਾ, ਗੁੜ੍ਹ-ਸ਼ੱਕਰ-ਸਿਰਕੇ ਦਾ ਨਿਰਮਾਣ ਕਰਨਾ ਆਦਿ ਤਬਾਹ ਕਰ ਰਖੇ ਹਨ। ਸ਼ਹਿਰਾਂ ਵਿਚ ਦੇਗੀ ਲੋਹਾ ਫਾਊਂਡਰੀਆਂ, ਕਢਾਈ, ਬੁਣਤੀ, ਖੇਡਾਂ ਦਾ ਸਮਾਨ, ਬਰਤਨ, ਛਪਾਈ, ਜੁੱਤੇ ਨਾਲੇ-ਪਰਾਂਦੇ ਆਦਿ ਖਤਮ ਹੋ ਚੁੱਕੇ ਹਨ। ਵੱਡੇ ਉਦਯੋਗਾਂ ਨੂੰ ਛੋਟੇ-ਛੋਟੇ ਪੁਰਜੇ ਅਤੇ ਹੋਰ ਚੀਜ਼ਾਂ ਤਿਆਰ ਕਰਨ ਵਾਲੀਆਂ ਫੈਕਟਰੀਆਂ ਬੰਦ ਹੋ ਚੁੱਕੀਆਂ ਹਨ।
ਇਹ ਚੀਜ਼ਾਂ ਚੀਨ, ਕੋਰੀਆ, ਵੀਅਤਨਾਮ, ਥਾਈਲੈਂਡ, ਫਿਲਪਾਈਨਜ਼ ਆਦਿ ਅਪਣਾ ਕੇ ਆਪਣੀ ਨੌਜਵਾਨ ਪੀੜ੍ਹੀ ਲਈ ਲੱਖਾਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਸਫਲ ਹੋਏ ਹਨ। ਸਾਡੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਵਲ ਨਿਵੇਸ਼ ਲਈ ਦੌੜ-ਦੌੜ ਸਮਾਂ ਬਰਬਾਦ ਕਰਨ ਰਾਹ ਪਈਆਂ ਹੋਈਆਂ ਹਨ। ਨਾ ਨੌ ਮਣ ਤੇਲ ਹੋਵੇ ਅਤੇ ਨਾ ਰਾਧਾ ਨੱਚੇ।
ਨੌਜਵਾਨੀ ਨੂੰ ਕਾਰੇ ਲਾਉਣ ਲਈ ਨਾਨਕ ਮਾਡਲ ਅਨੁਸਾਰ ਦਿਹਾਤ ਅਤੇ ਸ਼ਹਿਰਾਂ ਵਿਚ ਲਘੂ ਅਤੇ ਹੱਥ ਕਰਘਾ ਉਦਯੋਗ ਖੋਲ੍ਹਣੇ ਅਤੇ ਚਲਾਉਣੇ ਚਾਹੀਦੇ ਹਨ। ਖੇਤੀ ਸਬੰਧਿਤ ਸਹਾਇਕ ਧੰਦੇ ਉਤਸ਼ਾਹਿਤ ਕਰਨੇ ਚਾਹੀਦੇ ਹਨ। ਉਨ੍ਹਾਂ ਨੂੰ ਸਵੈ-ਰੋਜ਼ਗਾਰ ਅਤੇ ਕੁਆਲਿਟੀ ਉਤਪਾਦਨ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।
ਸੁਅੱਛ ਜੀਵਨ ਲਈ ਗੁਰਬਾਣੀ ਨਾਲ ਨਿਯਮਤ ਤੌਰ ’ਤੇ ਜੋੜਨਾ ਚਾਹੀਦਾ ਹੈ। ਮਾੜੀ ਸੰਗਤ ਦੀ ਥਾਂ ਗੁਰੂ ਘਰਾਂ, ਸੱਥਾਂ, ਖੇਡ ਦੇ ਮੈਦਾਨਾਂ, ਮਾਰਸ਼ਲ ਆਰਟ, ਸੰਗੀਤ, ਕਲਾ ਅਤੇ ਆਪਣੇ ਅਮੀਰ ਸਭਿਆਚਾਰ ਨਾਲ ਜੋੜਨਾ ਚਾਹੀਦਾ ਹੈ। ਇਹ ਕਾਰਜ ਉਸ ਨੂੰ ਨਸ਼ੀਲੇ ਪਦਾਰਥਾਂ ਦੇ ਸੇਵਨ ਅਤੇ ਗੰਦੀ ਸੋਚ ਤੋਂ ਦੂਰ ਰਖਣਗੇ।
ਨਾਨਕ ਮਾਡਲ ਅਨੁਸਾਰ ਹਰ ਨੌਜਵਾਨ ਨੂੰ ਵਲੰਟੀਅਰ ਸੇਵਾ ਵਲ ਲਗਾਉਣਾ ਚਾਹੀਦਾ ਹੈ। ਇਸ ਨੂੰ ਉਸ ਦੇ ਨਿੱਤ ਪ੍ਰਤੀ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਧਾਰਮਿਕ ਰੁਚੀਆਂ ਤੇ ਰਾਜਨੀਤੀ ਕਦੇ ਵੀ ਪ੍ਰਭਾਵੀ ਨਹੀਂ ਹੋਣ ਦੇਣੀ ਚਾਹੀਦੀ। ਨਾ ਹੀ ਧਾਰਮਿਕ ਸਥਾਨ ਰਾਜਨੀਤੀ ਦਾ ਅਖਾੜਾ ਬਣਨ ਦੇਣੇ ਚਾਹੀਦੇ ਹਨ। ਉਲਟਾ ਰਾਜਨੀਤੀ ਧਰਮ ਦੇ ਤਾਕਤਵਰ ਅਤੇ ਪ੍ਰਭਾਵੀ ਕੁੰਢੇ ਨਾਲ ਸੁਅੱਛ ਕਰਨਾ ਚਾਹੀਦਾ ਹੈ। ਨਾਨਕ ਮਾਡਲ ਵਿਚ ਭਿ੍ਰਸ਼ਟਾਚਾਰ, ਲੁੱਟ-ਖਸੁੱਟ, ਸਮਾਜਿਕ-ਆਰਥਿਕ ਬੇਇਨਸਾਫੀ, ਧੋਖਾਧੜੀ, ਧੰਨ ਕੁਬੇਰਤਾ, ਡੇਰਾਵਾਦ, ਫੱਕੜਵਾਦ ਦਾ ਕੋਈ ਸਥਾਨ ਨਹੀਂ। ਨਾਨਕ ਮਾਡਲ ਸੁਹਣੇ, ਨੈਤਿਕ, ਸਾਫ਼ ਸੁਥਰੇ ਸਿੱਖ ਅਤੇ ਇਵੇਂ ਹੀ ਸੁਹਣੇ, ਨੈਤਿਕ, ਸਾਫ ਸੁਥਰੇ, ਵਿਕਾਸਮਈ ਸਮਾਜ, ਰਾਜ ਅਤੇ ਸਰਕਾਰ ਦਾ ਨਿਰਮਾਣ ਕਰਦਾ ਹੈ। ਕੈਨੇਡਾ ਅੰਦਰ ਸਿੱਖਾਂ ਅਤੇ ਸਿੱਖ ਭਾਈਚਾਰੇ ਨੇ ਐਸਾ ਕਰ ਵਿਖਾਇਆ ਹੈ। ਇਵੇਂ ਨਾਨਕ ਮਾਡਲ ‘ਯੂਟੋਪੀਆ’ ਨਹੀਂ ਹੈ। ਪ੍ਰੈਕਟੀਕਲ ਹਕੀਕਤ ਅਤੇ ਸੱਚਾਈ ਹੈ। ਇਸ ‘ਤੇ ਅਮਲ ਕਰਦਿਆਂ ਪੰਜਾਬ ਅੰਦਰ ਹਰ ਰਾਜਨੀਤਕ ਪਾਰਟੀ ਅਤੇ ਸਿੱਖ ਧਰਮ ਅਤੇ ਸਮਾਜ ਨਾਲ ਸਬੰਧਿਤ ਸੰਸਥਾਵਾਂ ਦੀ ਨਿਕੰਮੀ, ਭਿ੍ਰਸ਼ਟ, ਵਿਭਚਾਰੀ, ਘਾਤਿਕ, ਦੂਰ ਅੰਦੇਸ਼ੀਹੀਨ ਲੀਡਰਸ਼ਿਪ ਨੂੰ ਬਦਲਣ ਦੀ ਫੌਰੀ ਲੋੜ ਹੈ।
-
ਦਰਬਾਰਾ ਸਿੰਘ ਕਾਹਲੋਂ, ਲੇਖਕ
kahlondarbarasingh@gmail.com
416-887-2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.