ਦੁਨੀਆਂ ਦੇ ਕਿਸੇ ਖਿੱਤੇ ਦੇ ਇਤਿਹਾਸ 'ਤੇ ਇੱਕ ਭੁਗੋਲਿਕ ਵਿਸ਼ੇਸ਼ਤਾ ਨੇ ਐਨਾ ਪ੍ਰਭਾਵ ਨਹੀਂ ਪਾਇਆ ਹੋਵੇਗਾ ਜਿੰਨਾ ਪੰਜਾਬ ਦੇ ਇਤਿਹਾਸ 'ਤੇ ਦੱਰਾ ਖੈਬਰ ਨੇ ਪਾਇਆ ਹੈ। ਅਸਲ ਵਿੱਚ ਪੰਜਾਬ ਦਾ ਇਤਿਹਾਸ ਲਿਖਿਆ ਹੀ ਦਰਾ ਖੈਬਰ ਨੇ ਹੈ। ਇਸ ਕਾਰਨ ਕਈ ਸਲਤਨਤਾਂ ਬਣੀਆਂ ਤੇ ਕਈ ਤਬਾਹ ਹੋਈਆਂ। ਦੱਰਾ ਖੈਬਰ ਰਾਹੀਂ ਭਾਰਤ 'ਤੇ ਹਮਲਾ ਕਰਨ ਵਾਲੇ ਸਭ ਤੋਂ ਪਹਿਲੇ ਵਿਦੇਸ਼ੀ ਸਨ ਆਰੀਅਨ ਕਬੀਲੇ। ਉਹਨਾਂ ਨੇ 3300 ਸਾਲ ਪਹਿਲਾਂ 1500 ਬੀ.ਸੀ. ਵਿੱਚ ਖੈਬਰ ਦੱਰੇ ਨੂੰ ਪਾਰ ਕੀਤਾ। ਉਹਨਾਂ ਨੇ ਅਤਿ ਆਧੁਨਿਕ ਸਿੰਧ ਘਾਟੀ ਦੀ ਸਭਿਅਤਾ ਨੂੰ ਤਬਾਹ ਕਰ ਕੇ ਸਾਰੇ ਉੱਤਰੀ ਅਤੇ ਮੱਧ ਭਾਰਤ 'ਤੇ ਕਬਜ਼ਾ ਜਮਾ ਲਿਆ ਅਤੇ ਭਾਰਤ ਵਿੱਚ ਹਿੰਦੂ ਧਰਮ ਦੀ ਨੀਂਹ ਰੱਖੀ। ਆਰੀਅਨਾਂ ਤੋਂ ਬਾਅਦ ਇਰਾਨ ਦੇ ਬਾਦਸ਼ਾਹ ਡੇਰੀਅਸ ਪਹਿਲੇ ਨੇ 516 ਬੀ.ਸੀ. ਅਤੇ ਯੂਨਾਨ ਦੇ ਪ੍ਰਸਿੱਧ ਸਮਰਾਟ ਸਿਕੰਦਰ ਮਹਾਨ ਨੇ 326 ਬੀ.ਸੀ. (ਅੱਜ ਤੋਂ 2126 ਸਾਲ ਪਹਿਲਾਂ) ਦੱਰਾ ਖੈਬਰ ਪਾਰ ਕੀਤਾ। ਡੇਰੀਅਸ ਨੇ ਤਾਂ ਸਿੰਧ ਅਤੇ ਪੰਜਾਬ 'ਤੇ ਕਬਜ਼ਾ ਕਰ ਲਿਆ ਪਰ ਸਿਕੰਦਰ ਬਹੁਤਾ ਅੱਗੇ ਨਾ ਵਧ ਸਕਿਆ। ਉਹ ਪੋਰਸ ਸਮੇਤ ਪੰਜਾਬ ਦੇ ਕੁਝ ਛੋਟੇ ਮੋਟੇ ਰਾਜਿਆਂ ਨੂੰ ਹਰਾ ਕੇ 19 ਮਹੀਨਿਆਂ ਬਾਅਦ ਵਾਪਸ ਚਲਾ ਗਿਆ।
ਜਦੋਂ ਵੀ ਪੰਜਾਬ ਅਤੇ ਭਾਰਤ ਵਿੱਚ ਕਮਜ਼ੋਰ ਅਤੇ ਅੱਯਾਸ਼ ਰਾਜੇ ਤਖਤ 'ਤੇ ਬੈਠਦੇ ਸਨ, ਵਿਦੇਸ਼ੀ ਹਮਲਾਵਰ ਆ ਧਮਕਦੇ ਸਨ। ਸਿਕੰਦਰ ਤੋਂ ਬਾਅਦ ਕੁਸ਼ਾਣ, ਸ਼ੱਕ, ਪਾਰਥੀਅਨ, ਮਹਿਮੂਦ ਗਜ਼ਨਵੀ (1050 ਤੋਂ 1070), ਮੁਹੰਮਦ ਗੌਰੀ (1191), ਮੰਗੋਲ (1309 ਤੋਂ 1315), ਤੈਮੂਰ ਲੰਗ (1398), ਬਾਬਰ (1525), ਨਾਦਰ ਸ਼ਾਹ (1739) ਅਤੇ ਅਹਿਮਦ ਸ਼ਾਹ ਅਬਦਾਲੀ (1748 ਤੋਂ 1767), ਸਭ ਖੈਬਰ ਦੇ ਰਸਤੇ ਹੀ ਆਏ। ਹਰੇਕ ਹਮਲੇ ਵਿੱਚ ਸਭ ਤੋਂ ਵੱਧ ਜਾਨੀ ਮਾਲੀ ਨੁਕਸਾਨ ਪੰਜਾਬ ਦਾ ਹੁੰਦਾ ਸੀ ਕਿਉਂਕਿ ਦਿੱਲੀ ਦੇ ਰਸਤੇ ਵਿੱਚ ਸਭ ਤੋਂ ਰੱਜਿਆ ਪੁੱਜਿਆ ਇਲਾਕਾ ਇਹੋ ਸੀ। ਹਮਲਾਵਰ ਦਿੱਲੀ ਵੱਲ ਚੜ•ਾਈ ਕਰਨ ਤੋਂ ਪਹਿਲਾਂ ਪੰਜਾਬ ਵਿੱਚ ਬੈਠ ਕੇ ਜੰਗੀ ਤਿਆਰੀ ਕਰਦੇ ਸਨ। ਅਖੀਰ ਸਿੱਖ ਮਿਸਲਾਂ ਤੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਹ ਵਰਤਾਰਾ ਹਮੇਸ਼ਾਂ ਲਈ ਬੰਦ ਕਰ ਦਿੱਤਾ। ਪੇਸ਼ਾਵਰ ਅਤੇ ਜਮਰੌਦ ਦੇ ਕਿਲਿਆਂ 'ਤੇ ਕਬਜ਼ੇ ਜਮਾ ਕੇ ਵਿਦੇਸ਼ੀ ਹਮਲਾਵਰਾਂ ਦੇ ਸਿਰ 'ਤੇ ਖਾਲਸਾ ਫੌਜ ਬਿਠਾ ਦਿੱਤੀ ਗਈ। ਖਾਲਸਾ ਫੌਜ ਨੇ 1834 ਵਿੱਚ ਖੈਬਰ 'ਤੇ ਕਬਜ਼ਾ ਕਰ ਲਿਆ। ਹਰੀ ਸਿੰਘ ਨਲਵਾ ਇਥੋਂ ਦਾ ਸਭ ਤੋਂ ਪ੍ਰਸਿੱਧ ਗਵਰਨਰ ਮੰਨਿਆਂ ਜਾਂਦਾ ਹੈ।
ਖੈਬਰ ਇੱਕ ਯਹੂਦੀ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ ਕਿਲ•ਾ। ਇਹ ਪਾਕਿਸਤਾਨ ਦੇ ਸੂਬਾ ਸਰਹੱਦ ਦੇ ਸਫੈਦ ਕੋਹ-ਸਪਿਨ ਘਾਰ ਪਰਬਤਾਂ ਵਿੱਚ 3510 ਫੁੱਟ ਦੀ ਉੱਚਾਈ 'ਤੇ ਸਥਿੱਤ ਹੈ। ਇਸ ਦੀ ਕੁੱਲ ਚੌੜਾਈ 5 ਕਿ.ਮੀ. ਹੈ। ਇਥੇ ਸਾਰਾ ਸਾਲ ਮੌਸਮ ਠੰਡਾ ਰਹਿੰਦਾ ਹੈ ਤੇ ਕਾਫੀ ਬਰਸਾਤ ਹੁੰਦੀ ਹੈ। ਇਸ ਦੇ ਇੱਕ ਪਾਸੇ ਪਾਕਿਸਤਾਨ 'ਤੇ ਦੂਸਰੇ ਪਾਸੇ ਅਫਗਾਨਿਸਤਾਨ ਹੈ। ਇਹ ਪੁਰਾਣੇ ਸਿਲਕ ਰੋਡ ਦਾ ਇੱਕ ਪ੍ਰਮੁੱਖ ਲਾਂਘਾ ਸੀ ਤੇ ਦੁਨੀਆਂ ਦੇ ਪ੍ਰਾਚੀਨਤਮ ਦਰਿਆਂ ਵਿੱਚ ਆਉਂਦਾ ਹੈ। ਇਸ ਨੇ ਪੰਜਾਬ 'ਤੇ ਜਬਰਦਸਤ ਇਤਿਹਾਸਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਪ੍ਰਭਾਵ ਪਾਇਆ ਹੈ। ਹੁਣ ਤੱਕ ਇਹ ਭਾਰਤ ਅਤੇ ਮੱਧ ਏਸ਼ੀਆ ਦਰਮਿਆਨ ਮਹੱਤਵਪੂਰਨ ਵਪਾਰਕ ਅਤੇ ਫੌਜੀ ਰਸਤਾ ਰਿਹਾ ਹੈ। ਹੁਣ ਇਹ ਪਾਕਿਸਤਾਨ ਦੇ ਅਰਧ ਅਜ਼ਾਦ ਪਸ਼ਤੂਨ ਕਬਾਇਲੀ ਫਾਟਾ (ਫੈਡਰਲੀ ਐਡਮਿਨੀਟਰਡ ਟਰਾਈਬਲ ਏਰੀਆ) ਇਲਾਕੇ ਦਾ ਹਿੱਸਾ ਹੈ। ਇਸ ਦੇ ਉੱਤਰ ਵੱਲ ਮਲਾਗੋਰੀ ਅਤੇ ਦੱਖਣ ਵੱਲ ਅਫਰੀਦੀ ਕਬੀਲੇ ਦਾ ਕਬਜ਼ਾ ਹੈ। ਅਫਰੀਦੀ ਇਸ ਦੱਰੇ ਨੂੰ ਆਪਣੀ ਮਾਲਕੀ ਸਮਝਦੇ ਸਨ ਤੇ ਇਥੋਂ ਗੁਜ਼ਰਨ ਵਾਲੇ ਵਪਾਰੀਆਂ ਤੋਂ ਟੈਕਸ ਵਸੂਲਦੇ ਸਨ। ਇਸ ਦੇ ਰਣਨੀਤਕ ਮਹੱਤਵ ਨੂੰ ਸਮਝਦੇ ਹੋਏ ਅੰਗਰੇਜ਼ਾਂ ਨੇ 1925 ਵਿੱਚ ਜਮਰੌਦ ਤੋਂ ਲੈ ਕੇ ਲੰਡੀ ਕੋਤਲ ਤੱਕ ਰੇਲਵੇ ਲਾਈਨ ਵਿਛਾ ਦਿੱਤੀ। ਇਹ ਲਾਈਨ ਇੰਜੀਨੀਅਰਿੰਗ ਕਲਾ ਦਾ ਇੱਕ ਬੇਹਤਰੀਨ ਨਮੂਨਾ ਸਮਝੀ ਜਾਂਦੀ ਹੈ।
ਅਫਗਾਨ ਸੰਕਟ ਵੇਲੇ ਇਸ ਦੱਰੇ ਦਾ ਨਾਮ ਸਾਰੀ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ। ਜਦੋਂ ਰੂਸ ਨੇ ਅਫਗਾਨਿਸਤਾਨ 'ਤੇ ਸੰਨ 1979 ਵਿੱਚ ਹਮਲਾ ਕੀਤਾ ਤਾਂ ਅਮਰੀਕਾ ਦੁਆਰਾ ਇਸ ਰਸਤੇ ਰਾਹੀਂ ਗੋਲੀ ਸਿੱਕਾ ਮੁਜ਼ਾਹਦੀਨਾਂ ਕੋਲ ਪਹੁੰਚਾਇਆ ਜਾਂਦਾ ਸੀ। ਜਦੋਂ ਅਮਰੀਕਾ ਨੇ ਸੰਨ 2001 ਵਿੱਚ ਤਾਲਿਬਾਨਾਂ ਅਤੇ ਅਲ ਕਾਇਦਾ 'ਤੇ ਹਮਲਾ ਕੀਤਾ ਤਾਂ ਨਾਟੋ ਫੌਜਾਂ ਨੂੰ ਵੀ ਸਾਰੀ ਰਸਦ ਅਤੇ ਤੇਲ ਇਸੇ ਰਸਤੇ ਪਹੁੰਚਦਾ ਸੀ। ਪਾਕਿਸਤਾਨ ਇਸ ਸਹੂਲਤ ਬਦਲੇ ਹਰ ਸਾਲ ਅਮਰੀਕਾ ਤੋਂ ਕਰੋੜਾਂ ਡਾਲਰ ਸਹਾਇਤਾ ਪ੍ਰਾਪਤ ਕਰਦਾ ਸੀ। ਤਾਲਿਬਾਨਾਂ ਨੇ ਇਹਨਾਂ ਟਰੱਕ ਕਾਨਵਾਈਆਂ 'ਤੇ ਹਮਲੇ ਕਰ ਕੇ ਅਨੇਕਾਂ ਵਾਰ ਸੈਂਕੜੇ ਟਰੱਕ ਸਾੜੇ ਸਨ। ਪਰ ਹੁਣ ਇਹ ਇਲਾਕਾ ਸੁਰੱਖਿਅਤ ਹੈ ਕਿਉਂਕਿ ਪਾਕਿਸਤਾਨੀ ਸਰਕਾਰ ਇਸ ਦੀ ਰਾਖੀ ਲਈ ਅਫਰੀਦੀ ਕਬੀਲੇ ਨੂੰ ਹਰ ਸਾਲ ਮੋਟਾ ਮੁਆਵਜ਼ਾ ਦਿੰਦੀ ਹੈ।
ਪਰ ਇਸ ਵੇਲੇ ਦਰਾ ਖੈਬਰ ਜਿਸ ਕੰਮ ਲਈ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ, ਉਹ ਹੈ ਨਕਲੀ ਹਥਿਆਰ ਬਣਾਉਣ ਦੀਆਂ ਸੈਂਕੜੇ ਫੈਕਟਰੀਆਂ। ਦੁਨੀਆਂ ਦੇ ਕਿਸੇ ਵੀ ਹਥਿਆਰ ਜਿਵੇਂ ਏ.ਕੇ. 47, ਊਜ਼ੀ ਮਸ਼ੀਨ ਗੰਨ, ਐਮ 16, ਕਿਸੇ ਵੀ ਮਾਰਕੇ ਦਾ ਪਿਸਤੌਲ-ਰਿਵਾਲਵਰ ਆਦਿ ਦੀ ਬੇਹੱਦ ਸਟੀਕ, ਕਾਰਗਰ, ਹੂਬਹੂ ਨਕਲ ਇਥੇ ਕੁਝ ਹੀ ਘੰਟਿਆਂ ਵਿੱਚ ਤਿਆਰ ਕਰ ਕੇ ਦੇ ਦਿੱਤੀ ਜਾਂਦੀ ਹੈ। ਇਹ ਘਰੇਲੂ ਉਦਯੋਗ ਬਿਲਕੁਲ ਕਾਨੂੰਨੀ ਹੈ ਕਿਉਂਕਿ ਫਾਟਾ ਵਿੱਚ ਹੋਣ ਕਾਰਨ ਇਥੇ ਪਾਕਿਸਤਾਨੀ ਕਾਨੂੰਨ ਲਾਗੂ ਨਹੀਂ ਹੁੰਦੇ ਤੇ ਟੈਕਸ ਵੀ ਨਾ ਦੇ ਬਰਾਬਰ ਹਨ। ਹਰੇਕ ਮਾਰਕੇ ਅਤੇ ਬੋਰ ਦੀਆਂ ਰਾਈਫਲਾਂ, ਬੰਦੂਕਾਂ, ਗੋਲੀਆਂ ਅਤੇ ਕਾਰਤੂਸਾਂ ਨਾਲ ਦੁਕਾਨਾਂ ਤੂੜੀਆਂ ਪਈਆਂ ਹਨ। ਜਿਹੜੇ ਚੀਨੀ ਪਿਸਤੌਲ ਜਾਂ ਅਸਾਲਟਾਂ ਸਾਡੇ ਪੰਜਾਬ ਵਿੱਚ ਸਮੱਗਲਰਾਂ ਜਾਂ ਗੈਂਗਸਟਰਾਂ ਕੋਲੋਂ ਪਕੜੀਆਂ ਜਾ ਰਹੀਆਂ ਹਨ, ਉਹ ਜਿਆਦਾਤਰ ਚੀਨ ਦੀ ਬਜਾਏ ਖੈਬਰ ਦੱਰੇ ਦੀਆਂ ਬਣੀਆਂ ਹੋਈਆਂ ਹਨ।
ਇਹ ਘਰੇਲੂ ਉਦਯੋਗ 19ਵੀਂ ਸਦੀ ਦੌਰਾਨ ਹੋਂਦ ਵਿੱਚ ਆਇਆ ਸੀ ਜਦੋਂ ਬ੍ਰਿਟਿਸ਼ ਫੌਜਾਂ ਨੇ ਅਫਗਾਨਿਸਤਾਨ ਵਿੱਚ ਫੌਜੀ ਕਾਰਵਾਈਆਂ ਕੀਤੀਆਂ। ਅਫਗਾਨਾਂ ਨੂੰ ਉਸ ਵੇਲੇ ਹਥਿਆਰਾਂ ਦੀ ਸਖਤ ਜਰੂਰਤ ਸੀ। ਉਹਨਾਂ ਦੀ ਜਰੂਰਤ ਪੂਰੀ ਕਰਨ ਲਈ ਦੱਰਾ ਖੈਬਰ ਵਿੱਚ ਕੁਝ ਵਰਕਸ਼ਾਪਾਂ ਖੁਲ• ਗਈਆਂ। ਉਸ ਵੇਲੇ ਬ੍ਰਿਟਿਸ਼ ਫੌਜ ਦੇ ਹਥਿਆਰਾਂ ਦੀ ਨਕਲ ਤਿਆਰ ਕੀਤੀ ਜਾਂਦੀ ਸੀ। ਅੰਗਰੇਜਾਂ ਨੇ ਵੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਬੜਾਵਾ ਹੀ ਦਿੱਤਾ। ਪਹਿਲੇ ਵਿਸ਼ਵ ਯੁੱਧ ਸਮੇਂ ਸੂਬਾ ਸਰਹੱਦ ਤੋਂ ਭਰਤੀ ਕੀਤੇ ਫੌਜੀਆਂ ਨੂੰ ਦੱਰੇ ਦੇ ਬਣੇ ਹਥਿਆਰ ਹੀ ਦਿੱਤੇ ਗਏ ਸਨ। ਕਿਉਂਕਿ ਬ੍ਰਿਟਿਸ਼ਾਂ ਨੂੰ ਡਰ ਸੀ ਕਿ ਇਹ ਅੱਖੜ ਕਿਸਮ ਦੇ ਫੌਜੀ ਸਰਕਾਰੀ ਰਾਈਫਲਾਂ ਲੈ ਕੇ ਭੱਜ ਜਾਣਗੇ। ਅਫਗਾਨਿਸਤਾਨ ਸਦੀਆਂ ਤੱਕ ਰੂਸ ਅਤੇ ਇੰਗਲੈਂਡ ਦਰਮਿਆਨ ਝਗੜੇ ਦਾ ਕਾਰਨ ਰਿਹਾ ਹੈ। ਇਸ ਲਈ ਇਹਨਾਂ ਕਾਰੀਗਰਾਂ ਨੂੰ ਦੋਵਾਂ ਦੇਸ਼ਾਂ ਦੇ ਹਥਿਆਰਾਂ ਦੀਆਂ ਨਕਲਾਂ ਬਣਾਉਣ ਦੀ ਮੁਹਾਰਤ ਹਾਸਲ ਹੋ ਗਈ। ਇਸ ਤੋਂ ਬਾਅਦ ਰੂਸੀ ਹਮਲੇ ਦੌਰਾਨ ਮੁਜ਼ਾਹਦੀਨਾਂ ਲਈ ਇਥੋਂ ਲੱਖਾਂ ਅਸਲਾਟਾਂ ਬਣ ਕੇ ਗਈਆਂ। ਇਸ ਤੋਂ ਬਾਅਦ ਜਦੋਂ ਅਮਰੀਕਾ ਨੇ ਤਾਲਿਬਾਨਾਂ 'ਤੇ ਹਮਲਾ ਕੀਤਾ ਤਾਂ ਇਹ ਤਾਲਿਬਾਨਾਂ ਨੂੰ ਹਥਿਆਰ ਸਪਲਾਈ ਕਰਨ ਦਾ ਮੁੱਖ ਜ਼ਰੀਆ ਬਣ ਗਿਆ।
ਪਾਕਿਸਤਾਨ ਵਿੱਚ ਹਥਿਆਰਾਂ ਦਾ ਲਾਇਸੈਂਸ ਬਹੁਤ ਅਸਾਨੀ ਨਾਲ ਬਣ ਜਾਂਦਾ ਹੈ। ਇੱਕ ਬੰਦਾ ਜਿੰਨੇ ਚਾਹੇ ਹਥਿਆਰ ਅਤੇ ਗੋਲੀਆਂ ਰੱਖ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਆਟੋਮੈਟਿਕ ਅਤੇ ਸੂਬਿਆਂ ਦੇ ਗ੍ਰਹਿ ਮੰਤਰਾਲੇ ਸੈਮੀ ਆਟੋਮੈਟਿਕ ਹਥਿਆਰਾਂ ਲਈ ਲਾਈਸੈਂਸ ਜਾਰੀ ਕਰਦੇ ਹਨ। ਏ.ਕੇ.47 ਵੀ ਕਾਨੂੰਨਨ ਖਰੀਦੀ ਜਾ ਸਕਦੀ ਹੈ। ਹਥਿਆਰਾਂ ਦੀ ਇਸ ਭਾਰੀ ਮੰਗ ਨੂੰ ਸਿਰਫ ਦੱਰਾ ਖੈਬਰ ਹੀ ਪੂਰੀ ਕਰ ਸਕਦਾ ਹੈ। ਦੱਰਾ ਖੈਬਰ ਵਿੱਚ ਅਸਲ•ੇ ਦੀ ਦੁਕਾਨ ਜਾਂ ਫੈਕਟਰੀ ਖੋਲ•ਣੀ ਬਹੁਤ ਹੀ ਅਸਾਨ ਹੈ। ਅਰਾਮ ਨਾਲ ਪਰਮਿਟ ਮਿਲ ਜਾਂਦਾ ਹੈ ਤੇ ਟੈਕਸ ਵੀ ਨਾਂਹ ਦੇ ਬਰਾਬਰ ਹਨ। ਸਰਕਾਰ ਦਾ ਵੀ ਕੋਈ ਬਹੁਤਾ ਕੰਟਰੋਲ ਨਹੀਂ ਹੈ। ਦੱਰਾ ਖੈਬਰ ਦੇ ਵਪਾਰੀਆਂ ਦੁਆਰਾ ਲਾਇਸੈਂਸ ਧਾਰੀਆਂ, ਤਾਲਿਬਾਨਾਂ, ਕਬੀਲਿਆਂ ਅਤੇ ਗੁੰਡਾ ਗਰੋਹਾਂ ਨੂੰ ਹਥਿਆਰਾਂ ਦੀ ਖੁਲ•ੀ ਵਿਕਰੀ ਹੁੰਦੀ ਹੈ। ਹਥਿਆਰ ਬਣਾਉਣ ਲਈ ਲੋਕਲ ਕੱਚੇ ਮਾਲ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ 'ਤੇ ਕੰਡਮ ਗੱਡੀਆਂ ਦੇ ਸਖਤ ਹਿੱਸੇ ਜਿਵੇਂ ਧੁਰਾ, ਕਮਾਨੀਆਂ ਅਤੇ ਕਰੈਂਕ ਸ਼ਾਫਟ ਆਦਿ ਵਰਤੇ ਜਾਂਦੇ ਹਨ। ਪਰ ਰੇਲਵੇ ਲਾਈਨਾਂ ਦੇ ਟੁਕੜੇ ਅਤੇ ਰੇਲਵੇ ਇੰਜਣਾਂ ਦੇ ਹਿੱਸੇ ਬੇਹੱਦ ਮਜ਼ਬੂਤ ਹੋਣ ਕਾਰਨ ਜਿਆਦਾ ਪਸੰਦ ਕੀਤੇ ਜਾਂਦੇ ਹਨ। ਗੋਲੀਆਂ ਦੇ ਜਿਆਦਾਤਰ ਖੋਲ ਸਟੀਲ ਦੇ ਹੁੰਦੇ ਹਨ ਜਿਹਨਾਂ ਨੂੰ ਤਾਂਬੇ ਦੀ ਪਾਲਿਸ਼ ਕਰ ਦਿੱਤੀ ਜਾਂਦੀ ਹੈ। ਬਹੁਤੀਆਂ ਗੋਲੀਆਂ ਨਾਟੋ ਅਤੇ ਪਾਕਿਸਤਾਨੀ ਫੌਜ ਦੇ ਚੱਲੇ ਹੋਏ ਕਾਰਤੂਸਾਂ ਨੂੰ ਦੁਬਾਰਾ ਭਰ ਕੇ ਬਣਾਈਆਂ ਜਾਂਦੀਆਂ ਹਨ। ਹਥਿਆਰ ਗਾਹਕ ਦੀ ਪਸੰਦ ਮੁਤਾਬਕ ਬੇਹੱਦ ਮਜ਼ਬੂਤ ਅਤੇ ਕਾਰਗਰ ਜਾਂ ਚਾਲੂ ਕਿਸਮ ਦੇ ਬਣਾਏ ਜਾਂਦੇ ਹਨ।
ਅੱਜਕਲ• ਜਿਆਦਾਤਰ ਅਮਰੀਕਨ, ਇੰਗਲਿਸ਼, ਰੂਸੀ, ਜਰਮਨ, ਇਟਾਲੀਅਨ, ਇਜ਼ਰਾਈਲੀ ਅਤੇ ਚੀਨੀ ਹਥਿਆਰਾਂ ਦੀਆਂ ਨਕਲਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਹ ਕਾਰੀਗਰ ਖਾਸ ਤੌਰ 'ਤੇ ਏ.ਕੇ. 47 ਅਤੇ ਰਿਵਾਲਵਰ-ਪਿਸਤੌਲ ਬਣਾਉਣ ਦੇ ਬੇਹੱਦ ਮਾਹਰ ਹਨ। ਹਥਿਆਰ 'ਤੇ ਮਾਰਕਾ ਸਟੈਂਪ ਕਰਨ ਲੱਗਿਆਂ ਜਾਣ ਬੁੱਝ ਕੇ ਥੋੜ•ਾ ਬਹੁਤ ਫਰਕ ਪਾ ਦਿੱਤਾ ਜਾਂਦਾ ਹੈ ਤਾਂ ਜੋ ਪਤਾ ਲੱਗ ਜਾਵੇ ਕਿ ਇਹ ਦੱਰਾ ਖੈਬਰ ਦਾ ਬਣਿਆ ਹੋਇਆ ਹੈ। ਇਥੇ ਬਣਨ ਵਾਲੇ ਹਥਿਆਰਾਂ ਦੇ ਆਪਣੇ ਵੀ ਬਰਾਂਡ ਨਾਮ ਹਨ ਜਿਵੇਂ ਬੁਫੈਲੋ, ਡਾਇਮੰਡ, ਡਬਲ ਡਰੈਗਨ, ਡਬਲ ਸਟਾਰ, ਗੁੱਡਲੱਕ, ਗੋਰੀਲਾ ਅਤੇ ਟਾਈਗਰ ਆਦਿ। ਸਾਕਿਬ ਬਰਾਂਡ ਇਥੋਂ ਦਾ ਇੱਕ ਪ੍ਰਸਿੱਧ ਬਰਾਂਡ ਹੈ। ਪੰਜਾਬ ਵਿੱਚ ਅੱਤਵਾਦ ਦੌਰਾਨ ਬਹੁਤੇ ਹਥਿਆਰ ਦੱਰੇ ਦੇ ਹੀ ਆਉਂਦੇ ਸਨ। ਪੰਜਾਬ ਵਿੱਚ ਕਿਸੇ ਦਾ ਪਿਸਤੌਲ ਚੈੱਕ ਕਰਨ ਲੱਗਿਆਂ ਅੱਜ ਵੀ ਜਰੂਰ ਪੁੱਛਦੇ ਹਨ ਕਿ ਵਲਾਇਤੀ ਆ ਕੇ ਦੱਰੇ ਦਾ ਮਾਲ ਆ? ਪਾਕਿਸਤਾਨੀ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ, ਜਦ ਤੱਕ ਅਫਗਾਨਿਸਤਾਨ ਅਤੇ ਸੂਬਾ ਸਰਹੱਦ ਵਿੱਚ ਸ਼ਾਂਤੀ ਨਹੀਂ ਹੁੰਦੀ, ਇਹ ਕਾਰੋਬਾਰ ਵਧਦਾ ਫੁੱਲਦਾ ਹੀ ਰਹਿਣਾ ਹੈ।
-
ਬਲਰਾਜ ਸਿੰਘ ਸਿੱਧੂ ਐਸ.ਪੀ. , ਐਸ.ਪੀ ਪੰਜਾਬ ਪੁਲਿਸ
bssidhupps@gmail.com
9501100062
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.