ਸੁਣ ਗਰਜਿਆ ਹਾਂ ਬੋਤਿਆ
ਸੁਣ ਬੋਤਿਆ ਹਾਂ ਗਰਜਿਆ
ਮਿੱਟੀ ਦਾ ਸਿਰ ਤੇ ਕਰਜ਼ ਆ
ਉਹ ਲਾਹੁਣਾ ਆਪਣਾ ਫ਼ਰਜ਼ ਆ
ਤੇ ਏਹੀ ਸਮੇਂ ਦੀ ਅਰਜ਼ ਆ
ਸੁਣ ਬੋਤਿਆ ਸੁਣ ਗਰਜਿਆ
ਇਹ ਸੁੱਤੀ ਧਰਤ ਪੰਜਾਬ ਦੀ
ਇਹਨੂੰ ਲੋੜ ਜਿਉਂਦੇ ਖ਼ਾਬ ਦੀ
ਉਸ ਬਾਣੀ ਅਤੇ ਰਬਾਬ ਦੀ
ਅੰਬਰਾਂ ਵਿਚ ਗੂੰਜੇ ਤਰਜ਼ ਆ
ਸੁਣ ਬੋਤਿਆ ਸੁਣ ਗਰਜਿਆ
ਕਹਿਣਾ ਹੈ ਅੰਮ੍ਰਿਤ ਘੁੱਟ ਦਾ
ਬਲ ਹੋਇਆਂ ਬੰਧਨ ਛੁੱਟ ਦਾ
ਸਾਹ ਵਿਚ ਗੁਲਾਮੀ ਹੁੱਟ ਦਾ
ਸਤਿਗੁਰ ਨੇ ਜਿਸ ਤੋਂ ਵਰਜਿਆ
ਸੁਣ ਬੋਤਿਆ ਸੁਣ ਗਰਜਿਆ
ਚੱਲ ਚੱਲੀਏ ਖ਼ੂਬ ਅਲਾਪਦੇ
ਗੁਣ ਕਲਗੀ ਵਾਲੇ ਬਾਪ ਦੇ
ਜੋ ਮਹਿਲ ਮੁਨਾਰੇ ਪਾਪ ਦੇ
ਉਹਨਾਂ ਨੂੰ ਢਾਹੁਣਾ ਫਰਜ਼ ਆ
ਸੁਣ ਬੋਤਿਆ ਸੁਣ ਗਰਜਿਆ
ਇਕ ਹੋਈਏ ਤੂੰ ਮੈਂ ਛੱਡ ਕੇ
ਡਟ ਜਾਈਏ ਪੈਂਤੜਾ ਗੱਡ ਕੇ
ਤੇ ਗਾਈਏ ਬਾਹਵਾਂ ਕੱਢ ਕੇ
ਜੋ ਗੀਤ ਲਹੂ ਵਿਚ ਲਰਜ਼ਿਆ
ਸੁਣ ਬੋਤਿਆ ਸੁਣ ਗਰਜਿਆ
-
ਜਸਵੰਤ ਸਿੰਘ ਜ਼ਫਰ, ਲੇਖਕ
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.