ਹਾਕੀ ਖਿਡਾਰੀ ਪ੍ਰਸਿੱਧ ਡਰੈਗ ਫਲਿੱਕਰ ਸੰਦੀਪ ਸਿੰਘ ਦੀ ਜ਼ਿੰਦਗੀ ਬਾਰੇ ਬਣੀ ਹਿੰਦੀ ਫਿਲਮ ‘ਸੂਰਮਾ’ ਅੱਜ ਵੇਖੀ। ਸੰਦੀਪ ਸਿੰਘ ਨਾਲ ਮੇਰੀ ਸਾਂਝ ਉਸ ਵੇਲੇ (2003-04) ਦੀ ਹੈ ਜਦੋਂ ਸੰਦੀਪ ਸਿੰਘ ਨੇ ਭਾਰਤੀ ਹਾਕੀ ਵੱਲੋਂ ਪਹਿਲਾਂ ਮੈਚ ਨਹੀਂ ਖੇਡਿਆ ਸੀ। ਅੱਜ ਸੰਦੀਪ ਦੀ ਫ਼ਿਲਮ ਵੇਖ ਕੇ ਪੰਦਰਾਂ ਸਾਲ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ।
ਸੰਦੀਪ ਨਾਲ ਜੁੜੀਆਂ ਯਾਦਾਂ ਹੋਰ ਤਾਜ਼ਾ ਕਰਨ ਲਈ ਪੁਰਾਣੀਆਂ ਤਸਵੀਰਾਂ ਫਰੋਲੀਆਂ।ਫੇਸਬੁੱਕ ਉਤੇ ਕੁਝ ਤਸਵੀਰਾਂ ਸਾਂਝੀਆਂ ਕਰ ਰਿਹਾ ਜਿਨ੍ਹਾਂ ਵਿੱਚੋਂ ਇੱਕ ਤਸਵੀਰ ਸੰਦੀਪ ਸਿੰਘ ਦੀ 2005 ਦੀ ਹੈ ਜਦੋਂ ਡੈਡੀ ਦੇ ਚੀਮਾ ਜੋਧਪੁਰ ਸਕੂਲ ਦੇ ਟੂਰ ਉਤੇ ਆਏ ਬੱਚਿਆਂ ਨੂੰ ਭਾਰਤ ਤੇ ਫਰਾਂਸ ਵਿਚਾਲੇ ਚੰਡੀਗੜ੍ਹ ਦੇ ਸੈਕਟਰ 42 ਸਟੇਡੀਅਮ ਵਿਖੇ ਖੇਡਿਆ ਮੈਚ ਦਿਖਾਇਆ ਸੀ। ਬਾਅਦ ਵਿੱਚ ਸਾਰੇ ਸਕੂਲੀ ਬੱਚੇ ਸੰਦੀਪ ਨੂੰ ਮਿਲ ਕੇ ਖੁਸ਼ ਹੋਏ।
ਇਕ ਤਸਵੀਰ 2008-09 ਦੀ ਹੈ ਜੋ ਸੰਦੀਪ ਦੇ ਗੋਲੀ ਲੱਗਣ ਦੀ ਘਟਨਾ ਤੋਂ ਬਾਅਦ ਦੀ ਹੈ ਜਦੋਂ ਸੰਦੀਪ ਸਿੰਘ ਨੇ ਕੌਮੀ ਟੀਮ ਵਿੱਚ ਵਾਪਸੀ ਤੋਂ ਪਹਿਲਾ ਪ੍ਰੀਮੀਅਰ ਹਾਕੀ ਲੀਗ ਵਿੱਚ ਚੰਡੀਗੜ੍ਹ ਡਾਇਨੋਮੋਜ਼ ਟੀਮ ਵੱਲੋਂ ਖੇਡ ਰਿਹਾ ਸੀ। ਤਸਵੀਰਾਂ ਵਿੱਚ ਸੰਦੀਪ ਦੇ ਸੀਨੀਅਰ ਸਾਥੀ ਰਹੇ ਦੀਪਕ ਠਾਕੁਰ, ਸੁਖਬੀਰ ਗਿੱਲ, ਪ੍ਰਭਜੋਤ ਸਿੰਘ, ਜਸਵਿੰਦਰ ਵੀ ਨਜ਼ਰ ਆ ਰਹੀ ਹੈ।
ਇਕ ਤਸਵੀਰ ਵਿੱਚ ਸੰਦੀਪ ਤੇ ਦੀਪਕ ਠਾਕੁਰ ਦੀ ਹੈ। ਅਸਲ ਵਿੱਚ ਉਸ ਵੇਲੇ ਮੈਂ ਪੰਜਾਬੀ ਟ੍ਰਿਬਿਊਨ ਲਈ ਦੀਪਕ ਠਾਕੁਰ ਦੀ ਇੰਟਰਵਿਊ ਕਰ ਰਿਹਾ ਸੀ ਅਤੇ ਕੋਲ ਬੈਠੇ ਸੰਦੀਪ ਨੇ ਮੇਰੇ ਕੋਲੋਂ ਪੈਨ ਕਾਪੀ ਫੜਦਿਆਂ ਕਿਹਾ, “ਭਾਜੀ ਮੈਂ ਇੰਟਰਵਿਊ ਕਰਦਾ, ਤੁਸੀਂ ਮੇਰੀ ਫੋਟੋ ਖਿੱਚੀ”
ਸੰਦੀਪ ਸਿੰਘ ਤੇ ਉਸ ਦੇ ਪਰਿਵਾਰ ਦੀਆਂ ਵੀ ਕੁਝ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ। ਸੰਦੀਪ, ਦੀਪਕ, ਪ੍ਰਭਜੋਤ, ਕਮਲਦੀਪ ਸਣੇ ਕਈ ਨਾਮੀ ਖਿਡਾਰੀਆਂ ਦੇ ਕੋਚ ਤੇ ਮੇਰੇ ਸ਼ਹਿਰ ਬਰਨਾਲਾ ਦੇ ਵਸਨੀਕ ਮਰਹੂਮ ਇੰਦਰਜੀਤ ਸਿੰਘ ਗਿੱਲ (ਭਾਊ) ਦੀ ਦੇਣ ਨੂੰ ਵੀ ਯਾਦ ਕਰ ਰਿਹਾ ਹਾਂ
ਸੰਦੀਪ ਜ਼ਿੰਦਗੀ ਦਾ ਅਸਲ ਜੁਝਾਰੂ ਹੈ ਜਿਸ ਨੇ ਗੋਲੀ ਲੱਗਣ ਤੋਂ ਬਾਅਦ ਆਪਣੀ ਵਿੱਲਪਾਵਰ ਨਾਲ ਵਾਪਸੀ ਕੀਤੀ। ਮੈਂ ਸੰਦੀਪ ਨੂੰ ਐਨ.ਆਈ.ਐਸ. ਪਟਿਆਲਾ ਵਿਖੇ ਸੰਦੀਪ ਨੂੰ ਇਕ-ਇਕ ਦਿਨ ਵਿੱਚ 300 ਡਰੈਗ ਫਲਿੱਕਾਂ ਲਗਾਉਂਦੇ ਹੋਏ ਅੱਖੀਂ ਵੇਖਿਆ ਹੈ। ਸੰਦੀਪ ਦੇ ਭਰਾ ਵਿਕਰਮਜੀਤ (ਮੌਂਟੀ) ਨੂੰ ਸੰਦੀਪ ਲਈ ਜੂਝਦਿਆਂ ਅਕਸਰ ਵੇਖਿਆਂ ਹੈ।ਫ਼ਿਲਮ ਵਿੱਚ ਸੰਦੀਪ ਦੇ ਕਈ ਮਹੱਤਵਪੂਰਨ ਟੂਰਨਾਮੈਂਟ ਨਹੀਂ ਦਿਖਾਏ ਗਏ ਜਿਵੇਂ ਕਿ ਓਲੰਿਪਕਸ, ਓਲੰਿਪਕ ਕੁਆਲੀਫਾਇਰ, ਸੁਲਤਾਨ ਅਜਲਾਨ ਸ਼ਾਹ ਆਦਿ।
ਸੰਦੀਪ ਨੂੰ ਫ਼ਿਲਮ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ। ਖੇਡਾਂ ਤੇ ਖਿਡਾਰੀਆਂ ਬਾਰੇ ਫਿਲਮਾਂ ਬਣਨੀਆਂ ਬਹੁਤ ਸਵਾਗਤ ਵਾਲਾ ਕਦਮ ਹੈ। ਸੰਦੀਪ ਦੇ ਨਾਲ ਹੀ ਦਲਜੀਤ ਦੋਸਾਂਝ ਤੇ ਲਾਈਨ ਪ੍ਰੋਡਿਊਸਰ ਬਾਈ ਦਰਸ਼ਨ ਔਲਖ ਨੂੰ ਵੀ ਬਹੁਤ-ਬਹੁਤ ਮੁਬਾਰਕਾਂ। ਦੋਸਤੋ, ਫ਼ਿਲਮ ਜ਼ਰੂਰ ਵੇਖ ਕੇ ਆਇਓ।
-
ਨਵਦੀਪ ਸਿੰਘ ਗਿੱਲ, ਲੇਖਕ
navdeepsinghgill82@gmail.com
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.