ਖ਼ਬਰ ਹੈ ਕਿ ਮੋਦੀ ਦੀ ਰੈਲੀ ‘ਚ ਕਾਲੇ ਕੱਪੜਿਆਂ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਾਲ ਝੁਨਝੁਨੂ ‘ਚ ਇੱਕ ਰੈਲੀ ਦੌਰਾਨ ਰਾਜਸਥਾਨ ਦੀ ਮੁੱਖਮੰਤਰੀ ਵਸੁੰਧਰਾ ਰਾਜੇ ਦੀ ਰੈਲੀ ‘ਚ ਕੁਝ ਲੋਕਾਂ ਕਾਲੇ ਝੰਡੇ ਦਿਖਾਏ ਸਨ। ਰਾਜਸਥਾਨ ‘ਚ ਪ੍ਰਧਾਨ ਮੰਤਰੀ ਜਨਸੰਵਾਦ ਨਾਂਅ ਨਾਲ ਰੈਲੀ ਦਾ ਆਯੋਜਿਨ ਕੀਤਾ ਗਿਆ, ਪਰ ਇਸ ਮੌਕੇ ਉਹ ਲੋਕ ਕਥਿਤ ਤੌਰ ‘ਤੇ ਰੈਲੀ ਅੰਦਰ ਦਾਖਲ ਨਹੀਂ ਹੋ ਪਾਏ, ਜਿਹਨਾ ਨੇ ਕਾਲੀ ਸ਼ਰਟ, ਕਾਲੀ ਪੈਂਟ, ਜਾਂ ਕਾਲੀ ਬਨੈਣ ਤੱਕ ਪਾਈ ਹੋਈ ਸੀ ਜਾਂ ਕੋਈ ਵੀ ਕਾਲਾ ਕੱਪੜਾ ਪਾਇਆ ਹੋਇਆ ਸੀ।
ਜਿਧਰ ਮੋਦੀ ਜੀ ਜਾਂਦੇ ਨੇ, ਲੋਕੀ ਸਵਾਲ ਖੜੇ ਕਰੀ ਜਾਂਦੇ ਨੇ। ਪੁੱਛਦੇ ਨੇ ਲੋਕੀਂ ਕਿ ਜੀਨ ਪਾਉਣ ਵਾਲੀਆਂ ਕੁੜੀਆਂ ਤੇ ਪਾਰਕਾਂ ‘ਚ ਬੈਠੇ ਜੋੜਿਆ ਤੇ ਹਮਲੇ ਕਿਉਂ ਹੁੰਦੇ ਨੇ? ਪੁੱਛਦੇ ਨੇ ਲੋਕੀਂ ਕਿ ਰਾਜਸਥਾਨ ਪਹਿਲੂ ਖਾਨ ਨੂੰ ਆਪਣੀ ਡਾਇਰੀ ਲਈ ਖਰੀਦੀਆਂ ਵੱਛੀਆਂ ਲਿਆਉਂਦਿਆਂ ਕਿਉਂ ਮਾਰਿਅ? ਪੁੱਛਦੇ ਨੇ ਲੋਕੀਂ ਕਿ ਗੁਜਰਾਤ ‘ਚ ਦਲਿਤ ਲੜਕੀ ਦੇ ਤਨ ਦੇ ਸਾਰੇ ਕੱਪੜੇ ਲਾਹਕੇ ਮਾਰ-ਕੁਟਾਈ ਕਿਉਂ ਕੀਤੀ? ਪੁੱਛਦੇ ਨੇ ਲੋਕੀਂ ਨੇ ਚਾਰ ਸਾਲ ਪਹਿਲਾਂ ਵਾਲੇ ਚੋਣ ਵਾਅਦਿਆਂ ਦਾ ਕੀ ਬਣਿਆ?
ਤਾਂ ਫਿਰ ਕੀ ਕਰਨ ਵਿਚਾਰੇ ਮੋਦੀ ਭਗਤ? ਤਾਂ ਫਿਰ ਕੀ ਕਰਨ ਵਿਚਾਰੇ ਸਰਕਾਰੀ ਅਫਸਰ? ਉਹਨਾ ਮੋਦੀ ਜੀ ਦਾ ਭਾਸ਼ਨ ਤਾਂ ਲੋਕਾਂ ਨੂੰ ਸੁਨਾਉਣਾ ਹੋਇਆ। ਉਹਨਾ ਮੋਦੀ ਜੀ ਦੇ ਕੀਤੇ ਕੰਮਾਂ ਦਾ ਗੁਨਗਾਣ ਕਰਨਾ, ਕਰਾਉਣਾ ਹੋਇਆ। ਉਹ ਗਲੀਚੇ ਵਛਾਉਂਦੇ ਨੇ, ਲਾਲੋ-ਲਾਲ! ਉਹ ਸ਼ਮਿਆਨਾ ਸਜਾਉਂਦੇ ਨੇ ਸਫੈਦੋ-ਸਫੈਦ! ਉਹ ਝੰਡੀਆਂ ਲਗਾਉਂਦੇ ਨੇ, ਨੀਲੀਆਂ, ਪੀਲੀਆਂ, ਹਰੀਆਂ! ਉਹ ਦਰੀਆਂ ਉਤੇ ਚਾਦਰਾਂ ਵਿਛਾਉਂਦੇ ਨੇ ਚਿੱਟਮ-ਚਿੱਟੀਆਂ ਬਿਨਾਂ ਦਾਗੋਂ।
ਪਰ ਲੋਕ ਆ ਕਿ ਭੀੜਾਂ ਘੱਤ ਆ ਹੀ ਜਾਂਦੇ ਆ। ਪਰ ਲੋਕ ਆ ਕਿ ਹਰ ਪਾਸੇ ਛਾ ਹੀ ਜਾਂਦੇ ਆ। ਪਰ ਲੋਕ ਆ ਕਿ ਸੱਚੀ ਗੱਲ ਆਖ ਹੀ ਜਾਂਦੇ ਆ। ਤੇ ਵਿਚਾਰੇ ਹਾਕਮ, ਸਮੇਂ ਦੇ ਹਾਕਮ, ਘਬਰਾਉਂਦੇ ਨੇ, ਥਰਥਰਾਉਂਦੇ ਨੇ, ਸ਼ਬਦਾਂ ਦਾ ਜਾਲ ਵਿਛਾਉਂਦੇ ਨੇ ਅਤੇ ਸੱਚੀਆਂ ਸੁਨਣ ਤੋਂ ਆਤੁਰ ਸੱਚੇ ਸ਼ਬਦਾਂ ਨੂੰ ਕਤਲ ਕਰਨ ਤੇ ਵਿਰੋਧੀ ਸੁਰਾਂ ਨੂੰ ਬੰਦ ਕਰਨ ਦਾ ਫੁਰਮਾਨ ਸੁਣਾਉਂਦੇ ਨੇ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.