ਮਿਲਖਾ ਸਿੰਘ ਦੇ ਜੀਵਨ ਤੇ ਬਣੀ ਫਿਲਮ "ਭਾਗ ਮਿਲਖਾ ਭਾਗ " ਵਿਚ ਇਕ ਗੀਤ ਦੀ ਲਾਈਨ ਸੀ "ਫ਼ੂਕ ਦੇ ਖੁਦ ਕੋ ਜਵਾਲਾ ਜਵਾਲਾ ਬਿਨ ਖੁਦ ਜਲੇ ਨਾ ਹੋਏ ਉਜਾਲਾ" ਇਹ ਗੱਲ ਉਹਨਾਂ ਮਹਾਨ ਖਿਡਾਰੀਆਂ ਤੇ ਬਿਲਕੁਲ ਢੁਕਵੀਂ ਜਾਪਦੀ ਹੈ ਜੋ ਹੱਡ ਚੀਰਵੀਂ ਮਿਹਨਤ ਕਰਕੇ ਆਪਣੇ ਆਪ ਨੂੰ ਦੂਨੀਆਂਂ ਸਾਹਮਣੇ ਸਾਬਿਤ ਕਰਦੇ ਹਨ । ਜੇਕਰ ਪਿਛਲੀਆਂ ਉਲੰਪਿਕ ਖੇਡਾਂ ਅਤੇ ਕਾਮਨਵੈਲਥ ਖੇਡਾਂ ਤੇ ਨਜ਼ਰ ਮਾਰੀ ਜਾਵੇ ਤਾਂ ਸਾਡੀਆਂ ਭਾਰਤੀ ਮੁਟਿਆਰਾਂ ਨੇ ਜੋ ਕਰ ਦਿਖਾਇਆ ਹੈ ਉਹ ਬਾਕਮਾਲ ਹੈ ਪਰ ਅੱਜ ਅਸੀ ਗੱਲ ਕਰਨ ਜਾ ਰਹੇ 18 ਸਾਲ ਦੀ ਉਸ ਭਾਰਤੀ ਮੁਟਿਆਰ ਦੀ ਜਿਸਨੇ ਭਾਰਤ ਲਈ ਵਿਸ਼ਵ ਅਥਲੈਟਿਕਸ ਟਰੈਕ ਵਿਚ ਇਕ ਵੱਖਰੀ ਪਹਿਚਾਣ ਬਣਾ ਦਿੱਤੀ ਹੈ, ਜੀ ਹਾਂ ਅਸੀ ਗੱਲ ਕਰਨ ਜਾ ਰਹੇ ਹਾਂ ਭਾਰਤ ਦੀ ਸੋਨ ਪਰੀ ਅਥਲੀਟ ਹਿਮਾਂ ਦਾਸ ਦੀ ਜਿਸਨੇ ਵਿਸ਼ਵ ਅੰਡਰ 20 ਅਥਲੈਟਿਕਸ ਚੈਂਪੀਅਨਸ਼ਿਪ ਜੋ ਕਿ 10 ਤੋਂ 15 ਜੁਲਾਈ 2018 ਤੱਕ ਫਿਨਲੈਂਡ ਦੇ ਟੈਮਪੇਰੇ ਸ਼ਹਿਰ ਵਿਚ ਹੋਈ ਦੇ 400 ਮੀਟਰ ਦੌੜ ਵਿਚੋਂ ਸੋਨ ਤਗਮਾ ਹਾਸਿਲ ਕਰਕੇ ਕਿਸੇ ਵੀ ਵਿਸ਼ਵ ਪੱਧਰੀ ਟੂਰਨਾਮੈਂਟ ਦੇ ਟਰੈਕ ਈਵੈਂਟ ਵਿਚੋਂ ਭਾਰਤ ਲਈ ਪਹਿਲਾ ਮੈਡਲ ਜਿੱਤਣ ਦਾ ਮਾਣ ਹਾਸਿਲ ਕੀਤਾ ,ਹਾਲਾਂਕਿ ਇਸ ਤੋਂ ਪਹਿਲਾਂ ਫੀਲਫ ਈਵੈਂਟਾ ਵਿੱਚ ਕਈ ਭਾਰਤੀ ਮੈਡਲ ਜਿੱਤ ਚੁੱਕੇ ਹਨ ਪਰ ਹਿਮਾ ਦਾਸ ਭਾਰਤ ਵੱਲੋਂ ਵਿਸ਼ਵ ਟਰੈਕ ਦੀ ਰਾਣੀ ਬਣਕੇ ਉੱਭਰੀ ਹੈ ।
ਸਾਲ 2000 ਦੇ ਜਨਵਰੀ ਮਹੀਨੇ ਦੀ 9 ਤਾਰੀਖ ਨੂੰ ਆਸਾਮ ਦੇ ਨਗਾਂਉ ਵਿਖੇ ਜਨਮੀ ਹਿਮਾ ਆਪਣੇ ਛੇ ਭੈਣ ਭਰਾਵਾਂ ਵਿਚੋ ਸਭ ਤੋਂ ਛੋਟੀ ਹੈ ਅਤੇ ਸਕੂਲ ਦੇ ਦਿਨਾਂ ਵਿਚ ਫੁੱਟਬਾਲ ਖੇਡਣ ਦਿ ਸ਼ੋਕੀਨ ਸੀ , ਇਕ ਦਿਨ ਅਥਲੈਟਿਕਸ ਦੇ ਕੋਚ ਨਿਪੋਨ ਦਾਸ ਦੀ ਪਾਰਖੂ ਨਜ਼ਰ ਨੇ ਹਿਮਾਂ ਦਾਸ ਦੇ ਅੰਦਰਲੇ ਅਥਲੀਟ ਨੂੰ ਪਹਿਚਾਣ ਕੇ ਇਸ ਨੂੰ ਆਪਣੇ ਪਿੰਡ ਤੋਂ 140 ਕਿਲੋਮੀਟਰ ਦੂਰ ਗੁਹਾਟੀ ਵਿਖੇ ਆ ਕੇ ਅਥਲੈਟਿਕਸ ਕਰਨ ਦੀ ਪੇਸ਼ਕਸ਼ ਕੀਤੀ ਅਤੇ ਪਹਿਲਾਂ ਤਾਂ ਹਿਮਾਂ ਦੇ ਘਰਦਿਆਂ ਨੇ ਭੇਜਣ ਵਿਚ ਝਿਜਕ ਮਹਿਸੂਸ ਕੀਤੀ ਪਰ ਬਾਅਦ ਵਿਚ ਆਪਣੀ ਧੀ ਨੂੰ ਅਥਲੈਟਿਕਸ ਕਰਨ ਲਈ ਗੁਹਾਟੀ ਭੇਜ ਦਿੱਤਾ , ਆਪਣੇ ਕੋਚ ਦੇ ਦਿਖਾਏ ਰਾਹ ਤੇ ਚੱਲ ਕੇ ਹਿਮਾਂ ਨੇ ਛੇਤੀ ਹੀ ਆਪਣਾ ਵੱਖਰਾ ਮੁਕਾਮ ਸਥਾਪਿਤ ਕਰ ਲਿਆ ਅਤੇ ਸਿਰਫ ਟਰੈਕ ਨੂੰ ਹੀ ਆਪਣਾ ਸਭ ਕੁਝ ਮੰਨ ਲਿਆ । ਹਿਮਾਂ ਨੇ ਜੂਨੀਅਰ ਅਥਲੀਟ ਹੁੰਦੇ ਹੋਏ ਛੇਤੀ ਹੀ ਆਪਣੀ ਵੱਖਰੀ ਪਹਿਚਾਣ ਰਾਸ਼ਟਰੀ ਪੱਧਰ ਦੇ ਸੀਨੀਅਰ ਅਥਲੀਟਾਂ ਵਿਚ ਬਣਾ ਲਈ ਜਿਸ ਸਦਕਾ ਉਸਨੇ ਇਸੇ ਸਾਲ ਹੋਈਆਂ ਕਾਮਨਵੈਲਥ ਖੇਡਾਂ ਦੇ 400 ਮੀਟਰ ਅਤੇ 4*400 ਮੀਟਰ ਰਿਲੈ ਈਵੈਂਟ ਵਿਚ ਭਾਗ ਲਿਆ ਅਤੇ ਦੋਨਾਂ ਈਵੈਂਟਾ ਦੇ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ ,ਕਾਮਨਵੈਲਥ ਖੇਡਾਂ ਵਿਚ ਹੀ ਹਿਮਾਂ ਨੂੰ ਦੇਖਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਇਹ ਕੁੜੀ ਆਪਣੀ ਮੈਂ ਮਿਹਨਤ ਦੇ ਬਲ ਤੇ ਭਾਰਤ ਨੂੰ ਇਕ ਵੱਖਰੀ ਪਹਿਚਾਣ ਦਿਵਾਏਗੀ ਅਤੇ ਅੱਜ ਨਤੀਜਾ ਪੂਰੇ ਦੇਸ਼ ਦੇ ਸਾਹਮਣੇ ਹੈ ਅਤੇ ਵਿਸ਼ਵ ਅਥਲੈਟਿਕਸ ਟਰੈਕ ਤੇ ਭਾਰਤੀ ਤਿਰੰਗਾ ਝੂਲ ਰਿਹਾ ਹੈ , ਹਿਮਾਂ ਨੇ 51.46 ਸਕਿੰਟ ਦੇ ਸਮੇਂ ਨਾਲ ਇਸ ਵਿਸ਼ਵ ਚੈਂਪੀਅਨਸ਼ਿਪ ਵਿਚ ਪਹਿਲਾਂ ਸਥਾਨ ਹਾਸਿਲ ਕੀਤਾ ਅਤੇ ਰੋਮਾਨੀਆ ਦੀ ਆਂਦਰਿਆ ਮਿਕਲੋਸ ਨੇ ਦੂਸਰਾ ਅਤੇ ਅਮਰੀਕਾ ਦੀ ਟੇਲਰ ਮੈਨਸ਼ਨ ਨੇ ਤੀਸਰਾ ਸਥਾਨ ਹਾਸਿਲ ਕੀਤਾ , ਇਸ ਫਾਈਨਲ ਦੌੜ ਵਿਚ 300 ਮੀਟਰ ਤੱਕ ਰੋਮਾਨੀਆ ਦੀ ਅਥਲੀਟ ਨੇ ਪੂਰੀ ਲੀਡ ਬਣਾਈ ਹੋਈ ਸੀ ਪਰ ਅਖੀਰਲੀ ਕਰਵ ਤੋਂ ਬਾਅਦ ਹਿਮਾਂ ਨੇ ਆਪਣੀ ਸਪੀਡ ਨੂੰ ਵਧਾਂਉਦੇ ਹੋਏ ਆਪਣੀ ਲੀਡ ਨੂੰ ਏਨਾ ਵਧਾ ਲਿਆ ਕਿ ਕੋਈ ਵੀ ਉਸਨੂੰ ਫੜ ਹੀ ਨਾ ਸਕਿਆ । ਹਿਮਾਂ ਦੀ ਇਸ ਮਾਣਮੱਤੀ ਪਾ੍ਪਤੀ ਤੇ ਭਾਰਤ ਦੇ ਰਾਸ਼ਟਰਪਤੀ , ਪ੍ਧਾਨਮੰਤਰੀ ਤੋਂ ਇਲਾਵਾ ਭਾਰਤ ਦੇ ਸਾਰੇ ਖੇਡ ਸਿਤਾਰਿਆਂ ਅਤੇ ਫਿਲਮੀ ਸਿਤਾਰਿਆਂ ਨੇ ਟਵੀਟ ਕਰਕੇ ਹਿਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਦੇਣੀਆਂ ਵੀ ਬਣਦੀਆਂ ਹਨ ਕਿਉਂਕਿ ਹਿਮਾਂ ਨੇ ਇਤਿਹਾਸ ਰਚ ਕੇ ਭਾਰਤ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਜੋ ਕੀਤਾ ਹੈ ।
ਭਾਰਤ ਦੀ ਇਸ ਸ਼ਾਨਦਾਰ ਪਾ੍ਪਤੀ ਤੇ ਉਡਣੇ ਸਿੱਖ ਸ੍ ਮਿਲਖਾ ਸਿੰਘ ਨੂੰ ਸ਼ਾਇਦ ਸਭ ਤੋਂ ਵੱਧ ਖੁਸ਼ੀ ਹੋਈ ਹੋਵੇਗੀ ਕਿਉਂਕਿ ਉਹਨਾਂ ਦਾ ਈਵੈਂਟ ਵੀ 400 ਮੀਟਰ ਹੀ ਰਿਹਾ ਹੈ ਅਤੇ ਉਹਨਾਂ ਦੀ ਆਖਰੀ ਤਮੰਨਾ ਵੀ ਇਹ ਹੈ ਕਿ ਉਹ ਆਪਣੇ ਜਿਉਂਦੇ ਜਿਉਂਦੇ ਕਿਸੇ ਭਾਰਤੀ ਨੂੰ ਵਿਸ਼ਵ ਅਤੇ ਉਲੰਪਿਕ ਪੱਧਰ ਤੇ 400 ਮੀਟਰ ਵਿਚ ਮੈਡਲ ਜਿੱਤਦਾ ਦੇਖਣਾ ਚਾਹੁੰਦੇ ਹਨ ਅਤੇ ਹਿਮਾਂ ਦੀ ਇਸ ਪਾ੍ਪਤੀ ਤੋਂ ਸ਼ਾਇਦ ਉਸ ਮਹਾਨ ਅਥਲੀਟ ਨੂੰ ਵੀ ਆਪਣੀ ਆਖਰੀ ਤਮੰਨਾ ਕਿਤੇ ਨਾ ਕਿਤੇ ਪੂਰੀ ਹੋਣ ਦੀ ਉਮੀਦ ਬੱਝੀ ਹੈ। ਸਾਡੇ ਦੇਸ਼ ਦੇ ਨੌਜਵਾਨ ਅਥਲੀਟਾਂ ਨੂੰ ਇਸ ਨੌਜਵਾਨ ਮੁਟਿਆਰ ਦੀ ਪਾ੍ਪਤੀ ਤੋਂ ਸੇਧ ਲੈ ਕੇ ਦੇਸ਼ ਲਈ ਕੁਝ ਕਰ ਗੁਜਰਨ ਦੀ ਜਵਾਲਾ ਆਪਣੇ ਅੰਦਰ ਜਰੂਰ ਬਾਲਣੀ ਚਾਹੀਦੀ ਹੈ ਤਾਂ ਜੋ ਸਾਡੇ ਦੇਸ਼ ਦਾ ਨਾਮ ਵਿਸ਼ਵ ਅਥਲੈਟਿਕਸ ਟਰੈਕ ਵਿਚ ਹੋਰ ਚਮਕੇ ।
-
ਮਨਦੀਪ ਸੁਨਾਮ, ਖੇਡ ਲੇਖਕ
mandeepkamboj1982@gmail.com
9417479449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.