ਖ਼ਬਰ ਹੈ ਕਿ ਨਸ਼ਿਆਂ ਦੇ ਮੁੱਦੇ ਉਤੇ ਇੱਕਜੁੱਟ ਹੋਣ ਦੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੀ ਪੇਸ਼ਕਸ਼ ਨੂੰ ਰੱਦ ਕਰਦਿਆਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਲਈ ਅਕਾਲੀ ਸਾਰੇ ਪੁਆੜੇ ਦੀ ਜੜ ਹਨ ਤੇ ਹੁਣ ਮਗਰਮੱਛ ਦੇ ਹੰਝੂ ਵਹਾਉਣ ਦਾ ਨਾਟਕ ਕਰ ਰਹੇ ਹਨ। ਕੈਪਟਨ ਨੇ ਸੁਖਬੀਰ ਵਲੋਂ ਨਸ਼ਿਆਂ ਤੇ ਬੇਅਦਬੀ ਦੇ ਮੁੱਦਿਆਂ ਦਾ ਸਿਆਸਤੀਕਰਨ ਨਾ ਕੀਤੇ ਜਾਣ ਦੇ ਸੱਦੇ ਦੀ ਖਿੱਲੀ ਉਡਾਈ ਹੈ। ਉਹਨਾ ਕਿਹਾ ਕਿ ਬਾਦਲ ਦੇ 10 ਸਾਲਾਂ ਦੇ ਮਾੜੇ ਰਾਜ ਵਿੱਚ ਦੋਹਾਂ ਨਾਜ਼ਕ ਮਸਲਿਆਂ ਨੂੰ ਵਧਣ-ਫੁਲਣ ਲਈ ਨਿਰਲੱਜਤਾ ਨਾਲ ਇਜ਼ਾਜਤ ਦਿੱਤੀ ਗਈ ਸੀ, ਜਿਸ ਤੇ ਪਰਦਾ ਪਾਉਣ ਲਈ ਹੁਣ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਅਜਿਹੇ ਸੱਦੇ ਦੇਣ ਦਾ ਢਕਵੰਜ ਕੀਤਾ ਜਾ ਰਿਹਾ ਹੈ
ਨਸ਼ਿਆਂ ਉਤੇ ਸਿਆਸਤ ਹੋ ਰਹੀ ਆ। ਪਾਰਟੀਆਂ ਦੇ ਨੇਤਾ ਦੂਜੇ ਨਾਲ ਜੁੱਤ ਪਤਾਣ ਹੋ ਰਹੇ ਆ। ਲੁੱਚ-ਘੜਿੱਚੀਆ ਕਰ ਰਹੇ ਆ। ਫਫੇਕੁਟਣੀਆਂ ਗੱਲਾਂ ਨਾਲ ਸਿੱਧੇ ਮਸਲੇ ਨੂੰ ਉਲਝਾ ਰਹੇ ਆ। ਕੋਈ ਕਿਸੇ ਕਿਸਮ ਦਾ ਯੱਕੜ ਵੱਢ ਰਿਹਾ, ਕੋਈ ਸੜਕਾਂ ਉਤੇ ਨਸ਼ਿਆਂ ਵਿਰੁੱਧ ਧਮੱਚੜ ਪਾ ਰਿਹਾ। ਹਰ ਲੱਲੂ-ਪੰਜੂ ਅਫਲਾਤੂਨ ਬਣਿਆ ਨਸ਼ਿਆਂ ਨੂੰ ਪੰਜਾਬੋਂ ਭਜਾਉਣ ਦੀਆਂ ਗੱਲਾਂ ਕਰ ਰਿਹਾ ਭਾਵੇਂ ਉਹ ਆਪ ਨਸ਼ਿਆਂ ‘ਚ ਗਲਤਾਨ ਆ। ਪੰਜਾਬ ‘ਚ ਨਸ਼ਿਆਂ ਦੀ ਕਾਵਾਂ ਰੌਲੀ ਅਤੇ ਨਸ਼ਿਆਂ ਦੀ ਕੁੜ-ਕੁੜ ਨੇ ਹਰ ਕਿਸੇ ਨੂੰ ਭੰਬਲਭੂਸੇ ‘ਚ ਪਾਇਆ ਹੋਇਐ।
ਕੀ ਕਰੀਏ ਭਾਈ ਨਸ਼ੇ ਤਾਂ ਪਿੰਡਾਂ ਦੀਆਂ ਬਰੂਹਾਂ ਤੱਕ ਸੀਮਤ ਨਹੀਂ ਰਹੇ, ਖੁਡਾਂ ‘ਚ ਜਾ ਵੜੇ ਆ। ਕੀ ਕਰੀਏ ਭਾਈ ਨਸ਼ਿਆਂ ਨੇ ਪਿੰਡਾਂ ਸ਼ਹਿਰਾਂ ‘ਚ ਸੱਥਰ ਵਿਛਾ ਦਿੱਤੇ ਆ। ਕੀ ਕਰੀਏ ਭਾਈ ਨਸ਼ੱਈਆਂ ਤਾਂ ਪਿੰਡਾਂ ਸ਼ਹਿਰਾਂ ‘ਚ ਮੱਛਰ, ਭੁਬੱਕੜ ਖਾਣ ਵਾਲੀਆਂ ਕਿਰਲੀਆਂ ਤੱਕ ਨਹੀਂ ਛੱਡੀਆਂ। ਕੀ ਕਰੀਏ ਭਾਈ ਨਸ਼ੱਈਆਂ ਤਾਂ ਮਾਂ ਦੀਆਂ ਮੁਰਕੀਆਂ ਵੇਚ ਛੱਡੀਆਂ, ਘਰਾਂ ਦੇ ਭਾਂਡੇ ਤੱਕ ਕਿਨਾਰੇ ਲਾ ਛੱਡੇ, ਤ੍ਰੀਮਤਾਂ ਦੇ ਗਹਿਣੇ ਬਿਲੇ ਲਾ ਦਿੱਤੇ ਆ। ਦਗਦਗ ਕਰਦੀ ਜਵਾਨੀ ਨੰਗ-ਧੜੰਗੀ ਨਜ਼ਰ ਆਉਣ ਲੱਗੀ ਆ। ਹੁਣ ਤਾਂ ਭਾਈ ਪਿੰਡਾਂ, ਸ਼ਹਿਰਾਂ ਵੱਲ ਵੇਖਿਆਂ ਰੁੱਗ ਹੀ ਭਰਿਆ ਜਾਂਦਾ ਆ। ਖ਼ਬਰ ਜਦੋਂ ਛੱਪਦੀ ਆ,ਵੱਧ ਡੋਜ਼ ਨਾਲ ਚਾਰ, ਪੰਜ, ਸਤ ਜੁਆਨ ਦੁਨੀਆਂ ਤੋਂ ਤੁਰ ਗਏ ਆ ਤੇ ਹਾਕਮ ਸਿਆਸਤਾਂ ਕਰੀ ਜਾਂਦੇ ਆ ਤਾਂ ਮਨੋਂ ਆਹ ਨਿਕਲਦੀ ਆ, “ਹੌਕੇ, ਹਾਵੇ, ਆਹਾਂ, ਕੂਕਾਂ ਸੁਣਦੇ ਹਾਂ, ਜਦ ਪੜੀਏ ਅਖ਼ਬਾਰ ਮਹੀਨੇ ਸਾਉਣ ‘ਚ। ਨੀਰੋ ਖ਼ੂਬ ਵਜਾਉਂਦਾ ਬੰਸਰੀਆਂ, ਜਲਦਾ ਪਿਆ ਪੰਜਾਬ ਮਹੀਨੇ ਸਾਉਣ ‘ਚ“।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.