ਮੇਰੇ ਵੱਡੇ ਭਾਜੀ ਪ੍ਰੋ: ਸੁਖਵੰਤ ਸਿੰਘ ਗਿੱਲ ਨੇ ਬਟਾਲਿਓਂ ਇੱਕ ਨਿੱਕੀ ਜੇਹੀ ਵੀਡੀਓ ਭੇਜੀ ਹੈ, ਵੱਡੇ ਅਰਥਾਂ ਵਾਲੀ।
ਉਨ੍ਹਾਂ ਨੂੰ ਵੀ ਕਿਸੇ ਹੋਰ ਨੇ ਘੱਲੀ ਹੋਵੇਗੀ।
ਜ਼ਿਲ੍ਹਾ ਪਤਾ ਨਹੀਂ, ਕੋਈ ਵੀ ਹੋ ਸਕਦਾ ਹੈ।
ਗੁਰਦਾਸਪੁਰ ਵੀ, ਰੋਪੜ ਵੀ, ਮੋਗਾ ਜਾਂ ਅੰਬਰਸਰ ਵੀ।
ਪਨੀਰੀ ਪੁੱਟਦੇ ਨੌਜਵਾਨ ਨੂੰ ਵੀਡੀਓ ਵਿੱਚ ਰੀਕਾਰਡ ਕਰਨ ਵਾਲਾ ਵੀਰ ਬੜੇ ਵੱਡੇ ਸਵਾਲ ਖੜ੍ਹੇ ਕਰ ਗਿਆ।
ਪਨੀਰੀ ਪੁੱਟਦਾ ਨੌਜਵਾਨ ਉਸ ਮੌਸਮ ਵਿੱਚ ਕਿਰਤ ਕਰ ਰਿਹੈ ਜਦੋਂ ਅੱਧਾ ਪੰਜਾਬ ਨਸ਼ੇ ਕਰ ਰਿਹੈ, ਅੱਧਾ ਕੁਟਾਪਾ ਕਰ ਰਿਹੈ। ਖੇਤਾਂ ਚ ਵਿਰਲੇ ਵਿਰਲੇ।
ਪਨੀਰੀ ਪੁੱਟਦਾ ਨੌਜਵਾਨ ਸਧਾਰਨ ਅਨਪੜ੍ਹ ਪਰਵਾਸੀ ਕਿਰਤੀ ਨਹੀਂ, ਸਿੱਖਿਅਤ ਬੀਏ ਬੀ ਐੱਡ ਅਧਿਆਪਕ ਹੈ। ਅਧਿਆਪਕ ਲੱਗਣ ਵਾਲਾ ਟੈਸਟ ਟੈੱਟ ਵੀ ਪਾਸ ਹੈ।
ਪ੍ਰਾਈਵੇਟ ਸਕੂਲ ਵਾਲੇ 2500 ਰੁਪਏ ਮਾਸਿਕ ਤਨਖਾਹ ਦਿੰਦੇ ਸਨ।
ਹੁਣ 500 ਰੁਪਏ ਦਿਹਾੜੀ ਕਮਾਉਂਦਾ ਹੈ।
ਨਾਲ ਦੇ ਦਿਹਾੜੀਦਾਰ ਟਿਚਕਰਾਂ ਕਰਦੇ ਹਨ, ਪਰ ਉਹ ਪਰਵਾਹ ਨਹੀਂ ਕਰਦਾ ਕਿਉਂਕਿ ਰੋਟੀ ਦਾ ਸੱਚ ਵੱਡਾ ਹੁੰਦਾ ਹੈ, ਰੱਬ ਤੋਂ ਵੀ ਵੱਡਾ।
ਜਾਣਦਾ ਹੈ ਕਿ ਰੋਟੀ ਕਣਕ ਦੇ ਆਟੇ ਦੀ ਪੱਕਦੀ ਹੈ, ਅਣਖ਼ ਦੇ ਆਟੇ ਦੀ ਨਹੀਂ?
ਕੱਲ੍ਹ ਹੀ ਪਰਾਇਮ ਏਸ਼ੀਆ ਚੈਨਲ ਵਿੱਚ ਗੁਰਪ੍ਰੀਤ ਸੰਧਾਵਾਲੀਆ ਵੱਲੋਂ ਆਪਣੇ ਨਿਕਟ ਸਨੇਹੀ ਬਲਕੌਰ ਸਿੰਘ ਗਿੱਲ (ਚਾਦਰੇ ਵਾਲਾ ਸਰਦਾਰ ਈ ਟੀ ਓ)ਦੀ ਮੁਲਾਕਾਤ ਯੂ ਟਿਊਬ ਤੇ ਵੇਖ ਰਿਹਾ ਸਾਂ।
ਪੰਜ ਵਿਸ਼ਿਆਂ ਚ ਐੱਮ ਏ ਪਾਸ ਬਲਕੌਰ ਸਿੰਘ ਨੇ ਸਾਜ਼ਿਸ਼ਕਾਰੀ ਹਕੂਮਤਾਂ ਨੂੰ ਬੇਪਰਦ ਕਰਦਿਆਂ ਦੱਸਿਆ ਕਿ ਨੌਜਵਾਨਾਂ ਨੂੰ ਸਿੱਖਿਆ ਦੇ ਨਾਮ ਤੇ ਵਿਵੇਕ ਹੀਣ ਯੰਤਰ ਬਣਾ ਕੇ ਵਰਤਣ ਦੀ ਪ੍ਰਕ੍ਰਿਆ ਹੀ ਲੁੱਟ ਤੰਤਰ ਦਾ ਮੂਲ ਹੈ।
ਗੱਲ ਸਹੀ ਹੈ।
ਸਾਡੇ ਵਤਨ ਦਾ ਬੁੱਧੀਜੀਵੀ ਵਰਗ ਵੀ ਗਰੇਡਾਂ ਦੇ ਕਿੱਲੇ ਤੇ ਬੱਧਾ ਜੁਗਾਲੀ ਕਰੀ ਜਾ ਰਿਹੈ। ਜੇ ਕਿਤੇ ਕੋਈ ਬੋਲਦੈ ਤਾਂ ਦੇਸ਼ ਧਰੋਹ ਦੀ ਤਖ਼ਤੀ ਤਿਆਰ ਬਰ ਤਿਆਰ ਹੈ।
ਸਮਾਜਿਕ ਹਕੀਕਤ ਨੂੰ ਪੁਣਨ ਛਾਨਣ ਤੇ ਪਛਾਨਣ ਦੀ ਥਾਂ ਸਰਕਾਰਾਂ , ਅਖ਼ਬਾਰਾਂ ਦਰ ਦੀਵਾਰਾਂ ਵਾਂਗ ਵਿਹਾਰ ਕਰਦੀਆਂ ਨੇ।
ਸੋਸ਼ਲ ਮੀਡੀਆ ਤੇ ਪਨੀਰੀ ਪੁੱਟਦੇ ਇਸ ਨੌਜਵਾਨ ਦੀਆਂ ਅੱਖਾਂ ਵਿੱਚ ਮਰ ਰਹੇ ਸੁਪਨੇ ਚ ਕੌਣ ਰੰਗ ਭਰੇਗਾ?
ਚਾਹੀਦਾ ਤਾਂ ਇਹ ਹੈ ਕਿ ਇਹੋ ਜਹੇ ਉਤਸ਼ਾਹੀ ਨੌਜਵਾਨ ਨੂੰ ਲੱਭ ਲਭਾ ਕੇ ਸੰਚਾਰ ਮਾਧਿਅਮ ਲੋਕ ਨਾਇਕ ਵਜੋਂ ਪੇਸ਼ ਕਰਨ।
ਸਰਕਾਰੀ ਤੰਤਰ ਉਸ ਦੀ ਲਿਆਕਤ ਦੇ ਹਾਣ ਦਾ ਰੁਜ਼ਗਾਰ ਦੇਣ ਦੀ ਪੇਸ਼ਕਸ਼ ਕਰੇ।
ਪਰ ਇਹ ਪਹਿਲਕਦਮੀ ਕੌਣ ਕਰੇਗਾ?
ਹੋਰ ਨਾ ਸਹੀ
ਜ਼ਿੰਦਗੀ ਦੇ ਮੋਰਚੇ ਦੇ ਇਸ ਸਿਪਾਹੀ ਨੂੰ
ਪਿਆਰ ਦੁਲਾਰ ਦਿਉ ਤੇ ਰੁਜ਼ਗਾਰ ਵੀ।
ਪਿਆਰਿਓ! ਨਸ਼ਾ ਖ਼ੋਰੀ
ਇੰਜ ਵੀ ਰੋਕੀ ਜਾ ਸਕਦੀ ਹੈ।
-
ਗੁਰਭਜਨ ਗਿੱਲ , ਲੇਖਕ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.