ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਮੁੜ ਮਰਹੂਮ ਇੰਦਰਾ ਗਾਂਧੀ ਨੂੰ ਕਟਹਿਰੇ 'ਚ ਕੀਤਾ ਖੜ੍ਹਾ
ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਜੋਧਪੁਰ ਨਜਰਬੰਦਾਂ ਨੂੰ ਮੁਆਵਜ਼ਾ ਦੇਣ ਦਾ ਅਮਲ ਉਸ ਦਾ ਪੰਜਾਬ ਅਤੇ ਸਿਖ ਪੰਥ ਪ੍ਰਤੀ ਦੂਜੀ ਵੱਡੀ ਅਤੇ ਇਤਿਹਾਸਕ ਵਰਤਾਰਾ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਸਰਕਾਰ ਦੌਰਾਨ ਪੰਜਾਬ ਦੇ ਦਰਿਆਈ ਪਾਣੀਆਂ ਪ੍ਰਤੀ ਇੰਦਰਾ ਗਾਂਧੀ ਦੇ ਫ਼ੈਸਲਿਆਂ ਦੇ ਉਲਟ ਸਖ਼ਤ ਸਟੈਂਡ ਲਿਆ ਸੀ। ਹੁਣ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵੱਲੋਂ ਜੋਧਪੁਰੀਆਂ ਨੂੰ ਮੁਆਵਜ਼ਾ ਦੇਣ ਦੇ ਅਦਾਲਤੀ ਫ਼ੈਸਲੇ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਨਾ ਕਿਸੇ ਕਿੰਤੂ 'ਤੇ ਲਾਗੂ ਕਰਦਿਆਂ ਇਕ ਵਾਰ ਫਿਰ ਇੰਦਰਾ ਗਾਂਧੀ ਹਕੂਮਤ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ 'ਤੇ ਜੂਨ '84 ਦੌਰਾਨ ਕੀਤੇ ਗਏ ਫ਼ੌਜੀ ਹਮਲੇ ਨੂੰ ਕਾਨੂੰਨੀ ਨੁਕਤੇ ਤੋਂ ਗਲਤ ਠਹਿਰਾਏ ਜਾਣ ਦੇ ਫ਼ੈਸਲੇ 'ਤੇ ਸਰਕਾਰੀ ਮੋਹਰ ਲਗਾ ਦਿਤੀ ਗਈ ਹੈ। ਹਾਲਾਂ ਕਿ ਉਹ '84 ਦੌਰਾਨ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਗਏ ਹਮਲੇ ਖ਼ਿਲਾਫ਼ ਲੋਕ ਸਭਾ ਤੋਂ ਅਸਤੀਫ਼ਾ ਦੇ ਕੇ ਵਿਰੋਧ ਜਤਾ ਚੁਕੇ ਹਨ। ਕੈਪਟਨ ਦਾ ਉਹ ਫ਼ੈਸਲਾ ਸਿਖ ਪੰਥ ਪ੍ਰਤੀ ਉਸ ਦਾ ਨਿੱਜੀ ਅਮਲ ਸੀ ਤਾਂ ਅਜ ਦਾ ਵਰਤਾਰਾ ਇਸ ਲਈ ਅਹਿਮ ਹੋ ਨਿੱਬੜਦਾ ਹੈ ਕਿ ਇਸ ਵਾਰ ਉਸ ਵੱਲੋਂ ਗਾਂਧੀ ਪਰਿਵਾਰ ਦੇ ਫ਼ਰਜ਼ੰਦ ਰਾਹੁਲ ਗਾਂਧੀ ਦੀ ਅਗਵਾਈ ਹੇਠ ਚਲ ਰਹੀ ਕਾਂਗਰਸ ਪਾਰਟੀ ਦੇ ਬਤੌਰ ਮੁਖ ਮੰਤਰੀ ਵਜੋਂ ਇੰਦਰਾ ਦੀ ਕਾਂਗਰਸ ਹਕੂਮਤ ਦੇ ਫ਼ੈਸਲੇ ਨੂੰ ਗਲਤ ਸਿਧ ਹੋਣ ਵਾਲੇ ਕਬੂਲਨਾਮੇ 'ਤੇ ਸਹੀ ਪਾਈ ਗਈ ਹੈ। ਦੂਜੇ ਪਾਸੇ ਕੇਂਦਰ ਦੀ ਬੀ ਜੇ ਪੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਵੀ ਜੋਧਪੁਰ ਨਜਰਬੰਦਾਂ ਨੂੰ ਮੁਆਵਜ਼ਾ ਦੇਣ ਦੇ ਜ਼ਿਲ੍ਹਾ ਅਦਾਲਤ ਦੇ ਉਕਤ ਫ਼ੈਸਲੇ ਵਿਰੁੱਧ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਪਾਈ ਗਈ ਰਿੱਟ ਵਾਪਸ ਲੈ ਲਈ ਹੈ। ਭਾਵੇ ਕਿ ਉਸ ਵੱਲੋਂ ਆਪਣੇ ਹਿੱਸੇ ਦਾ ਮੁਆਵਜ਼ਾ ਦਿਤਾ ਜਾਣਾ ਬਾਕੀ ਹੈ। ਕੇਂਦਰ ਅਤੇ ਰਾਜ ਦੀਆਂ ਦੋਹਾਂ ਹੀ ਸਰਕਾਰਾਂ ਵੱਲੋਂ ਅਪਣਾਏ ਉਕਤ ਵਰਤਾਰਿਆਂ ਨੇ ਜੂਨ '84 ਦੌਰਾਨ ਇੰਦਰਾ ਹਕੂਮਤ ਵੱਲੋਂ ਫ਼ੌਜ ਰਾਹੀਂ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਗਏ ਹਮਲੇ ਨੂੰ ਅਦਾਲਤ ਵੱਲੋਂ ਕਾਨੂੰਨੀ ਨੁਕਤੇ 'ਤੋ ਗਲਤ ਸਾਬਤ ਕਰਨ ਨੂੰ ਸਹੀ ਮੰਨ ਲਿਆ ਹੈ। ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਸਰਕਾਰ ਦੇ ਉਕਤ ਫ਼ੈਸਲਿਆਂ ਅਤੇ ਅਮਲਾਂ ਨਾਲ ਮਰਹੂਮ ਇੰਦਰਾ ਗਾਂਧੀ ਇਕ ਵਾਰ ਫਿਰ ਲੋਕ ਕਟਹਿਰੇ 'ਚ ਖੜ ਗਈ ਹੈ। ਵਿਸ਼ਵ ਦੇ ਨਿਆਂ ਅਤੇ ਅਮਨ ਪਸੰਦ ਸ਼ਹਿਰੀਆਂ ਅਗੇ ਇਕ ਪ੍ਰਸ਼ਨ ਚਿੰਨ੍ਹ ਉੱਭਰ ਕੇ ਆ ਰਿਹਾ ਹੈ ਕਿ ਆਖ਼ਰ ਇੰਦਰਾ ਗਾਂਧੀ ਨੇ ਉਕਤ ਗਲਤ ਫ਼ੈਸਲਾ ਕਿਉ ਲਿਆ?। ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਪ੍ਰਤੀ ਸਿਖ ਕੌਮ ਦਾ ਇਹ ਤਰਕ ਅਤੇ ਦਾਅਵਾ ਕਿ ਉਹ ਹਮਲਾ ਸਿਆਸਤ ਤੋਂ ਪ੍ਰੇਰਿਤ ਸੀ ਅਤੇ ਬਹੁ ਗਿਣਤੀਆਂ ਦੀਆਂ ਵੋਟਾਂ ਹਾਸਲ ਕਰਨ ਜਾਂ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਲਈ ਖੇਡੀ ਗਈ ਸਿਆਸੀ ਖੇਡ ਸੀ, ਜਿਸ ਪਿੱਛੇ ਸਿਖ ਕੌਮ ਵੱਲੋਂ ਉਸ ਦੀਆਂ ਤਾਨਾਸ਼ਾਹੀ ਨੀਤੀਆਂ ਦੇ ਵਿਰੋਧ ਕਰਨ ਪ੍ਰਤੀ ਸਬਕ ਸਿਖਾਉਣ ਦਾ ਮਨਸ਼ਾ ਵੀ ਕੰਮ ਕਰ ਰਿਹਾ ਸੀ, ਸੱਚ ਸਾਬਤ ਹੋ ਰਿਹਾ ਹੈ। 35 ਸਾਲ ਦੇ ਅਰਸੇ ਦੌਰਾਨ ਭਾਰਤੀ ਹਕੂਮਤ ਵੱਲੋਂ ਪਾਰਲੀਮੈਂਟ 'ਚ ਉਕਤ ਹਮਲੇ ਪ੍ਰਤੀ ਪਸ਼ਚਾਤਾਪ ਦਾ ਮਤਾ ਨਾ ਲਿਆਉਣਾ ਅਤੇ ਕਾਂਗਰਸ ਤੇ ਗਾਂਧੀ ਪਰਿਵਾਰ ਵੱਲੋਂ ਅਫ਼ਸੋਸ ਜ਼ਾਹਿਰ ਨਾ ਕਰਨਾ ਅਤੇ ਹਿੰਦ ਵਿਚੋਂ ਉਕਤ '84 ਦੇ ਹਮਲੇ ਪ੍ਰਤੀ ਕਿਸੇ ਵੱਲੋਂ ਹਾਅ ਦਾ ਨਾਅਰਾ ਨਾ ਮਾਰਨ ਤੋਂ ਇਕ ਗਲ ਤਾਂ ਸਾਫ਼ ਹੈ ਕਿ ਭਾਰਤੀ ਸਮਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਹਿੰਦੂ ਧਰਮ ਦੀ ਤਿਲਕ ਅਤੇ ਜੰਮੂ ਦੀ ਰਾਖੀ ਲਈ ਦਿੱਲੀ ਵਿਖੇ ਆਪਾ ਵਾਰ ਦੇਣ ਦੇ ਸਾਕੇ ਨੂੰ ਭੁਲਾ ਦੇਣ ਵਾਂਗ ਹੀ ਗ਼ਜ਼ਨੀ ਦੇ ਬਾਜਾਰ, ਦੇਸ਼ ਦੀ ਆਜ਼ਾਦੀ ਲਈ ਸਿਖ ਕੌਮ ਦੀਆਂ 80 ਫ਼ੀਸਦੀ ਕੁਰਬਾਨੀਆਂ, 71 / 65 ਦੀਆਂ ਯੁੱਧਾਂ ਅਤੇ 75 ਦੌਰਾਨ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਐਮਰਜੈਂਸੀ ਤੋਂ ਹਿੰਦਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਸਿਖਾਂ ਵੱਲੋਂ ਪਾਏ ਗਏ ਵਡਮੁੱਲੇ ਯੋਗਦਾਨ ਨੂੰ ਵੀ ਨਾ ਕੇਵਲ ਵਿਸਾਰ ਚੁਕੇ ਹਨ, ਸਗੋਂ ਇਹ ਸਾਂਸਕ੍ਰਿਤਿਕ ਰਾਸ਼ਟਰਵਾਦ ਦੇ ਸੰਕਲਪ ਨਾਲ ਭਾਰਤੀ ਸਮਾਜ ਦੀ ਵੰਨ ਸੁਵੰਨਤਾ ਨੂੰ ਕੇਵਲ ਹਿੰਦੂਤਵ ਦੇ ਰੰਗ ਵਿਚ ਰੰਗਣ ਲਈ ਕਮਰ ਕਸੇ ਕਰਨ ਦਾ ਪ੍ਰਮਾਣ ਪ੍ਰਤੀਤ ਹੋ ਰਿਹਾ ਹੈ। ਹੁਣ ਜਦ ਕਿ ਜੂਨ '84 ਦੇ ਹਮਲੇ ਦੀਆਂ ਕਈ ਪਰਤਾਂ ਖੁੱਲ ਚੁੱਕਿਆਂ ਹਨ ਤਾਂ ਭਾਰਤੀ ਹਕੂਮਤ, ਕਾਂਗਰਸ ਪਾਰਟੀ ਅਤੇ ਉਨ੍ਹਾਂ ਤਮਾਮ ਲੋਕਾਂ ਜਿਨ੍ਹਾਂ ਹਮਲੇ ਦੀ ਹਮਾਇਤ ਕੀਤੀ ਨੂੰ ਆਤਮ ਚਿੰਤਨ ਕਰਨ ਦੀ ਲੋੜ ਹੈ।
ਜੂਨ '84 'ਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ 35 ਹੋਰਨਾਂ ਗੁਰਧਾਮਾਂ 'ਤੇ ਕੀਤੇ ਗਏ ਫ਼ੌਜੀ ਹਮਲੇ ਨੂੰ ਸਰਕਾਰ ਨੇ ''ਬਲ਼ੂ ਸਟਾਰ ਓਪਰੇਸ਼ਨ'' ਭਾਵ ''ਸਾਕਾ ਨੀਲਾ ਤਾਰਾ'' ਦਾ ਨਾਮ ਦਿਤਾ। ਪਰ ਸਿਖ ਮਾਨਸਿਕਤਾ ਲਈ ਇਹ ਤੀਸਰਾ ''ਘੱਲੂਘਾਰਾ'' ਹੈ। ਕਿਸੇ ਵੀ ਹਕੂਮਤ ਵੱਲੋਂ ਕਿਸੇ ਵੀ ਭਾਈਚਾਰੇ ਦੀ ਵੱਡੀ ਪੱਧਰ 'ਤੇ ਬਰਬਾਦੀ ਕਰਨ ਦੇ ਅਮਲ ਨੂੰ ''ਘੱਲੂਘਾਰਾ'' ਕਿਹਾ ਜਾਂਦਾ ਹੈ। ਉਕਤ ਘੱਲੂਘਾਰੇ ਨਾਲ ਸਿਖ ਮਾਨਸਿਕਤਾ ਗੰਭੀਰ ਰੂਪ 'ਚ ਜ਼ਖਮੀ ਹੋਈ। ਇਹੀ ਕਾਰਨ ਹੈ ਕਿ ਉਕਤ ਵਰਤਾਰਾ ਸਿਖ ਕੌਮ ਲਈ ਅਭੁੱਲ ਤ੍ਰਾਸਦੀ ਬਣ ਚੁਕੀ ਹੈ। ਦੁਖ ਦੀ ਗਲ ਤਾਂ ਇਹ ਸੀ ਕਿ ਭਾਰਤੀ ਹਕੂਮਤ ਨੇ ਬਦੇਸ਼ੀ ਸ਼ਕਤੀਆਂ ਦੀ ਮਦਦ ਨਾਲ ਉਸ ਕੌਮ ਦੇ ਸਭ ਤੋਂ ਮੁਕੱਦਸ ਧਰਮ ਅਸਥਾਨ 'ਤੇ ਤੋਪਾਂ ਟੈਂਕਾਂ ਨਾਲ ਹਮਲਾ ਬੋਲਿਆ ਜਿਸ ਕੌਮ ਨੇ ਦੇਸ਼ ਦੀ ਆਜ਼ਾਦੀ ਲਈ ਆਬਾਦੀ ਦੇ ਅਨੁਪਾਤ ਤੋਂ ਕਿਤੇ ਵਧ 80 ਫੀਸਦੀ ਕੁਰਬਾਨੀਆਂ ਕੀਤੀਆਂ। ਆਪਣੇ ਹੱਕ, ਕੌਮੀ ਪਛਾਣ ਅਤੇ ਧਾਰਮਿਕ ਸਭਿਆਚਾਰਕ ਵਿਲੱਖਣਤਾ ਲਈ ਸੰਘਰਸ਼ਸ਼ੀਲ ਜੁਝਾਰੂਆਂ ਤੋਂ ਇਲਾਵਾ ਵਡੀ ਗਿਣਤੀ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੁਰਬ ਮਨਾਉਣ ਆਏ ਸ਼ਰਧਾਲੂਆਂ ਦਾ ਕਤਲੇਆਮ ਕੀਤਾ ਗਿਆ, ਜਿਸ ਦੀ ਸਹੀ ਗਿਣਤੀ ਦਾ ਅਜ ਤਕ ਪਤਾ ਨਹੀਂ ਲਗਾਇਆ ਜਾ ਸਕਿਆ। ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਭੰਗ ਕਰਦਿਆਂ ਮਰਿਆਦਾ ਖੰਡਿਤ ਕਰਨ ਤੋਂ ਇਲਾਵਾ ਦੁੱਧ ਨਾਲ ਧੋਤੀ ਜਾਣ ਵਾਲੀ ਪਰਿਕਰਮਾ ਲਹੂ ਨਾਲ ਲੱਥ ਪਥ ਹੋਇਆ ਦੇਖ ਹਰੇਕ ਗੁਰਸਿਖ ਦਾ ਹਿਰਦਾ ਵਲੂੰਧਰਿਆ ਜਾਣਾ ਸੁਭਾਵਿਕ ਸੀ। ਫ਼ੌਜੀ ਕਾਰਵਾਈ ਲਈ ਗੁਰਪੁਰਬ ਵਾਲਾ ਦਿਨ ਹੀ ਚੁਣਿਆ ਜਾਣਾ ਜਦ ਕਿ ਉਸ ਦਿਨ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ 'ਚ ਮੌਜੂਦ ਹੋਣ ਅਤੇ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਹੋਰਨਾਂ 35 ਗੁਰਧਾਮਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਅਜ ਵੀ ਕਈ ਸਵਾਲ ਖੜੇ ਕਰ ਰਹੇ ਹਨ। ਹਮਲੇ ਰਾਹਂੀ ਹਕੂਮਤ ਦਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਆਤਮ ਸਮਰਪਣ ਲਈ ਮਜਬੂਰ ਕਰਨ ਦਾ ਦਾਅਵਾ ਦੇਸ਼ ਦੇ ਲੋਕਾਂ ਨਾਲ ਵਡਾ ਧੋਖਾ ਸੀ। ਹਾਲ ਹੀ ਵਿਚ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਇਕ ਆਰ ਟੀ ਆਈ ਦੇ ਸੰਬੰਧੀ 5 ਅਪ੍ਰੈਲ 2017 ਨੂੰ ਜਾਰੀ ਪੱਤਰ 'ਤੋਂ ਸਾਫ਼ ਹੈ ਕਿ 6 ਜੂਨ '84 ਤਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਪਤ੍ਰੀ 'ਅਤਿਵਾਦੀ' ਜਾਂ ਵੱਖਵਾਦੀ ਹੋਣ ਦਾ ਸਰਕਾਰ ਕੋਲ ਕੋਈ ਰਿਕਾਰਡ ਨਹੀਂ ਹੈ। ਕੇਂਦਰ ਵੱਲੋਂ 'ਪਬਲਿਕ ਆਰਡਰਾਂ' ਨੂੰ ਸਟੇਟ ਵਿਸ਼ਾ ਕਹਿੰਦਿਆਂ ਪੰਜਾਬ ਤੋਂ ਜਾਣਕਾਰੀ ਲੈਣ ਸੰਬੰਧੀ ਕਹੇ ਜਾਣ 'ਤੇ ਪੰਜਾਬ ਦੀ ਪੁਲੀਸ ਵਿਭਾਗ ਨੇ ਵੀ ਇਹ ਹੀ ਦਸਿਆ ਕਿ ਸੰਤ ਭਿੰਡਰਾਂਵਾਲਿਆਂ 'ਤੇ 6 ਜੂਨ '84 ਤਕ ਨਾ ਹੀ ਕੋਈ ਐਫ ਆਈ ਆਰ ਹੀ ਦਰਜ ਸੀ ਅਤੇ ਨਾ ਹੀ ਅਤਿਵਾਦੀ ਹੋਣ ਦਾ ਕੋਈ ਰਿਕਾਰਡ ਮਿਲਦਾ ਹੈ। ਅਜਿਹੀ ਸਥਿਤੀ 'ਚ ਕੀ ਹਕੂਮਤ ਵੱਲੋਂ ਸੰਤਾਂ ਦਾ 'ਸਿਆਸੀ ਕਤਲ' ਕੀਤਾ ਗਿਆ ਨਹੀਂ ਕਿਹਾ ਜਾਣਾ ਚਾਹੀਦਾ? '84 ਦੌਰਾਨ ਨਾ ਕੇਵਲ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਸਗੋਂ ਇਨਸਾਨੀਅਤ ਦਾ ਵੀ ਘਾਣ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਨਾਲ ਸਿਖ ਕੌਮ ਦੀ ਭਾਵਨਾਤਮਕ ਸਾਂਝ ਦੀ ਪ੍ਰਬਲਤਾ ਕਿਸੇ ਤੋਂ ਲੁਕੀ ਛੁਪੀ ਹੋਈ ਨਹੀਂ। ਸਿਖ ਕੌਮ ਲਈ ਇਹ ਪ੍ਰੇਰਨਾ ਸਰੋਤ ਅਤੇ ਰੂਹਾਨੀਅਤ ਦਾ ਕੇਂਦਰ ਹੋਣ ਕਾਰਨ ਸਿਖਾਂ ਦੀ ਜਮਾਤੀ ਹੋਂਦ ਸ੍ਰੀ ਦਰਬਾਰ ਸਾਹਿਬ ਨਾਲ ਬਾਵਸਤਾ ਰਹੀ। '84 ਦੇ ਹਮਲੇ ਸਮੇਂ ਆਮ ਸਿੱਖਾਂ ਦਾ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਇਕੱਤਰ ਹੋ ਮੌਤ ਤੋਂ ਬੇਪਰਵਾਹ ਹੋ ਕੇ ਸ੍ਰੀ ਦਰਬਾਰ ਸਾਹਿਬ ਵਲ ਨੂੰ ਚਾਲੇ ਪਾਉਣਾ ਅਤੇ ਭਾਰੀ ਗਿਣਤੀ ਸਿਖ ਫ਼ੌਜੀਆਂ ਵੱਲੋਂ ਸ੍ਰੀ ਅੰਮ੍ਰਿਤਸਰ ਵਲ ਨੂੰ ਕੂਚ ਕਰਨਾ ਕੌਮੀ ਚੇਤਨਾ ਦਾ ਲਖਾਇਕ ਹੀ ਤਾਂ ਸੀ। 35 ਸਾਲ ਦੇ ਅਰਸੇ ਦੌਰਾਨ ਸਟੇਟ ਤੇ ਸਿਸਟਮ ਨੇ ਕਈ ਵਾਰ ਕਿਹਾ , 'ਤੁਸੀ ਭੁੱਲ ਜਾਓ'। ਹੁਣ ਦਸੋ ਸਾਥੋਂ ਸਦੀਆਂ ਪੁਰਾਣਾ ਮੱਸਾ ਰੰਘੜ ਤੇ ਅਬਦਾਲੀ ਨਾ ਭੁਲਾ ਹੋਇਆ। '84 ਕਿਵੇਂ ਭੁਲਾਇਆ ਜਾ ਸਕਦਾ ਸੀ।
ਇਤਿਹਾਸਕ ਸਾਕਿਆਂ ਦੀਆਂ ਦਰਦਨਾਕ ਯਾਦਾਂ ਨੂੰ ਹਮੇਸ਼ਾਂ ਯਾਦ ਰੱਖਣਾ ਸਿੱਖ ਕੌਮ ਦੇ ਸੁਭਾਅ ਦਾ ਹਿੱਸਾ ਬਣ ਚੁੱਕਿਆ ਹੈ । ਹਕੂਮਤੀ ਹਮਲਿਆਂ ਨਾਲ ਸਿਖ ਕਦੇ ਖੌਫਜਾਦਾ ਨਹੀਂ ਹੋਏ। ਸਗੋਂ ਹਕੂਮਤੀ ਹਮਲਿਆਂ ਤੋਂ ਉਤਪੰਨ ਪ੍ਰਤੀਕਰਮ ਗੌਰਵਮਈ ਸਰਮਾਇਆ ਦਾ ਰੂਪ ਧਾਰਨ ਕਰਦਿਆਂ ਸਿਖੀ ਰਵਾਇਤ ਦਾ ਹਿੱਸਾ ਬਣ ਜਾਂਦਾ ਰਿਹਾ। 1710 'ਚ ਬਹਾਦਰ ਸ਼ਾਹ ਨੇ ਹੁਕਮ ਚਾੜਿਆ ਕਿ ਨਾਨਕ ਪੰਥੀ ਜਿੱਥੇ ਵੀ ਮਿਲੇ ਮਾਰ ਦਿਤਾ ਜਾਵੇ, ਕੀ ਉਸ ਨੂੰ ਕਾਮਯਾਬੀ ਮਿਲੀ? ਨਹੀਂ। 1746 ਦਾ ਛੋਟਾ ਘੱਲੂਘਾਰਾ ਅਤੇ 1762 ਦੇ ਵਡੇ ਘੱਲੂਘਾਰੇ ਦੀ ਇਤਿਹਾਸਕ ਸਚਾਈ ਸਾਡੇ ਸਾਹਮਣੇ ਹੈ, ਹਕੂਮਤ ਦਾ ਅਤਿ ਦਾ ਕਹਿਰ ਸਿਖਾਂ ਦਾ ਹੌਸਲਾ ਅਤੇ ਮਨੋਬਲ ਨਹੀਂ ਡੇਗ ਸਕਿਆ। ਇਸੇ ਸੰਦਰਭ 'ਚ '84 ਦਾ ਘੱਲੂਘਾਰਾ ਵੀ ਸਿੱਖ ਇਤਿਹਾਸ ਦਾ ਵਡਮੁੱਲਾ ਸਰਮਾਇਆ ਬਣ ਚੁੱਕਿਆ ਹੈ। '84 ਦੇ ਸ਼ਹੀਦਾਂ ਦੀ ਯਾਦਗਾਰ ਸ੍ਰੀ ਦਰਬਾਰ ਸਾਹਿਬ ਸਮੂਹ 'ਚ ਗੁਰਦਵਾਰੇ ਦੇ ਰੂਪ 'ਚ ਸਥਾਪਿਤ ਹੋ ਚੁੱਕਿਆ ਹੈ ਜਿੱਥੇ ਹਜ਼ਾਰਾਂ ਸੰਗਤਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕਰਨ ਅਤੇ ਨਤਮਸਤਕ ਹੋਣ ਆਉਂਦੇ ਹਨ। ਦਮਦਮੀ ਟਕਸਾਲ ਵੱਲੋਂ ਸ਼ਹੀਦੀ ਗੈਲਰੀ ਵੀ ਜਲਦ ਸਥਾਪਿਤ ਕੀਤਾ ਜਾ ਰਿਹਾ ਹੈ।
-
ਸਰਚਾਂਦ ਸਿੰਘ, ਲੇਖਕ
sarchand2007@gmail.com
9781355522
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.