ਭਾਰਤੀ ਗਣਤੰਤਰ 'ਚ 2019 'ਚ ਜਨਤਾ ਤੋਂ ਵੋਟ ਮੰਗਣ ਦਾ ਸਮਾਂ ਆ ਗਿਆ ਹੈ। ਹੁਣ ਨੇਤਾਵਾਂ ਦੇ ਪੈਰ ਧਰਤੀ ਉਤੇ ਉਤਰ ਆਉਣਗੇ। ਵੈਸੇ ਤਾਂ ਵੀ ਆਈ ਪੀ ਬਣਕੇ ਉਹ ਲੋਕਾਂ ਤੋਂ ਦੂਰੀ ਬਣਾਕੇ ਰੱਖਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਥੇ ਬਰਤਾਨੀਆ 'ਚ 84, ਫਰਾਂਸ 'ਚ 109, ਜਪਾਨ ਵਿੱਚ 125, ਜਰਮਨੀ 'ਚ 142, ਅਮਰੀਕਾ 'ਚ 252, ਰੂਸ ਵਿੱਚ 312, ਚੀਨ ਵਿੱਚ 435 ਵੀ ਆਈ ਪੀ ਹਨ, ਉਥੇ ਭਾਰਤ ਦੇਸ਼ ਮਹਾਨ ਵਿੱਚ ਵੀ ਆਈ ਪੀ ਲੋਕਾਂ ਦੀ ਗਿਣਤੀ 5,79,092 ਹੈ। ਇਹ ਵੀ ਆਈ ਪੀ ਲੋਕ ਅਤੇ ਸਿਆਸਤਦਾਨ ਗੱਦੀ ਦੀ ਪ੍ਰਾਪਤੀ ਲਈ ਹਰ ਹਰਬਾ ਵਰਤਣਾ ਆਪਣਾ ਹੱਕ ਸਮਝਦੇ ਹਨ। ਉਹਨਾ ਦਾ ਮੁੱਖ ਮੰਤਵ ਸੱਤਾ ਹਥਿਆਉਣਾ ਹੁੰਦਾ ਹੈ, ਅਤੇ ਉਸ ਵਾਸਤੇ ਉਹ ਸਾਮ, ਦਾਮ, ਦੰਡ ਦੀ ਵਰਤੋਂ ਤੋਂ ਵੀ ਸੰਕੋਚ ਨਹੀਂ ਕਰਦੇ। ਜਦੋਂ ਇਹ ਲੋਕ ਕਿਸੇ ਸੰਕਟ ਵਿੱਚ ਹੁੰਦੇ ਹਨ ਤਾਂ ਕੋਈ ਨਵਾਂ ਵਿਵਾਦ ਜਾਂ ਨਾਟਕ ਖੜਾ ਕਰਦੇ ਹਨ ਤਾਂ ਕਿ ਇਹ ਪੱਕਾ ਕੀਤਾ ਜਾ ਸਕੇ ਕਿ ਪਿਛਲੇ ਵਿਵਾਦ ਤੋਂ ਲੋਕਾਂ ਦਾ ਧਿਆਨ ਭਟਕ ਗਿਆ ਹੈ। ਨਰੇਂਦਰ ਮੋਦੀ ਦੀ ਸਰਕਾਰ ਇਸ ਵੇਲੇ ਬੇਰੁਜ਼ਗਾਰੀ, ਨੋਟਬੰਦੀ, ਜੀਐਸਟੀ ਦੀ ਮਾਰ ਹੇਠ ਹੈ ਅਤੇ ਉਹ ਲੋਕਾਂ ਦਾ ਇਸ ਪਾਸਿਓਂ ਧਿਆਨ ਹਟਾਉਣ ਲਈ ਪਿਛਲੀ ਕਾਂਗਰਸ ਸਰਕਾਰ ਅਤੇ ਹੋਰ ਸਿਆਸੀ ਪਾਰਟੀਆਂ ਨੂੰ ਦੇਸ਼ 'ਚ ਲਾਈ ਐਮਰਜੈਂਸੀ ਅਤੇ ਹੋਰ ਘੁਟਾਲਿਆਂ ਦੀ ਯਾਦ ਦੁਆ ਰਹੀ ਹੈ।
ਦੇਸ਼ 'ਚ ਆਰਥਕ ਸੰਕਟ ਹੈ। ਰੁਪੱਈਏ ਦਾ ਮੁੱਲ ਡਾਲਰ ਦੇ ਮੁਕਾਬਲੇ 69.09 ਹੋ ਗਿਆ ਹੈ। ਕੱਚੇ ਤੇਲ ਦੇ ਮੁੱਲ ਵੱਧ ਰਹੇ ਹਨ। ਨੌਕਰੀਆਂ ਸਿਰਜੀਆਂ ਨਹੀਂ ਜਾ ਰਹੀਆਂ। ਲੱਖਾਂ ਭਾਰਤੀਆਂ ਨੂੰ ਰੋਟੀ ਰੋਜ਼ੀ ਲਈ ਕਰੜਾ ਸੰਘਰਸ਼ ਕਰਨਾ ਪੈ ਰਿਹਾ ਹੈ। ਸਿੱਖਿਆ ਅਤੇ ਸਿਹਤ ਦੇ ਮਾਮਲੇ 'ਚ ਭਾਰਤ ਲਗਾਤਾਰ ਪਿੱਛੇ ਵੱਲ ਜਾ ਰਿਹਾ ਹੈ। ਪਰ ਸਾਡੇ ਨੇਤਾ ਲੋਕ ਇਸ ਸਭ ਕੁਝ ਤੋਂ ਬੇਖਬਰ ਹਨ।
ਸਾਡੇ ਦੇਸ਼ ਦੇ ਨੇਤਾਵਾਂ ਦੀ ਪ੍ਰਮੁਖਤਾ ਸਮਝਣ ਵਾਲੀ ਹੈ। ਖ਼ਬਰੀ ਸੁਰਖੀਆਂ ਉਤੇ ਝਾਤ ਮਾਰੋ। ਦੇਸ਼ ਵਿੱਚ ਕੇਂਦਰ ਅਤੇ ਬਹੁਤੀਆਂ ਸੂਬਾ ਸਰਕਾਰਾਂ ਉਤੇ ਇਕੋ ਪਾਰਟੀ ਦਾ ਕਬਜ਼ਾ ਹੈ। ਭਗਵਾਂ ਸੋਚ ਵਾਲੇ ਲੋਕ ਸੱਤਾ ਵਿੱਚ ਹਨ। ਉਹਨਾ ਦੀ ਪ੍ਰਾਥਮਿਕਤਾ ਦੇਸ਼ ਦੀ ਜਨਤਾ ਦੀ ਫਿਕਰ ਬੇਰੁਜ਼ਗਾਰੀ, ਭੁੱਖਮਾਰੀ, ਸਿਹਤ, ਸਿੱਖਿਆ ਨਹੀਂ ਹੈ। ਉਹ ਤਾਂ ਸੈਂਕੜੇ ਇਥੋਂ ਤੱਕ ਕਿ ਹਜ਼ਾਰਾਂ ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਪਰਖ-ਤੋਲ ਕੇ ਲੋਕਾਂ ਸਾਹਮਣੇ ਲਿਆ ਰਹੇ ਹਨ। ਉਸੇ ਤੇ ਗਰਮਾ-ਗਰਮ ਬਹਿਸ ਕਰ ਰਹੇ ਹਨ। ਰਾਮ ਮੰਦਿਰ ਦੀ ਉਸਾਰੀ ਉਹਨਾ ਦੀ ਪਹਿਲ ਹੈ। ਮੁਗਲ ਸਾਸ਼ਕ ਅਤੇ ਤਾਜਮਹੱਲ ਉਹਨਾ ਦੇ ਨਿਸ਼ਾਨੇ ਉਤੇ ਹਨ। ਭਾਜਪਾ ਮੁਗਲਾਂ ਨੂੰ ਪਸੰਦ ਨਹੀਂ ਕਰਦੀ, ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ। ਉਤਰਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਤਾਜਮੱਹਲ ਜਿਹੇ ਇਤਹਾਸਿਕ ਧਰੋਹਰ ਨੂੰ ਆਪਣੀ ਸੂਬਾਈ ਸੈਰ ਸਪਾਟਾ ਕਿਤਾਬਚੇ ਵਿਚੋਂ ਬਾਹਰ ਕੱਝ ਦਿੱਤਾ। ਭਾਜਪਾ ਵਿਧਾਇਕ ਸੋਮ ਤਾਂ ਕਹਿ ਚੁੱਕੇ ਹਨ ਕਿ ਸੰਗਮਰਮਰ ਤੋਂ ਬਣੇ ਇਸ ਮਕਬਰੇ ਦਾ ਨਿਰਮਾਣ ਤਾਂ ਦੇਸ਼ ਧਰੋਹੀ ਅਤੇ ਉਸ ਰਾਜੇ ਨੇ ਕਰਵਾਇਆ ਸੀ ਜੋ ਹਿੰਦੂਆਂ ਦਾ ਸਫਾਇਆ ਕਰਨਾ ਚਾਹੁੰਦਾ ਸੀ। ਸੋਮ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਭਾਰਤ ਦੀ ਵਿਰਾਸਤ ਵਿੱਚ ਤਾਜਮੱਹਲ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਅਤੇ ਇਤਹਾਸ ਫਿਰ ਤੋਂ ਲਿਖਿਆ ਜਾਏਗਾ ਤਾਂ ਕਿ ਮੁਗਲ ਸਾਸ਼ਕਾਂ ਦਾ ਨਾਮ ਮਿਟਾਇਆ ਜਾ ਸਕੇ। ਭਾਜਪਾ ਦੇ ਪ੍ਰਵਕਤਾ ਜੀ ਬੀ ਐਲ ਨਰਸਿੰਮਾ ਰਾਓ ਨੇ ਭਾਰਤ ਵਿੱਚ ਮੁਗਲਾਂ ਦੇ ਰਾਜ ਨੂੰ ਵਿਸਫੋਟਕ ਅਤੇ ਤਬਾਹਕੁਨ ਕਰਾਰ ਦਿੱਤਾ ਅਤੇ ਕਿਹਾ ਕਿ ਭਾਰਤੀ ਸਭਿਅਤਾ ਅਤੇ ਪਰੰਪਰਾ ਨੂੰ ਮੁਗਲ ਸਾਸ਼ਕਾਂ ਭਾਰੀ ਨੁਕਸਾਨ ਪਹੁੰਚਾਇਆ। ਇਥੋਂ ਤੱਕ ਕਿ, ਅਕਬਰ ਜਿਸਦਾ ਅਕਸ ਦੂਜੇ ਸਾਸ਼ਕਾਂ ਨਾਲੋਂ ਵੱਖਰਾ ਮੰਨਿਆ ਜਾਂਦਾ ਹੈ, ਉਸਦੇ ਹਮਲੇ ਤੋਂ ਬਚ ਨਹੀਂ ਸਕਿਆ। ਭਾਜਪਾ ਦੇ ਇਸ ਬੁਲਾਰੇ ਨੇ ਅਕਬਰ ਦੀ ਤੁਲਨਾ ਹਿਟਲਰ ਨਾਲ ਕੀਤੀ। ਹੁਣੇ ਜਿਹੇ ਉਤਰਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਅਦਿਤਿਆ ਨਾਥ ਨੇ ਕਸ਼ਮੀਰੀ ਪੰਡਤਾਂ ਪ੍ਰਤੀ ਔਰੰਗਜੇਬ ਦੇ ਵਿਵਹਾਰ ਬਾਰੇ ਕਿਹਾ ਸੀ। ਦੂਸਰੇ ਪਾਸੇ ਕਾਂਗਰਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤੁਲਨਾ ਔਰੰਗਜੇਬ ਨਾਲ ਕਰ ਦਿੱਤੀ।
ਪਰੰਤੂ ਸਵਾਲ ਉਠਦਾ ਹੈ ਕਿ ਇਸ ਜੁਬਾਨੀ ਜੰਗ ਵਿੱਚ ਲੋਕਾਂ ਦੇ ਰੋਜ਼ਾਨਾ ਕੰਮ ਕਾਰ 'ਚ ਇਸਦੀ ਭੂਮਿਕਾ ਕੀ ਹੋਵੇ? ਆਖ਼ਰ ਸਾਸ਼ਕਾਂ ਦੀ ਪਹਿਲ ਤਾਂ ਲੋਕਾਂ ਦੀ ਸਮੱਸਿਆਵਾਂ ਦਾ ਹਲ ਹੋਣੀ ਚਾਹੀਦੀ ਹੈ। ਪਰ ਦੇਸ਼ ਵਿੱਚ ਤਾਂ ਹਿੰਦੂ, ਮੁਸਲਮਾਨਾਂ ਦੇ ਧਰੁਵੀਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ, ਕੀ ਇਸ ਨਾਲ ਦੇਸ਼ ਨੂੰ ਨੁਕਸਾਨ ਨਹੀਂ ਹੋਵੇਗਾ?
ਅੱਜ ਦੇਸ਼ ਨੂੰ ਸਭ ਤੋਂ ਵੱਡੀ ਚਣੌਤੀ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਹੈ,ਜਿਹੜੇ ਕਿ ਕੰਮ ਕਾਰ ਕਰਨ ਲਈ ਤਿਆਰ ਬੈਠੇ ਹਨ। ਜਿਹਨਾਂ ਦੇ ਹੱਥਾਂ 'ਚ ਭਾਰੀ ਭਰਕਮ ਡਿਗਰੀਆਂ ਹਨ। ਰੁਜ਼ਗਾਰ ਨਾਲ ਜੁੜਿਆ ਸੰਕਟ ਇੰਨਾ ਗੰਭੀਰ ਹੈ ਕਿ ਦੇਸ਼ ਦੇ ਕੁੱਝ ਵਿਕਸਤ ਸੂਬਿਆਂ 'ਚ ਮਿਲਦੀਆਂ ਉਦਾਹਰਨਾਂ ਤੋਂ ਵੇਖਿਆ ਜਾ ਸਕਦਾ ਹੈ। ਕੁਝ ਸਮਾਂ ਪਹਿਲਾਂ ਅਖ਼ਬਾਰਾਂ ਵਿੱਚ ਖ਼ਬਰ ਆਈ ਕਿ ਕਿਵੇਂ ਤਾਮਿਲਨਾਡੂ ਲੋਕ ਸੇਵਾ ਆਯੋਗ ਨੇ ਜਦੋਂ ਟਾਈਪਿਸਟ, ਪਟਵਾਰੀ, ਅਤੇ ਸਟੈਨੋਗ੍ਰਾਫਰ ਨੇ 9500 ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ ਆਯੋਜਿਤ ਕੀਤੀ ਗਈ ਤਾਂ ਵੀਹ ਲੱਖ ਉਮੀਦਵਾਰਾਂ ਵਿੱਚ 992 ਪੀ ਐਚ ਡੀ ਸ਼ਕਾਲਰ, 23000 ਐਮ ਫਿਲ, ਢਾਈ ਲੱਖ ਮਾਸਟਰ ਡਿਗਰੀ ਵਾਲੇ, ਅਤੇ ਅੱਠ ਲੱਖ ਗਰੇਜੂਏਟ ਸ਼ਾਮਲ ਹਨ। ਦੂਜੀ ਉਦਾਹਰਨ ਰੇਲਵੇ ਨਾਲ ਜੁੜੀ ਹੈ, ਜਿਥੇ 90000 ਅਸਾਮੀਆਂ ਲਈ ਢਾਈ ਕਰੋੜ ਲੋਕਾਂ ਨੇ ਅਰਜ਼ੀਆਂ ਦਿੱਤੀਆਂ। ਸਾਫ ਹੈ ਕਿ ਰੋਜ਼ਗਾਰ ਮੰਗਣ ਵਾਲਿਆਂ ਦੀ ਸੰਖਿਆ ਅਤੇ ਉਪਲੱਬਧਤਾ ਰੁਜ਼ਗਾਰ ਦੇ ਵਿੱਚ ਭਾਰੀ ਅੰਤਰ ਹੈ।
ਇਹ ਅਸਲੀ ਮੁੱਦੇ ਹਨ, ਅਸਲੀ ਚਣੌਤੀਆਂ ਹਨ। ਜੇਕਰ ਸਨਮਾਨਜਨਕ ਨੌਕਰੀਆਂ ਨਹੀਂ ਮਿਲਦੀਆਂ, ਤਾਂ ਸਾਡੇ ਨੌਜਵਾਨ ਆਪਣੇ ਜੀਵਨ 'ਚ ਗੁਜ਼ਾਰਾ ਕਿਵੇਂ ਕਰਨਗੇ? ਉਹ ਆਪਣੇ ਬੱਚਿਆਂ ਲਈ ਚੰਗੀ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਕਿਵੇਂ ਦੇ ਸਕਣਗੇ? ਇਸ ਬਾਰੇ ਭਾਰਤ ਦੇ ਹਾਕਮ ਚੁੱਪ ਹਨ। ਭਾਰਤ ਵਿੱਚ ਵਧਦੀ ਆਬਾਦੀ ਨੂੰ ਦੇਖਦੇ ਹੋਏ ਅਸੀਂ ਲੋਕਾਂ ਨੂੰ ਭਟਕਾਉਣ ਵਾਲੀ ਸਿਆਸਤ ਨੂੰ ਕਦੋਂ ਤੱਕ ਸਹਿਨ ਕਰ ਸਕਦੇ ਹਾਂ?
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.