ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਖੇਡਾਂ ਦੀ ਤੇ ਨਾ ਹੀ ਖਿਡਾਰੀਆਂ ਦੀ ਕਮੀ ਹੈ। ਹਾਂ ਬੱਸ, ਜੇਕਰ ਕਮੀ ਹੈ ਤਾਂ ਇੱਕੋ ਗੱਲ ਦੀ, ਜੋ ਹੈ ਸਹਿਯੋਗ। ਕਿਉਂਕਿ ਅਜੋਕੇ ਸਮੇਂਂ ਵਿਚ ਖੇਡਾਂ ਜਾਂ ਖਿਡਾਰੀਆਂ ਨੂੰ ਕਿਸੇ ਕੰਢੇ ਵੱਟੇ ਲਗਾ ਦੇਣਾ ਕੋਈ ਮਾਮੂਲੀ ਜਿਹੀ ਗੱਲ ਨਹੀਂ ਹੈ। ਅੱਜ ਦੁਨੀਆ 'ਤੇ ਜੇ ਕੋਈ ਪੁੰਨ ਦਾ ਕੰਮ ਹੈ ਤਾਂ ਉਹ ਹੈ ਕਿਸੇ ਦੇ ਧੀ ਪੁੱਤ ਨੂੰ ਖੇਡਾਂ ਦੇ ਨਾਲ ਜੋੜ ਦੇਣਾ। ਕਿਉਂਕਿ ਜੇ ਕਿਸੇ ਦਾ ਜਵਾਕ ਖੇਡਾਂ ਨਾਲ ਜੁੜ ਗਿਆ ਤਾਂ ਸੁਭਾਵਕ ਤੌਰ 'ਤੇ ਉਹ ਨਸ਼ਿਆਂ ਵਰਗੇ ਕੋਹੜ ਤੋਂ ਆਪਣੇ ਆਪ ਹੀ ਦੂਰ ਰਹੇਗਾ। ਪੰਜਾਬ ਦੇ ਮੌਜੂਦਾ ਹਾਲਾਤ ਵੀ ਕੁਝ ਅਜਿਹੇ ਹੀ ਬਣੇ ਹੋਏ ਹਨ। ਆਏ ਦਿਨ ਨੌਜਵਾਨਾਂ ਦੀ ਨਸ਼ੇ ਦੀ ੳਵਰਡੋਜ਼ ਨਾਲ ਮੌਤਾਂ ਹੋ ਰਹੀਆਂ ਹਨ। ਜੋ ਵਾਕਿਆ ਹੀ ਬੜਾ ਗੰਭੀਰ ਚਿੰਤਾ ਦਾ ਮੁੱਦਾ ਬਣਿਆ ਹੋਇਆ ਹੈ। ਹਰ ਕੋਈ ਅੱਜ ਇਹੀ ਸਵਾਲ ਕਰ ਰਿਹੈ ਕਿ ਮੌਜੁਦਾ ਹਾਲਾਤਾਂ ਵੱਲ੍ਹ ਵੇਖਦੀਆਂ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਕਿੱਦਾਂ ਕੀਤਾ ਜਾਵੇ ? ਤਾਂ ਉਸਦਾ ਇੱਕੋ ਇੱਕ ਜਵਾਬ ਹੈ ਕਿ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਉਨ੍ਹਾਂ ਜ਼ਿੰਮੇਵਾਰ ਹੱਥਾਂ ਹਵਾਲੇ ਕਰ ਦੇਣਾ ਚਾਹੀਦਾ ਹੈ ਜਿਹੜੇ ਸਮਾਜ ਤੇ ਜਵਾਨੀ ਦੀ ਭਲਾਈ ਲਈ ਆਪਣੇ ਸਾਰੇ ਜੀਵਨ ਨੂੰ ਖੇਡਾਂ ਦੇ ਹਵਾਲੇ ਕਰ ਚੁੱਕੇ ਹਨ। ਕਿਉਂਕਿ ਖੇਡਾਂ ਨਾਲ ਜੁੜਿਆ ਸ਼ਖਸ ਕਦੀ ਵੀ ਨਸ਼ਿਆਂ ਵਰਗੇ ਕੋਹੜ ਨੂੰ ਆਪਣੇ ਨਜ਼ਦੀਕ ਨਹੀਂ ਆਉਣ ਦੇਵੇਗਾ।
ਅਜਿਹੀ ਇੱਕ ਮਿਸਾਲ ਬਣ ਰਿਹਾ ਹੈ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਾ ਨੌਜਵਾਨ ਗੁਰਪ੍ਰੀਤ ਸਿੰਘ ਮਲਹਾਂਸ। ਇਹ ਨੌਜਵਾਨ ਮਹਿਜ਼ 34 ਸਾਲ ਦੀ ਉਮਰ ਵਿਚ ਹੀ ਸਮੁੱਚੇ ਇਲਾਕੇ ਦੇ ਬੱਚਿਆਂ ਦੇ ਭਵਿੱਖ ਨੂੰ ਰੁਸ਼ਨਾਉਣ ਦੀ ਜ਼ਿੰਮੇਵਾਰੀ ਚੁੱਕੀ ਬੈਠਾ ਹੈ। ਗੁਰਪ੍ਰੀਤ ਮਲਹਾਂਸ ਫੁੱਟਬਾਲ ਦੀ ਦੁਨੀਆ ਵਿਚ ਅੱਜ ਪੂਰੇ ਭਾਰਤ ਨੂੰ ਚੈਲੇਂਜ ਕਰ ਰਿਹੈ ਕਿ ਜਿੰਨੇ ਬਿਹਤਰ ਖਿਡਾਰੀ ਪੰਜਾਬ ਪੂਰੇ ਭਾਰਤ ਨੂੰ ਦੇ ਸਕਦਾ ਹੈ, ਉਨੇ ਬਿਹਤਰੀਨ ਖਿਡਾਰੀ ਹੋਰ ਕੋਈ ਸੂਬਾ ਨਹੀਂ ਪੈਦਾ ਕਰ ਸਕਦਾ। ਭਾਰਤ 'ਚੋਂ ਵੀ ਜੇਕਰ ਗੱਲ ਕਰੀਏ ਤਾਂ ਇਕੱਲਾ ਪੰਜਾਬ ਹੀ ਫੁੱਟਬਾਲ 'ਚ ਵੱਡੀਆਂ ਵੱਡੀਆਂ ਟੀਮਾਂ ਨੂੰ ਹਰਾਉਣ ਲਈਂ ਕਾਫੀ ਹੈ। ਕਿਉਂਕਿ ਨੌਜਵਾਨ ਗੁਰਪ੍ਰੀਤ ਦਾ ਮੰਨਣਾ ਹੈ ਕਿ ਪੰਜਾਬੀ ਸ਼ੁਰੂ ਤੋਂ ਹੀ ਯੋਧਿਆਂ ਦੀ ਕੌਮ ਰਹੀ ਹੈ ਅਤੇ ਪੰਜਾਬੀ ਜੋਸ਼ ਨਾਲ ਭਰੇ ਪਏ ਹਨ। ਪੰਜਾਬੀਆਂ 'ਚ ਕਿਸੇ ਵੀ ਧੁਨੰਤਰ ਫੁੱਟਬਾਲ ਟੀਮ ਨਾਲ ਮੁਕਾਬਲਾ ਕਰਨ ਦਾ ਭਰਪੂਰ ਦਮ ਹੈ। ਪਰ ਜੇਕਰ ਅੱਜ ਪੰਜਾਬ ਦੇ ਨੌਜਵਾਨ ਫੁੱਟਬਾਲ ਦੀ ਖੇਡ ਵਿਚ ਮਾਤ ਖਾ ਰਹੇ ਹਨ ਤਾਂ ਉਹ ਸਿਰਫ ਤੇ ਸਿਰਫ ਸਰਕਾਰਾਂ ਦੀ ਅਣਗਹਿਲੀ ਕਾਰਨ ਅਤੇ ਸਿਆਸਤਦੇ ਕਾਰਨ ਖਾ ਰਹੇ ਨੇ।
ਗੁਰਪ੍ਰੀਤ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਨਿੱਕੇ ਜਿਹੇ ਪਿੰਡ ਅਲੂਣਾ ਤੋਲਾ ਦਾ ਰਹਿਣ ਵਾਲਾ ਹੈ। ਪਿੰਡ ਦੇ ਸਰਕਾਰੀ ਸਕੂਲ ਵਿਚ ਪੜ੍ਹਦਿਆਂ ਹੀ ਗੁਰਪ੍ਰੀਤ ਫੁੱਟਬਾਲ ਨਾਲ ਲਗਾਵ ਰੱਖਣ ਲੱਗ ਗਿਆ ਸੀ। 7 ਸਾਲ ਦੀ ਉਮਰ ਤੋਂ ਉਹ ਲਗਾਤਾਰ ਬਿਨ ਨਾਗਾ ਪਾਏ ਫੁੱਟਬਾਲ ਦੇ ਮੈਦਾਨ ਵਿਚ ਜਾਂਦਾ ਹੈ ਤੇ ਫੁੱਟਬਾਲ ਨੂੰ ਰੱਬ ਵਾਂਗ ਪੂਜਦਾ ਹੈ। ਪਿੰਡ ਦੇ ਖੇਡ ਮੇਦਾਨਾਂ ਵਿਚ ਫੁੱਟਬਾਲ ਖੇਡਿਦਆਂ ਗੁਰਪ੍ਰੀਤ ਪਹਿਲੀ ਵਾਰ 2005 'ਚ ਅੰਡਰ-17 ਸਟੇਟ ਪੱਧਰ ਲਈ ਚੁਣਿਆ ਗਿਆ। ਜਿਥੇ ਉਨ੍ਹਾਂ ਦੀ ਟੀਮ ਸਟੇਟ 'ਚੋਂ ਫੁੱਟਬਾਲ ਚੈਂਪੀਅਨ ਰਹੀ। ਗੁਰਪ੍ਰੀਤ ਨੇ ਆਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਦੌਰਾਨ ਚਾਰ ਨੈਸ਼ਨਲ ਲੈਵਲ ਦੇ ਫੁੱਟਬਾਲ ਕੈਂਪ ਲਗਾਏ। 2008 ਵਿਚ ਮੁੰਬਈ ਏਅਰ ਇੰਡੀਆ ਫੁੱਟਬਾਲ ਟੀਮ ਲਈ ਚੁਣਿਆ ਗਿਆ। ਪਰ ਤਿੰਨ ਮਹੀਨੇ ਬਾਅਦ ਹੀ ਗੁਰਪ੍ਰੀਤ ਮੁੰਬਈ ਛੱਡ ਕੇ ਵਾਪਸ ਪਿੰਡ ਆ ਗਿਆ ਅਤੇ ਆਪਣੇ ਪਿੰਡ ਵਿਚ ਹੀ ਬੱਚਿਆਂ ਨੂੰ ਫੁੱਟਬਾਲ ਦੀ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ।
ਫੁੱਟਬਾਲ ਖੇਡਦਿਆਂ ਗੁਰਪ੍ਰੀਤ ਨਿੱਤ ਛੋਟੇ ਬੱਚਿਆਂ ਨੂੰ ਫੁੱਟਬਾਲ ਦੀ ਕੋਚਿੰਗ ਦਿੰਦਾ। ਪਹਿਲਾਂ ਮੈਦਾਨ ਵਿਚ ਖੁਦ ਪ੍ਰੈਕਟਿਸ ਕਰਦਾ ਤੇ ਫਿਰ ਛੋਟੇ ਬੱਚਿਆਂ ਨੂੰ ਫੁੱਟਬਾਲ ਦੀ ਪ੍ਰੈਕਟਿਸ ਕਰਾਉਂਦਾ। ਸ਼ਾਮ ਦੇ ਸਮੇਂ ਪਿੰਡ ਦੇ ਫੁੱਟਬਾਲ ਮੈਦਾਨ ਦਾ ਨਜ਼ਾਰਾਂ ਦੇਖਣ ਯੌਗ ਹੁੰਦਾ ਹੈ। ਇਹ ਨਜ਼ਾਰਾ ਕਿਸੇ ਵਿਦੇਸ਼ੀ ਅਖੈਡਮੀ ਦਾ ਭੁਲੇਖਾ ਪਾਉਂਦਾ ਹੈ। ਕਿਉਂਕਿ ਬੱਚਿਆਂ ਨੂੰ ਪੂਰੀ ਖੇਡ ਕਿੱਟ ਵਿਚ ਪ੍ਰੈਕਟਿਸ ਕਰਾਈ ਜਾਂਦੀ ਹੈ ਅਤੇ ਮੇਦਾਨ ਵਿਚ ਕੋਨਾਂ ਵਗੈਰਾ ਰੱਖ ਕੇ ਫੁੱਟਬਾਲ 'ਚ ਫੁਰਤੀ ਦਾ ਹਰ ਇਕ ਦਾਅ ਪੇਚ ਗੁਰਪ੍ਰੀਤ ਵੱਲੋਂ ਸਿਖਾਇਆ ਜਾਂਦਾ ਹੈ।
ਆਪਣੀ ਕੋਚਿੰਗ ਨੂੰ ਹੋਰ ਵੱਡੇ ਪੱਧਰ 'ਤੇ ਲਿਜਾਣ ਲਈ ਗੁਰਪ੍ਰੀਤ ਨੇ 2018 ਵਿਚ ਆਪਣਾ ਪਹਿਲਾ ਕੋਚਿੰਗ ਕੋਰਸ ਜਲੰਧਰ ਵਿਖੇ ਗਰਾਸ ਰੂਟ ਦਾ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਕੋਰਸ ਕੀਤਾ। ਸਾਲ 2014 'ਚ ਹੀ ਉਸਨੇ ਫਗਵਾੜੇ ਤੋਂ ਏਸ਼ੀਆ ਫੁੱਟਬਾਲ ਲੈਵਲ ਦਾ 'ਡੀ' ਕੋਚਿੰਗ ਸਰਟੀਫਿਕੇਟ ਹਾਸਲ ਕੀਤਾ। ਸਾਲ 2016 'ਚ 'ਸੀ' ਕੋਚਿੰਗ ਸਰਟੀਫਿਕੇਟ ਹੁਸ਼ਿਆਰਪੁਰ ਤੋਂ ਲਿਆ। ਸਾਲ 2015 'ਚ ਕਲਕੱਤਾ ਜਾ ਕੇ ਐਨ.ਆਈ.ਐੱਸ. ਵੱਲੋਂ ਕੋਚਿੰਗ ਸਰਟੀਫਿਕੇਟ ਹਾਸਲ ਕੀਤਾ। ਗੁਰਪ੍ਰੀਤ ਨੇ ਆਪਣੇ ਪਿੰਡ ਵਿਚ ਹੀ ਫੁੱਟਬਾਲ ਅਕੈਡਮੀ ਸ਼ੁਰੂ ਕਰ ਲਈ ਜਿਸ 'ਚ ਐਨ.ਆਰ.ਆਈਜ਼ ਨੇ ਉਸਦਾ ਭਰਪੂਰ ਸਾਥ ਦਿੱਤਾ। 2016 'ਚ ਗੁਰਪ੍ਰੀਤ ਭਾਰਤ ਦੇ ਕੁੱਲ 20 ਨੌਜਵਾਨ ਮੁੰਡਿਆਂ 'ਚੋਂ ਵਿਸ਼ਵ ਪ੍ਰਸਿੱਧ 'ਫੀਫਾ' ਕੋਚਿੰਗ ਕੈਂਪ ਲਈ ਚੁਣਿਆ ਗਿਆ ਸੀ। ਪੰਜਾਬ ਵਿਚੋਂ ਸਿਰਫ ਦੋ ਹੀ ਨੌਜਵਾਨ ਸਨ। ਇਕ ਗੁਰਪ੍ਰੀਤ ਅਤੇ ਦੂਸਰਾ ਫਗਵਾੜੇ ਦਾ ਨੌਜਵਾਨ ਸੀ।
ਗੁਰਪ੍ਰੀਤ ਦੀ ਕੋਚਿੰਗ ਅਧੀਨ ਹੁਣ ਤੱਕ ਦਰਜਣ ਦੇ ਕਰੀਬ ਬੱਚੇ ਅੰਤਰਰਾਸ਼ਟਰੀ ਪੱਧਰ ਤੱਕ ਫੁੱਟਬਾਲ ਖੇਡ ਚੁੱਕੇ ਹਨ, ਜਿੰਨ੍ਹਾਂ ਵਿਚ ਇਕ ਲੜਕੀ ਵੀ ਸ਼ਾਮਲ ਹੈ। ਜੋ ਸਪੇਨ ਦੇ ਲੀਉਨ ਸ਼ਹਿਰ 'ਚ 'ਸਟ੍ਰੀਟ ਵਰਲਡ ਕੱਪ' ਖੇਡ ਚੁੱਕੀ ਹੈ। ਉਥੇ ਹੀ ਇਕ ਲੜਕੇ ਨੇ ਨੈਸ਼ਨਲ ਫੁੱਟਬਾਲ ਕੈਂਪ ਲਗਾਇਆ ਅਤੇ ਇਕ ਅੰਡਰ-16 'ਚ ਮਿਨਰਵਾ ਪੰਜਾਬ ਟੀਮ ਦਾ ਕਪਤਾਨ ਵੀ ਰਹਿ ਚੁੱਕਾ ਹੈ। ਇੰਨਾ ਹੀ ਨਹੀਂ, ਗੁਰਪ੍ਰੀਤ ਵੱਲੋਂ ਤਿਆਰ ਕੀਤਾ ਇਕ 'ਸਪੈਸ਼ਲ ਚਾਈਲਡ' ਨੈਸ਼ਨਲ ਖੇਡ ਚੁੱਕਾ ਹੈ ਅਤੇ ਅਗਲੇ ਸਾਲ ਆਬੂ-ਧਾਬੀ ਵਿਚ ਫੁੱਟਬਾਲ ਦਾ ਕੈਂਪ ਲਗਾਉਣ ਜਾ ਰਿਹਾ ਹੈ। ਗੁਰਪ੍ਰੀਤ ਦਾ ਤਿਆਰ ਕੀਤਾ ਇਕ ਮੁੰਡਾ ਖੇਲੋ ਇੰਡੀਆ 'ਚ ਵੀ ਗਿਆ ਹੈ। ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਗੁਰਪ੍ਰੀਤ ਦੇ ਤਿਆਰ ਕੀਤੇ ਬੱਚੇ ਪੰਜਾਬ ਦੀਆਂ ਨਾਮੀ ਅਕੈਡਮੀਆਂ ਦੇ ਨਾਲ-ਨਾਲ ਭਾਰਤ ਦੇ ਵੱਡੇ ਕੈਂਪਾਂ ਵਿਚ ਵੀ ਜਾ ਰਹੇ ਹਨ। ਇਹ ਸਭ ਗੁਰਪ੍ਰੀਤ ਦਾ ਫੁੱਟਬਾਲ ਪ੍ਰਤੀ ਅਥਾਹ ਪਿਆਰ ਦਾ ਨਤੀਜਾ ਹੀ ਹੈ। ਇਸ ਸਭ ਵਿਚਕਾਰ ਗੁਰਪ੍ਰੀਤ ਸ਼ਿਮਲਾ ਦੇ ਇਕ ਸਕੂਲ ਵਿਚ ਕੋਚ ਦੇ ਤੌਰ 'ਤੇ ਗਿਆ ਸੀ। ਪਰ ਪਿੰਡ ਦੇ ਐਨ.ਆਰ.ਆਈਜ਼ ਦੇ ਕਹਿਣ 'ਤੇ ਅਤੇ ਆਪਣੇ ਪਿੰਡ ਦੇ ਬੱਚਿਆਂ ਦੇ ਖੇਡ ਭਵਿੱਖ ਬਾਰੇ ਸੋਚ ਕੇ ਵਾਪਸ ਆ ਗਿਆ ਅਤੇ ਉਦੋਂ ਤੋਂ ਹੀ ਗੁਰਪ੍ਰੀਤ ਲਗਾਤਾਰ ਪਿੰਡ ਵਿਚ ਕੋਚਿੰਗ ਦੇ ਰਿਹਾ ਹੈ।
ਸਾਲ 2017 ਵਿਚ ਗੁਰਪ੍ਰੀਤ ਦੀ ਟੀਮ ਦੀ ਕਾਬਲਿਅਤ ਦੇਖਦਿਆਂ ਉਸ ਨਾਲ ਰਾਊਂਡ ਗਲਾਸ ਨਾਮਕ ਅਕੈਡਮੀ ਨਾਲ ਜੁੜਨ ਦਾ ਮੌਕਾ ਮਿਲਿਆ। ਜਿਸਤੋਂ ਬਾਅਦ ਗੁਰਪ੍ਰੀਤ ਦੀ ਅਕੈਡਮੀ ਨੂੰ ਐਨ.ਆਰ.ਆਈ ਭਾਈਚਾਰਾ ਅਤੇ ਰਾਊਂਡ ਗਲਾਸ ਅਕੈਡਮੀ ਦੇ ਸਾਂਝੇ ਯੋਗਦਾਨ ਨਾਲ ਬਾਖੂਬੀ ਚਾਲਾਇਆ ਜਾ ਰਿਹਾ ਹੈ। ਅਕੈਡਮੀ ਦੇ ਇਹ ਬੱਚੇ ਹੋਰ ਕੋਈ ਨਹੀਂ ਸਗੋਂ ਆਲੇ ਦੁਆਲੇ ਦੇ ਪਿੰਡਾਂ ਦੇ ਹੀ ਗਰੀਬ ਘਰਾਂ ਦੇ ਬੱਚੇ ਹਨ। ਜਿੰਨ੍ਹਾਂ ਨੂੰ ਦੋ ਟਾਇਮ ਦੀ ਰੋਟੀ ਦਾ ਪ੍ਰਬੰਧ ਵੀ ਪਿੰਡ ਵਿਚ ਬਣੀ ਖਾਸ ਰਸੋਈ 'ਚ ਕੀਤਾ ਗਿਆ ਹੈ। ਬੱਚਿਆਂ ਨੂੰ ਰਿਫਰੈਸ਼ਮੈਂਟ ਵਜੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ।
ਨੌਜਵਾਨ ਗੁਰਪ੍ਰੀਤ ਸਿੰਘ ਆਪਣੀ ਤਕਨੀਤ ਨਾਲ ਅਕੈਡਮੀ ਦੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਦੇ ਖਿਡਾਰੀਆਂ ਦੇ ਬਰਾਬਰ ਖੇਡਣ ਦੇ ਯੋਗ ਬਣਾ ਰਿਹਾ ਹੈ। ਗੁਰਪ੍ਰੀਤ ਨੂੰ ਫਿਲਹਾਲ ਸਰਕਾਰਾਂ ਨੇ ਉਸਦੇ ਇਸ ਨੇਕ ਕਾਰਜ ਲਈ ਇੱਕ ਰੁਪਏ ਤੱਕ ਦੀ ਸਹਾਇਤਾ ਨਹੀਂ ਦਿੱਤੀ। ਗੁਰਪ੍ਰੀਤ ਦਾ ਕਹਿਣਾ ਹੈ ਕਿ ਉਹ ਸਰਕਾਰਾਂ ਕੋਲ ਕਿਸੇ ਗੱਲ ਦੀ ਆਸ ਵੀ ਨਹੀਂ ਰੱਖਦਾ, ਬੱਸ ਇਕੋ ਇੱਕ ਗੁਜ਼ਾਰਿਸ਼ ਕਰਦਾ ਹੈ ਕਿ ਪਿੰਡ ਨੂੰ ਇਕ ਬਿਹਤਰੀਨ ਖੇਡ ਮੈਦਾਨ ਜਰੂਰ ਦਿੱਤਾ ਜਾਵੇ। ਇਕੱਲਾ ਉਸਦੇ ਪਿੰਡ ਅਲੂਣਾ ਤੋਲਾ ਨੂੰ ਹੀ ਨਹੀਂ , ਸਗੋਂ ਗੁਰਪ੍ਰੀਤ ਦਾ ਮੰਨਣਾ ਹੈ ਕਿ ਜੇਕਰ ਪੂਰੇ ਲੁਧਿਆਣਾ ਜ਼ਿਲ੍ਹੇ ਵਿਚ ਹੀ ਢੰਗ ਦੇ ਖੇਡ ਮੈਦਾਨ ਬਣ ਜਾਣ ਤਾਂ ਉਸਦਾ ਦਾਅਵਾ ਹੈ ਕਿ ਪੂਰੇ ਪੰਜਾਬ ਵਿਚੋਂ ਵੀ ਕੋਈ ਅਜਿਹੇ ਖਿਡਾਰੀ ਪੈਦਾ ਨਹੀਂ ਕਰ ਸਕਦਾ ਜਿੰਨੇ ਵਧੀਆ ਖਿਡਾਰੀ ਇਸ ਇਲਾਕੇ ਦੇ ਉਸ ਕੋਲ ਟ੍ਰੇਨਿੰਗ ਲੈ ਰਹੇ ਨੇ। ਅਕੈਡਮੀ ਦੇ ਬੱਚਿਆਂ ਦੇ ਉਤਸ਼ਾਹ ਲਈ ਇਨ੍ਹਾਂ ਦੀ ਫੁੱਟਬਾਲ ਅਕੈਡਮੀ ਵੱਲੋਂ ਹਰ ਸਾਲ ਪਿੰਡ ਦੇ ਸਕੂਲ ਵਿਚ ਵੱਡੇ ਪੱਧਰ 'ਤੇ ਪ੍ਰੋਗਰਾਮ ਕਰਾਇਆ ਜਾਂਦਾ ਹੈ ਜਿਸ ਵਿਚ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਂਦੀ ਹੈ ਤਾਂ ਜੋ ਬੱਚਿਆਂ ਵਿਚ ਖੇਡ ਪ੍ਰਤੀ ਲਾਲਚ ਪੈਦਾ ਹੋ ਸਕੇ। ਗੁਰਪ੍ਰੀਤ ਪਿੰਡ ਦੀਆਂ ਲੜਕੀਆਂ ਨੂੰ ਵੀ ਫੁੱਟਬਾਲ ਟ੍ਰੇਨਿੰਗ ਦੇ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਮੁੰਡੇ ਕੁੜੀਆਂ ਇਕ ਬਰਾਬਰ ਹਨ ਤੇ ਲੜਕੀਆਂ ਦੇ ਮਨ ਵਿਚ ਇਹ ਨਾ ਜਾਵੇ ਕਿ ਸਿਰਫ ਮੁੰਡੇ ਹੀ ਅਕੈਡਮੀ ਦਾ ਹਿੱਸਾ ਹਨ। ਉਸਨੇ ਦੱਸਿਆ ਕਿ ਕਈ ਵਾਰ ਪਿੰਡ ਦੀਆਂ ਛੋਟੀਆਂ ਬੱਚੀਆਂ ਨੇ ਉਸ ਕੋਲ ਆ ਕੇ ਕਿਹਾ ਸੀ ਕਿ ਉਹ ਵੀ ਖੇਡਣਾ ਚਾਹੁੰਦੀਆਂ ਸਨ ਤੇ ਜਿਸ ਕਾਰਨ ਗੁਰਪ੍ਰੀਤ ਹੁਣ ਅਲੱਗ ਤੋਂ ਕੁੜੀਆਂ ਦੀ ਟ੍ਰੇਂਨਿੰਗ ਕਰਾਉਂਦਾ ਹੈ। ਜਿਸ ਦੇ ਨਤੀਜੇ ਵਜੋਂ ਇਕ ਲੜਕੀ ਸਪੋੇਨ 'ਚ 'ਸਟ੍ਰੀਟ ਵਰਲਡ ਕੱਪ ਖੇਡ ਚੁੱਕੀ ਹੈ।
ਨੌਜਵਾਨ ਗੁਰਪ੍ਰੀਤ ਬਾਰੇ ਲਿਖਣ ਲਈ ਹੋਰ ਵੀ ਬੜਾ ਕੁਝ ਹੈ, ਪਰ ਜਿੰਨੀਆਂ ਇਸ ਨੌਜਵਾਨ ਦੀਆਂ ਪ੍ਰਾਪਤੀਆਂ ਹਨ ਸ਼ਾਇਦ ਉਨਾ ਲਿਖ ਨਾ ਹੋਵੇ। ਪਰ ਇਹੋ ਜਿਹੇ ਨੌਜਵਾਨ ਵੱਲ੍ਹ ਦੇਖਕੇ ਲੱਗਦਾ ਹੈ ਕਿ ਪੰਜਾਬ 'ਚ ਅੱਜ ਵੀ ਚੰਗੀ ਸੋਚ ਰੱਖਣ ਅਤੇ ਨਸ਼ਾ ਰਹਿਤ ਨੌਜਵਾਨ ਮੌਜੂਦ ਹਨ। ਸ਼ਾਇਦ ਇਹ ਸਾਡੇ ਮੀਡੀਆ ਦਾ ਵੀ ਕਸੂਰ ਹੈ ਕਿ ਸਮਾਜ ਦੇ ਕਿਸੇ ਚੰਗੇ ਪੱਖ ਨੂੰ ਲੋਕਾਂ ਦੇ ਸਾਹਮਣੇ ਹੀ ਨਹੀਂ ਲਿਆਇਆ ਜਾਂਦਾ। ਜਦਕਿ ਇਹੋ ਜਿਹੇ ਨੌਜਵਾਨ ਜੋ ਸਮਾਜ ਲਈ ਖੁਦ ਮਿਸਾਲ ਬਣਦੇ ਹਨ, ਇਨ੍ਹਾਂ ਨੂੰ ਧਰੂ ਤਾਰੇ ਵਾਂਗੂ ਚਮਕਾਉਣ ਦੀ ਜ਼ਰੂਰਤ ਹੁੰਦੀ ਹੈ ਨਾ ਕਿ ਸਿਆਸੀ ਰੋਟੀਆਂ ਦੀ ਹੋੜ ਵਿਚ ਸਮਾਜ ਦੇ ਕੁਝ ਕੁ ਫੀਸਦ ਮਾੜੇ ਪੱਖ ਨੂੰ ਵਾਰ-ਵਾਰ ਦੁਨੀਆ ਸਾਹਮਣੇ ਵੱਡਾ ਮੁੱਦਾ ਬਣਾ ਕੇ ਪੇਸ਼ ਕਰ ਦੇਣਾ ਚਾਹੀਦਾ ਹੈ।
ਕੈਪਟਨ ਸਰਕਾਰ ਦੇ ਵਜ਼ੀਰ ਰਾਣਾ ਗੁਰਮੀਤ ਸਿੰਘ ਸੋਢੀ ਜੀ ਨੂੰ ਇਸ ਸਾਰੀ ਵਿਥਿਆ ਰਾਹੀਂ ਅਪੀਲ ਹੈ ਕਿ ਇਹੋ ਜਿਹੇ ਨੌਜਵਾਨ ਕੋਚਾਂ ਨੂੰ ਪੰਜਾਬ ਦੇ ਖੇਡ ਵਿਭਾਗ 'ਚ ਜਗ੍ਹਾ ਦੇਵੋ ਅਤੇ ਬਣਦੀਆਂ ਸਹੂਲਤਾਂ ਮੁਹੱਈਆ ਕਰੋ। ਇਕੱਲੇ ਕੋਚ ਨੂੰ ਹੀ ਨਹੀਂ , ਸਗੋਂ ਗੁਰਪ੍ਰੀਤ ਵਰਗੇ ਕੋਚ ਵੱਲੋਂ ਤਿਆਰ ਕੀਤੀ ਜਾ ਰਹੀ ਦਾਅਵੇਦਾਰੀ ਵਾਲੀ ਪਨੀਰੀ ਜੋ ਛੋਟੇ ਪਿੰਡਾਂ ਦੇ ਹਜ਼ਾਰਾਂ ਹੁਨਰਮੰਦ ਬੱਚੇ ਹਨ, ਨੂੰ ਵੀ ਸਹੂਲਤਾਂ ਪ੍ਰਦਾਨ ਕਰੋ। ਫਿਰ ਉਹ ਦਿਨ ਦੂਰ ਨਹੀਂ ਹੋਵੇਗਾ ਕਿ ਪੰਜਾਬ ਦੀ ਫੁੱਟਬਾਲ ਟੀਮ ਸਮੁੱਚੇ ਭਾਰਤ 'ਚ ਆਪਣਾ ਨਾਂਅ ਚਮਕਾਏ ਅਤੇ ਪੌੜੀ-ਦਰ-ਪੌੜੀ ਅੰਤਰ-ਰਾਸ਼ਟਰੀ ਪੱਧਰ ਵੱਲ੍ਹ ਕਦਮ ਵਧਾਉਂਦਿਆਂ ਭਾਰਤੀ ਪੁੱਟਬਾਲ ਟੀਮ ਨੂੰ ਫੀਫਾ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟਾਂ ਵਿਚ ਖੇਡਣ ਦਾ ਮੌਕਾ ਮਿਲੇ। ਫਿਲਹਾਲ ਭਾਰਤ ਅਤੇ ਪੰਜਾਬ ਦਾ ਖੇਡ ਮਹਿਕਮਾ ਵੀ ਸੁੱਤਾ ਪਿਐ ਜਾਪ ਰਿਹਾ। ਰਾਣਾ ਸੋਢੀ ਸਾਬ੍ਹ ਤੋਂ ਆਸਾਂ ਜਤਾਈਆਂ ਜਾ ਰਹੀਆਂ ਨੇ ਕਿ ਜਲਦ ਉਹ ਪੰਜਾਬ ਦੀ ਹਰ ਖੇਡ ਦੇ ਖਿਡਾਰੀਆਂ ਦੀ ਸਾਰ ਲੈ ਸਕਦੇ ਨੇ। ਪਰ ਖੇਡ ਮੰਤਰੀ ਸਾਬ੍ਹ, ਸਭ ਤੋਂ ਪਹਿਲਾਂ ਗੁਰਪ੍ਰੀਤ ਜਿਹੇ ਨੌਜਵਾਨਾਂ ਨੂੰ ਆਪਣੀ ਬਾਜ ਵਰਗੀ ਅੱਖ ਨਾਲ ਪਹਿਚਾਣ ਕੇ ਵੱਡੇ ਮੈਦਾਨ ਵਿਚ ਲੈ ਆੳ। ਕੀ ਪਤਾ ਪੰਜਾਬ ਦੀਆਂ ਖੇਡਾਂ ਦੇ ਨਾਲ-ਨਾਲ ਤੁਹਾਡੇ ਹੱਥੋਂ ਪੰਜਾਬ ਦੇ ਇੰਨ੍ਹਾਂ ਲੁਕੇ ਹੋਏ ਖਿਡਾਰੀਆਂ/ਕੋਚਾਂ ਦਾ ਵੀ ਭਲਾ ਹੋ ਜਾਵੇ।
-
ਯਾਦਵਿੰਦਰ ਸਿੰਘ ਤੂਰ, ਖੇਡ ਲੇਖਕ ਤੇ ਪੱਤਰਕਾਰ
yadwinder12@gmail.com
9501582626
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.