ਇਸ ਗੱਲ ਬਾਰੇ ਮੈਂ ਅੱਜ ਸਵੇਰੇ ਹੀ ਸੋਚ ਰਿਹਾ ਸਾਂ ਕਿ ਪੰਜਾਬ ਚ ਨਸ਼ਾ ਮਹਾਂਮਾਰੀ ਦੇ ਖ਼ਿਲਾਫ਼ ਹਰ ਮੋਰਚੇ ਤੇ ਕੋਈ ਨਾ ਕੋਈ ਸੂਰਮਾ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦਾ ਅਧਿਆਪਕ ਜਾਂ ਵਿਦਿਆਰਥੀ ਖੜ੍ਹਾ ਹੈ। ਸਭ ਤੋਂ ਪਹਿਲਾਂ ਮੈਨੂੰ ਨੱਬੇ ਸਾਲਾ ਗੱਭਰੂ ਡਾ: ਸ. ਜੌਹਲ ਸਾਬਕਾ ਵਾਈਸ ਚਾਂਸਲਰ ਯਾਦ ਆਏ ਜੋ ਚਿੱਟੇ ਖਿਲਾਫ਼ ਕਾਲਾ ਹਫ਼ਤਾ ਦੇ ਸਰਪ੍ਰਸਤ ਬਣ ਕੇ ਨੰਗੇ ਚਿੱਟੇ ਰੂਪ ਵਿੱਚ ਨਿੱਤਰੇ।
ਪਹਿਲਾਂ ਚੰਡੀਗੜ੍ਹ ਚ ਬਲਤੇਜ ਪੰਨੂੰ, ਡਾ: ਪਾਲੀ ਭੂਪਿੰਦਰ ਸਿੰਘ ਤੇ ਮਿੰਟੂ ਗੁਰੂਸਰੀਆ ਨਾਲ ਸਾਂਝੇ ਮੰਚ ਤੇ ਪਰੈੱਸ ਨੂੰ ਸੰਬੋਧਿਤ ਹੋਏ। ਦੂਜੇ ਦਿਨ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸੜਕਾਂ ਤੇ ਨਿਕਲੇ। ਫਿਰ ਗੁਰਪ੍ਰੀਤ ਸਿੰਘ ਤੂਰ ਚੇਤੇ ਆਇਆ ਜੋ ਯੂਨੀਵਰਸਿਟੀ ਦਾ ਪੁਰਾਣਾ ਵਿਦਿਆਰਥੀ ਤੇ ਅਧਿਆਪਕ ਹੈ। ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਦਾ ਸਹਿਪਾਠੀ।
ਨਸ਼ਿਆਂ ਖਿਲਾਫ਼ ਲੇਖ ਲਿਖਦੈ। ਤਿੰਨ ਵਾਰਤਕ ਕਿਤਾਬਾਂ ਸੰਭਲੋ ਪੰਜਾਬ, ਜੀਵੇ ਜਵਾਨੀ ਤੇ ਹੁਣ ਅੱਲ੍ਹੜ ਉਮਰਾਂ ਤਲਖ਼ ਸੁਨੇਹੇ ਲਿਖ ਚੁਕੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਹਫ਼ਤੇ ਸੱਜਰੀ ਕਿਤਾਬ ਲੋਕ ਅਰਪਣ ਕੀਤੀ ਸੀ। ਗੁਰਪ੍ਰੀਤ ਸਿੰਘ ਤੂਰ ਨੂੰ ਦੋਬਾਰਾ ਮੋਗਾ ਦਾ ਸੀਨੀਅਰ ਪੁਲਿਸ ਕਪਤਾਨ ਲਾਇਆ ਗਿਆ ਹੈ। ਕਦੇ ਉਹ ਨਸ਼ਿਆਂ ਖ਼ਿਲਾਫ਼ ਇੱਕ ਪੁਰਖੀ ਕਾਫ਼ਲਾ ਸੀ ਪਰ ਹੁਣ ਪੂਰਾ ਪੰਜਾਬ ਉਸ ਦੇ ਦਮ ਨਾਲ ਦਮ ਭਰ ਰਿਹੈ। ਗੁਰਪ੍ਰੀਤ ਸਿੰਘ ਤੂਰ ਖ਼ੁਦ ਜਨਮਜ਼ਾਤ ਨਸ਼ਾ ਮੁਕਤ ਅਫ਼ਸਰ ਹੈ। ਸਰਬਪੱਖੀ ਵਿਕਾਸਸ਼ੀਲ ਜ਼ਿੰਦਗੀ ਦਾ ਸੁਪਨਕਾਰ।
ਮੁੱਖ ਮੰਤਰੀ ਪੰਜਾਬ ਨੇ ਵੀ ਨਸ਼ਾਮੁਕਤੀ ਮੁਕਤੀ ਲਹਿਰ ਲਈ ਕਲਾਕਾਰਾਂ ਤੋਂ ਸਹਿਯੋਗ ਲੈਣ ਲਈ ਸੋਚਿਆ ਤਾਂ ਗੁਣਾ ਫੇਰ ਪੰਜਾਬ ਖੇਤੀ ਯੂਨੀਵਰਸਿਟੀ ਦੇ ਅਧਿਆਪਕ ਡਾ: ਜਸਵਿੰਦਰ ਭੱਲਾ ਤੇ ਮਾਰਕਫੈੱਡ ਦੇ ਏ ਐੱਮ ਡੀ ਬਾਲ ਮੁਕੰਦ ਸ਼ਰਮਾ ਤੇ ਪਿਆ। ਉਨ੍ਹਾਂ ਨੂੰ ਹੀ ਪੰਜਾਬ ਸਰਕਾਰ ਨੇ ਸੰਕਟ ਨਿਵਾਰਨ ਲਈ ਧਿਰ ਮੰਨ ਕੇ ਬੁਲਾਇਆ। ਬਾਲ ਵੀ ਇਸੇ ਯੂਨੀਵਰਸਿਟੀ ਦਾ ਵਿਦਿਆਰਥੀ ਹੈ।
ਮੈਂ ਸਵੇਰ ਦਾ ਸੋਚ ਰਿਹਾ ਸਾਂ ਕਿ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ।
ਡਾ: ਸੁਰਜੀਤ ਪਾਤਰ ਵੀ ਇਸੇ ਯੂਨੀਵਰਸਿਟੀ ਦੇ ਪੁਰਾਣੇ ਅਧਿਆਪਕ ਹਨ,ਡਾ: ਨਿਰਮਲ ਜੌੜਾ ਵੀ, ਦੋਵੇਂ ਪੰਜਾਬ ਆਰਟਸ ਕੌੋਂਸਿਲ ਵੱਲੋਂ ਨਸ਼ਿਆਂ ਖਿਲਾਫ ਸਰਗਰਮ ਹਨ। ਪਾਤਰ ਸਾਹਿਬ ਦੀ ਤਾਂ ਨਸ਼ਿਆਂ ਖ਼ਿਲਾਫ਼ ਬਹੁਤ ਹੀ ਵਧੀਆ ਨਜ਼ਮ ਜਸਵੰਤ ਸਿੰਘ ਕੰਵਲ ਜੀ ਦੇ ਜਨਮ ਦਿਨ ਤੇ 27 ਜੂਨ ਨੂੰ ਸੁਣੀ ਸੀ। ਡਾ: ਸਰਬਜੀਤ ਸਿੰਘ ਰੇਣੂਕਾ ਪੱਤਰਕਾਰੀ ਵਿਭਾਗ ਦਾ ਪ੍ਰੋਫੈਸਰ ਹੋਣ ਦੇ ਨਾਲ ਨਾਲ ਨਸ਼ਾ ਮੁਕਤੀ ਲਹਿਰ ਚ ਹਿੱਸਾ ਪਾ ਰਿਹੈ।
ਮੈਂ ਵੀ ਇਸੇ ਯੂਨੀਵਰਸਿਟੀ ਦਾ ਤੀਹ ਸਾਲ ਲੂਣ ਖਾਧਾ ਹੈ। ਮੈਂ ਵੀ ਆਪਣੇ ਗੀਤਾਂ ਤੇ ਸੁਰਿੰਦਰ ਸ਼ਿੰਦਾ ਤੇ ਜਸਬੀਰ ਜੱਸੀ ਵਰਗੇ ਲੋਕ ਗਾਇਕਾਂ ਦੀ ਲਾਮਬੰਦੀ ਰਾਹੀਂ ਉਸ ਚਿੜੀ ਵਾਂਗ ਸਰਗਰਮ ਹਾਂ ਜੋ ਬਲਦੇ ਜੰਗਲ ਤੇ ਖੰਭ ਭਿਉਂ ਕੇ ਛੰਡਦੀ ਸੀ, ਅੱਗ ਬੁਝਾਉਣ ਲਈ। ਯੂਨੀ: ਦੇ ਪੁਰਾਣੇ ਕਰਮਚਾਰੀ ਹਰਨੇਕ ਸਿੰਘ ਭੰਡਾਲ ਨੇ ਵੀ ਕੁਝ ਗੀਤ ਨਸ਼ਿਆਂ ਖਿਲਾਫ ਲਿਖ ਕੇ ਜ਼ਿਕਰਯੋਗ ਆਹੂਤੀ ਪਾਈ ਹੈ। ਅਸਲ ਚ ਇਹ ਕਰਮਭੂਮੀ ਹੀ ਨਹੀਂ, ਧਰਮਭੂਮੀ ਵੀ ਹੈ, ਅਜਿਰੇ ਗੁਣਾਂ ਕਰਕੇ।
-
ਗੁਰਭਜਨ ਗਿੱਲ , ਲੇਖਕ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.