ਸਕੂਲ ਜਿਸਨੂੰ ਕਿ ਇਨਸਾਨ ਦੀ ਜਿੰਦਗੀ ਵਿੱਚ ਇੱਕ ਅਹਿਮ ਸਥਾਨ ਹਾਸਿਲ ਹੈ ਜਿੱਥੇ ਹਰ ਇਨਸਾਨ ਆਪਣੀ ਜਿੰਦਗੀ ਦੇ ਵਿਕਾਸ ਵਿੱਚ ਸਹਾਈ ਹੋਣ ਵਾਲੀਆਂ ਅਹਿਮ ਕਿ੍ਆਵਾਂ ਕਰਦਾ ਅਤੇ ਸਿੱਖਦਾ ਹੈ ।ਸਕੂਲ ਵਿੱਚ ਸਾਡੇ ਬੋਧਿਕ ਵਿਕਾਸ ਦੇ ਨਾਲ ਨਾਲ ਸ਼ਰੀਰਕ ਵਿਕਾਸ ਨਾਲ ਸੰਬੰਧਿਤ ਕਿ੍ਆਵਾਂ ਭਾਵ ਖੇਡਾਂ ਦਾ ਅਹਿਮ ਸਥਾਨ ਹੈ ।
ਅੱਜ ਸਕੂਲਾਂ ਵਿੱਚ ਖੇਡਾਂ ਸਿਰਫ ਮਨ ਪਰਚਾਵੇ ਜਾਂ ਪੀ.ਟੀ ਕਸਰਤਾਂ ਤੱਕ ਹੀ ਸੀਮਤ ਨਹੀ ਹਨ ਬਲਕਿ ਸਕੂਲੀ ਵਿਦਿਆਰਥੀਆਂ ਲਈ ਖੇਡਾਂ ਦੇ ਵੱਖ ਵੱਖ ਮੁਕਾਬਲੇ ਜੋ ਕਿ ਜੋਨਲ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਕਰਵਾਏ ਜਾਂਦੇ ਹਨ। ਭਾਰਤ ਦੀ ਸਕੂਲੀ ਖੇਡਾਂ ਕਰਵਾਉਣ ਵਾਲੀ ਸਭ ਤੋਂ ਵੱਡੀ ਸੰਸਥਾ SGFI ਸਕੂਲ ਗੇਮਜ ਫੈਡਰੇਸ਼ਨ ਆਫ ਇੰਡੀਆ ਪੂਰੇ ਦੇਸ਼ ਵਿੱਚ ਇਹਨਾਂ ਖੇਡਾਂ ਦੀ ਰੂਪ ਰੇਖਾ ਤਿਆਰ ਕਰਦੀ ਹੈ ਅਤੇ ਇਹਨਾਂ ਖੇਡਾਂ ਨੂੰ ਕਰਵਾਉਣ ਲਈ ਜਿੰਮੇਵਾਰ ਹੈ ,ਇਸਦੇ ਸਾਲਾਨਾ ਖੇਡ ਕੈਲੰਡਰ ਦੇ ਆਧਾਰ ਤੇ ਹੀ ਦੇਸ਼ ਦੇ ਸਾਰੇ ਰਾਜ ਆਪਣੀਆਂ ਖੇਡਾਂ ਦੀ ਰੂਪ ਰੇਖਾ ਤਿਆਰ ਕਰਦੇ ਹਨ ।ਪਹਿਲਾਂ ਜੌਨਲ ਫੇਰ ਜਿਲ੍ਹਾ ਅਤੇ ਰਾਜ ਪੱਧਰੀ ਮੁਕਾਬਲਿਆਂ ਤੋ ਬਾਅਦ ਹੀ ਰਾਸ਼ਟਰੀ ਖੇਡਾਂ ਵਿੱਚ ਖਿਡਾਰੀ ਐਂਟਰੀ ਕਰਦੇ ਹਨ ।ਅੱਜ ਸਕੂਲਾਂ ਦੇ ਵਿਦਿਆਰਥੀ ਖੇਡਾਂ ਪ੍ਰਤੀ ਬਹੁਤ ਜਾਗਰੂਕ ਹਨ ,SGFI ਨੇ ਪਿਛਲੇ ਕਈ ਸਾਲਾਂ ਦੇ ਦੌਰਾਨ ਨਵੀਆਂ ਨਵੀਆਂ ਖੇਡਾਂ ਆਪਣੇ ਖੇਡ ਕੈਲੰਡਰ ਵਿੱਚ ਸ਼ਾਮਿਲ ਕੀਤੀਆਂ ਕਰਕੇ ਵਿਦਿਆਰਥੀਆਂ ਦਾ ਧਿਆਨ ਸਕੂਲੀ ਖੇਡਾਂ ਵੱਲ ਖਿੱਚਿਆ ਹੈ ।ਕਿਸੇ ਸਮੇਂ ਸਕੂਲ ਖੇਡਾਂ ਵਿੱਚ ਸਿਰਫ ਗਿਣਿਆਂ ਚੁਣੀਆਂ ਖੇਡਾਂ ਹੀ ਸ਼ਾਮਿਲ ਸਨ ਜਿਵੇਂ ਅਥਲੈਟਿਕਸ ,ਫੁੱਟਬਾਲ, ਹਾਕੀ, ਕਬੱਡੀ ,ਹੈਂਡਬਾਲ,ਤੈਰਾਕੀ ਆਦਿ ਪਰ ਅੱਜ SGFI ਨੇ ਦੇਸ਼ ਦੀਆਂ ਵੱਖ ਵੱਖ ਖੇਡ ਐਸੋਸੀਏਸ਼ਨਾ ਦੇ ਨਾਲ ਮਿਲ ਕੇ ਨਵੀਆਂ ਨਵੀਆਂ ਖੇਡਾਂ ਨੂੰ ਆਪਣੇ ਖੇਡ ਪੋ੍ਗਰਾਮ ਦਾ ਹਿੱਸਾ ਬਣਾਇਆ ਹੈ ਜਿਸ ਨਾਲ ਵਿਦਿਆਰਥੀਆਂ ਵਿੱਚ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹ ਪੈਦਾ ਹੋਇਆ ਹੈ। ਸਕੂਲੀ ਖੇਡਾਂ ਤੋਂ ਹੀ ਖਿਡਾਰੀ ਆਪਣੇ ਖੇਡ ਕੈਰੀਅਰ ਦੀ ਸ਼ੁਰੂਆਤ ਕਰਦਾ ਹੈ ਅਤੇ ਜਿਹੜੇ ਖਿਡਾਰੀ ਸਕੂਲ ਦੇ ਸਮੇਂ ਦੋਰਾਨ ਖੇਡਾਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਖੇਡਦੇ ਹਨ ਉਹ ਗਲਤ ਰਸਤੇ ਤੋਂ ਬਚਣ ਦੇ ਨਾਲ ਨਾਲ ਖੇਡਾਂ ਰਾਹੀ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਜਰੂਰ ਕਰਦੇ ਹਨ। ਇੱਕ ਸਕੂਲੀ ਖਿਡਾਰੀ ਨੂੰ ਸਹੀ ਰਸਤਾ ਦਿਖਾਉਣ ਦਾ ਕੰਮ ਉਸਦੇ ਸਕੂਲ ਦਾ ਖੇਡ ਅਧਿਆਪਕ ਕਰਦਾ ਹੈ ਉਹ ਖਿਡਾਰੀ ਨੂੰ ਉਸਦੀ ਸ਼ਰੀਰਕ ਬਣਤਰ ਦੇ ਆਧਾਰ ਤੇ ਖੇਡ ਦੀ ਚੋਣ ਕਰਵਾ ਕੇ ਉਸਨੂੰ ਖੇਡ ਮੁਹਾਰਤ ਹਾਸਿਲ ਕਰਨ ਵਿੱਚ ਸਹਾਈ ਸਿੱਧ ਹੁੰਦਾ ਹੈ।ਸਾਡੇ ਦੇਸ਼ ਵਿੱਚ ਸਕੂਲੀ ਖੇਡਾਂ ਦੀ ਦਿਲਚਸਪ ਗੱਲ ਇਹ ਹੈ ਕਿ ਕੁਝ ਖੇਡਾਂ ਵਿੱਚ ਸਰਕਾਰੀ ਅਤੇ ਕੁਝ ਖੇਡਾਂ ਵਿੱਚ ਪਾ੍ਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀ ਦਿਲਚਸਪੀ ਦੇਖਣ ਨੂੰ ਮਿਲਦੀ ਹੈ ਇਸਦੇ ਕਈ ਕਾਰਨ ਹਨ ਪਹਿਲਾ ਕਾਰਨ ਪਾ੍ਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਆਰਥਿਕ ਤੌਰ ਤੇ ਅੰਤਰ ਹੋਣਾ ਹੈ ਕਿਉਂਕਿ ਅੱਜ ਬਹੁਤ ਸਾਰੀਆਂ ਖੇਡਾਂ ਖੇਡਣ ਲਈ ਬਹੁਤ ਖਰਚਾ ਹੁੰਦਾ ਹੈ ਅਤੇ ਆਰਥਿਕ ਤੋਰ ਤੇ ਕਮਜੋਰ ਵਿਦਿਆਰਥੀ ਸਾਧਨਾਂ ਦੀ ਘਾਟ ਕਾਰਨ ਇਹੋ ਜਿਹੀਆਂ ਖੇਡਾਂ ਵੱਲ ਮੂੰਹ ਕਰਦੇ ਹਨ ਜਿਨ੍ਹਾਂ ਵਿੱਚ ਖਰਚਾ ਘੱਟ ਹੁੰਦਾ ਹੋਵੇ ਅਤੇ ਜਿਆਦਾ ਸਾਧਨਾਂ ਦੀ ਲੋੜ ਨਾ ਪੈਂਦੀ ਹੋਵੇ, ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸ਼ਰੀਰਕ ਤੋਰ ਤੇ ਜਿਆਦਾ ਰਿਸ਼ਟ ਪੁਸ਼ਟ ਅਤੇ ਤਾਕਤਵਰ ਹੁੰਦੇ ਹਨ ਜਿਸ ਕਾਰਨ ਉਹ ਸ਼ਰੀਰਕ ਬਲ ਵਾਲੀਆਂ ਖੇਡਾਂ ਦੀ ਜਿਆਦਾ ਚੋਣ ਕਰਦੇ ਹਨ , ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਇਹੋ ਜਿਹੀਆਂ ਖੇਡਾਂ ਦੀ ਚੋਣ ਕਰਦੇ ਹਨ ਜਿਨ੍ਹਾਂ ਵਿੱਚ ਘੱਟ ਸ਼ਰੀਰਕ ਬਲ ਦੀ ਲੋੜ ਹੁੰਦੀ ਹੈ ਅਤੇ ਆਰਥਿਕ ਤੋਰ ਤੇ ਮਜਬੂਤ ਹੋਣ ਕਾਰਨ ਘੱਟ ਸ਼ਰੀਰਕ ਬਲ ਵਾਲੀਆਂ ਅਤੇ ਮਹਿੰਗੀਆਂ ਖੇਡਾਂ ਦੀ ਚੋਣ ਕਰਦੇ ਹਨ ਇਸ ਕਾਰਨ ਹੀ ਸਰਕਾਰੀ ਅਤੇ ਪਾ੍ਈਵੇਟ ਸਕੂਲ ਦੇ ਵਿਦਿਆਰਥੀਆਂ ਵਿੱਚ ਖੇਡ ਵਿਭਿੰਨਤਾ ਪਾਈ ਜਾਂਦੀ ਹੈ ।
ਹਰ ਸਾਲ ਸਕੂਲੀ ਖੇਡਾਂ ਦਾ ਪੋ੍ਗਰਾਮ ਦਾ ਪੋ੍ਗਰਾਮ ਜੋਨਲ ਖੇਡਾਂ ਤੋਂ ਸ਼ੁਰੂ ਹੁੰਦਾ ਹੈ । ਜੋਨਲ ਖੇਡਾਂ ਵਿੱਚ ਇੱਕ ਜੋਨ ਵਿੱਚ ਆਉਣ ਵਾਲੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਾਗ ਲੈਂਦੇ ਹਨ ਇਹਨਾਂ ਖੇਡਾਂ ਵਿੱਚ ਵੱਖ ਵੱਖ ਸਕੂਲਾਂ ਵਿੱਚੋ ਬਣ ਕੇ ਆਈਆਂ ਟੀਮਾਂ ਦੇ ਖਿਡਾਰੀ ਜਿਲ੍ਹਾ ਪੱਧਰੀ ਖੇਡਾਂ ਵਿੱਚ ਚੁਣੇ ਜਾਣ ਲਈ ਪੂਰੀ ਜੋਰ-ਅਜਮਾਇਸ਼ ਕਰਦੇ ਹਨ ਇਹ ਖੇਡਾਂ ਇੱਕ ਮੇਲੇ ਦਾ ਹੀ ਰੂਪ ਅਖਤਿਆਰ ਕਰ ਲੈਂਦੀਆਂ ਹਨ ਕਿਉਂਕਿ ਹਰ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਦੇ ਵਿਦਿਆਰਥੀ ਇਹਨਾਂ ਵਿੱਚ ਭਾਗ ਲੈਂਦੇ ਹਨ ਇਹਨਾਂ ਖੇਡਾਂ ਦੇ ਦੌਰਾਨ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਕੂਲਾਂ ਕੋਲ ਖੇਡ ਮੈਦਾਨਾਂ ਅਤੇ ਸਾਧਨਾਂ ਦੀ ਬਹੁਲਤਾ ਨਾ ਹੋਣ ਕਾਰਨ ਇਹਨਾਂ ਖੇਡਾਂ ਨੂੰ ਡੰਗ ਟਪਾਊ ਨੀਤੀ ਨਾਲ ਹੀ ਨੇਪਰੇ ਚਾੜ੍ਹਿਆ ਜਾਂਦਾ ਹੈ। ਚਲੋ ਕਿਵੇ ਜਿਵੇ ਇਹਨਾਂ ਖੇਡਾਂ ਨੂੰ ਨੇਪਰੇ ਚਾੜ੍ਹਨ ਤੋ ਬਾਅਦ ਵਾਰੀ ਆ ਜਾਂਦੀ ਹੈ ਜਿਲ੍ਹਾ ਸਕੂਲੀ ਖੇਡਾਂ ਦੀ ਹਰ ਜੋਨ ਦੀਆਂ ਵੱਖ ਵੱਖ ਖੇਡਾਂ ਦੀਆਂ ਟੀਮਾਂ ਅਤੇ ਖਿਡਾਰੀ ਇਹਨਾਂ ਖੇਡਾਂ ਵਿੱਚ ਭਾਗ ਲੈਂਦੇ ਹਨ । ਹਰ ਜਿਲ੍ਹੇ ਵਿੱਚ ਤੈਨਾਤ ਸਹਾਇਕ ਸਿੱਖਿਆ ਅਫਸਰ (ਖੇਡਾਂ) ਇਹਨਾਂ ਖੇਡਾਂ ਨੂੰ ਕਰਵਾਉਣ ਲਈ ਜਿੰਮੇਵਾਰ ਹੈ । ਸਹਾਇਕ ਸਿੱਖਿਆ ਅਫਸਰ ਜਿਲ੍ਹੇ ਭਰ ਵਿੱਚ ਮੌਜੂਦ ਖੇਡ ਸਾਧਨਾਂ ਅਤੇ ਮੈਦਾਨਾਂ ਦੇ ਆਧਾਰ ਤੇ ਇਹਨਾਂ ਖੇਡਾਂ ਦਾ ਕੈਲੰਡਰ ਤਿਆਰ ਕਰਦਾ ਹੈ ਇਹਨਾਂ ਖੇਡਾਂ ਵਿੱਚ ਜਿਲ੍ਹੇ ਭਰ ਦੇ ਵੱਖ ਵੱਖ ਜੌਨਾ ਦੀਆਂ ਟੀਮਾਂ ਰਾਜ ਪੱਧਰੀ ਖੇਡਾਂ ਲਈ ਆਪਸ ਵਿੱਚ ਭਿੜਦੀਆਂ ਹਨ । ਜਿਲ੍ਹਾ ਖੇਡਾਂ ਤੋਂ ਬਾਅਦ ਵਾਰੀ ਆਂਉਦੀ ਹੈ ਰਾਜ ਪੱਧਰੀ ਸਕੂਲ ਖੇਡਾਂ ਦੀ ਜਿਨ੍ਹਾਂ ਨੂੰ ਕਰਵਾਉਣ ਲਈ ਸਿੱਖਿਆ ਵਿਭਾਗ ਨੇ ਵੱਖਰਾ ਡਿਪਟੀ ਡਾਇਰੈਕਟਰ (ਖੇਡਾਂ) ਨਿਯੁਕਤ ਕੀਤਾ ਹੁੰਦਾ ਹੈ , ਡਿਪਟੀ ਡਾਇਰੈਕਟਰ ਅਤੇ ਉਸਦੀ ਟੀਮ SGFI ਦੇ ਸਾਲਾਨਾ ਖੇਡ ਕੈਲੰਡਰ ਨੂੰ ਮੁੱਖ ਰੱਖਦੇ ਹੋਏ ਰਾਜ ਪੱਧਰੀ ਸਕੂਲ ਖੇਡਾਂ ਦਾ ਪੋ੍ਗਰਾਮ ਉਲੀਕਦੀ ਹੈ, ਇਹ ਟੀਮ ਪੰਜਾਬ ਭਰ ਦੇ ਸਾਰੇ ਜਿਲ੍ਹਿਆਂ ਵਿਚਲੇ ਸਹਾਇਕ ਸਿੱਖਿਆ ਅਫਸਰਾਂ ਦੀ ਸਲਾਹ ਨਾਲ ਅਤੇ ਪੰਜਾਬ ਭਰ ਵਿੱਚ ਮੋਜੂਦ ਖੇਡ ਵਾਤਾਵਰਨ ਦੇ ਆਧਾਰ ਤੇ ਇਹਨਾਂ ਖੇਡਾਂ ਦਾ ਸਥਾਨ ਅਤੇ ਮਿਤੀ ਤੈਅ ਕਰਦੀ ਹੈ। ਇਹਨਾਂ ਖੇਡਾਂ ਲਈ ਖਿਡਾਰੀਆਂ ਦੀਆਂ ਐਂਟਰੀਆ ਸਹਾਇਕ ਸਿੱਖਿਆ ਅਫਸਰ ਵੱਲੋ ਡਿਪਟੀ ਡਾਇਰੈਕਟਰ ਦਫਤਰ ਨੂੰ ਆਨਲਾਈਨ ਹੀ ਭੇਜੀਆਂ ਜਾਂਦੀਆਂ ਹਨ । ਅਕਸਰ ਇਹਨਾਂ ਖੇਡਾਂ ਦੋਰਾਨ ਖਿਡਾਰੀਆਂ ਨੂੰ ਕਈ ਔਕੜਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਹ ਖੇਡਾਂ ਅਕਸਰ ਸਰਕਾਰੀ ਸਕੂਲਾਂ ਜਾਂ ਸਟੇਡੀਅਮਾਂ ਵਿੱਚ ਹੀ ਕਰਵਾਈਆਂ ਜਾਂਦੀਆਂ ਹਨ ਜਿੱਥੇ ਖਿਡਾਰੀਆਂ ਨੂੰ ਨਹਾਉਣ ਧੋਣ ਤੋਂ ਲੈ ਕੇ ਆਰਾਮ ਕਰਨ ਤੱਕ ਦੀਆਂ ਮੁੱਢਲੀਆਂ ਸਹੂਲਤਾਂ ਦੀ ਘਾਟ ਹਮੇਸ਼ਾਂ ਰੜਕਦੀ ਹੈ ਜਿਸ ਕਾਰਨ ਉਹਨਾਂ ਦੀ ਖੇਡ ਕਾਰਜਕੁਸ਼ਲਤਾ ਤੇ ਪ੍ਭਾਵ ਪੈਣਾ ਲਾਜਮੀ ਹੈ ਕਈ ਵਾਰ ਚੰਗੇ ਖਿਡਾਰੀ ਇਹਨਾਂ ਮਾੜੇ ਪ੍ਬੰਧਾ ਦੀ ਭੇਟ ਚੜ੍ਹ ਜਾਂਦੇ ਹਨ।
ਰਾਜ ਪੱਧਰੀ ਖੇਡਾਂ ਅਤੇ ਕੁਝ ਦਿਨਾਂ ਦੇ ਕੋਚਿੰਗ ਕੈਂਪ ਤੋਂ ਬਾਅਦ ਇਹਨਾਂ ਖਿਡਾਰੀਆਂ ਦਾ ਰਾਸ਼ਟਰੀ ਖੇਡਾਂ ਵਿੱਚ ਜਾਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ, SGFI ਨੇ ਇਹਨਾਂ ਖੇਡਾਂ ਦਾ ਸਾਰੀ ਪ੍ਣਾਲੀ ਆਨਲਾਈਨ ਹੀ ਕੀਤੀ ਹੋਈ ਹੈ, ਖੇਡਾਂ ਸੰਬੰਧੀ ਹਿਦਾਇਤਾਂ, ਖੇਡ ਕੈਲੰਡਰ ਅਤੇ ਐਂਟਰੀਆ ਦੀ ਸਾਰੀ ਰੂਪਰੇਖਾ ਆਨਲਾਈਨ ਹੀ ਹੈ । ਹਰ ਟੀਮ ਅਤੇ ਖਿਡਾਰੀਆਂ ਨਾਲ ਇੱਕ ਹੈਡ ਆਫ ਡੈਲੀਗੇਸ਼ਨ ਅਤੇ ਸੰਬੰਧਿਤ ਖੇਡ ਕੋਚ ਜਰੂਰ ਜਾਂਦਾ ਹੈ ਸਾਰੇ ਡੈਲੀਗੇਸ਼ਨ ਦਾ ਖਰਚਾ ਸਿੱਖਿਆ ਵਿਭਾਗ ਵੱਲੋਂ ਹੀ ਕੀਤਾ ਜਾਂਦਾ ਹੈ ,ਮੈਨੂੰ ਵੀ ਕਈ ਵਾਰ ਵੱਖ ਵੱਖ ਟੀਮਾਂ ਨਾਲ ਹੈਡ ਆਫ ਡੈਲੀਗੇਸ਼ਨ ਅਤੇ ਬਤੌਰ ਕੋਚ ਜਾਣ ਦਾ ਮੌਕਾ ਮਿਲਿਆ ਹੈ , ਕਈ ਵਾਰ ਰੇਲ ਦੀ ਸੁਚੱਜੀ ਰਿਜ਼ਰਵੇਸ਼ਨ ਨਾ ਹੋਣ ਕਰਕੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਲੰਬੇ ਸਫਰ ਦੌਰਾਨ ਕਾਫੀ ਦਿੱਕਤ ਆਂਉਦੀ ਹੈ ਜਿਸਦਾ ਖਿਡਾਰੀ ਦੀ ਖੇਡ ਤੇ ਸਿੱਧਾ ਅਸਰ ਪੈਂਦਾ ਹੈ ਕਿਉਕੀ ਵਧੀਆ ਖੇਡ ਦਾ ਪ੍ਦਰਸ਼ਨ ਕਰਨ ਲਈ ਖਿਡਾਰੀ ਲਈ ਆਰਾਮਦਾਇਕ ਅਵਸਥਾ ਜਰੂਰੀ ਹੈ ,ਇਸਦੀ ਸੁਚੱਜੀ ਵਿਵਸਥਾ ਕਰਨ ਦੀ ਸਿੱਖਿਆ ਵਿਭਾਗ ਨੂੰ ਸਖਤ ਜਰੂਰਤ ਹੈ ,ਇਸ ਤੋਂ ਇਲਾਵਾ ਖਿਡਾਰੀਆਂ ਦੇ ਰੱਖ ਰਖਾਵ ਅਤੇ ਖਾਣ ਪੀਣ ਸੰਬੰਧੀ ਵੀ SGFI ਨੂੰ ਅਜੇ ਬਹੁਤ ਸੁਧਾਰ ਕਰਨ ਦੀ ਲੋੜ ਹੈ ਕਿਉਂਕਿ ਦੇਸ਼ ਨੂੰ ਅੰਤਰਰਾਸ਼ਟਰੀ ਖਿਡਾਰੀ ਦੇਣ ਵਾਲੀਆਂ ਨਰਸਰੀਆਂ ਇਹ ਸਕੂਲ ਹੀ ਹਨ , ਮਾੜੇ ਖੇਡ ਪ੍ਬੰਧਾ ਅਤੇ ਪੱਖਪਾਤੀ ਰਵਈਏ ਕਰਕੇ ਪਤਾ ਨਹੀ ਕਿੰਨੇ ਹੀ ਵਿਦਿਆਰਥੀ ਖੇਡਾਂ ਤੋਂ ਮੁੱਖ ਮੋੜ ਲੈਂਦੇ ਹਨ ਇਸ ਤੋਂ ਇਲਾਵਾ ਰਾਸ਼ਟਰੀ ਸਕੂਲ ਖੇਡਾਂ ਤੋਂ ਬਾਅਦ ਖਿਡਾਰੀਆਂ ਲਈ ਅੰਤਰਰਾਸ਼ਟਰੀ ਸਕੂਲ ਖੇਡਾਂ ਵਿੱਚ ਜਾਣ ਦੀ ਪ੍ਕਿਰਿਆ ਨੂੰ ਪਾਰਦਰਸ਼ੀ ਅਤੇ ਸੋਖਾ ਕਰਨ ਦੀ ਲੋੜ ਹੈ ਤਾਂ ਜੋ ਸਾਡੇ ਦੇਸ਼ ਦੇ ਖਿਡਾਰੀ ਅੰਤਰਰਾਸ਼ਟਰੀ ਖੇਡ ਵਾਤਾਵਰਨ ਨੂੰ ਸਕੂਲੀ ਪੱਧਰ ਤੇ ਹੀ ਅਪਣਾ ਕੇ ਮਨੋਵਿਗਿਆਨਕ ਤੋਰ ਤੇ ਸੰਤੁਲਿਤ ਹੋ ਸਕਣ , ਸਾਡੇ ਦੇਸ਼ ਵਿੱਚ ਸਕੂਲਾਂ ਵਿੱਚ ਪਾ੍ਇਮਰੀ ਪੱਧਰ ਤੋਂ ਹੀ ਖੇਡਾਂ ਸ਼ੁਰੂ ਹੋ ਜਾਂਦੀਆਂ ਹਨ ਪਰ ਮਾੜੇ ਖੇਡ ਵਾਤਾਵਰਨ ਕਰਕੇ ਖਿਡਾਰੀ ਆਪਣੀ ਮੰਜਿਲ ਤੇ ਪਹੁੰਚਣ ਤੋਂ ਪਹਿਲਾਂ ਹੀ ਸਫਰ ਨੂੰ ਅੱਧਵਾਟੇ ਖਤਮ ਕਰ ਦਿੰਦੇ ਹਨ ਅਤੇ ਅਸੀ ਅੱਜ ਪੰਜਾਬ ਦੇ ਖੇਡਾਂ ਵਿਚ ਪਛੜਣ ਦੇ ਜਿਉਂਦੇ ਜਾਗਦੇ ਸਬੂਤ ਹਾਂ , ਸੋ ਸਖਤ ਲੋੜ ਹੈ ਸਕੂਲੀ ਖੇਡਾਂ ਅਤੇ ਖਿਡਾਰੀਆਂ ਪ੍ਰਤੀ ਸਹੀ ਦਿ੍ਸ਼ਟੀਕੋਣ ਅਪਣਾਉਣ ਦੀ......
-
ਮਨਦੀਪ ਸੁਨਾਮ, ਲੇਖਕ
mandeepkamboj1982@gmail.com
9417479449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.