ਸਲਮਾਨ ਖਾਨ ਦੀ ਸਜ਼ਾ ਕਾਰਨ ਬਿਸ਼ਨੋਈ ਕੌਮ ਚਰਚਾ ਵਿੱਚ ਹੈ ਜੋ ਸੰਸਾਰ ਦੀ ਸਭ ਤੋਂ ਵੱਧ ਵਾਤਾਵਰਣ ਪ੍ਰੇਮੀ ਕੌਮ ਹੈ। ਬਿਸ਼ਨੋਈ ਜਾਂ ਵਿਸ਼ਨੋਈ ਇੱਕ ਹਿੰਦੂ ਧਾਰਮਿਕ ਸਮੂਹ ਹੈ ਜੋ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਾਏ ਜਾਂਦੇ ਹਨ। ਇਹਨਾਂ ਦੀ ਕੁੱਲ ਅਬਾਦੀ ਸੱਤ ਲੱਖ ਦੇ ਕਰੀਬ ਹੈ। ਉਹ ਗੁਰੂ ਜੰਬੇਸ਼ਵਰ ਦੁਆਰਾ ਨਿਸ਼ਚਿਤ ਕੀਤੇ ਗਏ 29 ਸਿਧਾਂਤਾ ਦੇ ਅਨੁਸਾਰ ਚੱਲਦੇ ਹਨ। ਅਸਲ ਵਿੱਚ ਬਿਸ਼ਨੋਈ ਸ਼ਬਦ ਦਾ ਅਰਥ ਹੈ ਬੀਸ ਨੋਈ (ਮਤਲਬ ਵੀਹ ਅਤੇ ਨੌਂ)। ਗੁਰੂ ਜੰਬੇਸ਼ਵਰ ਨੇ ਹੁਕਮ ਕੀਤਾ ਸੀ ਕਿ ਜਾਨਵਰਾਂ ਅਤੇ ਦਰੱਖਤਾਂ ਵਿੱਚ ਵੀ ਜਾਨ ਹੈ। ਇਹਨਾਂ ਦੀ ਹਰ ਹਾਲਤ ਵਿੱਚ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ। ਵਾਤਾਵਰਣ ਨੂੰ ਕਿਸੇ ਤਰਾਂ ਦੀ ਹਾਨੀ ਪਹੁੰਚਾਉਣ ਦਾ ਮਤਲਬ ਖੁਦ ਨੂੰ ਹਾਨੀ ਪਹੁੰਚਾਉਣ ਦੇ ਬਰਾਬਰ ਹੈ। ਬਿਸ਼ਨੋਈ ਸਮਾਜ ਦੇ ਸੰਸਥਾਪਕ ਗੁਰੂ ਜੰਬੇਸ਼ਵਰ ਦਾ ਜਨਮ 1499 ਈ. ਨੂੰ ਪੀਂਪਾਸਰ ਜਿਲਾ• ਬੀਕਾਨੇਰ ਵਿੱਚ ਹੋਇਆ ਤੇ ਮੌਤ 1593 ਈ. ਵਿੱਚ ਹੋਈ। ਉਹਨਾਂ ਦੀ ਸਮਾਧੀ ਮੁਕਾਮ (ਬੀਕਾਨੇਰ) ਵਿੱਚ ਬਣੀ ਹੋਈ ਹੈ ਜੋ ਬਿਸ਼ਨੋਈਆਂ ਲਈ ਇੱਕ ਬਹੁਤ ਵੱਡਾ ਤੀਰਥ ਸਥਾਨ ਹੈ।
ਗੁਰੂ ਜੰਬੇਸ਼ਵਰ ਜਦੋਂ ਨੌਜਵਾਨ ਸਨ ਤਾਂ ਇਲਾਕੇ ਵਿੱਚ ਅਕਾਲ ਪੈ ਗਿਆ। ਉਹ ਸਮਝ ਗਏ ਕਿ ਇਸ ਅਕਾਲ ਦਾ ਕਾਰਨ ਲੋਕਾਂ ਵੱਲੋਂ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਹੈ। ਉਹਨਾਂ ਨੇ ਕੁਦਰਤੀ ਵਸੀਲਿਆਂ ਦੀ ਸੁਰੱਖਿਆ ਨੂੰ ਆਪਣੇ ਜੀਵਨ ਦਾ ਮਕਸਦ ਬਣਾ ਲਿਆ। ਉਹ ਸੰਨਿਆਸੀ ਬਣ ਗਏ ਤੇ ਸਾਰੇ ਥਾਰ ਰੇਗਸਤਾਨ ਵਿੱਚ ਘੁੰਮ ਘੁੰਮ ਕੇ ਲੋਕਾਂ ਨੂੰ ਜਾਗਰਿਤ ਕਰਨ ਲੱਗੇ। ਹਜ਼ਾਰਾਂ ਲੋਕ ਉਹਨਾਂ ਦੇ ਮੁਰੀਦ ਬਣ ਗਏ। ਉਹਨਾਂ ਨੇ ਆਪਣੇ ਪੈਰੋਕਾਰਾਂ ਉੱਪਰ ਜਾਨਵਰਾਂ ਨੂੰ ਮਾਰਨ ਅਤੇ ਹਰੇ ਦਰਖਤ ਵੱਢਣ 'ਤੇ ਸਖਤ ਪਾਬੰਦੀ ਲਗਾ ਦਿੱਤੀ। ਇਥੋਂ ਤੱਕ ਕਿ ਸੁੱਕਾ ਬਾਲਣ ਵੀ ਝਾੜ ਕੇ ਬਾਲਣ ਲਈ ਕਿਹਾ ਤਾਂ ਜੋ ਕੋਈ ਕੀੜਾ ਪਤੰਗਾ ਅੱਗ ਵਿੱਚ ਨਾ ਸੜ ਜਾਵੇ। ਬਿਸ਼ਨੋਈਆਂ 'ਤੇ ਨੀਲੇ ਕੱਪੜੇ ਪਾਉਣ ਦੀ ਪਾਬੰਦੀ ਹੈ ਕਿਉਂਕਿ ਨੀਲਾ ਰੰਗ ਹਾਸਲ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦੀ ਝਾੜੀ ਨੂੰ ਭਾਰੀ ਮਾਤਰਾ ਵਿੱਚ ਕੱਟਣਾ ਪੈਂਦਾ ਹੈ। ਗੁਰੂ ਜੰਬੇਸ਼ਵਰ ਹਰਿਆਲੀ ਪ੍ਰਤੀ ਐਨੇ ਸਮਰਪਿਤ ਸਨ ਕਿ ਉਹਨਾਂ ਹੁਕਮ ਦਿੱਤਾ ਕਿ ਦਰਖਤਾਂ ਨੂੰ ਬਚਾਉਣ ਖਾਤਰ ਮ੍ਰਿਤਕ ਵਿਅਕਤੀਆਂ ਨੂੰ ਸਾੜਨ ਦੀ ਬਜਾਏ ਦਫਨਾਇਆ ਜਾਵੇ ਤਾਂ ਜੋ ਲੱਕੜ ਦੀ ਬਰਬਾਦੀ ਨਾ ਹੋਵੇ। ਇਸ ਲਈ ਜਿਆਦਾਤਰ ਬਿਸ਼ਨੋਈ ਆਪਣੇ ਮ੍ਰਿਤਕਾਂ ਨੂੰ ਜਲਾਉਣ ਦੀ ਬਜਾਏ ਦਫਨਾਉਂਦੇ ਹਨ।
ਬਿਸ਼ਨੋਈ ਭਾਵੇਂ ਜਿਆਦਾਤਰ ਜਾਟ ਅਤੇ ਰਾਜਪੂਤ ਹਨ ਪਰ ਉਹ ਆਪਣੇ ਨਾਮ ਨਾਲ ਕੋਈ ਗੋਤਰ ਆਦਿ ਲਗਾਉਣ ਦੀ ਬਜਾਏ ਬਿਸ਼ਨੋਈ ਲਿਖਣਾ ਪਸੰਦ ਕਰਦੇ ਹਨ। ਉਹ ਮਾਸ, ਮੱਛੀ, ਸ਼ਰਾਬ, ਤੰਬਾਕੂ ਅਤੇ ਹੋਰ ਕਿਸੇ ਕਿਸਮ ਦੇ ਨਸ਼ੇ ਦੀ ਵਰਤੋਂ ਨਹੀਂ ਕਰਦੇ। ਇਹਨਾਂ ਅਸੂਲਾਂ ਦੀ ਸਖਤੀ ਨਾਲ ਪਾਲਣਾ ਕਰਨ ਕਾਰਨ ਹਿਰਨਾਂ ਦੇ ਵੱਗ ਆਮ ਹੀ ਬਿਸ਼ਨੋਈਆਂ ਦੇ ਪਿੰਡਾਂ ਵਿੱਚ ਫਿਰਦੇ ਵੇਖੇ ਜਾ ਸਕਦੇ ਹਨ। ਇਹ ਜਾਨਵਰ ਇਨਸਾਨਾਂ ਨਾਲ ਐਨੇ ਹਿਲੇ ਮਿਲੇ ਹਨ ਕਿ ਉਹਨਾਂ ਦੇ ਹੱਥਾਂ ਵਿੱਚੋਂ ਅਰਾਮ ਨਾਲ ਦਾਣਾ ਪੱਠਾ ਖਾ ਲੈਂਦੇ ਹਨ। ਜਾਨਵਰਾਂ ਦਾ ਸ਼ਿਕਾਰ ਕਰਨ ਵਾਲੇ ਨਾਲ ਬਿਸ਼ਨੋਈ ਬਹੁਤ ਸਖਤੀ ਨਾਲ ਨਿਪਟਦੇ ਹਨ। ਉਹ ਆਪਣੇ ਇਲਾਕੇ ਵਿੱਚ ਮਾਸ ਮੱਛੀ ਦੀਆਂ ਦੁਕਾਨਾਂ ਵੀ ਨਹੀਂ ਖੁਲ•ਣ ਦਿੰਦੇ। ਬਿਸ਼ਨੋਈ ਥਾਰ ਰੇਗਿਸਤਾਨ ਵਿੱਚ ਸੈਂਕੜੇ ਸਾਲਾਂ ਤੋਂ ਦਰੱਖਤਾਂ ਅਤੇ ਜਾਨਵਰਾਂ ਨਾਲ ਮੁਕੰਮਲ ਸਹਿਚਾਰ ਵਿੱਚ ਰਹਿ ਰਹੇ ਹਨ ਤੇ ਗੁਰੂ ਜੰਬੇਸ਼ਵਰ ਦੀਆਂ ਸਿਖਿਆਵਾਂ ਦੇ ਮੁਤਾਬਕ ਉਹਨਾਂ ਦੀ ਕਰੜਾਈ ਨਾਲ ਸੁਰੱਖਿਆ ਕਰ ਰਹੇ ਹਨ। ਆਮ ਇਨਸਾਨ ਇਹ ਗੱਲ ਨਹੀਂ ਸਮਝ ਸਕਦਾ। ਇਹ ਉਹੀ ਵਿਅਕਤੀ ਸਮਝ ਸਕਦਾ ਹੈ ਜੋ ਰਾਜਸਥਾਨ ਵਰਗੇ ਕਰੜੇ ਪੌਣ ਪਾਣੀ ਵਾਲੇ ਇਲਾਕੇ ਵਿੱਚ ਵਿਚਰਿਆ ਹੋਵੇ ਜਿੱਥੇ ਕਈ ਕਈ ਸਾਲ ਮੀਂਹ ਨਹੀਂ ਪੈਂਦਾ। ਅਜਿਹੇ ਮਾਰੂ ਇਲਾਕੇ ਵਿੱਚ ਅਜਿਹੀਆਂ ਪ੍ਰਥਾਵਾਂ ਦੀ ਪਾਲਣਾ ਕਰਨਾ ਬਹੁਤ ਵੱਡਾ ਮਾਅਰਕਾ ਹੈ। ਜਿਸ ਇਲਾਕੇ ਵਿੱਚ ਫਸਲ ਘੱਟ ਹੁੰਦੀ ਹੈ, ਉਥੇ ਲੋਕ ਮਾਸ ਖਾ ਕੇ ਢਿੱਡ ਭਰ ਲੈਂਦੇ ਹਨ। ਪਰ ਬਿਸ਼ਨੋਈ ਅਕਾਲ ਪੈਣ 'ਤੇ ਵੀ ਨਾ ਮਾਸ ਖਾਂਦੇ ਹਨ ਤੇ ਨਾ ਹੀ ਦਰਖਤ ਵੱਢ ਕੇ ਲੱਕੜ ਵੇਚ ਕੇ ਪੈਸੇ ਕਮਾਉਣ ਬਾਰੇ ਸੋਚਦੇ ਹਨ।
ਬਿਸ਼ਨੋਈਆਂ ਨੇ ਸਦੀਆਂ ਤੋਂ ਆਪਣੇ ਅਸੂਲਾਂ ਕਾਰਨ ਰਾਜਿਆਂ ਅਤੇ ਸਰਕਾਰਾਂ ਨੂੰ ਆਪਣੇ ਇਲਾਕੇ ਵਿੱਚ ਦਰੱਖਤ ਕੱਟਣ ਅਤੇ ਸ਼ਿਕਾਰ ਖੇਡਣ 'ਤੇ ਪਾਬੰਦੀ ਲਗਾਉਣ ਦੇ ਕਾਨੂੰਨ ਬਣਾਉਣ ਲਈ ਮਜ਼ਬੂਰ ਕੀਤਾ ਹੈ ਤੇ ਸਖਤੀ ਨਾਲ ਇਹ ਕਾਨੂੰਨ ਲਾਗੂ ਕਰਵਾਏ ਹਨ। ਕਿਉਂਕਿ ਅਜਿਹੇ ਔੜ ਦੇ ਮਾਰੇ ਇਲਾਕੇ ਵਿੱਚੋਂ ਲਾਲਚੀ ਵਪਾਰੀਆਂ ਅਤੇ ਸ਼ਿਕਾਰੀਆਂ ਤੋਂ ਜਾਨਵਰਾਂ ਅਤੇ ਦਰੱਖਤਾਂ ਨੂੰ ਬਚਾਉਣਾ ਬਹੁਤ ਹੀ ਮੁਸ਼ਕਲ ਕੰਮ ਹੈ। ਸਮੇਂ ਸਮੇਂ 'ਤੇ ਉਹਨਾਂ ਦੇ ਵਿਸ਼ਵਾਸ਼ ਨੂੰ ਹੁਕਮਰਾਨਾਂ ਨੇ ਪਰਖਿਆ ਹੈ। ਅਨੇਕਾਂ ਕੁਰਬਾਨੀਆਂ ਦੇਣ ਦੇ ਬਾਵਜੂਦ ਬਿਸ਼ਨੋਈ ਵਾਤਾਵਰਣ ਦੀ ਸੁਰੱਖਿਆਂ ਲਈ ਅਡਿੱਗ ਰਹੇ ਹਨ। ਕਿਸੇ ਵੀ ਕੰਮ ਲਈ ਹਰੇ ਦਰੱਖਤ ਦੀ ਇੱਕ ਟਾਹਣੀ ਛਾਂਗਣਾ ਵੀ ਪਾਪ ਸਮਝਿਆ ਜਾਂਦਾ ਹੈ। ਬਿਸ਼ਨੋਈ ਦਰੱਖਤਾਂ ਦੀ ਸੁਰੱਖਿਆਂ ਲਈ ਕਿੰਨੇ ਸਮਰਪਿਤ ਹਨ, ਇਸ ਲਈ ਖੇਜੜਲੀ ਕਾਂਡ ਦਾ ਵਰਨਣ ਕਰਨਾ ਬਹੁਤ ਜਰੂਰੀ ਹੈ।
ਸੰਨ 1730 ਈ ਵਿੱਚ ਜੋਧਪੁਰ ਦੇ ਮਹਾਰਾਜੇ ਅਭੈ ਸਿੰਘ ਨੂੰ ਆਪਣੇ ਨਵੇਂ ਮਹਿਲ ਦੀ ਉਸਾਰੀ ਲਈ ਲੱਕੜ ਦੀ ਜਰੂਰਤ ਪੈ ਗਈ। ਉਸ ਨੇ ਆਪਣੇ ਇੱਕ ਮੰਤਰੀ ਗਿਰਧਰ ਭੰਡਾਰੀ ਨੂੰ ਸੈਨਿਕਾਂ ਅਤੇ ਮਜ਼ਦੂਰਾਂ ਸਮੇਤ ਲੱਕੜਾਂ ਵੱਢਣ ਲਈ ਭੇਜ ਦਿੱਤਾ। ਇਹ ਕਾਫਲਾ ਦਰੱਖਤ ਲੱਭਦਾ ਹੋਇਆ ਜੋਧਪੁਰ ਤੋਂ ਕੋਈ 25 ਕਿ.ਮੀ. ਦੂਰ ਖੇਜੜਲੀ ਪਿੰਡ ਪਹੁੰਚ ਗਿਆ। ਬਿਸ਼ਨੋਈਆਂ ਦਾ ਪਿੰਡ ਹੋਣ ਕਾਰਨ ਇਥੇ ਬਹੁਤ ਹਰਿਆਲੀ ਸੀ। ਮਜ਼ਦੂਰਾਂ ਨੇ ਖੇਜੜੀ ਦੇ ਦਰਖਤਾਂ ਨੂੰ ਕੁਹਾੜਾ ਫੇਰਨਾ ਸ਼ੁਰੂ ਕੀਤਾ ਤਾਂ ਪਿੰਡ ਵਾਲੇ ਵਿਰੋਧ ਕਰਨ ਲਈ ਇਕੱਠਾ ਹੋ ਗਏ ਕਿਉਂਕਿ ਖੇਜੜੀ ਦਾ ਦਰੱਖਤ ਬਿਸ਼ਨੋਈਆਂ ਵਾਸਤੇ ਬਹੁਤ ਹੀ ਪਵਿੱਤਰ ਮੰਨਿਆਂ ਜਾਂਦਾ ਹੈ। ਸੈਨਿਕਾਂ ਨੇ ਧਮਕੀ ਦਿੱਤੀ ਕਿ ਜਿਸ ਕਿਸੇ ਨੇ ਵੀ ਇਸ ਕੰਮ ਵਿੱਚ ਰੁਕਾਵਟ ਪਾਈ, ਉਸ ਦਾ ਕਤਲ ਕਰ ਦਿੱਤਾ ਜਾਵੇਗਾ। ਪਰ ਇੱਕ ਬਹਾਦਰ ਔਰਤ ਅੰਮ੍ਰਿਤਾ ਦੇਵੀ ਬਿਸ਼ਨੋਈ ਨੇ ਇੱਕ ਦਰਖਤ ਨੂੰ ਬਚਾਉਣ ਖਾਤਰ ਉਸ ਨਾਲ ਗਲਵਕੜੀ ਪਾ ਲਈ। ਸੈਨਿਕਾਂ ਨੇ ਕਿਹਾ ਕਿ ਉਹ ਦਰਖਤ ਨੂੰ ਛੱਡ ਦੇਵੇ ਨਹੀਂ ਤਾਂ ਉਸ ਦਾ ਸਿਰ ਵੱਢ ਦਿੱਤਾ ਜਾਵੇਗਾ। ਪਰ ਦਰੱਖਤ ਨੂੰ ਛੱਡਣ ਦੀ ਬਜਾਏ ਅੰਮ੍ਰਿਤਾ ਦੇਵੀ ਨੇ ਕਿਹਾ ਕਿ ਜੇ ਇੱਕ ਦਰਖਤ ਨੂੰ ਬਚਾਉਣ ਲਈ ਇੱਕ ਸਿਰ ਵੀ ਦੇ ਦਿੱਤਾ ਜਾਵੇ ਤਾਂ ਸੌਦਾ ਮਹਿੰਗਾ ਨਹੀਂ ਹੈ। ਬੇਰਹਿਮ ਸੈਨਿਕਾਂ ਨੇ ਅੰਮ੍ਰਿਤਾ ਦੇਵੀ ਦਾ ਸਿਰ ਕਲਮ ਕਰ ਦਿੱਤਾ।
ਪਰ ਇਸ ਜ਼ੁਲਮ ਦਾ ਉਲਟ ਅਸਰ ਹੋਇਆ। ਡਰਨ ਦੀ ਬਜਾਏ ਹੋਰ ਬਿਸ਼ਨੋਈਆਂ ਸਮੇਤ ਅੰਮ੍ਰਿਤਾ ਦੇਵੀ ਦੀਆਂ ਤਿੰਨ ਬੇਟੀਆਂ ਆਸੂ, ਰਤਨਾ ਅਤੇ ਭਾਗੂ ਨੇ ਵੀ ਦਰਖਤਾਂ ਨੂੰ ਗਲਵਕੜੀ ਪਾ ਲਈ। ਉਹਨਾਂ ਦਾ ਹਸ਼ਰ ਵੀ ਅੰਮ੍ਰਿਤਾ ਦੇਵੀ ਵਾਲਾ ਹੋਇਆ। ਇਹ ਖਬਰ ਸੁਣ ਕੇ ਆਸ ਪਾਸ ਦੇ ਪਿੰਡਾਂ ਤੋਂ ਬਿਸ਼ਨੋਈ ਖੇਜੜਲੀ ਪਹੁੰਚ ਗਏ। ਬਿਸ਼ਨੋਈ ਵਾਰੀ ਵਾਰੀ ਦਰਖਤਾਂ ਨੂੰ ਬਚਾਉਣ ਦੀ ਖਾਤਰ ਗਲਵਕੜੀ ਪਾਉਂਦੇ ਰਹੇ ਤੇ ਬੇਕਿਰਕ ਸ਼ਾਹੀ ਸੈਨਿਕ ਉਹਨਾਂ ਦੇ ਸਿਰ ਵੱਢਦੇ ਰਹੇ। ਜਦੋਂ ਇਸ ਗੱਲ ਦਾ ਅਭੈ ਸਿੰਘ ਨੂੰ ਪਤਾ ਲੱਗਾ ਤਾਂ ਉਹ ਫੌਰਨ ਖੇਜੜਲੀ ਪਹੁੰਚਿਆ ਤੇ ਮੰਤਰੀ ਅਤੇ ਸੈਨਿਕਾਂ ਨੂੰ ਲਾਹਨਤਾਂ ਪਾ ਕੇ ਇਹ ਗੈਰ ਇਨਸਾਨੀ ਕਤਲੇਆਮ ਬੰਦ ਕਰਵਾਇਆ। ਪਰ ਉਦੋਂ ਤੱਕ 363 ਬਿਸ਼ਨੋਈ ਔਰਤਾਂ ਮਰਦ ਆਪਣੇ ਵਿਸ਼ਵਾਸ਼ ਦੀ ਖਾਤਰ ਕੁਰਬਾਨ ਹੋ ਚੁੱਕੇ ਸਨ। ਰਾਜੇ ਨੇ ਇਸ ਸਬੰਧੀ ਇੱਕ ਤਾਮਰ ਪੱਤਰ 'ਤੇ ਲਿਖ ਕੇ ਬਿਸ਼ਨੋਈ ਸਮਾਜ ਤੋਂ ਮਾਫੀ ਮੰਗੀ 'ਤੇ ਬਿਸ਼ਨੋਈਆਂ ਦੇ ਇਲਾਕੇ ਵਿੱਚੋਂ ਸ਼ਿਕਾਰ ਕਰਨ ਅਤੇ ਦਰੱਖਤ ਵੱਢਣ 'ਤੇ ਪਾਬੰਦੀ ਲਗਾ ਦਿੱਤੀ। ਖੇਜੜੀ ਇਸ ਵੇਲੇ ਰਾਜਸਥਾਨ ਦਾ ਰਾਜ ਦਰਖਤ ਹੈ।
ਵਾਤਾਵਰਣ ਨੂੰ ਬਚਾਉਣ ਲਈ ਅਜਿਹੀ ਕੁਰਬਾਨੀ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੀ। ਅੱਜ ਜਦੋਂ 100 ਰੁਪਏ ਲਈ ਭਰਾ ਭਰਾ ਨੂੰ ਮਾਰ ਦਿੰਦਾ ਹੈ, ਬਿਸ਼ਨੋਈ ਦਰਖਤਾਂ ਅਤੇ ਜਾਨਵਰਾਂ ਦੀ ਰਾਖੀ ਲਈ ਡਟੇ ਹੋਏ ਹਨ। ਸਲਮਾਨ ਖਾਨ ਨੂੰ ਵੀ ਸਜ਼ਾ ਬਿਸ਼ਨੋਈਆਂ ਦੇ ਇਲਾਕੇ ਵਿੱਚੋਂ ਸ਼ਿਕਾਰ ਕਰਨ ਕਾਰਨ ਹੋਈ ਹੈ। ਉਸ ਦੀ ਸ਼ਿਕਾਇਤ ਵੀ ਬਿਸ਼ਨੋਈਆਂ ਨੇ ਹੀ ਕੀਤੀ ਸੀ।
-
ਬਲਰਾਜ ਸਿੰਘ ਸਿੱਧੂ, ਐਸ.ਪੀ ਪੰਜਾਬ ਪੁਲਿਸ
bssidhupps@gmail.com
9501100062
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.