ਅੱਜ ਅਚਨਚੇਤ ਜਗਮੋਹਨ ਕੌਰ ਚੇਤੇ ਆ ਗਈ। ਦਬੰਗ ਪਰ ਰੱਜ ਕੇ ਸੁਰੀਲੀ ਗਾਇਕਾ। ਉਸ ਦੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਚ ਸੈਂਕੜੇ ਮੁਲਾਕਾਤਾਂ ਹੋਈਆਂ।
ਪੱਖੋਵਾਲ ਰੋਡ ਤੇ ਉਹ ਪੁੱਤ ਨੂੰਹ ਤੇ ਪੋਤਰੇ ਚ ਪੂਰੀ ਮਸਤ ਰਹਿੰਦੀ। ਚੰਗਾ ਖਾਂਦੀ, ਚੰਗਾ ਪਹਿਨਦੀ, ਚੰਗਾ ਸੁਣਦੀ ਸੁਣਾਉਂਦੀ।
ਪੂਰੀ ਪਾਰਦਰਸ਼ੀ ਰੂਹ। ਭਲੇ ਬੁਰੇ ਵਕਤਾਂ, ਬੰਦਿਆਂ, ਸੱਜਣ ਸਨੇਹੀਆਂ ਰਿਸ਼ਤਿਆਂ ਬਾਰੇ ਬੇਬਾਕ ਦਿਲ ਵਾਲੀ।
ਉਸ ਦੇ ਵਿਆਹ ਵੇਲੇ ਦੀ ਤਸਵੀਰ ਅੱਜ ਹੀ ਕਿਸੇ ਨੇ ਭੇਜੀ ਹੈ, ਬੜਾ ਕੁਝ ਚੇਤੇ ਆਇਆ।
ਕੇ ਦੀਪ ਨਾਲ ਲਾਵਾਂ ਫੇਰਿਆਂ ਦਾ ਪ੍ਰਬੰਧ ਡਾ: ਸ ਸ ਦੋਸਾਂਝ ਤੇ ਡਾ: ਮ ਸ ਰੰਧਾਵਾ ਨੇ ਕੀਤਾ ਦੱਸਿਆ ਜਗਮੋਹਨ ਤੇ ਕੇ ਦੀਪ ਜੀ ਨੇ।
ਚੰਡੀਗੜ੍ਹ ਸਕੂਲ ਪੜ੍ਹਦੀ ਵੇਲੇ ਗਾਉਂਦਿਆਂ ਸੁਣ ਕੇ ਉਸਨੂੰ ਗੁਰਚਰਨ ਸਿੰਘ ਬੋਪਾਰਾਏ ਤੇ ਸਵਰਨ ਸਿੰਘ ਨੇ ਪਛਾਣਿਆ।
ਲੋਕ ਸੰਪਰਕ ਵਿਭਾਗ ਵਾਲੇ ਭਾਗ ਸਿੰਘ ਨੇ ਗਾਉਣ ਦੇ ਮੁੱਢਲੇ ਮੌਕੇ ਦਿੱਤੇ।
ਜਗਮੋਹਨ ਕੌਰ ਜਗਤ ਸਿੰਘ ਜੱਗਾ ਨਾਲ ਗਾਉਣ ਲਈ ਕਲਕੱਤੇ ਗਈ ਹੋਈ ਸੀ ਜਦ ਕੇ ਦੀਪ ਨੂੰ ਮਿਲੀ।
ਕੇ ਦੀਪ ਪੁੱਜ ਕੇ ਸੁਨੱਖਾ। ਓਧਰ ਜਗਮੋਹਨ ਵੀ ਰੋਪੜੀ ਪਿੰਡ ਬੂਰਮਾਜਰੇ ਦੇ ਕੰਗ ਸਰਦਾਰਾਂ ਦੀ ਲਾਡਲੀ। ਪਾ ਪਾ ਪੱਕੇ ਦਾ ਡੇਲਾ। ਗੀਤਾਂ ਵਾਲੇ ਜਿਸਨੂੰ ਅੱਖ ਮੇਰੀ ਸਵਾ ਲੱਖ ਦੀ ਕਹਿੰਦੇ ਨੇ।
ਮਾਂ ਪਰਕਾਸ਼ ਕੌਰ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਗੰਢ ਚਿਤਰਾਵਾ ਹੋ ਗਿਆ।
ਬਰਮਾ ਤੋਂ ਲੁਧਿਆਣਾ ਆਏ ਬਰਮਾ ਬਿਲਡਿੰਗ ਮਿੱਲਰਗੰਜ ਲੁਧਿਆਣਾ ਵਾਲਿਆਂ ਦਾ ਡਰਾਫਟਸਮੈਨ ਪੁੱਤਰ ਨਵਾਂ ਨਵਾਂ ਹੀ ਕੁਲਦੀਪ ਤੋਂ ਕੇ ਦੀਪ ਬਣਿਆ ਸੀ।
ਸਟੇਜ ਤੇ ਕੇ ਦੀਪ ਮਿਮਿਕਰੀ ਕਰਦਾ ਪਰ ਆਵਾਜ਼ ਨਿਵੇਕਲੀ ਸੀ। ਨਰਿੰਦਰ ਬੀਬਾ ਜੀ ਨਾਲ ਉਸ ਦੇ ਕੁਝ ਗੀਤ ਰੀਕਾਰਡ ਹੋ ਚੁਕੇ ਸਨ।
ਦੋਹਾਂ ਨੇ ਓਥੇ ਪਹਿਲੀ ਵਾਰ ਦੋਗਾਣਾ ਗਾਇਆ ਜੋ ਪਹਿਲਾਂ ਸਾਬਰ ਹਸੈਨ ਸਾਬਰ ਤੇ ਨਰਿੰਦਰ ਬੀਬਾ ਜੀ ਦੀ ਆਵਾਜ਼ ਚ ਰੀਕਾਰਡ ਹੋ ਚੁਕਾ ਸੀ।
ਕੇ ਦੀਪ ਕਹਿੰਦੈ
ਬੈਠਾ ਨਿੰਮ ਥੱਲੇ ਨੀ ਜਵਾਈ ਤੇਰੇ ਬਾਪ ਦਾ।
ਜਗਮੋਹਨ ਗਾਉਂਦੀ ਹੈ।
ਪੈਸਾ ਹੈ ਨਹੀਂ ਪੱਲੇ ਵੇ ਗੁਟਾਰ ਵਾਂਗੂੰ ਝਾਕਦਾ।
ਫਿਰ ਚੱਲ ਸੋ ਚੱਲ
ਪਹਿਲਾ ਰੀਕਾਰਡ ਆਇਆ 1969 ਚ।
ਮੈਂ ਕਰਨਾਲ ਸ਼ਹਿਰੋਂ ਪੈਦਲ ਪਿੰਡ ਰਾਂਵਰ ਨੂੰ ਜਾ ਰਿਹਾ ਸਾਂ। ਲਾਟਰੀ ਵਾਲਾ ਸਟਾਲ ਤੇ ਗੀਤ ਵਜਾ ਰਿਹਾ ਸੀ। ਚਮਨ ਲਾਲ ਸ਼ੁਗਲ ਦਾ ਗੀਤ ਸੀ।
ਮੇਰੀ ਗੱਲ ਸੁਣੋ ਸਰਦਾਰ ਜੀ
ਪੰਜ ਸੱਤ ਚੀਜ਼ਾਂ ਲੈਣੀਆਂ
ਤੁਸੀਂ ਕਰਿਓ ਨਾ ਇਨਕਾਰ ਜੀ।
ਮੈਂ ਰੁਕ ਗਿਆ। ਗੀਤ ਮੁੱਕਿਆ ਤੇ ਉਸ ਤਵਾ ਉਲਟਾ ਕੇ ਸੂਈ ਧਰੀ।
ਤੂੰ ਏਂ ਮੇਰਾ ਰਾਜਾ ਤੇ ਮੈਂ ਤੇਰੀ ਰਾਣੀ ਆਂ
ਝੁੱਡੂਆ ਬਟੂਆ ਖੋਲ੍ਹ ਮੈਂ ਕੁਲਫੀ ਖਾਣੀ ਆਂ।
ਫਿਰ ਪੂਰੀ ਹਨ੍ਹੇਰੀ ਉੱਠੀ। ਦੇਸ਼ ਬਦੇਸ਼ ਪੈੜਾਂ ।
ਦੋਵੇਂ ਇੱਕ ਦੂਜੇ ਦੇ ਪੂਰਕ।
ਜਗਮੋਹਨ ਜੀ ਦੇ ਆਖਰੀ ਦੋ ਕੈਸਿਟ ਸ਼ਮਸ਼ੇਰ ਸਿੰਘ ਸੰਧੂ ਨੇ ਹੀ ਰੀਕਾਰਡ ਕਰਵਾਏ।
ਇੱਕ ਗੀਤ ਮੇਰਾ ਵੀ
ਸਾਉਣ ਮਹੀਨਾ ਵਰੇ ਮੇਘਲਾ ਪਹਿਨ ਗੁਲਾਬੀ ਬਾਣਾ।
ਸਿੰਘਾ ਵੇ ਤੇਰੇ ਨਾਨਕੀਂ ਮੈਂ ਤੀਆਂ ਵੇਖਣ ਜਾਣਾ।
ਇਸ ਗੀਤ ਨੂੰ ਨਰਿੰਦਰ ਬੀਬਾ ਜੀ ਨੇ ਵੀ ਰੀਕਾਰਡ ਕਰਵਾਇਆ।
ਬੀਬਾ ਜੀ ਵਾਲੀ ਰੀਕਾਰਡੱਿੰਗ ਯੂ ਟਿਉਬ ਤੋਂ ਮਿਲ ਜਾਂਦੀ ਹੈ ਪਰ ਜਗਮੋਹਨ ਜੀ ਵਾਲੀ ਕਿਤਿਓਂ ਨਹੀਂ ਲੱਭੀ। ਸ਼ਾਇਦ ਸ਼ਮਸ਼ੇਰ ਕੋਲ ਹੋਵੇ?
ਉਹ ਸ਼ਮਸ਼ੇਰ ਦਾ ਬੜਾ ਹੀ ਮਾਣ ਕਰਦੀ ਸੀ, ਹਮੇਸ਼ਾਂ ਕਹਿੰਦੀ, ਤੇਰੇ ਯਾਰ ਚ ਖ਼ੁਦ ਦਾਰੀ ਬਹੁਤ ਹੈ, ਬੱਸ ਇਹੀ ਤਾਂ ਬੰਦੇ ਦੀ ਪਛਾਣ ਹੈ।
ਜਗਮੋਹਨ ਕੌਰ ਦੇ ਆਖਰੀ ਸਾਲਾਂ ਚ ਉਸ ਤੇ ਬੜੇ ਕਸ਼ਟ ਆਏ। ਮਾਂ ਪਰਕਾਸ਼ ਕੌਰ ਬੁੱਕਲ ਚ ਲੈਂਦੀ ਬਾਲ ਵਾਂਗ ਤੇ ਢਾਰਸ ਦੇਂਦੀ।
ਸੜਕ ਹਾਦਲੇ ਚ ਲੱਤ ਟੁੱਟਣਾ, ਬਾਦ ਚ ਸਰੀਰਕ ਕਸ਼ਟ ਵੀ ਬੜੇ ਝੱਲੇ ਪਰ ਪਰਿਵਾਰ ਨੇ ਰੱਜ ਕੇ ਸੇਵਾ ਕੀਤੀ।
ਮਰਦ ਬੱਚੀ ਸੀ ਉਹ। ਗੁੱਜਰਵਾਲ ਦੇ ਗਰੇਵਾਲਾਂ ਦੀ ਦੋਹਤੀ।
ਬੀਮਾਰ ਹੋਈ ਤਾਂ ਮੈਨੂੰ ਘਰ ਬੁਲਾ ਕੇ ਕਹਿਣ ਲੱਗੀ
ਮੇਰੇ ਗਾਉਣ ਲਈ ਇੱਕ ਗੀਤ ਲਿਖ ਕੇ ਦੇ। ਮੇਰੀ ਰੂਹ ਦਾ ਗੀਤ।
ਮੈਂ ਰੀਕਾਰਡ ਕਰਾਵਾਂਗੀ।
ਸਥਾਈ ਓਸ ਦੱਸੀ।
ਜਦੋਂ ਰੰਗ ਸੀ ਸਰੋਂ ਦੇ ਫੁੱਲ ਵਰਗਾ
ਤੂੰ ਉਦੋਂ ਕਿਉਂ ਨਾ ਆਇਉਂ ਮਿੱਤਰਾ।
ਤਰਜ਼ਾ ਵੀ ਬਣਾ ਲਈਆਂ ਪਰ ਗਾਉਣਾ ਨਸੀਬ ਨਾ ਹੋਇਆ।
ਇਹ ਗੀਤ ਮੇਰੇ ਗੀਤ ਸੰਗ੍ਰਹਿ ਫੁੱਲਾਂ ਦੀ ਝਾਂਜਰ ਚ ਛਪਿਐ। ਅਜੇ ਅਣਲੱਗ ਪਿਐ, ਕੁੰਵਾਰਾ ਗੀਤ।
ਉਹੀ ਗਾ ਸਕਦੀ ਸੀ ਵਜਦ ਚ ਆ ਕੇ
ਯਾਦਾਂ ਦੇ ਪੰਖੇਰੂ ਅੱਜ ਕਿਸ ਟਾਹਣੀ ਆਣ ਬੈਠੇ।
ਟਾਹਣੀ ਕੰਬ ਰਹੀ ਹੈ
ਪੰਛੀ ਉੱਡ ਗਏ ਨੇ।
-
ਗੁਰਭਜਨ ਗਿੱਲ , ਲੇਖਕ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.